ਅਸੀਂ ਸਾਰੇ ਆਪੋ-ਆਪਣੇ ਤਰੀਕਿਆਂ ਨਾਲ ਭਗਤੀ ਕਰਨ ਦੀ ਦੌੜ ਵਿਚ ਲੱਗੇ ਹੋਏ ਹਾਂ। ਕੋਈ ਪਾਠ ਕਰਦਾ ਹੈ ਤੇ ਕੋਈ ਮਾਲਾ ਫੇਰਦਾ ਹੈ। ਕੋਈ ਸਿਮਰਨ ਜਾਂ ਜਾਪ ਕਰਦਾ ਹੈ ਪਰ ਸਭ ਦਾ ਮਕਸਦ ਇਕ ਹੀ ਹੈ, ਉਹ ਇਹ ਕਿ ਪਰਮਾਤਮਾ ਦਾ ਮਿਹਰੋ-ਕਰਮ ਹਾਸਲ ਕਰਨਾ।

ਸਦੀ ਕੁ ਪਹਿਲਾਂ ਭਗਤੀ ਦੇ ਤੌਰ-ਤਰੀਕੇ ਅੱਜ ਨਾਲੋਂ ਅਲੱਗ ਸਨ। ਮੈਨੂੰ ਯਾਦ ਹੈ ਕਿ ਪੁਰਾਣੇ ਸਮੇਂ ਵਿਚ ਬਹੁਤੇ ਪਿੰਡਾਂ ਵਿਚ ਤਾਂ ਗੁਰਦੁਆਰੇ-ਮੰਦਰ ਹੀ ਨਹੀਂ ਸਨ ਹੁੰਦੇ। ਜਿਨ੍ਹਾਂ ਪਿੰਡਾਂ ਵਿਚ ਸਨ, ਉੱਥੇ ਲੋਕ ਉਨ੍ਹਾਂ ਵਿਚ ਸੰਗਰਾਂਦ ਜਾਂ ਪੂਰਨਮਾਸ਼ੀ ਵਾਲੇ ਦਿਨ ਹੀ ਜਾਂਦੇ ਸਨ।

ਮੈਂ ਛੋਟੇ ਜਿਹੇ ਕਸਬੇ ਵਿਚ ਰਹਿੰਦਾ ਸੀ ਅਤੇ ਮੈਨੂੰ ਸੁਖਮਨੀ ਸਾਹਿਬ ਦਾ ਸਮੂਹਿਕ ਤੌਰ 'ਤੇ ਪਾਠ ਹੁੰਦਾ ਵੇਖਣ ਦਾ ਮੌਕਾ ਮਿਲਦਾ। ਉਦੋਂ ਬਜ਼ੁਰਗ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਸਨ ਤੇ ਉਨ੍ਹਾਂ ਦੀਆਂ ਲੋੜਾਂ ਸੀਮਤ ਸਨ। ਮਨ ਸਾਫ਼ ਹੋਵੇ ਤੇ ਜ਼ਿੰਦਗੀ ਵਿਚ ਸਾਦਗੀ ਹੋਵੇ ਤਾਂ ਉਹ ਵੀ ਭਗਤੀ ਤੋਂ ਘੱਟ ਨਹੀਂ।

ਅੱਜਕੱਲ੍ਹ ਅਸੀਂ ਆਪਣੀਆਂ ਸਮਾਜਿਕ ਤੇ ਆਰਥਿਕ ਲੋੜਾਂ ਵਧਾਈ ਜਾ ਰਹੇ ਹਾਂ ਅਤੇ ਉਨ੍ਹਾਂ ਦੀ ਪੂਰਤੀ ਨੂੰ ਭਗਤੀ ਨਾਲ ਜੋੜ ਦਿੱਤਾ ਹੈ। ਜਦੋਂ ਵੀ ਵਿਅਕਤੀ ਨੂੰ ਭਗਤੀ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਦਾ ਕਹਿਣਾ ਹੁੰਦਾ ਹੈ ਕਿ ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।

ਇਨਸਾਨ ਦੀ ਫਿਤਰਤ ਬਹੁਤ ਸਵਾਰਥੀ ਹੈ। ਧਾਰਮਿਕ ਸਥਾਨਾਂ 'ਤੇ ਜਾ ਕੇ ਅਸੀਂ ਰੱਬ ਅੱਗੇ ਵੱਡੀਆਂ ਮੰਗਾਂ ਰੱਖਦੇ ਹਾਂ ਜਿਵੇਂ ਕਿ ਵੱਡੀ ਗੱਡੀ ਮਿਲ ਜਾਵੇ, ਵੱਡੀ ਕੋਠੀ ਮਿਲ ਜਾਵੇ, ਸੋਨਾ-ਚਾਂਦੀ ਤੇ ਧਨ-ਦੌਲਤ ਮਿਲ ਜਾਵੇ। ਜੇ ਆਪ ਸੇਵਾਮੁਕਤ ਹੋ ਗਏ ਹੋਈਏ ਤਾਂ ਉਹ ਸਭ ਕੁਝ ਬੱਚਿਆਂ ਲਈ ਵੀ ਚਾਹੀਦਾ ਹੈ। ਅਸੀਂ ਸ਼ਾਂਤੀ ਸ਼ਬਦ ਦਾ ਇਸਤੇਮਾਲ ਕਰ ਕੇ ਖ਼ੁਦ ਨੂੰ ਧੋਖਾ ਦੇ ਰਹੇ ਹਾਂ। ਸਾਡੀਆਂ ਊਲ-ਜਲੂਲ ਮੰਗਾਂ ਰੱਬ ਪੂਰੀਆਂ ਨਹੀਂ ਕਰੇਗਾ।

ਉਸ ਨੇ ਕਿਹੜਾ ਕਾਰਾਂ ਬਣਾਉਣ ਦੀ ਫੈਕਟਰੀ ਲਾਈ ਹੋਈ ਹੈ ਜਾਂ ਨੋਟ ਛਾਪਣ ਦੀ ਮਸ਼ੀਨ ਲਾਈ ਹੋਈ ਹੈ। ਰੱਬ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਚਾਪਲੂਸੀ ਜਾਂ ਕਿਸੇ ਡਰ ਕਾਰਨ ਉਸ ਤੋਂ ਕੁਝ ਕਰਵਾਇਆ ਨਹੀਂ ਜਾ ਸਕਦਾ। ਉਸ ਦਾ ਆਪਣਾ ਵਿਧੀ-ਵਿਧਾਨ ਹੈ ਜੋ ਸਾਰਿਆਂ 'ਤੇ ਲਾਗੂ ਹੈ। ਕਿਸੇ ਨੂੰ ਛੋਟ ਨਹੀਂ।

ਇਹ ਸਭ ਕੁਝ ਅਸੀਂ ਗੁਰੂਆਂ, ਧਾਰਮਿਕ ਰਹਿਬਰਾਂ ਦੇ ਮੂੰਹੋਂ ਸੁਣ ਕੇ ਵੀ ਸਮਝਦੇ ਨਹੀਂ ਅਤੇ ਰੱਬ ਦੀ ਚਾਪਲੂਸੀ ਤੋਂ ਪਿੱਛੇ ਨਹੀਂ ਹਟਦੇ। ਜੋ ਕਰਨ ਲਈ ਕਿਹਾ ਗਿਆ ਹੈ, ਉਹ ਕੁਝ ਕਰਨ ਨੂੰ ਅਸੀਂ ਤਿਆਰ ਨਹੀਂ ਅਤੇ ਜੋ ਕਰਦੇ ਹਾਂ, ਉਸ ਦਾ ਕੋਈ ਅਰਥ ਨਹੀਂ।

-ਸੁਖਦੇਵ ਸਿੰਘ ਪਟਿਆਲਾ।

ਸੰਪਰਕ : 94171-91916

Posted By: Arundeep