ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਬਣਨ ਵਾਲੀ ਫਿਲਮ ਸਿਟੀ ਦੀਆਂ ਤਿਆਰੀਆਂ ਨੇ ਰਫ਼ਤਾਰ ਫੜ ਲਈ ਹੈ। ਅਗਲੇ ਸਾਲ ਮਾਰਚ ਤਕ ਇਸ ਦੇ ਨਿਰਮਾਣ ਦਾ ਪੂਰਾ ਖਾਕਾ ਖਿੱਚਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦਾ ਇਹ ਡਰੀਮ ਪ੍ਰਾਜੈਕਟ ਹੈ। ਨੋਇਡਾ ਵਿਚ ਬਣ ਰਹੇ ਏਸ਼ੀਆ ਦੇ ਸਭ ਤੋਂ ਵੱਡੇ ਏਅਰਪੋਰਟ ਦੇ ਲਾਗੇ ਇਕ ਹਜ਼ਾਰ ਏਕੜ ਵਿਚ ਬਣਨ ਵਾਲੀ ਫਿਲਮ ਸਿਟੀ ਨੂੰ ਲੈ ਕੇ ਮਹਾਰਾਸ਼ਟਰ ਵਿਚ ਹੁਣ ਤੋਂ ਹੀ ਖਲਬਲੀ ਮਚ ਗਈ ਹੈ।

ਇਸ ਕਾਰਨ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਮੁੰਬਈ ਦੌਰੇ ਦੌਰਾਨ ਬਿਨਾਂ ਵਜ੍ਹਾ ਹੀ ਰੌਲ਼ਾ-ਰੱਪਾ ਪੈ ਗਿਆ। ਉਨ੍ਹਾਂ ਦੇ ਇਸ ਦੌਰੇ ਨੂੰ ਲੈ ਕੇ ਸ਼ਿਵ ਸੈਨਾ ਤੇ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਨੇ ਤਿੱਖੇ ਪ੍ਰਤੀਕਰਮ ਦਿੱਤੇ ਹਨ। ਫਿਲਮ ਸਿਟੀ ਨੂੰ ਲੈ ਕੇ ਛਿੜੀ ਸਿਆਸੀ ਜੰਗ ਦੌਰਾਨ ਯੋਗੀ ਆਦਿਤਿਆ ਨਾਥ ਨੇ ਮੁੰਬਈ ਪੁੱਜ ਕੇ ਫਿਲਮੀ ਸਿਤਾਰਿਆਂ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਤੋਂ ਲੈ ਕੇ ਕੈਲਾਸ਼ ਖੇਰ ਤਕ ਕਈ ਹਸਤੀਆਂ ਯੋਗੀ ਨੂੰ ਮਿਲਣ ਪਹੁੰਚੀਆਂ। ਯੋਗੀ ਦੀ ਇਸ ਤੇਜ਼ੀ ਕਾਰਨ ਮਹਾਰਾਸ਼ਟਰ ਦੀ ਸਿਆਸਤ ਵਿਚ ਹਲਚਲ ਤੇਜ਼ ਹੋ ਗਈ ਹੈ। ਇਸ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਨੀਂਦ ਉੱਡੀ ਹੋਈ ਹੈ।

ਯੋਗੀ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਬਿਆਨ ਵਿਚ ਵੀ ਬੇਚੈਨੀ ਸਾਫ਼ ਝਲਕ ਰਹੀ ਸੀ। ਊਧਵ ਠਾਕਰੇ ਨੇ ਨਾਂ ਲਏ ਬਗੈਰ ਕਿਹਾ ਕਿ ''ਇੱਥੋਂ ਕੋਈ ਜਬਰਨ ਬਿਜ਼ਨਸ ਲੈ ਕੇ ਨਹੀਂ ਜਾ ਸਕਦਾ।''

ਜਿਸ 'ਤੇ ਸੀਐੱਮ ਯੋਗੀ ਦਾ ਕਹਿਣਾ ਕਿ ''ਸੂਬੇ ਵਿਚ ਫਿਲਮ ਨਿਰਮਾਣ ਦੀਆਂ ਅਸੀਮ ਸੰਭਾਵਨਾਵਾਂ ਹਨ, ਇਸ ਨੂੰ ਦੇਖਦੇ ਹੋਏ ਯੂਪੀ ਸਰਕਾਰ ਫਿਲਮ ਨੀਤੀ-2018 ਰਾਹੀਂ ਫਿਲਮ ਨਿਰਮਾਣ ਸਰਗਰਮੀਆਂ ਨੂੰ ਉਤਸ਼ਾਹਤ ਕਰ ਰਹੀ ਹੈ। ਮੁੰਬਈ ਦੀ ਫਿਲਮ ਸਿਟੀ ਮੁੰਬਈ ਵਿਚ ਹੀ ਰਹੇਗੀ ਜਦਕਿ ਯੂਪੀ ਵਿਚ ਅਸੀਂ ਨਵੀਂ ਫਿਲਮ ਸਿਟੀ ਬਣਾ ਰਹੇ ਹਾਂ ਅਤੇ ਉਹ ਉੱਥੇ ਕੰਮ ਕਰੇਗੀ। ਅਸੀਂ ਨਾ ਤਾਂ ਕਿਸੇ ਦੇ ਨਿਵੇਸ਼ ਝਟਕ ਰਹੇ ਹਾਂ ਅਤੇ ਨਾ ਹੀ ਕਿਸੇ ਨੂੰ ਉੱਥੇ ਆਉਣ ਲਈ ਮਜਬੂਰ ਕਰ ਰਹੇ ਹਾਂ।

ਅਸੀਂ ਸਿਰਫ਼ ਭਾਰਤ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਾਂ।'' ਉਨ੍ਹਾਂ ਮੁਤਾਬਕ ਯੂਪੀ ਵਿਚ ਪਿਛਲੇ ਤਿੰਨ ਸਾਲ ਦੌਰਾਨ ਤਿੰਨ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸੇ ਦਿਸ਼ਾ ਵਿਚ ਫਿਲਮ ਸਿਟੀ ਦਾ ਨਿਰਮਾਣ ਵੀ ਹੋ ਰਿਹਾ ਹੈ।

ਦਰਅਸਲ, ਮਹਾਰਾਸ਼ਟਰ ਸਥਿਤ ਮੁੰਬਈ ਭਾਰਤ ਵਿਚ ਬਣਨ ਵਾਲੀਆਂ ਫਿਲਮਾਂ ਦਾ ਸੈਂਟਰ ਹੈ। ਇਸ ਲਈ ਉਸ ਨੂੰ ਸੁਪਨਿਆਂ ਦੀ ਨਗਰੀ ਵੀ ਕਿਹਾ ਜਾਂਦਾ ਹੈ।

ਹਰ ਸਾਲ ਉੱਥੇ ਹਜ਼ਾਰਾਂ ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਫਿਲਮਾਂ ਤੇ ਕਾਰੋਬਾਰੀ ਸਰਗਰਮੀਆਂ ਦਾ ਕੇਂਦਰ ਹੋਣ ਤੋਂ ਇਲਾਵਾ ਸਿਆਸੀ ਤੌਰ 'ਤੇ ਵੀ ਮੁੰਬਈ ਦੀ ਆਪਣੀ ਵੱਖਰੀ ਪਛਾਣ ਹੈ। ਅਜਿਹੇ 'ਚ ਜੇ ਉੱਥੇ ਵਰਗੀਆਂ ਸਹੂਲਤਾਂ ਕਿਤੇ ਹੋਰ ਮਿਲਣਗੀਆਂ ਤਾਂ ਹੋ ਸਕਦਾ ਹੈ ਕਿ ਇਸ ਨਾਲ ਮੁੰਬਈ ਦੇ ਫਿਲਮ ਉਦਯੋਗ ਨੂੰ ਥੋੜ੍ਹੀ-ਬਹੁਤ ਢਾਹ ਲੱਗੇ ਪਰ ਇਸ ਨੂੰ ਲੈ ਕੇ ਖ਼ਦਸ਼ੇ ਨਿਰਮੂਲ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਕਾਰਨ ਮੁੰਬਈ ਨੂੰ ਕੋਈ ਫ਼ਰਕ ਨਹੀਂ ਪਿਆ।

ਅਜਿਹੇ 'ਚ ਮਹਾਰਾਸ਼ਟਰ ਦੇ ਸਿਆਸੀ ਆਗੂਆਂ ਦੀਆਂ ਯੋਗੀ ਤੇ ਉਨ੍ਹਾਂ ਦੇ ਡਰੀਮ ਪ੍ਰਾਜੈਕਟ ਨੂੰ ਲੈ ਕੇ ਆ ਰਹੀਆਂ ਟਿੱਪਣੀਆਂ ਸਿਆਸੀ ਅਸੁਰੱਖਿਆ 'ਚੋਂ ਉਪਜੀਆਂ ਪ੍ਰਤੀਤ ਹੋ ਰਹੀਆਂ ਹਨ। ਇਸ ਲਈ ਇਨ੍ਹਾਂ ਦੇ ਸਿਆਸੀ ਮਾਅਨੇ ਹੀ ਤਲਾਸ਼ੇ ਜਾ ਸਕਦੇ ਹਨ। ਹਕੀਕਤ ਇਹ ਹੈ ਕਿ ਇਸ ਮਸਲੇ 'ਤੇ ਬੇਵਜ੍ਹਾ ਹਾਏ-ਤੌਬਾ ਕੀਤੀ ਜਾ ਰਹੀ ਹੈ ਜਿਸ ਦੀ ਕੋਈ ਤੁਕ ਨਹੀਂ ਬਣਦੀ।

Posted By: Jagjit Singh