-ਸ਼ੰਕਰ ਸ਼ਰਨ

ਲੱਦਾਖ ਵਿਚ ਚੀਨ ਨਾਲ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਸੱਦੀ ਗਈ ਸਰਬ-ਪਾਰਟੀ ਬੈਠਕ ਵਿਚ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਨੇ ਭਾਰਤ ਸਰਕਾਰ ਨੂੰ ਪੰਚਸ਼ੀਲ 'ਤੇ ਚੱਲਣ ਦੀ ਸਲਾਹ ਦਿੱਤੀ। ਕਿਸੇ ਨੂੰ ਸੀਤਾਰਾਮ ਯੇਚੁਰੀ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਜਾਣਦੇ ਹਨ ਕਿ ਉਸ ਸਮਝੌਤੇ ਵਿਚ ਕੀ ਸੀ? ਕਿਉਂਕਿ ਯੇਚੁਰੀ ਦੀ ਪਾਰਟੀ ਮਾਓ ਭਗਤ ਸੀ ਇਸ ਲਈ ਉਨ੍ਹਾਂ ਦੀ ਪਾਰਟੀ ਦੇ ਸਾਹਿਤ ਵਿਚ ਪੰਚਸ਼ੀਲ ਹੋਣ ਦਾ ਸਵਾਲ ਹੀ ਨਹੀਂ। ਜੇਕਰ ਸਵੈ-ਪ੍ਰੇਰਨਾ ਸਦਕਾ ਉਨ੍ਹਾਂ ਨੇ ਪੜ੍ਹਿਆ ਹੋਵੇ ਤਾਂ ਉਨ੍ਹਾਂ ਦੇ ਬਿਆਨ ਤੋਂ ਇਸ ਦੀ ਝਲਕ ਨਹੀਂ ਮਿਲਦੀ।

ਪੀਕਿੰਗ (ਹੁਣ ਬੀਜਿੰਗ) ਵਿਚ 29 ਅਪ੍ਰੈਲ 1954 ਨੂੰ ਹੋਇਆ ਇਹ ਸਮਝੌਤਾ ਭਾਰਤ ਅਤੇ ਤਿੱਬਤ ਦੇ ਸਬੰਧਾਂ 'ਤੇ ਹੋਇਆ ਸੀ। ਇਸ ਕਰਾਰ ਦੇ ਸਿਰਲੇਖ ਵਿਚ ਹੀ ਦਰਜ ਹੈ-ਚੀਨ ਦੇ ਤਿੱਬਤ ਖੇਤਰ ਅਤੇ ਭਾਰਤ ਵਿਚਾਲੇ ਵਪਾਰ ਅਤੇ ਸਬੰਧਾਂ ਬਾਰੇ ਸਮਝੌਤਾ। ਸਿਰਫ਼ 6 ਸੈਕਸ਼ਨਾਂ ਵਾਲੇ ਇਸ ਸਮਝੌਤੇ ਵਿਚ ਕੁੱਲ 9 ਵਾਰ ਤਿੱਬਤ ਦਾ ਨਾਂ ਆਇਆ ਹੈ। ਪੰਜ ਸੈਕਸ਼ਨਾਂ ਵਿਚ ਇਸੇ ਦਾ ਵਰਣਨ ਹੈ ਕਿ ਭਾਰਤ-ਤਿੱਬਤ ਸਬੰਧ ਲਗਪਗ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਸੰਨ 1951 ਤਕ ਤਿੱਬਤ ਆਜ਼ਾਦ ਮੁਲਕ ਸੀ ਜਦ ਚੀਨੀ ਕਮਿਉਨਿਸਟਾਂ ਨੇ ਹਮਲਾ ਕਰ ਕੇ ਉਸ 'ਤੇ ਕਬਜ਼ਾ ਸ਼ੁਰੂ ਕੀਤਾ ਸੀ। ਮਾਰਚ 1947 ਵਿਚ ਦਿੱਲੀ ਵਿਚ ਏਸ਼ੀਅਨ ਰਿਲੇਸ਼ਨਜ਼ ਕਾਨਫਰੰਸ ਵਿਚ ਤਿੱਬਤ ਅਤੇ ਚੀਨ, ਦੋਵਾਂ ਨੇ ਆਜ਼ਾਦ ਦੇਸ਼ਾਂ ਦੀ ਤਰ੍ਹਾਂ ਹਿੱਸਾ ਲਿਆ ਸੀ। ਸੰਨ 1914 ਵਿਚ ਵੀ ਸ਼ਿਮਲਾ ਵਿਚ ਚੀਨ, ਤਿੱਬਤ ਅਤੇ ਭਾਰਤ ਨੇ ਆਪਸੀ ਸਰਹੱਦੀ ਸਮਝੌਤਾ ਕੀਤਾ। ਜੇ ਚੀਨ 1890 ਦੇ ਦਸਤਾਵੇਜ਼ ਦਾ ਹਵਾਲਾ ਦੇ ਕੇ ਡੋਕਲਾਮ ਨੂੰ ਆਪਣਾ ਦੱਸਦਾ ਹੈ ਤਾਂ 1914 ਵਾਲੇ ਦਸਤਾਵੇਜ਼ ਅਨੁਸਾਰ ਤਿੱਬਤ ਵੀ ਆਜ਼ਾਦ ਦੇਸ਼ ਹੈ। ਕਿਉਂਕਿ ਨਹਿਰੂ ਜੀ ਨੇ ਚੀਨੀ ਕਮਿਉਨਿਸਟਾਂ ਨੂੰ ਤਿੱਬਤ ਹੜੱਪਣ ਦਿੱਤਾ, ਇਸ ਲਈ ਉਸੇ ਦੇ ਇਵਜ਼ ਵਿਚ ਚੀਨ ਨੇ ਭਾਰਤੀ ਅਤੇ ਤਿੱਬਤੀ ਜਨਤਾ ਨੂੰ ਸੰਤੁਸ਼ਟ ਕਰਨ ਲਈ ਪੰਚਸ਼ੀਲ ਸਮਝੌਤੇ ਦੇ ਬਹਾਨੇ ਉਨ੍ਹਾਂ ਨੂੰ ਭਰਮਾਉਣ ਦਾ ਉਪਾਅ ਕੀਤਾ। ਇਸ ਸਮਝੌਤੇ ਦਾ ਸੰਪੂਰਨ ਤੱਥ ਇਹੀ ਸੀ ਕਿ ਤਿੱਬਤ ਅਤੇ ਭਾਰਤ ਦੇ ਸੱਭਿਆਚਾਰਕ, ਵਪਾਰਕ, ਸਮਾਜਿਕ ਸਬੰਧ ਪਹਿਲਾਂ ਵਾਂਗ ਚੱਲਦੇ ਰਹਿਣਗੇ-ਬਿਨਾਂ ਕਿਸੇ ਪਾਸਪੋਰਟ, ਵੀਜ਼ਾ ਜਾਂ ਪਰਮਿਟ ਆਦਿ ਦੇ।

ਕੀ ਯੇਚੁਰੀ ਇਹ ਮੰਗ ਕਰਦੇ ਹਨ? ਪੰਚਸ਼ੀਲ ਸਮਝੌਤਾ ਖ਼ੁਦ ਸਬੂਤ ਹੈ ਕਿ ਭਾਰਤ ਅਤੇ ਤਿੱਬਤ ਦੇ ਸਬੰਧ ਕਿੰਨੇ ਸਥਾਪਤ, ਖੁੱਲ੍ਹੇ ਅਤੇ ਆਪਸੀ ਸਨ ਜਿਨ੍ਹਾਂ ਵਿਚ ਚੀਨ ਦਾ ਕੋਈ ਦਖ਼ਲ ਨਹੀਂ ਸੀ। ਇਸੇ ਦਖ਼ਲ ਦਾ ਰਾਹ ਖੋਲ੍ਹਣ ਲਈ ਪੰਚਸ਼ੀਲ ਨੂੰ ਬਹਾਨਾ ਬਣਾਇਆ ਗਿਆ। ਉਂਗਲੀ ਫੜ ਕੇ ਗਰਦਨ ਫੜੀ ਗਈ। ਯੇਚੁਰੀ ਦੱਸਣ ਕਿ ਕਿਸ ਨੇ ਪੰਚਸ਼ੀਲ ਸਮਝੌਤੇ ਨੂੰ ਦਰੜਿਆ? ਕੀ ਉਸ ਦੇ ਸੈਕਸ਼ਨ 2 ਅਤੇ 5 ਮੁਤਾਬਕ ਭਾਰਤ ਅਤੇ ਤਿੱਬਤ ਦੇ ਲੋਕ ਪਹਿਲਾਂ ਦੀ ਤਰ੍ਹਾਂ ਇਸ ਪਾਰ ਤੋਂ ਉਸ ਪਾਰ ਮਿਲਣ-ਜੁਲਣ ਜਾਂ ਖ਼ਰੀਦਦਾਰੀ ਕਰਨ ਜਾ ਰਹੇ ਹਨ? ਜੇ ਨਹੀਂ ਤਾਂ ਪੰਚਸ਼ੀਲ ਦੀ ਨਸੀਹਤ ਕਿਸ ਲਈ?

ਤਿੱਬਤ 'ਤੇ ਕਬਜ਼ੇ ਤੋਂ ਬਾਅਦ 1952-53 ਵਿਚ ਕੋਰੀਆ ਸੰਕਟ ਦੇ ਸਮੇਂ ਪੀਕਿੰਗ ਵਿਚ ਭਾਰਤੀ ਰਾਜਦੂਤ ਨੇ ਕਮਿਉਨਿਸਟ ਚੀਨ ਦੀ ਮਨਸ਼ਾ ਬਾਰੇ ਚੇਤਾਵਨੀ ਸ਼ੁਰੂ ਵਿਚ ਹੀ ਦੇ ਦਿੱਤੀ ਸੀ ਪਰ ਨਹਿਰੂ ਜੀ ਕਮਿਉਨਿਜ਼ਮ ਦੇ ਮਾਇਆਜਾਲ ਵਿਚ ਫਸ ਚੁੱਕੇ ਸਨ ਅਤੇ ਆਪਣੀ ਮਹੱਤਤਾ ਅਤੇ ਸਦਭਾਵਨਾ 'ਤੇ ਖ਼ੁਦ ਫਿਦਾ ਰਹਿੰਦੇ ਸਨ। ਉਨ੍ਹਾਂ ਨੇ ਚੀਨੀ ਨੇਤਾਵਾਂ ਨਾਲ ਗਰਮਜੋਸ਼ੀ ਨਾਲ ਮਿਲਣ ਦੀ ਕਲਪਨਾ ਕੀਤੀ ਸੀ ਪਰ ਉਨ੍ਹਾਂ ਨੂੰ ਧੋਖਾ ਮਿਲਿਆ।ਜੇਕਰ ਸੀਤਾਰਾਮ ਯੇਚੁਰੀ ਅਤੇ ਉਨ੍ਹਾਂ ਦੇ ਸਹਿਯੋਗੀ ਪੰਚਸ਼ੀਲ ਸਮਝੌਤੇ ਦੀ ਪਾਲਣਾ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਡੌਂਡੀ ਪਿੱਟ ਕੇ ਚੀਨ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਉਸ ਨੂੰ ਲਾਗੂ ਕਰੇ, ਨਹੀਂ ਤਾਂ ਤਿੱਬਤ ਆਪਣੀ ਮੁਕਤੀ ਅਤੇ ਉਸ ਦੀ ਮਦਦ ਲਈ ਭਾਰਤ ਉਸੇ ਤਰ੍ਹਾਂ ਆਜ਼ਾਦ ਹੈ ਜਿਵੇਂ ਕੋਈ ਵੀ ਬਸਤੀ ਆਪਣੀ ਮੁਕਤੀ ਲਈ ਹੁੰਦੀ ਹੈ। ਕਿਸੇ ਬਸਤੀ ਦੀ ਮੁਕਤੀ ਵਾਸਤੇ ਉਸ ਦਾ ਸਾਥ ਦੇਣਾ ਜਮਹੂਰੀ ਅਧਿਕਾਰ ਹੈ। ਪ੍ਰਸਿੱਧ ਹਿੰਦੀ ਲੇਖਕ ਨਿਰਮਲ ਵਰਮਾ ਨੇ ਤਿੱਬਤ ਨੂੰ ਸੰਸਾਰ ਦੀ ਅੰਤਿਮ ਬਸਤੀ ਕਿਹਾ ਸੀ। ਇਸ ਸੱਚਾਈ ਨੂੰ ਰੇਖਾਂਕਿਤ ਕਰਨਾ ਅਤੇ ਉਸ ਅਨੁਸਾਰ ਆਪਣਾ ਧਰਮ ਨਿਭਾਉਣਾ ਹੀ ਸਾਡੇ ਲਈ ਸਹੀ ਉਪਾਅ ਹੈ। ਉਦੋਂ ਹੀ ਚੀਨ ਨਾਲ ਸਾਡੇ ਸਬੰਧ ਦੋਸਤਾਨਾ ਬਣਨਗੇ ਜਿਵੇਂ ਕਮਿਉਨਿਸਟ ਸੱਤਾ ਤੋਂ ਪਹਿਲਾਂ ਸਨ।

ਪੰਚਸ਼ੀਲ ਸਮਝੌਤਾ ਦਿਖਾਉਂਦਾ ਹੈ ਕਿ ਭਾਰਤ ਨੂੰ ਤਿੱਬਤ 'ਤੇ ਆਪਣੀਆਂ ਸਾਂਝੀਆਂ ਚਿੰਤਾਵਾਂ, ਵਪਾਰਕ ਅਤੇ ਸੱਭਿਆਚਾਰਕ ਜ਼ਰੂਰਤਾਂ 'ਤੇ ਬੋਲਣ ਦਾ ਪੂਰਾ ਹੱਕ ਹੈ। ਸਾਡੇ ਨੇਤਾ ਅਤੇ ਬੁੱਧੀਜੀਵੀ ਤਿੱਬਤ ਰਿਜਨ ਆਫ ਚਾਈਨਾ ਦੀ ਸ਼ਬਦਾਵਲੀ ਵਿਚ ਸਦਾ ਚਾਈਨਾ ਫੜਦੇ ਹਨ ਅਤੇ ਤਿੱਬਤ ਨੂੰ ਭੁੱਲ ਜਾਂਦੇ ਹਨ। ਹੋਣਾ ਉਲਟ ਚਾਹੀਦਾ ਹੈ। ਅਸੀਂ ਸਦਾ ਤਿੱਬਤ ਦਾ ਨਾਂ ਲਈਏ ਅਤੇ ਚੀਨ ਨੂੰ ਟੋਕੀਏ। ਸਾਡਾ ਗੁਆਂਢੀ ਤਿੱਬਤ ਰਿਹਾ ਹੈ। ਚੀਨ ਉਸ ਦੇ ਪਾਰ ਹੈ। ਪੰਚਸ਼ੀਲ ਸਮਝੌਤਾ ਹੁੰਦੇ ਸਮੇਂ ਉਸ ਦੀ ਚਰਚਾ ਇਸੇ ਨਾਂ ਨਾਲ ਹੁੰਦੀ ਸੀ। ਕਈ ਅਖ਼ਬਾਰਾਂ-ਰਸਾਲਿਆਂ ਵਿਚ ਸੁਰਖੀ ਹੀ ਸੀ-ਭਾਰਤ-ਤਿੱਬਤ ਸਮਝੌਤਾ। ਇਸ ਸਮਝੌਤੇ ਦੇ ਦੋ ਦਹਾਕੇ ਬਾਅਦ ਵੀ ਦੁਨੀਆ ਭਰ ਦੇ ਨਕਸ਼ਿਆਂ ਵਿਚ ਤਿੱਬਤ ਅਲੱਗ ਦੇਸ਼ ਦਿਖਾਈ ਦਿੰਦਾ ਸੀ। ਬਦਕਿਸਮਤੀ ਨਾਲ ਸਾਡੇ ਨੇਤਾ ਜਿਨ੍ਹਾਂ ਗੰਭੀਰ ਚੀਜ਼ਾਂ ਦਾ ਨਾਂ ਲੈਂਦੇ ਹਨ, ਉਸ ਦਾ ਅਰਥ ਨਹੀਂ ਸਮਝਦੇ। ਚੀਨ ਸਮਝਦਾ ਹੈ। ਉਹ ਯਥਾਰਥਵਾਦੀ ਹੈ। ਇਸ ਲਈ ਉਹ ਤਿੱਬਤੀ ਧਰਮ ਗੁਰੂ ਅਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਦਲਾਈਲਾਮਾ ਨੂੰ ਅਪਸ਼ਬਦ ਕਹਿੰਦਾ ਹੈ। ਉਨ੍ਹਾਂ ਨਾਲ ਭਾਰਤੀ ਨੇਤਾਵਾਂ ਦੇ ਮਿਲਣ-ਜੁਲਣ 'ਤੇ ਵਿਰੋਧ ਕਰਦਾ ਹੈ ਪਰ ਸਾਨੂੰ ਜੋ ਕਰਨਾ ਚਾਹੀਦਾ ਹੈ ਉਹ ਨਹੀਂ ਕਰਦੇ। ਯਾਦ ਰਹੇ ਕਿ ਚੀਨ ਦੁਆਰਾ 1951 ਵਿਚ ਤਿੱਬਤ 'ਤੇ ਹਮਲੇ ਤੋਂ ਬਾਅਦ ਹੀ ਵਿਸ਼ਵ ਜਨਮਤ ਨੇ ਭਾਰਤ ਵੱਲ ਦੇਖਿਆ ਸੀ। ਤਿੱਬਤ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਗੁਆਂਢੀ ਭਾਰਤ ਸੀ।

ਭਾਰਤ ਦੁਆਰਾ ਚੀਨ ਦਾ ਸਮਰਥਨ ਕਰਦੇ ਰਹਿਣ ਕਾਰਨ ਹੀ ਦੁਨੀਆ ਚੁੱਪ ਰਹੀ। ਨਹੀਂ ਤਾਂ ਉਦੋਂ ਤਕ ਕਮਿਉਨਿਸਟ ਚੀਨ ਮਹਾ-ਸ਼ਕਤੀ ਤਾਂ ਕੀ, ਮਾਨਤਾ ਪ੍ਰਾਪਤ ਮੁਲਕ ਤਕ ਨਹੀਂ ਸੀ। ਸੰਯੁਕਤ ਰਾਸ਼ਟਰ ਵਿਚ 1971 ਤਕ ਫਾਰਮੂਸਾ-ਤਾਇਵਾਨ ਨੂੰ ਮਾਨਤਾ ਸੀ। ਚੀਨ ਦੇ ਨਾਲ ਅਮਰੀਕਾ ਨੇ 1978 ਤਕ ਕੂਟਨੀਤਕ ਸਬੰਧ ਤਕ ਨਹੀਂ ਬਣਾਏ ਸਨ। ਤਿੱਬਤ ਸਾਡੇ ਰਾਸ਼ਟਰ ਹਿੱਤ ਦਾ ਸਵਾਲ ਹੈ। ਇਸ 'ਤੇ ਚੁੱਪ ਰਹਿ ਕੇ ਅਸੀਂ ਆਪਣਾ ਨੁਕਸਾਨ ਕਰਦੇ ਰਹੇ ਹਾਂ। ਇਸੇ ਲਈ ਚੀਨ ਨਾਲ ਸਾਡੇ ਸਬੰਧ ਬਰਾਬਰੀ 'ਤੇ ਨਹੀਂ ਆਉਂਦੇ। ਜੇਕਰ ਚੀਨੀ ਵਿਸ਼ਵਾਸਘਾਤ ਤੋਂ ਬਾਅਦ ਭਾਰਤ ਨੇ ਡਟ ਕੇ ਤਿੱਬਤੀ ਆਜ਼ਾਦੀ ਦਾ ਮੁੱਦਾ ਚੁੱਕਿਆ ਹੁੰਦਾ ਤਾਂ ਚੀਨ ਨੂੰ ਸਾਡੇ ਨਾਲ ਸਦਭਾਵਨਾ ਬਣਾਈ ਰੱਖਣ ਦੀ ਚਿੰਤਾ ਸਾਡੇ ਤੋਂ ਵੱਧ ਹੁੰਦੀ। ਤਿੱਬਤ ਦੀ ਸਥਿਤੀ ਵੀ ਸੁਧਰਦੀ ਕਿਉਂਕਿ ਉਹ ਉਸ ਦੀ ਸ਼ਰਤ ਹੁੰਦਾ। ਜਿਸ ਪੰਚਸ਼ੀਲ ਤੋਂ ਅਸੀਂ ਧੋਖਾ ਖਾਧਾ, ਉਸੇ ਨੂੰ ਫਿਰ ਤੋਂ ਮੁੱਦਾ ਬਣਾ ਕੇ ਅਰਥਾਤ ਤਿੱਬਤ ਨਾਲ ਆਪਣੇ ਸਬੰਧਾਂ ਨੂੰ ਪ੍ਰਮੁੱਖਤਾ ਦੇ ਕੇ ਅਸੀਂ ਸਹੀ ਰਾਹ 'ਤੇ ਆ ਸਕਦੇ ਹਾਂ। ਅੱਜ ਤਿੱਬਤ ਬੇਸਹਾਰਾ ਲੱਗਦਾ ਹੈ ਪਰ ਜੇਕਰ ਭਾਰਤ ਨੇ ਇਸ ਨੂੰ ਵਿਸ਼ਵ ਮੰਚ 'ਤੇ ਮੁੜ ਲਿਆ ਦਿੱਤਾ ਤਾਂ ਅਜਿਹਾ ਨਹੀਂ ਰਹੇਗਾ। ਚੀਨੀ ਸੱਤਾ ਨੇ ਆਪਣੇ ਦੇਸ਼ ਵਿਚ ਤਾਨਾਸ਼ਾਹੀ ਨੂੰ ਔਜ਼ਾਰ ਬਣਾਇਆ ਹੈ ਤਾਂ ਅਸੀਂ ਜਮਹੂਰੀ ਆਜ਼ਾਦੀ ਨੂੰ ਹਥਿਆਰ ਬਣਾ ਸਕਦੇ ਹਾਂ। ਤਿੱਬਤੀਆਂ ਨੂੰ ਆਪਣੀ ਸ਼ਾਂਤੀਪੂਰਨ ਵਿਚਾਰਕ, ਸੱਭਿਆਚਾਰਕ, ਰਾਜਨੀਤਕ ਮੁਹਿੰਮ ਚਲਾਉਣ ਵਿਚ ਮਦਦ ਦੇਣੀ ਸਾਡੇ ਆਪਣੇ ਹੱਥ ਵੱਸ ਹੈ। ਉਨ੍ਹਾਂ ਨੂੰ ਇਸ ਤੋਂ ਵਿਰਵਾ ਰੱਖਣਾ ਸਾਡੀ ਆਪਣੀ ਮਨੁੱਖੀ ਸੰਵਿਧਾਨਕ ਪ੍ਰਤਿੱਗਿਆ ਦੇ ਖ਼ਿਲਾਫ਼ ਹੈ। ਸਰਕਾਰ ਨਾ ਸਹੀ, ਵੱਖ-ਵੱਖ ਸਮਾਜਿਕ-ਗ਼ੈਰ-ਸਮਾਜਿਕ ਲੋਕ ਤਿੱਬਤ ਲਈ ਆਵਾਜ਼ ਚੁੱਕ ਸਕਦੇ ਹਨ। ਜਿਵੇਂ ਹਾਂਗਕਾਂਗ ਦੀ ਖ਼ੁਦਮੁਖਤਾਰੀ 'ਤੇ ਚੀਨੀ ਹਮਲੇ ਵਿਰੁੱਧ ਦੁਨੀਆ ਭਰ ਵਿਚ ਲੋਕ ਬੋਲ ਰਹੇ ਹਨ। ਭਾਰਤ ਦੀ ਸੁਰੱਖਿਆ ਅਤੇ ਤਿੱਬਤ ਦੇ ਪ੍ਰਤੀ ਸਾਡਾ ਕਰਤੱਵ ਆਪਸ ਵਿਚ ਜੁੜੇ ਹੋਏ ਹਨ।

ਤਿੱਬਤ 'ਤੇ ਚੀਨੀ ਬਸਤੀਵਾਦੀ ਸੱਤਾ ਸਥਾਈ ਨਹੀਂ ਹੈ। ਕਿਸੇ ਵੀ ਘਟਨਾਚੱਕਰ ਕਾਰਨ ਹਾਲਾਤ ਬਦਲ ਸਕਦੇ ਹਨ। ਸਾਨੂੰ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ। ਜੇਕਰ ਅਸੀਂ ਚੀਨ ਨੂੰ ਇੰਜ ਹੀ ਖੁੱਲ੍ਹ ਦਿੰਦੇ ਰਹੇ ਤਾਂ ਉਹ ਆਪਣੀਆਂ ਵਿਸਥਾਰਵਾਦੀ ਨੀਤੀਆਂ ਸਹਾਰੇ ਸਾਨੂੰ ਤੰਗ-ਪਰੇਸ਼ਾਨ ਕਰਦਾ ਰਹੇਗਾ। ਉਸ ਵਿਰੁੱਧ 'ਇੱਟ ਦਾ ਜਵਾਬ ਪੱਥਰ' ਵਾਲੀ ਨੀਤੀ ਹੀ ਸਭ ਤੋਂ ਵਧੀਆ ਹੈ। ਭਾਰਤ ਦੀ ਵਿਰੋਧੀ ਧਿਰ ਨੂੰ ਵੀ ਦੇਸ਼ ਦੀ ਸੁਰੱਖਿਆ ਦੇ ਮੁੱਦੇ 'ਤੇ ਸਰਕਾਰ ਨਾਲ ਖੜ੍ਹਨਾ ਚਾਹੀਦਾ ਹੈ ਕਿਉਂਕਿ ਦੇਸ਼ ਸਭ ਤੋਂ ਪਹਿਲਾਂ ਹੈ। ਚੀਨ ਦਾ ਹਰ ਮੁਹਾਜ਼ 'ਤੇ ਟਾਕਰਾ ਕਰਨ ਲਈ ਭਾਰਤ ਨੂੰ ਆਪਣੇ ਪਰਖੇ ਹੋਏ ਦੋਸਤਾਂ ਖ਼ਾਸ ਤੌਰ 'ਤੇ ਰੂਸ ਨਾਲ ਨੇੜਤਾ ਵਧਾਉਣੀ ਚਾਹੀਦੀ ਹੈ। ਭਾਰਤ ਨੂੰ ਹਰ ਮੰਚ ਤੋਂ ਵਿਸ਼ਵ ਨੂੰ ਸਮਝਾਉਣਾ ਚਾਹੀਦਾ ਹੈ ਕਿ ਚੀਨ ਦਮਨਕਾਰੀ ਤੇ ਵਿਸਥਾਰਵਾਦੀ ਨੀਤੀਆਂ ਨੂੰ ਅੱਗੇ ਵਧਾ ਰਿਹਾ ਹੈ ਜੋ ਵਿਸ਼ਵ ਸ਼ਾਂਤੀ ਲਈ ਬਹੁਤ ਖ਼ਤਰਨਾਕ ਵਰਤਾਰਾ ਹੈ।

-(ਲੇਖਕ ਰਾਜਨੀਤੀ ਸ਼ਾਸਤਰ ਦਾ ਪ੍ਰੋਫੈਸਰ ਤੇ ਸੀਨੀਅਰ ਕਾਲਮ-ਨਵੀਸ ਹੈ)।

Posted By: Rajnish Kaur