-ਮਨਮੋਹਨ ਸਿੰਘ ਬਾਸਰਕੇ

ਦੁਨੀਆ ਰੰਗ-ਬਰੰਗੀ ਹੈ। ਇੱਥੇ ਹਰ ਕਿਸਮ ਦੇ ਲੋਕ ਵਸਦੇ ਹਨ, ਚੰਗੇ ਵੀ ਅਤੇ ਮਾੜੇ ਵੀ। ਗੁਰੂ ਨਾਨਕ ਸਾਹਿਬ ਦਾ ਵਾਹ-ਵਾਸਤਾ ਤਾਂ ਇਕ ਸੱਜਣ ਠੱਗ ਨਾਲ ਪਿਆ ਸੀ ਅਤੇ ਉਨ੍ਹਾਂ ਉਸ ਨੂੰ ਸੁਧਾਰ ਵੀ ਦਿੱਤਾ ਸੀ ਪਰ ਅੱਜ ਤਾਂ ਪੈਰ-ਪੈਰ 'ਤੇ ਠੱਗ ਮਿਲਦੇ ਹਨ। ਠੱਗਣ ਦੇ ਤਰੀਕੇ ਵੀ ਵੱਖੋ-ਵੱਖ ਹਨ। ਮੈਂ ਤਾਂ ਦੁਚਿੱਤੀ 'ਚ ਸੀ ਕਿ ਆਪਣੇ ਨਾਲ ਹੋਈ ਬੀਤੀ ਨੂੰ ਜਗ ਜ਼ਾਹਰ ਕਰਾਂ ਜਾਂ ਨਾ ਪਰ ਮੇਰੇ ਅੰਦਰਲੇ ਨੇ ਹਾਮੀ ਭਰੀ ਕਿ ਇਹ ਗੱਲ ਕਰਨ ਵਿਚ ਕੋਈ ਹਰਜ ਨਹੀਂ ਹੈ। ਹੋ ਸਕਦਾ ਹੈ ਕਿ ਇਹ ਵਾਕਿਆ ਪੜ੍ਹ-ਸੁਣ ਕੇ ਲੋਕ ਸੁਚੇਤ ਹੋ ਜਾਣ ਅਤੇ ਠੱਗੀ ਤੋਂ ਬਚ ਜਾਣ।।ਮੈਂ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਨੂੰ ਸਕੂਟਰ 'ਤੇ ਜਾ ਰਿਹਾ ਸਾਂ। ਜਦੋਂ ਤਰਨਤਾਰਨ ਬਾਈਪਾਸ 'ਤੇ ਅਇਆ ਤਾਂ ਉੱਥੇ ਇਕ ਮਧਰੇ ਕੱਦ ਦੇ ਦਗ-ਦਗ ਕਰਦੇ ਚਿਹਰੇ ਵਾਲੇ ਵਿਅਕਤੀ ਨੇ ਮੈਨੂੰ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇਹ ਸੋਚ ਕੇ ਰੁਕ ਗਿਆ ਕਿ ਹੋ ਸਕਦਾ ਹੈ ਕਿ ਇਸ ਨੇ ਲਾਗੇ-ਛਾਗੇ ਜਾਣਾ ਹੋਵੇ ਅਤੇ ਮੈਥੋਂ ਲਿਫਟ ਦੀ ਆਸ ਰੱਖਦਾ ਹੋਵੇ। ਕਈ ਵਾਰ ਬੰਦੇ ਦੀ ਕੋਈ ਮਜਬੂਰੀ ਹੁੰਦੀ ਹੈ। ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ। ਮੈਂ ਉਸ ਨੂੰ ਪੁੱਛਣ ਲੱਗਾ, 'ਹਾਂ ਜੀ! ਦੱਸੋ ਕਿੱਥੇ ਜਾਣਾ ਹੈ?'

ਉਹ ਕਿਸੇ ਧਾਰਮਿਕ ਡੇਰੇ ਬਾਰੇ ਪੁੱਛਣ ਲੱਗਾ। ਮੈਨੂੰ ਉਹ ਵਿਅਕਤੀ ਸਿੱਧਰਾ ਜਿਹਾ ਪ੍ਰਤੀਤ ਹੋਇਆ। ਮੈਂ ਉਸ ਨੂੰ ਕਿਹਾ ਕਿ ਤੁਸੀਂ ਗ਼ਲਤ ਪਾਸੇ ਖੜ੍ਹੇ ਹੋ। ਜੇ ਡੇਰੇ ਜਾਣਾ ਹੈ ਤਾਂ ਸੜਕ ਦੇ ਦੂਸਰੇ ਪਾਸੇ ਜਾਓ। ਉਹ ਵਿਅਕਤੀ ਪਿੱਛੇ ਹਟ ਗਿਆ ਅਤੇ ਮੈਂ ਆਪਣੀ ਮੰਜ਼ਿਲ ਵੱਲ ਵਧਣ ਲੱਗਾ। ਮੈਂ ਅਜੇ ਬਾਈਪਾਸ ਵਾਲੀ ਸੜਕ ਪਾਰ ਹੀ ਕੀਤੀ ਸੀ ਕਿ ਉੱਥੇ ਵੀ ਪੰਜ-ਚਾਰ ਵਿਅਕਤੀ ਖਲੋਤੇ ਸਨ। ਇਕ ਵਿਅਕਤੀ ਮੋਟਰਸਾਈਕਲ ਲਗਾ ਕੇ ਕੋਲ ਖਲੋਤਾ ਸੀ। ਉਨ੍ਹਾਂ ਮੈਨੂੰ ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾਇਆ ਤੇ ਕਹਿਣ ਲੱਗੇ 'ਉਹ ਤੁਹਾਨੂੰ ਕੀ ਕਹਿੰਦਾ ਸੀ?' ਮੈਂ ਕਿਹਾ ਕਿ ਉਹ ਧਾਰਮਿਕ ਡੇਰੇ ਬਾਰੇ ਪੁੱਛ ਰਿਹਾ ਸੀ। ਮੈਂ ਉਸ ਦਾ ਮਾਰਗਦਰਸ਼ਨ ਕਰ ਦਿੱਤਾ ਕਿ ਓਧਰ ਹੈ।

ਉਹ ਵਿਅਕਤੀ ਦੱਸਣ ਲੱਗੇ, 'ਉਹ ਤਾਂ ਸੰਤ ਨੇ। ਬੜੀ ਕਰਨੀ ਵਾਲੇ ਨੇ। ਤੁਹਾਡੇ ਭਾਗ ਚੰਗੇ ਨੇ ਕਿ ਮਿਲ ਗਏ। ਉਹ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ।' ਇਕ ਬੰਦਾ ਕਹਿ ਰਿਹਾ ਸੀ, 'ਇਕ ਵਾਰ ਇਹ ਸਾਨੂੰ ਮਿਲੇ ਸਨ। ਕਹਿਣ ਲੱਗੇ ਕਿ ਤੇਰੀ ਮਾਂ 'ਤੇ ਕਸ਼ਟ ਆਉਣ ਵਾਲਾ ਹੈ। ਫਿਕਰ ਨਾ ਕਰੀਂ, ਸਾਡੇ ਕੋਲ ਆ ਜਾਈਂ। ਸਭ ਠੀਕ ਹੋ ਜਾਵੇਗਾ।' ਉਹ ਬੰਦਾ ਫਿਰ ਕਹਿਣ ਲੱਗਾ, 'ਮੇਰੀ ਮਾਂ ਨੂੰ ਇਕਦਮ ਦਿਸਣੋਂ ਹਟ ਗਿਆ। ਮੈਂ ਮਾਂ ਨੂੰ ਲੈ ਕੇ ਇਨ੍ਹਾਂ ਸੰਤਾਂ ਕੋਲ ਗਿਆ। ਇਨ੍ਹਾਂ ਜਲ ਦੇ ਅੱਖਾਂ 'ਤੇ ਛਿੱਟੇ ਹੀ ਮਾਰੇ ਸਨ ਕਿ ਮਾਂ ਦੀ ਨਿਗ੍ਹਾ ਵਾਪਸ ਆ ਗਈ।'

ਇਨ੍ਹਾਂ ਸਾਨੂੰ ਕਿਹਾ ਸੀ ਕਿ ਕਿਸੇ ਨਾਲ ਗੱਲ ਨਹੀਂ ਕਰਨੀ ਪਰ ਅਸੀਂ ਕਰ ਦਿੱਤੀ। ਹੁਣ ਸਾਡੇ ਨਾਲ ਨਾਰਾਜ਼ ਹਨ ਤੇ ਸਾਡੇ ਨਾਲ ਬੋਲਦੇ ਤਕ ਨਹੀਂ। ਤੁਹਾਡੇ ਨਾਲ ਉਨ੍ਹਾਂ ਬੜੇ ਪ੍ਰੇਮ ਨਾਲ ਗੱਲ ਕੀਤੀ ਹੈ। ਸਮਝੋ ਤੁਹਾਡੀ ਕਿਸਮਤ ਜਾਗ ਪਈ। ਪਹਿਲਾ ਮਿਲਿਆ ਵਿਅਕਤੀ ਮੁੜ ਮੇਰੇ ਕੋਲ ਆ ਖਲੋਤਾ ਅਤੇ ਦੂਸਰੇ ਨੂੰ ਮੁਖਾਤਿਬ ਹੋਇਆ, 'ਦੁਸ਼ਟਾ! ਤੈਨੂੰ ਕਿਹਾ ਸੀ ਕਿਸੇ ਨਾਲ ਗੱਲ ਨਹੀਂ ਕਰਨੀ ਪਰ ਤੂੰ ਫਿਰ ਕਰ ਰਿਹਾ।ਏਂ।'

'ਸੰਤ ਜੀ ਮਾਫ਼ ਕਰ ਦਿਉ' ਕਹਿ ਕੇ ਉਸ ਨੇ ਉਹਦੇ ਗੋਡੀਂ ਹੱਥ ਲਾਇਆ। 'ਫਿਰ ਨਾ ਇਹ ਗ਼ਲਤੀ ਕਰੀਂ।।

ਝੋਲੀ ਕਰ ਤੇਰੇ ਬਰਕਤਾਂ ਪਾਈਏ।' ਉਸ ਨੇ ਝੋਲੀ ਅੱਡ ਦਿੱਤੀ। ਪਹਿਲੇ ਵਿਅਕਤੀ ਨੇ ਦੂਜੇ ਵਿਅਕਤੀ ਦੀ ਝੋਲੀ ਵਿਚ ਇਕ ਛੋਟਾ ਜਿਹਾ ਬੀਟਾ ਪਾ ਦਿੱਤਾ।'।ਫਿਰ ਪਹਿਲਾ ਵਿਅਕਤੀ ਮੈਨੂੰ ਸੰਬੋਧਨ ਹੋਇਆ।'ਬੱਚਾ! ਤੂੰ ਵੀ ਕਰ ਝੋਲੀ। ਮੈਂ ਵੀ ਝੋਲੀ ਬਣਾ ਲਈ। ਉਨ੍ਹਾਂ ਇਕ ਬੀਟਾ ਮੇਰੀ ਝੋਲੀ ਵਿਚ ਪਾਇਆ ਅਤੇ ਨਾਲ ਹੀ ਇਕ-ਦੋ ਰੁਪਏ ਝੋਲੀ 'ਚ ਪਾਉਣ ਦੀ ਹਦਾਇਤ ਦਿੱਤੀ। ਉਸ ਵਿਅਕਤੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਦੂਸਰਾ ਵਿਅਕਤੀ ਮੇਰੇ ਤੋਂ ਪਹਿਲਾਂ ਕਰੀ ਜਾ ਰਿਹਾ ਸੀ। ਮੈਂ ਬਟੂਆ ਇਸ ਤਰ੍ਹਾਂ ਖੋਲ੍ਹਿਆ ਕਿ ਉਸ ਨੂੰ ਮੇਰੇ ਬਟੂਏ ਵਿਚ ਕੀ ਹੈ, ਦਾ ਪਤਾ ਨਾ ਲੱਗੇ।

ਮੈਂ ਬਟੂਏ ਦੇ ਬਾਹਰ ਜਿੱਥੇ ਆਮ ਤੌਰ 'ਤੇ ਲੋਕ ਕੋਈ ਨਾ ਕੋਈ ਫੋਟੋ ਪਾਉਂਦੇ ਹਨ, ਉੱਥੇ ਰੱਖਿਆ ਇਕ ਰੁਪਏ ਦਾ ਨੋਟ ਕੱਢ ਕੇ ਝੋਲੀ ਵਿਚ ਪਾ ਲਿਆ। ਉਸ ਨੇ ਝੋਲੀ ਵਿਚ ਸੋਨਾ ਪਾਉਣ ਲਈ ਕਿਹਾ। ਦੂਸਰੇ ਵਿਅਕਤੀ ਨੇ ਪਹਿਲਾਂ ਪਾਲਣਾ ਕੀਤੀ। ਮੈਂ ਵੀ ਪਿੱਛੇ ਨਾ ਰਿਹਾ। ਮੈਂ ਇਹ ਤਾਂ ਜਾਣ ਚੁੱਕਾ ਸੀ ਕਿ ਦੋਵੇਂ ਆਪਸ ਵਿਚ ਰਲੇ ਹੋਏ ਹਨ ਪਰ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਇਹ ਕਿਸ ਹੱਦ ਤਕ ਜਾਂਦੇ ਹਨ ਕਿਉਂਕਿ ਜੀਟੀ ਰੋਡ ਹੋਣ ਕਾਰਨ ਮੈਂ ਕੋਈ ਖ਼ਤਰਾ ਮਹਿਸੂਸ ਨਹੀਂ ਕਰ ਰਿਹਾ ਸੀ। ਪਹਿਲੇ ਵਿਅਕਤੀ ਨੇ ਕਿਹਾ, 'ਬੱਚਾ! ਜੋ ਮਾਇਆ ਤੇਰੀ ਜੇਬ ਵਿਚ ਹੈ, ਇਹ ਤੇਰੀ ਹੈ ਕਿ ਕਿਸੇ ਹੋਰ ਦੀ?' ਮੈਂ ਕਿਹਾ ਕਿ ਮੇਰੀ ਜੇਬ ਵਿਚ ਇਸ ਇਕ ਰੁਪਏ ਤੋਂ ਇਲਾਵਾ ਹੋਰ ਮਾਇਆ ਹੈ ਹੀ ਨਹੀਂ।' ਉਸ ਨੇ ਕਿਹਾ ਕਿ ਜੇ ਤੇਰੇ ਕੋਲ ਪੈਸੇ ਨਹੀਂ ਤਾਂ ਕਿਸ ਕੋਲ ਹੋਣਗੇ?।ਹੱਥ ਤੇਰੇ ਸੋਨੇ ਦੀ ਮੁੰਦਰੀ ਅਤੇ ਵਧੀਆ ਚਾਂਦੀ ਦਾ ਕੜਾ, ਗਲ ਸਫ਼ਾਰੀ ਸੂਟ। ਇਹ ਕਿਵੇਂ ਹੋ ਸਕਦਾ ਹੈ ਕਿ ਤੇਰੇ ਕੋਲ ਪੈਸੇ ਨਾ ਹੋਣ। ਬੱਚਾ ਸੰਤਾਂ ਨਾਲ ਝੂਠ ਨਹੀਂ ਬੋਲੀਦਾ ਅਤੇ ਨਾ ਹੀ ਮਖੌਲ ਕਰੀਦਾ।'

ਉਸ ਦਾ ਦਗ-ਦਗ ਕਰਦਾ ਚਿਹਰਾ ਜਿਹੜਾ ਸੱਚਮੁੱਚ ਦੇ ਸੰਤ ਹੋਣ ਦਾ ਭੁਲੇਖਾ ਪਾ ਰਿਹਾ ਸੀ, ਮੈਂ ਉਸ ਦੇ ਚਿਹਰੇ ਨੂੰ ਗੁਹ ਨਾਲ ਵੇਖਿਆ। ਅਸਲ ਵਿਚ ਉਸ ਨੇ ਮੇਕਅੱਪ ਕਰਵਾਇਆ ਹੋਇਆ ਸੀ।

ਉਨ੍ਹਾਂ ਤੋਂ ਖਹਿੜਾ ਛੁਡਵਾਉਣ ਲਈ ਮੈਂ ਸਕੂਟਰ ਨੂੰ ਰੇਸ ਦਿੱਤੀ ਅਤੇ ਚੱਲ ਪਿਆ। ਮੈਂ ਮਸਾਂ ਇਕ ਕਿਲੋਮੀਟਰ ਹੀ ਅੱਗੇ ਗਿਆ ਹੋਵਾਂਗਾ ਕਿ ਪਹਿਲਾ ਵਿਅਕਤੀ ਮੁੜ ਮੇਰੇ ਅੱਗੇ ਆ ਖਲੋਤਾ ਤੇ ਕਹਿਣ ਲੱਗਾ, 'ਬੱਚਾ! ਸਾਡੀ ਗੱਲ ਸੁਣੋ।' ਉਹ ਮੇਰੇ 'ਤੇ ਇਹ ਪ੍ਰਭਾਵ ਪਾਉਣ ਦੇ ਚੱਕਰ ਵਿਚ ਸੀ ਕਿ ਉਹ ਬਹੁਤ ਕਰਨੀ ਵਾਲਾ ਹੈ। ਮੈਂ ਇਹ ਜਾਣ ਚੁੱਕਾ ਸਾਂ ਕਿ ਇਹ ਠੱਗ ਵਿਅਕਤੀ ਇਕ-ਦੋ ਨਹੀਂ ਸਗੋਂ ਪੂਰਾ ਗੈਂਗ ਹੈ। ਅਸਲ ਵਿਚ ਉਨ੍ਹਾਂ ਨੂੰ ਉਨ੍ਹਾਂ ਦਾ ਕੋਈ ਹੋਰ ਸਾਥੀ ਕਾਰ ਵਿਚ ਬਿਠਾ ਕੇ ਉੱਥੇ ਉਤਾਰ ਗਿਆ ਸੀ। ਮੈਂ ਹੁਣ ਹੋਰ ਜੋਖ਼ਮ ਨਹੀਂ ਸੀ ਲੈਣਾ ਚਾਹੁੰਦਾ। ਹੁਣ ਮੈਂ ਖਲੋਤਾ ਨਹੀਂ, ਥੋੜ੍ਹਾ ਅੱਗੇ ਗਿਆ ਤਾਂ ਉਸ ਦਾ ਦੂਸਰਾ ਸਾਥੀ ਮੋਟਰਸਾਈਕਲ 'ਤੇ ਮੇਰੇ ਬਰਾਬਰ ਆ ਕੇ ਕਹਿਣ ਲੱਗਾ 'ਸੰਤਾਂ ਤੋਂ ਗੋਦੜੀ ਲੈ ਲਵੋ।' ਮੈਂ ਕਿਹਾ ਕਿ ਉਹ ਕੀ ਹੁੰਦੀ? ਉਸ ਨੇ ਦੱਸਿਆ ਕਿ ਕੱਪੜੇ ਦੀ ਹੁੰਦੀ ਏ। ਮੈਂ ਕਿਹਾ ਕਿ ਮੈਨੂੰ ਕਿਸੇ ਗੋਦੜੀ ਦੀ ਲੋੜ ਨਹੀਂ। ਤੂੰ ਮੇਰਾ ਖਹਿੜਾ ਛੱਡ।

ਜਦ ਉਹ ਫਿਰ ਵੀ ਨਾ ਟਲਿਆ ਤਾਂ ਮੈਂ ਉਸ ਨੂੰ ਗੁੱਸੇ ਵਿਚ ਕਿਹਾ ਕਿ ਹੁਣ ਤੂੰ ਵਾਪਸ ਜਾਵੇਂਗਾ ਕਿ ਤੇਰਾ ਕੋਈ ਹੋਰ ਇਲਾਜ ਕਰਾਂ।। ਮੇਰੇ ਰੌਂਅ ਵੇਖ ਕੇ ਉਸ ਨੇ ਮੋਟਰਸਾਈਕਲ ਪਿੱਛੇ ਨੂੰ ਮੋੜ ਲਿਆ ਅਤੇ ਮੈਂ ਆਪਣੀ ਮੰਜ਼ਿਲ ਵੱਲ ਤੁਰ ਪਿਆ।।ਮੈਂ ਤਾਂ ਠੱਗਾਂ ਦੇ ਚੁੰਗਲ 'ਚੋਂ ਬਚ ਨਿਕਲਣ 'ਚ ਕਾਮਯਾਬ ਹੋ ਗਿਆ, ਤੁਸੀਂ ਵੀ ਸਾਵਧਾਨ ਰਹਿਣਾ।।

-ਮੋਬਾਈਲ ਨੰ.: 99147-16616

Posted By: Sukhdev Singh