11ਵੀਂ ਅਤੇ 12ਵੀਂ ਦੋ ਜਮਾਤਾਂ ਦੀ ਪੜ੍ਹਾਈ ਲਈ ਮੈਂ ਨੇੜਲੇ ਪਿੰਡ ਦੇ ਸਰਕਾਰੀ ਸਕੂਲ 'ਚ ਦਾਖ਼ਲਾ ਲੈ ਲਿਆ। ਦਸਵੀਂ ਤਕ ਪ੍ਰਾਈਵੇਟ ਸਕੂਲ 'ਚ ਪੜ੍ਹਨ ਕਾਰਨ ਮੈਨੂੰ ਪੜ੍ਹਾਈ ਤੋਂ ਖ਼ਾਸਾ ਡਰ ਤਾਂ ਨਹੀਂ ਸੀ ਲੱਗਦਾ ਪਰ ਸਰਕਾਰੀ ਸਕੂਲ 'ਚ ਮਾਹੌਲ ਅਜਿਹਾ ਮਿਲ ਗਿਆ ਕਿ ਪੜ੍ਹਾਈ ਤੋਂ ਹਟ ਕੇ ਤੁਰਨ-ਫਿਰਨ ਵੱਲ ਧਿਆਨ ਜ਼ਿਆਦਾ ਹੋ ਗਿਆ ਕਿਉਂਕਿ ਪ੍ਰਾਈਵੇਟ ਸਕੂਲ ਅਤੇ ਸਰਕਾਰੀ ਸਕੂਲ ਦੇ ਮਾਹੌਲ 'ਚ ਬਹੁਤ ਜ਼ਿਆਦਾ ਫ਼ਰਕ ਸੀ। ਪ੍ਰਾਈਵੇਟ ਸਕੂਲ ਦੇ ਮੁਕਾਬਲੇ ਸਰਕਾਰੀ ਸਕੂਲ 'ਚ ਆਜ਼ਾਦੀ ਜ਼ਿਆਦਾ ਹੋਣ ਕਾਰਨ ਨਾ ਤਾਂ ਕੋਈ ਆਉਣ ਸਮੇਂ ਪੁੱਛਦਾ ਸੀ ਅਤੇ ਨਾ ਹੀ ਜਾਣ ਸਮੇਂ। ਹਮੇਸ਼ਾ ਸਕੂਲ ਦੇਰੀ ਨਾਲ ਪਹੁੰਚਣਾ ਅਤੇ ਛੁੱਟੀ ਹੋਣ ਤੋਂ ਪਹਿਲਾਂ ਹੀ ਕੰਧ ਟੱਪ ਕੇ ਬਾਹਰ ਚਲੇ ਜਾਣਾ ਮੇਰੀ ਰੋਜ਼ ਦੀ ਆਦਤ ਹੋ ਗਈ। ਚੌਥਾ ਲੈਕਚਰ ਅੰਗਰੇਜ਼ੀ ਵਾਲੇ ਮਾਸਟਰ ਦਾ ਹੁੰਦਾ ਸੀ ਜਿਸ ਤੋਂ ਕਲਾਸ ਦੇ ਬਹੁਗਿਣਤੀ ਵਿਦਿਆਰਥੀਆਂ ਨੂੰ ਡਰ ਲੱਗਦਾ ਸੀ। ਇਸੇ ਕਾਰਨ ਮੈਂ ਅਤੇ ਮੇਰੇ ਦੋਸਤ ਤਿੰਨ ਲੈਕਚਰ ਲਗਾ ਕੇ ਹੀ ਸਕੂਲ ਦੀ ਕੰਧ ਟੱਪ ਕੇ ਭੱਜ ਜਾਂਦੇ। ਪ੍ਰਿੰਸੀਪਲ ਤੋਂ ਲੈ ਚਪੜਾਸੀ ਤਕ ਸਭ ਜਾਣਦੇ ਸਨ ਕਿ ਵਿਦਿਆਰਥੀ ਕੰਧ ਟੱਪ ਕੇ ਸਮੇਂ ਤੋਂ ਪਹਿਲਾਂ ਹੀ ਬਾਹਰ ਚਲੇ ਜਾਂਦੇ ਨੇ ਪਰ ਇਕ-ਦੋ ਨੂੰ ਛੱਡ ਕੇ ਕਿਸੇ ਵੀ ਅਧਿਆਪਕ ਨੇ ਵਿਦਿਆਰਥੀਆਂ ਨੂੰ ਨਾ ਤਾਂ ਕਦੇ ਇਹ ਸਭ ਕਰਨ ਤੋਂ ਰੋਕਿਆ ਅਤੇ ਨਾ ਹੀ ਕਦੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸੇ ਦਾ ਨਤੀਜਾ ਸੀ ਕਿ ਕਈ ਵਾਰ ਅਸੀਂ ਅਧਿਆਪਕਾਂ ਦੇ ਸਾਹਮਣੇ ਹੀ ਸਕੂਲ ਦੀ ਕੰਧ ਟੱਪ ਕੇ ਬਾਹਰ ਚਲੇ ਜਾਂਦੇ। ਹੌਲੀ-ਹੌਲੀ ਪੜ੍ਹਾਈ ਤੋਂ ਮਨ ਹਟਦਾ ਗਿਆ ਅਤੇ ਵਿਹਲੜਪੁਣੇ ਦੀ ਮਾੜੀ ਆਦਤ ਵਧਦੀ ਗਈ।।ਪੇਪਰਾਂ 'ਚ ਚੰਗੀ ਨਕਲ ਵੱਜੀ ਤਾਂ ਵਧੀਆ ਨੰਬਰ ਲੈ ਕੇ ਪਾਸ ਹੋ ਗਏ ਪਰ ਇਹ ਨਹੀਂ ਸੀ ਪਤਾ ਕਿ ਅੱਜ ਦੀ ਮਾਰੀ ਨਕਲ ਭਵਿੱਖ 'ਚ ਜ਼ਿੰਦਗੀ ਦੇ ਕਿੰਨੇ ਹਾੜੇ ਕਢਵਾਏਗੀ।।ਇਹੋ ਗੰਦੀ ਆਦਤ ਅਤੇ ਨਕਲ ਦੀ ਆਸ ਲੈ ਮੈਂ ਸਰਕਾਰੀ ਕਾਲਜ 'ਚ ਪੁੱਜ ਗਿਆ। ਆਜ਼ਾਦੀ ਤਾਂ ਕਾਲਜ 'ਚ ਪੂਰੀ ਸੀ ਪਰ ਨਕਲ ਦੀ ਕੋਈ ਗੁੰਜਾਇਸ਼ ਨਹੀਂ ਸੀ ਜਿਸ ਕਾਰਨ ਪਹਿਲੇ ਹੀ ਸਾਲ ਅੰਗਰੇਜ਼ੀ 'ਚੋਂ ਕੰਪਾਰਟਮੈਂਟ ਆ ਗਈ। ਉਸ ਦਿਨ ਮੈਨੂੰ ਸਮਝ ਆਈ ਕਿ ਨਕਲ ਕਿਉਂ ਨਹੀਂ ਮਾਰਨੀ ਚਾਹੀਦੀ। ਅਕਲ ਤਾਂ ਟਿਕਾਣੇ ਆ ਗਈ ਪਰ ਭੈੜੀਆਂ ਆਦਤਾਂ ਤੋਂ ਬਾਜ਼ ਨਾ ਆਇਆ। ਕਿਸੇ ਤਰ੍ਹਾਂ ਬੀਏ ਪਾਸ ਹੋ ਗਿਆ। ਇਸ ਤੋਂ ਬਾਅਦ ਸ਼ੁਰੂ ਹੋਇਆ ਜ਼ਿੰਦਗੀ ਦਾ ਅਸਲੀ ਇਮਤਿਹਾਨ ਜਦੋਂ ਬੇਰੁਜ਼ਗਾਰੀ ਦੀ ਪੰਡ ਦਾ ਭਾਰ ਸਿਰ 'ਤੇ ਪੈਣਾ ਸ਼ੁਰੂ ਹੋ ਗਿਆ। ਮੈਂ ਨੌਕਰੀ ਦੀ ਭਾਲ 'ਚ ਚਲਾ ਤਾਂ ਜਾਂਦਾ ਪਰ ਹਰ ਵਾਰ ਦੀ ਤਰ੍ਹਾਂ ਟੈਸਟ 'ਚੋਂ ਫੇਲ੍ਹ ਹੋ ਜਾਂਦਾ। ਜਦੋਂ ਵੀ ਨਿਰਾਸ਼ ਹੋ ਕੇ ਘਰ ਨੂੰ ਵਾਪਸ ਜਾਂਦਾ ਤਾਂ ਰਸਤੇ 'ਚ ਆਉਂਦੀ ਸਕੂਲ ਦੀ ਕੰਧ ਦੇਖ ਕੇ ਮੈਨੂੰ ਜ਼ਹਿਰ ਜਿਹਾ ਚੜ੍ਹਨ ਲੱਗ ਜਾਂਦਾ ਕਿਉਂਕਿ ਇਹੋ ਕੰਧ ਟੱਪਣ ਕਾਰਨ ਮੈਂ ਜ਼ਿੰਦਗੀ ਦਾ ਅਗਲਾ ਕਦਮ ਨਹੀਂ ਸੀ ਪੁੱਟ ਪਾ ਰਿਹਾ।।ਬੇਰੁਜ਼ਗਾਰੀ ਕਾਰਨ ਜ਼ਿੰਦਗੀ ਅੱਗੇ ਮੈਂ ਬੇਵੱਸ ਸੀ। ਕਦੇ ਅੰਗਰੇਜ਼ੀ ਦੀ ਕਲਾਸ, ਕਦੇ ਹਿਸਾਬ ਦੀ ਅਤੇ ਕਦੇ ਸਾਇੰਸ ਦੀ, ਹੁਣ ਮੈਂ ਮੁੜ ਉਹੀ ਪੜ੍ਹਾਈ ਮਹਿੰਗੇ ਪੈਸੇ ਦੇ ਕੇ ਘਰ ਤੋਂ 1 ਘੰਟੇ ਦੀ ਦੂਰੀ 'ਤੇ ਸਿੱਖਣ ਜਾਣ ਲੱਗ ਪਿਆ ਜੋ ਮੈਨੂੰ ਕਦੇ 5 ਮਿੰਟ ਦੀ ਦੂਰੀ 'ਤੇ ਸਿਖਾਈ ਜਾਂਦੀ ਸੀ। ਸਮਾਂ ਤਾਂ ਲੱਗਾ ਪਰ ਹੌਲੀ-ਹੌਲੀ ਜ਼ਿੰਦਗੀ ਦੀ ਗੱਡੀ ਲੀਹ 'ਤੇ ਆਉਣੀ ਸ਼ੁਰੂ ਹੋ ਗਈ। ਬਹੁਤਾ ਕੁਝ ਤਾਂ ਮੈਂ ਅੱਜ ਵੀ ਨਹੀਂ ਸਿੱਖ ਸਕਿਆ ਪਰ ਪੈਰਾਂ 'ਤੇ ਜ਼ਰੂਰ ਖੜ੍ਹਾ ਹੋ ਗਿਆ ਅਤੇ ਅੱਜ ਵੀ ਜਦੋਂ ਕੰਮ ਤੋਂ ਪਿੰਡ ਨੂੰ ਜਾਂਦਾ ਹਾਂ ਤਾਂ ਰਸਤੇ 'ਚ ਸਕੂਲ ਦੀ ਕੰਧ ਦੇਖ ਕੇ ਆਪਣੇ-ਆਪ ਨੂੰ ਕੋਸਣ ਲੱਗ ਜਾਂਦਾ ਹਾਂ ਤੇ ਸੋਚਦਾ ਕਿ ਜੇ ਇਹ ਕੰਧਾਂ ਨਾ ਟੱਪੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਜ਼ਿੰਦਗੀ ਕੁਝ ਹੋਰ ਹੁੰਦੀ ਪਰ ਇਸ ਦੇ ਨਾਲ ਹੀ ਹੁਣ ਸਕੂਲ ਦੀ ਉਹ ਕੰਧ ਉੱਚੀ ਹੋਣ ਕਾਰਨ ਮਨ ਨੂੰ ਕੁਝ ਸਕੂਨ ਜ਼ਰੂਰ ਮਿਲਦਾ ਕਿਉਂਕਿ ਬਾਕੀ ਵਿਦਿਆਰਥੀਆਂ ਦੇ ਭਵਿੱਖ ਨਾਲ ਹੁਣ ਇਹ ਕੰਧ ਖਿਲਵਾੜ ਨਹੀਂ ਕਰੇਗੀ।।

- ਮਨਪ੍ਰੀਤ ਸਿੰਘ ਕਾਹਲੋਂ।

ਮੋਬਾਈਲ ਨੰ. : 98772-09655

Posted By: Jagjit Singh