-ਅਨੰਤ ਗਿੱਲ ਭਲੂਰ

ਪੰਜਾਬ ਅੰਦਰ ਪਾਣੀ ਦਾ ਪੱਧਰ ਦਿਨੋਂ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਜੇ ਪਾਣੀ ਦੀ ਦੁਰਵਰਤੋਂ ਤੇ ਕਣਕ-ਝੋਨੇ ਵਾਲਾ ਫ਼ਸਲੀ ਚੱਕਰ ਇਵੇਂ ਹੀ ਚਲਦਾ ਰਿਹਾ ਤਾਂ ਬਹੁਤ ਛੇਤੀ ਪੰਜਾਬ ਰੇਗਿਸਤਾਨ ਵਿਚ ਤਬਦੀਲ ਹੋ ਜਾਵੇਗਾ ਕਿਉਂਕਿ ਇਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਜ਼ਿਲ੍ਹਾ ਡਾਰਕ ਜ਼ੋਨ ’ਚ ਦਾਖ਼ਲ ਹੋ ਰਿਹਾ ਹੈ ਭਾਵ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਰਿਹਾ ਹੈ।

ਜੇ ਅਜੇ ਵੀ ਅਸੀਂ ਪਾਣੀ ਪ੍ਰਤੀ ਸੰਜੀਦਗੀ ਨਾਲ ਨਾ ਸੋਚਿਆ ਤਾਂ ਬਹੁਤ ਛੇਤੀ ਅਸੀਂ ਜੀਵਨ ਦੇ ਮੂਲ ਸ੍ਰੋਤ ਪਾਣੀ ਨੂੰ ਗਵਾ ਲਵਾਂਗੇ, ਪਾਣੀ ਸਾਡੀ ਪਹੁੰਚ ਤੋਂ ਦੂਰ ਚਲਾ ਜਾਵੇਗਾ ਤੇ ਫਿਰ ਪਾਣੀ ਬਿਨਾਂ ਜ਼ਿੰਦਗੀ ਦੀ ਕਹਾਣੀ ਮਿੰਟਾਂ -ਸਕਿੰਟਾਂ ’ਚ ਕਿੰਝ ਖ਼ਤਮ ਹੋ ਜਾਵੇਗੀ, ਇਸ ਦਾ ਅੰਦਾਜ਼ਾ ਅਸੀਂ ਸਭ ਭਲੀਭਾਂਤ ਲਾ ਸਕਦੇ ਹਾਂ। ਅੱਜ ਜਿਸ ਕੋਰੋਨਾ ਵਾਇਰਸ ਕਾਰਨ ਅਸੀਂ ਭੈਅਭੀਤ ਹੋਏ ਬੈਠੇ ਹਾਂ, ਉਹ ਵਾਇਰਸ ਵੀ ਪਾਣੀ ਦੀ ਅਣਹੋਂਦ ਸਾਹਮਣੇ ਮਾਮੂਲੀ ਗੱਲ ਹੈ।

ਅਸਲ ਵਿਚ ਪਾਣੀ ਦੇ ਸੰਕਟ ਤੋਂ ਵੱਡਾ ਹੋਰ ਕੋਈ ਸੰਕਟ ਹੋ ਹੀ ਨਹੀਂ ਸਕਦਾ। ਚੰਦਰਮਾ ਤੇ ਮੰਗਲ ਗ੍ਰਹਿ ਉੱਪਰ ਪਾਣੀ ਦੀ ਖੋਜ ਵਿਚ ਖਰਬਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਧਰਤੀ ਉਤਲੇ ਤੇ ਹੇਠਲੇ ਪਾਣੀ ਨੂੰ ਸੰਭਾਲਣ ਲਈ ਲੋਕਾਂ ਨੂੰ ਸੁਹਿਰਦਤਾ ਨਾਲ ਜਾਗਰੂਕ ਵੀ ਨਹੀਂ ਕੀਤਾ ਜਾ ਰਿਹਾ ਸਗੋਂ ਫੈਕਟਰੀਆਂ ਤੇ ਕਾਰਖਾਨਿਆਂ ਦਾ ਗੰਦਾ ਪਾਣੀ ਸ਼ਰੇਆਮ ਨਹਿਰਾਂ ਤੇ ਦਰਿਆਵਾਂ ’ਚ ਸੁੱਟਿਆ ਜਾ ਰਿਹਾ ਹੈ, ਜੋ ਮਨੁੱਖਤਾ ਲਈ ਤਾਂ ਘਾਤਕ ਹੈ ਹੀ ਸਗੋਂ ਪਾਣੀ ਅੰਦਰਲੇ ਜੀਵਾਂ ਨੂੰ ਵੀ ਅੰਦਰੇ-ਅੰਦਰ ਖ਼ਤਮ ਕਰ ਰਿਹਾ ਹੈ।

ਰੇਹਾਂ- ਸਪਰੇਆਂ ਦੇ ਅਸਰ ਨਾਲ ਵੀ ਧਰਤੀ ਹੇਠਲਾ ਪਾਣੀ ਪ੍ਰਭਾਵਿਤ ਹੋ ਰਿਹਾ ਹੈ। ਕਦੇ ਉਹ ਵੀ ਸਮਾਂ ਸੀ ਜਦੋਂ ਸੱਤ ਦਿਨਾਂ ਬਾਅਦ ਖ਼ਾਲ ’ਚ ਆਏ ਕੱਸੀ ਦੇ ਪਾਣੀ ਨਾਲ ਅਗਲੇ ਸੱਤ ਦਿਨਾਂ ਲਈ ਕਿੰਨੇ ਸਾਰੇ ਘੜੇ ਪਾਣੀ ਦੇ ਭਰ ਕੇ ਰੱਖ ਲਏ ਜਾਂਦੇ ਸਨ ਤੇ ਅੱਜ ਸਭ ਨੂੰ ਮਜਬੂਰਨ ਘਰਾਂ ਅੰਦਰ ਆਰਓ ਸਿਸਟਮ ਲਗਵਾਉਣੇ ਪੈ ਰਹੇ ਹਨ।

ਪਾਣੀ ਫਿਲਟਰ ਕੀਤੇ ਬਿਨਾਂ ਪੀਣਾ ਹਾਨੀਕਾਰਕ ਸਾਬਿਤ ਹੋ ਰਿਹਾ ਹੈ। ਪਾਣੀ ਦੀ ਕੁਆਲਿਟੀ ਖ਼ਰਾਬ ਹੋਣ ਕਰਕੇ ਹੀ ਅਸੀਂ ਅਨੇਕਾਂ ਬਿਮਾਰੀਆਂ ਨਾਲ ਗ੍ਰਸਤ ਹੋ ਗਏ ਹਾਂ। ਅੱਜ ਹਰ ਘਰ ’ਚ ਇਕ-ਦੋ ਮੈਂਬਰ ਗੰਭੀਰ ਬਿਮਾਰੀ ਨਾਲ ਪੀੜਤ ਹਨ ਤੇ ਬਾਕੀ ਸਭ ਵੀ ਦਵਾਈਆਂ ਖਾਣ ਲਈ ਮਜਬੂਰ ਹਨ। ਪੰਜਾਬੀਆਂ ਨੂੰ ਖ਼ੁਦ ਹੀ ਸਮਝ ਲੈਣਾ ਚਾਹੀਦਾ ਕਿ ਉਹ ਕਿਵੇਂ ਕਾਹਲੇ ਕਦਮੀਂ ਅਨਜਾਣਪੁਣੇ ’ਚ ਮੌਤ ਦੇ ਰਾਹ ਉੱਪਰ ਤੁਰ ਰਹੇ ਹਨ। ਪਾਣੀ ਸਬੰਧੀ ਆ ਰਹੀਆਂ ਰਿਪੋਰਟਾਂ ਮੁਤਾਬਿਕ ਤਾਂ ਖੇਤੀਬਾੜੀ ਵਿਭਾਗ ਦਾ ਫ਼ਰਜ਼ ਬਣਦਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਦਿਆਂ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜ ਕੇ ਘੱਟ ਪਾਣੀ ਨਾਲ ਪਲਣ ਵਾਲੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਿਤ ਕਰਦੇ।

ਇੱਥੇ ਸਰਕਾਰਾਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਝੋਨੇ ਦਾ ਬਦਲ ਦੇਣ ਤੇ ਬਾਕੀ ਫ਼ਸਲਾਂ ’ਤੇ ਬੱਝਵਾਂ ਮੁੱਲ ਮੁਹੱਈਆ ਕਰਵਾਵੇ। ਸੁਆਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਫ਼ਸਲਾਂ ਦੇ ਮੁੱਲ ਤੈਅ ਹੋਣ ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਹੋਈ ਕਿਸਾਨੀ ਨੂੰ ਕੁਝ ਹੁਲਾਰਾ ਮਿਲ ਸਕੇ।

82838-75998

Posted By: Jagjit Singh