ਬੱਚੇ ਹਮੇਸ਼ਾ ਸਾਡਾ ਹੀ ਅਨੁਸਰਣ ਕਰਦੇ ਨੇ। ਉਹ ਜਿਹਾ ਵੇਖਣਗੇ, ਉਹੀ ਕਰਨਗੇ, ਉਹੀ ਬਣਨਗੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਚੰਗੇ ਤੇ ਨੇਕ ਕੰਮ ਕਰ ਕੇ ਬੱਚਿਆਂ ਲਈ ਮਿਸਾਲ ਬਣੀਏ। ਜਦ ਤਕ ਲੋਕ ਭ੍ਰਿਸ਼ਟਾਚਾਰ ਤੋਂ ਤੌਬਾ ਨਹੀਂ ਕਰਦੇ, ਉਦੋਂ ਤਕ ਇਸ ਤੋਂ ਛੁਟਕਾਰਾ ਸੰਭਵ ਨਹੀਂ। ਹੁਣ ਅਸੀਂ ਤੈਅ ਕਰਨਾ ਹੈ ਕਿ ਭਵਿੱਖ ’ਚ ਕਿਹੋ ਜਿਹੇ ਸਮਾਜ ਦਾ ਨਿਰਮਾਣ ਕਰਨਾ ਹੈ, ਚੰਗੇ ਜਾਂ ਮੰਦੇ ਦਾ।

ਅੱਜ-ਕੱਲ੍ਹ ਹਰ ਕੋਈ ਕਹਿ ਰਿਹਾ ਹੈ ਕਿ ਵੱਡੀਆਂ ਰਾਜਨੀਤਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ, ਹੋਰ ਸਰਕਾਰੀ ਮੁਲਾਜ਼ਮ, ਸਭ ਭ੍ਰਿਸ਼ਟਾਚਾਰੀ ਨੇ। ਵੈਸੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਜ਼ਿਆਦਾਤਰ ਲਈ ਠੀਕ ਵੀ ਜਾਪਦੀ ਹੈ। ਕੋਈ ਵੀ ਸਿਆਸਤਦਾਨ, ਸਰਕਾਰੀ ਅਧਿਕਾਰੀ ਜਾਂ ਉਦਯੋਗਪਤੀ ਅਸਮਾਨ ਤੋਂ ਨਹੀਂ ਡਿੱਗਦਾ। ਉਹ ਵੀ ਸਾਡੇ ਵਾਂਗ ਹੀ ਸਮਾਜ ਦਾ ਹਿੱਸਾ ਹੁੰਦੇ ਹਨ। ਸਾਡੇ ਦੇਸ਼ ਵਿਚ ਇਮਾਨਦਾਰ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਪਰ ਖ਼ਰਾਬ ਨਿਜ਼ਾਮ ਉਨ੍ਹਾਂ ਨੂੰ ਸਿਰ ਨਹੀਂ ਚੁੱਕਣ ਦਿੰਦਾ। ਸਾਡੇ ਦੇਸ਼ ਦੇ ਵੱਡੇ ਲੀਡਰ, ਅਫ਼ਸਰਸ਼ਾਹੀ, ਸਰਕਾਰੀ ਅਧਿਕਾਰੀ ਵੱਡੇ ਘੋਟਾਲੇ ਕਰਦੇ ਹਨ। ਕੀ ਆਪਾਂ ਘੱਟ ਗੁਜ਼ਾਰਦੇ ਹਾਂ? ਸਾਡੇ ’ਚੋਂ ਅਖੌਤੀ ਇਮਾਨਦਾਰਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਬਿਜਲੀ ਚੋਰੀ ਕਰਦੇ ਹਨ, ਗਲੀ ’ਚ ਥੜ੍ਹਾ ਵਧਾ ਕੇ ਨਾਜਾਇਜ਼ ਕਬਜ਼ਾ ਕਰਦੇ ਹਾਂ। ਹਰ ਕੋਈ ਇਸ ਹਮਾਮ ’ਚ ਨੰਗਾ ਏ, ਕਿਉਂਕਿ ਇਹ ਸਾਡੀ ਮਾਨਸਿਕਤਾ ’ਚ ਹੈ ਕਿ ਕਿਸੇ ਵੀ ਤਰੀਕੇ ਨਾਲ ਭੌਤਿਕ ਸੋਮੇ ਵੱਧ ਤੋਂ ਵੱਧ ਜੁਟਾਏ ਜਾਣ। ਅਸਲ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਦੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਦੇਸ਼ ਨੂੰ ਘੁਣ ਵਾਂਗ ਅੰਦਰੋ-ਅੰਦਰੀ ਚੱਟਮ ਕਰੀ ਜਾ ਰਿਹਾ ਹੈ। ਇਹ ਚਲਨ ਭਵਿੱਖ ਵਿਚ ਹੋਰ ਵੀ ਖ਼ਤਰਨਾਕ ਸਿੱਧ ਹੋਵੇਗਾ। ਤੁਰੰਤ ਨੈਤਿਕ ਸਿੱਖਿਆ ਨੂੰ ਪਾਠਕ੍ਰਮ ਵਿਚ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰ ਕੇ ਪ੍ਰਾਇਮਰੀ ਪੱਧਰ ਤੋਂ ਹੀ ਇਸ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸੋਚ, ਵਿਵਹਾਰ ਅਤੇ ਆਪਣੇ ਦਾਇਰੇ ਨੂੰ ਬਦਲਣਾ ਪਵੇਗਾ। ਮੇਰੇ ਇਕ ਅਧਿਆਪਕ ਮਿੱਤਰ ਨੇ ਆਪਣੇ ਵੱਡੇ ਭਰਾ ਵੱਲੋਂ ਗਲੀਆਂ ਦੇ ਠੇਕੇਦਾਰ ਦਾ ਚੋਰੀ ਕੀਤਾ ਪਾਈਪ ਦਾ ਟੁਕੜਾ ਉਸ ਨੂੰ ਮੋੜ ਦਿੱਤਾ। ਇਸ ਚੋਰੀ ’ਤੇ ਸ਼ਰਮਿੰਦਾ ਹੋਣ ਦੀ ਬਜਾਏ ਅਧਿਆਪਕ ਦੇ ਭਰਾ ਦਾ ਕਹਿਣਾ ਸੀ, ‘‘ਤੂੰ ਮੇਰੀ ਬੇਇੱਜ਼ਤੀ ਕੀਤੀ ਏ, ਤੈਨੂੰ ਚੜ੍ਹੇ ਮਹੀਨੇ 50 ਹਜ਼ਾਰ ਆਉਂਦਾ ਤਾਂ ਇਮਾਨਦਾਰੀ ਜ਼ਿਆਦਾ ਆਉਂਦੀ ਹੈ, ਠੇਕੇਦਾਰ ਨੂੰ ਬੜਾ ਫ਼ਰਕ ਪੈਣਾ ਸੀ।’’ ਇਸ ਤੋਂ ਬਾਅਦ ਵੱਡੇ ਭਰਾ ਦੀ ਆਪਣੇ ਅਧਿਆਪਕ ਭਰਾ ਨਾਲ ਬੋਲਚਾਲ ਨਾਮਮਾਤਰ ਹੀ ਰਹਿ ਗਈ ਹੈ। ਭ੍ਰਿਸ਼ਟਾਚਾਰ ਨੂੰ ਗ਼ਰੀਬੀ ਜਾਂ ਕਿਸੇ ਹੋਰ ਦੀ ਅਮੀਰੀ ਦੇ ਬਹਾਨੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜੇਕਰ ਤੁਸੀਂ ਸਿਖ਼ਰ ਤਕ ਵਿਵਸਥਾ ਨੂੰ ਸਾਫ਼-ਸੁਥਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੇਠਲੇ ਪੱਧਰ ਤੋਂ ਹੀ ਸਫ਼ਾਈ ਸ਼ੁਰੂ ਕਰਨੀ ਪਵੇਗੀ। ਬੱਚੇ ਹਮੇਸ਼ਾ ਸਾਡਾ ਹੀ ਅਨੁਸਰਣ ਕਰਦੇ ਨੇ। ਉਹ ਜਿਹਾ ਵੇਖਣਗੇ, ਉਹੀ ਕਰਨਗੇ, ਉਹੀ ਬਣਨਗੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਚੰਗੇ ਤੇ ਨੇਕ ਕੰਮ ਕਰ ਕੇ ਬੱਚਿਆਂ ਲਈ ਮਿਸਾਲ ਬਣੀਏ। ਜਦ ਤਕ ਲੋਕ ਭ੍ਰਿਸ਼ਟਾਚਾਰ ਤੋਂ ਤੌਬਾ ਨਹੀਂ ਕਰਦੇ, ਉਦੋਂ ਤਕ ਇਸ ਤੋਂ ਛੁਟਕਾਰਾ ਸੰਭਵ ਨਹੀਂ। ਹੁਣ ਅਸੀਂ ਤੈਅ ਕਰਨਾ ਹੈ ਕਿ ਭਵਿੱਖ ’ਚ ਕਿਹੋ ਜਿਹੇ ਸਮਾਜ ਦਾ ਨਿਰਮਾਣ ਕਰਨਾ ਹੈ, ਚੰਗੇ ਜਾਂ ਮੰਦੇ ਦਾ।
-ਅਸ਼ੋਕ ਸੋਨੀ, ਪਿੰਡ ਖੂਈ ਖੇੜਾ (ਫਾਜ਼ਿਲਕਾ)
ਸੰਪਰਕ : 98727-05078