ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਦੇ ਨਾਲ-ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ’ਚੋਂ ਜੇ ਸਭ ਤੋਂ ਵੱਧ ਨਜ਼ਰਾਂ ਕਿਤੇ ਲੱਗੀਆਂ ਹੋਈਆਂ ਸਨ ਤਾਂ ਉਹ ਸੀ ਬੰਗਾਲ। ਇਸ ਦਾ ਕਾਰਨ ਸੀ ਭਾਜਪਾ ਤੇ ਤ੍ਰਿਣਮੂਲ ਕਾਂਗਰਸ ’ਚ ਕਾਂਟੇ ਦੀ ਟੱਕਰ। ਫਸਵੀਂ ਟੱਕਰ ਤੋਂ ਬਾਅਦ ਵੀ ਮਮਤਾ ਬੈਨਰਜੀ ਨੇ ਆਸਾਨੀ ਨਾਲ ਤੀਜੀ ਵਾਰ ਸੱਤਾ ਹਾਸਲ ਕਰ ਲਈ ਪਰ ਉਨ੍ਹਾਂ ਦੀ ਖ਼ੁਦ ਦੀ ਹਾਰ ਨੇ ਪਾਰਟੀ ਦੀ ਜਿੱਤ ਕੁਝ ਫਿੱਕੀ ਕਰ ਦਿੱਤੀ। ਭਾਵੇਂ ਹੀ ਭਾਜਪਾ ਨੇ ਪਿਛਲੀ ਵਾਰ ਦੇ ਮੁਕਾਬਲੇ ਕਿਤੇ ਜ਼ਿਆਦਾ ਸੀਟਾਂ ਹਾਸਲ ਕਰ ਲਈਆਂ ਹੋਣ ਪਰ ਉਸ ਨੂੰ ਨਤੀਜਿਆਂ ਤੋਂ ਨਿਰਾਸ਼ਾ ਹੋਵੇਗੀ ਕਿਉਂਕਿ ਉਹ ਬੰਗਾਲ ’ਚ ਆਪਣੀ ਜਿੱਤ ਹੁੰਦੀ ਦੇਖ ਰਹੀ ਸੀ ਤੇ ਇਸ ਲਈ ਉਸ ਨੇ ਪੂਰੀ ਤਾਕਤ ਵੀ ਝੋਕ ਦਿੱਤੀ ਸੀ।

ਹਾਲਾਂਕਿ ਉਹ ਸੱਤਾ ’ਚ ਨਹੀਂ ਆ ਸਕੀ ਪਰ ਉਸ ਨੇ ਬੰਗਾਲ ’ਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਨਾਲ-ਨਾਲ ਸਮਰੱਥਾਵਾਨ ਵਿਰੋਧੀ ਧਿਰ ਦਾ ਸਥਾਨ ਹਾਸਲ ਕਰ ਲਿਆ। ਅਜਿਹਾ ਲੱਗਦਾ ਹੈ ਕਿ ਬੰਗਾਲ ’ਚ ਭਾਜਪਾ ਦਾ ਹਿੰਦੂ ਕਾਰਡ ਜ਼ਿਆਦਾ ਨਹੀਂ ਚੱਲਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਮਮਤਾ ਨੇ ਉਸ ਮੁਸਲਿਮ ਵੋਟ ਬੈਂਕ ’ਤੇ ਵੀ ਆਪਣੀ ਪਕੜ ਬਣਾਈ ਰੱਖੀ, ਜਿਸ ਦੀ ਆਬਾਦੀ ਕਰੀਬ 30 ਫ਼ੀਸਦੀ ਹੈ। ਇਹ ਤਾਂ ਸਾਫ਼ ਹੀ ਹੈ ਕਿ ਫੁਰਫੁਰਾ ਸ਼ਰੀਫ਼ ਦੇ ਪੀਰਜ਼ਾਦਾ ਦੇ ਚੋਣ ਮੈਦਾਨ ’ਚ ਉੱਤਰਨ, ਕਾਂਗਰਸ ਤੇ ਖੱਬੇਪੱਖੀਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਵੀ ਮੁਸਲਿਮ ਵੋਟਰ ਮਮਤਾ ਪਿੱਛੇ ਇਕਜੁੱਟ ਹੋ ਕੇ ਖੜ੍ਹੇ ਰਹੇ। ਇਹ ਮੰਨਣ ਦੇ ਵੀ ਚੰਗੇ-ਭਲੇ ਕਾਰਨ ਹਨ ਕਿ ਕਾਂਗਰਸ ਨੇ ਜਿੱਤਣ ਲਈ ਲੜਨ ਦੀ ਬਜਾਏ ਭਾਜਪਾ ਦੀ ਹਾਰ ’ਚ ਆਪਣੀ ਜਿੱਤ ਦੇਖਣੀ ਪਸੰਦ ਕੀਤੀ। ਬੰਗਾਲ ’ਚ ਕਦੇ ਦੂਜੇ ਸਥਾਨ ’ਤੇ ਰਹੀ ਕਾਂਗਰਸ ਅੱਜ ਜੇ ਹਾਸ਼ੀਏ ’ਤੇ ਚਲੀ ਗਈ ਹੈ ਤਾਂ ਆਪਣੇ ਕੰਮਾਂ ਕਾਰਨ। ਪੰਜ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੀ ਕੌਮੀ ਰਾਜਨੀਤੀ ’ਚ ਹੈਸੀਅਤ ਹੋਰ ਘਟਣੀ ਤੈਅ ਹੈ। ਉਹ ਕੇਵਲ ਆਪਣਾ ਹੀ ਨਹੀਂ ਸਗੋਂ ਵਿਰੋਧੀ ਧਿਰ ਦਾ ਵੀ ਨੁਕਸਾਨ ਕਰ ਰਹੀ ਹੈ। ਕਾਂਗਰਸ ਬੰਗਾਲ ’ਚ ਤਾਂ ਹਾਸ਼ੀਏ ’ਤੇ ਗਈ ਹੀ, ਆਸਾਮ ’ਚ ਵੀ ਫਿਰ ਤੋਂ ਭਾਜਪਾ ਦੇ ਹੱਥੋਂ ਹਾਰੀ ਤੇ ਉਸ ਕੇਰਲਾ ’ਚ ਵੀ ਹਾਰ ਗਈ, ਜਿੱਥੇ ਇਸ ਬਾਰ ਉਸ ਦੀ ਅਗਵਾਈ ਵਾਲੇ ਮੋਰਚੇ ਦੀ ਵਾਰੀ ਸੀ।

ਖੱਬੇਪੱਖੀ ਮੋਰਚੇ ਨੇ ਸੱਤਾ ਹਾਸਲ ਕਰ ਕੇ ਇਹ ਵੀ ਦੱਸ ਦਿੱਤਾ ਹੈ ਕਿ ਰਾਹੁਲ ਗਾਂਧੀ ਦਾ ਵਾਇਨਾਡ ਤੋਂ ਲੋਕ ਸਭਾ ਚੋਣ ਲੜਨਾ ਕਾਂਗਰਸ ਲਈ ਕਾਰਗਰ ਸਾਬਤ ਨਹੀਂ ਹੋਇਆ। ਤਾਮਿਲਨਾਡੂ ’ਚ ਡੀਐੱਮਕੇ ਦਾ ਸੱਤਾ ’ਚ ਆਉਣਾ ਹੈਰਾਨ ਨਹੀਂ ਕਰਦਾ ਕਿਉਂਕਿ ਉੱਥੇ ਉਸ ਦੀ ਹੀ ਜਿੱਤ ਦੇ ਆਸਾਰ ਸਨ ਪਰ ਇਹ ਮਹੱਤਵਪੂਰਨ ਹੈ ਕਿ ਏਡੀਐੱਮਕੇ ਨੇ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਕੇਰਲ ਤੇ ਤਾਮਿਲਨਾਡੂ ’ਚ ਭਾਜਪਾ ਕੋਲ ਹਾਸਲ ਕਰਨ ਲਈ ਬਹੁਤ ਕੁਝ ਨਹੀਂ ਸੀ ਪਰ ਪੁਡੂਚੇਰੀ ’ਚ ਉਸ ਨੇ ਸਹਿਯੋਗੀਆਂ ਨਾਲ ਆਪਣੀ ਜਗ੍ਹਾ ਬਣਾ ਲਈ। ਇਸ ਤੋਂ ਬਾਅਦ ਵੀ ਭਾਜਪਾ ਨੂੰ ਇਸ ’ਤੇ ਵਿਚਾਰ ਕਰਨਾ ਪਵੇਗਾ ਕਿ ਆਖ਼ਰ ਉਹ ਮੋਦੀ ਦੇ ਸਹਾਰੇ ਸੂਬਿਆਂ ਦੀਆਂ ਚੋਣਾਂ ਕਦੋਂ ਤਕ ਲੜਦੀ ਰਹੇਗੀ ਤੇ ਹਰ ਜਗ੍ਹਾ ਹਿੰਦੂ ਪਾਰਟੀ ਵਾਲੇ ਅਕਸ ਨਾਲ ਚੋਣ ਲੜਨੀ ਕਿੰਨੀ ਕੁ ਲਾਭਕਾਰੀ ਹੈ? ਇਸ ਵਾਰ ਦੇ ਚੋਣ ਨਤੀਜੇ ਕਈ ਤਰ੍ਹਾਂ ਦੇ ਸਬਕ ਸਿਖਾ ਦੇਣ ਵਾਲੇ ਹਨ। ਹਾਲ ਦੀ ਘੜੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਆਪ ’ਤੇ ਸੰਜੀਦਗੀ ਨਾਲ ਝਾਤ ਮਾਰਨ ਦੀ ਜ਼ਰੂਰਤ ਹੈ। ਲੋਕਾਂ ਨੂੰ ਹੁਣ ਜਾਤ-ਧਰਮ ਦੀਆਂ ਸੌੜੀਆਂ ਵਲਗਣਾਂ ’ਚ ਉਲਝਾਇਆ ਨਹੀਂ ਜਾ ਸਕਦਾ, ਉਨ੍ਹਾਂ ਨੇ ਇਹ ਬਾਖ਼ੂਬੀ ਸਾਬਤ ਕਰ ਦਿੱਤਾ ਹੈ।

Posted By: Sunil Thapa