-ਡਾ. ਕੰਵਰਦੀਪ ਸਿੰਘ ਧਾਰੋਵਾਲੀ

ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਵਾਲੀ ਕੁਰਸੀ ਕਿਸੇ ਨੂੰ ਵੀ ਮਿਲੇ, ਉਸ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ। ਰਾਜਨੀਤਕ ਪਾਰਟੀਆਂ ਦੇ ਸੂਬਾ ਪ੍ਰਧਾਨ ਅਕਸਰ ਬਦਲਦੇ ਰਹੇ ਹਨ ਪਰ ਇਸ ਨਾਲ ਸੂਬੇ ਦੇ ਸ਼ਾਸਨ ਅਤੇ ਨੀਤੀਆਂ ’ਤੇ ਕਦੇ ਕੋਈ ਖ਼ਾਸ ਅਸਰ ਨਹੀਂ ਪਿਆ। ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਹਨ। ਹੁਣ ਪਾਰਟੀ ਦੀ ਕਮਾਨ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਹੱਥ ਹੈ। ਉੱਧਰ ਕਾਂਗਰਸ ਦੇ ਪ੍ਰਧਾਨ ਕਿਸੇ ਵਕਤ ਪ੍ਰਤਾਪ ਸਿੰਘ ਬਾਜਵਾ ਸਨ, ਫਿਰ ਕੈਪਟਨ ਅਮਰਿੰਦਰ ਸਿੰਘ ਬਣੇ, ਫਿਰ ਸੁਨੀਲ ਜਾਖੜ ਅਤੇ ਹੁਣ ਵਾਰੀ ਨਵਜੋਤ ਸਿੱਧੂ ਦੀ ਆਈ ਹੈ। ਕੀ ਇਨ੍ਹਾਂ ਪਾਰਟੀਆਂ ਦੇ ਪ੍ਰਧਾਨ ਬਦਲਣ ਨਾਲ ਪੰਜਾਬ ਦੀ ਮੰਦਹਾਲੀ ਵਿਚ ਕੋਈ ਸੁਧਾਰ ਹੋਇਆ? ਪੰਜਾਬ ਦੀ ਬੇਰੁਜ਼ਗਾਰੀ ਲਗਾਤਾਰ ਵਧਦੀ ਗਈ, ਪੜ੍ਹਾਈ ਅਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ, ਕਿਸਾਨ ਦੀ ਕਮਾਈ ਘਟਦੀ ਗਈ, ਇੰਡਸਟਰੀ ਪੰਜਾਬ ਨੂੰ ਛੱਡ ਕੇ ਗੁਆਂਢੀ ਰਾਜਾਂ ਵਿਚ ਸਥਾਪਿਤ ਹੋ ਗਈ ਅਤੇ ਪੰਜਾਬ ਦਾ ਨੌਜਵਾਨ ਆਪਣੀ ਮਿੱਟੀ ਨੂੰ ਛੱਡ ਕੇ ਬੇਗਾਨੀਆਂ ਧਰਤੀਆਂ ’ਤੇ ਜਾ ਵੱਸਿਆ। ਕਾਂਗਰਸ ਪਾਰਟੀ ਦੀ ਪਰੰਪਰਾ ਰਹੀ ਹੈ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਹ ਪ੍ਰਧਾਨ ਬਦਲਦੀ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਵੀ 2017 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਪ੍ਰਧਾਨ ਬਣੇ ਸਨ। ਕਾਂਗਰਸ ਪਾਰਟੀ ਵਿਚ ਸੂਬਾ ਪ੍ਰਧਾਨ ਹੋਣਾ ਇਸ ਕਰਕੇ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਅਕਸਰ ਪਾਰਟੀ ਪ੍ਰਧਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ-ਮੰਤਰੀ ਦਾ ਦਾਅਵੇਦਾਰ ਬਣਦਾ ਹੈ। ਇਸ ਕਰਕੇ ਸਿੱਧੂ ਦਾ ਪਾਰਟੀ ਪ੍ਰਧਾਨ ਬਣਨਾ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਅਤੇ ਰਾਜਨੀਤਕ ਹੋਂਦ ਨੂੰ ਇਕ ਵੱਡੀ ਚੁਣੌਤੀ ਹੈ। ਦੋਵੇਂ ਧਿਰਾਂ ਕੈਪਟਨ ਅਤੇ ਸਿੱਧੂ-ਪੰਜਾਬ ਦੀ ਸੱਤਾ ’ਤੇ ਕਬਜ਼ਾ ਕਰਨ ਲਈ ਹਰ ਸੰਭਵ ਪੈਂਤੜਾ ਵਰਤ ਰਹੇ ਹਨ। ਕਿਉਂਕਿ 2022 ਦੀਆਂ ਚੋਣਾਂ ਬਹੁਤ ਨੇੜੇ ਹਨ, ਇਸ ਲਈ ਇਹ ਸੱਤਾ ਦੀ ਦੌੜ ਦੱਸਦੀ ਹੈ ਕਿ ਲੜਾਈ ਸਿਰਫ਼ ਕੁਰਸੀ ਦੀ ਹੈ। ਇਸ ਕੁਰਸੀ ਅਤੇ ਅਹੁਦਿਆਂ ਦੀ ਦੌੜ ਵਿਚ ਪੰਜਾਬ ਦੇ ਮਸਲੇ ਬਹੁਤ ਪਿੱਛੇ ਰਹਿ ਗਏ ਹਨ। ਸਿੱਧੂ-ਕੈਪਟਨ ਵਿਵਾਦ ਪੰਜਾਬ ਦੇ ਟੈਲੀਵਿਜ਼ਨ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ ਕਈ ਦਿਨਾਂ ਤੋਂ ਛਾਇਆ ਹੋਇਆ ਹੈ। ਦੋ ਮਹੀਨਿਆਂ ਤੋਂ ਕਾਂਗਰਸ ਪਾਰਟੀ ਦੇ ਅੰਦਰੂਨੀ ਵਿਵਾਦ ਨੂੰ ਇੰਜ ਵਿਖਾਇਆ ਗਿਆ ਹੈ ਜਿਵੇਂ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ ਹੋਣ, ਬਸ ਇਹੀ ਰਹਿ ਗਿਆ ਹੋਵੇ। ਸੂਚਨਾ ਦੇ ਲਿਬਾਸ ਵਿਚ ਬੇ-ਬੁਨਿਆਦ ਮੁੱਦਾ ਵੇਚਿਆ ਜਾ ਰਿਹਾ ਹੈ। ਪੰਜਾਬ ਦੇ ਹਰ ਬਾਸ਼ਿੰਦੇ ਸਿਰ ਕਰਜ਼ੇ ਦੀ ਪੰਡ ਦਿਨ-ਬਦਿਨ ਭਾਰੀ ਹੁੰਦੀ ਜਾ ਰਹੀ ਹੈ। ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੁਰੇ ਹੋਏ ਹਨ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ, ਵਰਗੇ ਅਹਿਮ ਮੁੱਦੇ ਸੁਰਖੀਆਂ ਨਹੀਂ ਬਟੋਰ ਰਹੇ। ਸੋਸ਼ਲ ਮੀਡੀਆ ਸਣੇ ਕਈ ਮੀਡੀਆ ਅਦਾਰੇ ਮੁੱਦਾਹੀਣ ਖ਼ਬਰਾਂ ਰਾਹੀਂ ਲੋਕਾਂ ਦੀਆਂ ਧਾਰਨਾਵਾਂ ਅਤੇ ਰਾਇ ਬਣਾਉਣ ’ਤੇ ਲੱਗੇ ਹੋਏ ਹਨ। ਇਹ ਮੀਡੀਆ ਪ੍ਰਸਾਰ ਨਹੀਂ ਸਗੋਂ ਨਾਂਹ-ਪੱਖੀ ਪ੍ਰਚਾਰ ਵਿਚ ਲੱਗਾ ਹੋਇਆ ਹੈ ਜੋ ਕਿ ਲੋਕਤੰਤਰ ਵਾਸਤੇ ਇਕ ਵੱਡਾ ਖ਼ਤਰਾ ਹੈ। ਇਸ ਸਿੱਧੂ-ਕੈਪਟਨ ਵਿਵਾਦ ਅਤੇ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਤ੍ਰਾਸਦੀ ਇਹ ਵੀ ਹੈ ਕਿ ਪੰਜਾਬ ਦੇ ਲੀਡਰ ਅੱਜ ਵੀ ਦਿੱਲੀ ਦਰਬਾਰ ਦੇ ਗੁੱਝੇ ਸਿਆਸੀ ਗਣਿਤ ਅਤੇ ਫ਼ੈਸਲਿਆਂ ਉੱਤੇ ਨਿਰਭਰ ਹਨ।

ਉਹ ਅਜੇ ਵੀ ਇੰਨੇ ਜੋਗੇ ਨਹੀਂ ਹੋਏ ਕਿ ਪੰਜਾਬ ਨੂੰ ਉਸ ਦੀਆਂ ਲੋੜਾਂ ਮੁਤਾਬਕ ਰਾਜ ਦੇ ਸਕਣ। ਪੰਜਾਬ ਦੀ ਰਾਜਨੀਤੀ ਉੱਤੇ ਦਿੱਲੀ ਦਾ ਦਬਦਬਾ ਪੰਜਾਬੀਆਂ ਦੀ ਖ਼ੁਦਮੁਖਤਾਰੀ ਅਤੇ ਦੇਸ਼ ਦੇ ਸੰਘੀ ਢਾਂਚੇ ਦੇ ਖ਼ਿਲਾਫ਼ ਹੈ ਪਰ ਸਾਡੇ ਲੀਡਰ ਦਿੱਲੀ ਦਰਬਾਰ ਨੂੰ ਹੀ ਸਰਬਉੱਚ ਦਰਬਾਰ ਮੰਨਦੇ ਹਨ। ਪੰਜਾਬੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਵਿਵਾਦ ਸੱਤਾ ਅਤੇ ਅਹੁਦਿਆਂ ਦੀ ਲੜਾਈ ਹੈ, ਰਾਜਨੀਤਕ ਹਊਮੈ ਦੀ ਲੜਾਈ ਹੈ ਅਤੇ ਖ਼ੁਦ ਨੂੰ ਦੂਜੇ ਤੋਂ ਉੱਚਾ ਸਾਬਿਤ ਕਰਨ ਦੀ ਲੜਾਈ ਹੈ। ਬੇਹੱਦ ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਦੌੜ ਵਿਚ ਪੰਜਾਬ ਦਾ ਆਮ ਨਾਗਰਿਕ ਦੂਰ-ਦੂਰ ਤਕ ਮੌਜੂਦ ਨਹੀਂ ਹੈ। ਉਹ ਸਿਰਫ਼ ਦਰਸ਼ਕ ਹੈ। ਇਹ ਸਾਡੀ ਰਾਜਨੀਤਕ ਸਮਝ ਅਤੇ ਰਾਜਨੀਤਕ ਸੱਭਿਆਚਾਰ ਦੀ ਤ੍ਰਾਸਦੀ ਹੈ। ਇਹ ਅੱਜ ਦੇ ਰਾਜਨੀਤਕ ਆਗੂਆਂ ਦੇ ਚਰਿੱਤਰ ਦੀ ਝਲਕ ਹੈ। ਜਿਸ ਦਿਨ ਪੰਜਾਬ ਦੇ ਸਿਆਸੀ ਆਗੂ ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਅਤੇ ਇਤਿਹਾਸ ਨੂੰ ਸਮਝ ਸਕਣਗੇ ਤਾਂ ਖ਼ੁਦ ਤੋਂ ਸ਼ਰਮਿੰਦਾ ਹੋ ਜਾਣਗੇ।

ਮਹਾਰਾਜਾ ਰਣਜੀਤ ਸਿੰਘ ਦੀ ਸੁੱਘੜ ਰਣਨੀਤੀ ਕਾਰਨ ਪੰਜਾਬੀਆਂ ਦਾ ਰਾਜ ਕਾਬਲ-ਕੰਧਾਰ ਤਕ ਫੈਲਿਆ ਹੋਇਆ ਸੀ।

ਤ੍ਰਾਸਦੀ ਇਹ ਹੈ ਕਿ ਸਾਰਾ ਪੰਜਾਬ ਧਰਨੇ ’ਤੇ ਬੈਠਾ ਹੈ-ਕਿਸਾਨ, ਅਧਿਆਪਕ, ਡਾਕਟਰ, ਡਰਾਈਵਰ-ਕੰਡਕਟਰ, ਲਾਈਨਮੈਨ, ਸਫ਼ਾਈ ਕਰਮਚਾਰੀ ਆਦਿ ਸਭ ਆਪਣੀਆਂ ਮੁੱਢਲੀਆਂ ਮੰਗਾਂ ਨੂੰ ਲੈ ਕੇ ਰੋਸ-ਮੁਜ਼ਾਹਰੇ ਕਰ ਰਹੇ ਹਨ ਪਰ ਚਰਚਾ ਸਿਰਫ਼ ਸਿੱਧੂ-ਕੈਪਟਨ ਵਿਵਾਦ ਦੀ ਹੋ ਰਹੀ ਹੈ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਪਈਆਂ ਹਨ। ਸਿੱਖਿਆ ਵੈਂਟੀਲੇਟਰ ’ਤੇ ਪਈ ਹੈ। ਕਿਸਾਨ ਆਤਮਹੱਤਿਆ ਕਰ ਰਿਹਾ ਹੈ ਅਤੇ ਨੌਜਵਾਨ ਪੰਜਾਬ ਤੋਂ ਭੱਜ ਰਿਹਾ ਹੈ ਪਰ ਸਿੱਧੂ ਦੀ ਕਾਂਗਰਸ ਵਿਚ ਤਾਜਪੋਸ਼ੀ ਦੀਆਂ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ।

ਕਿੱਧਰ ਜਾ ਰਹੇ ਹਾਂ ਅਸੀਂ? ਪੰਜਾਬ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਘਰ-ਘਰ ’ਚੋਂ ਨੌਜਵਾਨਾਂ ਨੂੰ ਅੱਗੇ ਆ ਕੇ ਰਾਜਨੀਤੀ ਵਿਚ ਹਿੱਸਾ ਲੈਣ ਦੀ ਲੋੜ ਹੈ। ਚਿਹਰਿਆਂ ਦੀ ਰਾਜਨੀਤੀ ਨੇ ਪੰਜਾਬ ਨੂੰ ਡੋਬ ਦਿੱਤਾ ਹੈ, ਪੰਜਾਬ ਦੇ ਮੁੜ-ਵਸੇਬੇ ਅਤੇ ਖ਼ੁਸ਼ਹਾਲੀ ਲਈ ਰੰਗ-ਬਿਰੰਗੇ ਚਿਹਰਿਆਂ ਦੀ ਨਹੀਂ, ਪੜੇ੍ਹ-ਲਿਖੇ ਜੁਝਾਰੂ ਕਿਰਦਾਰਾਂ ਦੀ ਲੋੜ ਹੈ। ਪੰਜਾਬੀਆਂ ਨੂੰ ਬੀਤੇ ਤੋਂ ਸਬਕ ਲੈਣ ਦੀ ਲੋੜ ਹੈ। ਵੋਟਰਾਂ ਨੂੰ ਭਰਮਾਉਣ ਲਈ ਚੋਣ ਮਨੋਰਥ ਪੱਤਰਾਂ ਵਿਚ ਫੋਕੇ ਵਾਅਦਿਆਂ ਤੇ ਦਾਅਵਿਆਂ ਦੀ ਝੜੀ ਲਗਾਈ ਜਾਂਦੀ ਹੈ। ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਚੋਣ ਮਨੋਰਥ ਪੱਤਰਾਂ ’ਤੇ ਮਿੱਟੀ ਦੀ ਮੋਟੀ ਪਰਤ ਜੰਮ ਜਾਂਦੀ ਹੈ। ਨੇਤਾ ਬੇਨਕਾਬ ਹੁੰਦੇ ਹਨ, ਵੋਟਰ ਹਤਾਸ਼ ਹੁੰਦੇ ਹਨ। ਇਸ ਲਈ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਸੱਤਾ ਦੇ ਲੋਭੀਆਂ ਨੂੰ ਬੇਨਕਾਬ ਕਰਨ। ਇਹ ਤਾਂ ਹੀ ਸੰਭਵ ਹੈ ਜੇ ਚੰਗੇ ਕਿਰਦਾਰ ਵਾਲੇ ਲੋਕ ਅੱਗੇ ਆ ਕੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨ।

-(ਲੇਖਕ ਰਾਜਨੀਤਕ ਵਿਸ਼ਲੇਸ਼ਕ ਤੇ ਰਾਜਨੀਤੀ ਸ਼ਾਸਤਰ ਦਾ ਪ੍ਰੋਫੈਸਰ ਹੈ)

-ਮੋਬਾਈਲ : 98782-15025

Posted By: Jatinder Singh