-ਹਰਸ਼. ਵੀ. ਪੰਤ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਘਰੇਲੂ ਸੱਤਾ ’ਤੇ ਬੜੀ ਤੇਜ਼ੀ ਨਾਲ ਆਪਣੀ ਪਕੜ ਨੂੰ ਹੋਰ ਮਜ਼ਬੂਤ ਬਣਾ ਰਹੇ ਹਨ। ਇਸ ਦੇ ਨਾਲ ਹੀ ਉਹ ਚੀਨ ਦੀ ਬਹੁ-ਪ੍ਰਚਾਰਿਤ ਵਿਆਪਕ ਸ਼ਕਤੀ ਦੇ ਪ੍ਰਦਰਸ਼ਨ ਵਿਚ ਵੀ ਜੁਟੇ ਹੋਏ ਹਨ। ਚੀਨੀ ਤਿਕੜਮਾਂ ਜਿੰਨੀਆਂ ਹਮਲਾਵਰ ਹੋ ਰਹੀਆਂ ਹਨ, ਰਣਨੀਤਕ ਵਿਸਥਾਰ ਲਈ ਬੀਜਿੰਗ ਦੀਆਂ ਖ਼ਾਹਿਸ਼ਾਂ ਵੀ ਓਨੀਆਂ ਹੀ ਜਟਿਲ ਹੁੰਦੀਆਂ ਜਾ ਰਹੀਆਂ ਹਨ। ਸ਼ੀ ਜਿਨਪਿੰਗ ਦੁਨੀਆ ਨੂੰ ਇਹੀ ਜ਼ਾਹਿਰ ਕਰਨਾ ਚਾਹੁੰਦੇ ਹਨ ਕਿ ਮਹਾ-ਸ਼ਕਤੀ ਦੇ ਰੂਪ ਵਿਚ ਆਖ਼ਰਕਾਰ ਚੀਨ ਦਾ ਉਦੈ ਹੋ ਚੁੱਕਾ ਹੈ ਪਰ ਦੁਨੀਆ ਦੀ ਦਿਲਚਸਪੀ ਇਸ ਵਿਚ ਵੱਧ ਹੈ ਕਿ ਇਹ ਉੱਭਰਨਾ ਕਿਸ ਤਰ੍ਹਾਂ ਹੋ ਰਿਹਾ ਹੈ? ਕੁਝ ਦਿਨ ਪਹਿਲਾਂ ਹੀ ਚੀਨ ਨੇ ਆਸੀਆਨ ਦੇਸ਼ਾਂ ਨਾਲ ਸੰਵਾਦ ਸਬੰਧਾਂ ਦੇ ਤਿੰਨ ਦਹਾਕੇ ਪੂਰੇ ਹੋਣ ’ਤੇ ਇਕ ਵਿਸ਼ੇਸ਼ ਵਰਚੂਅਲ ਪ੍ਰੋਗਰਾਮ ਦਾ ਆਯੋਜਨ ਕੀਤਾ।

ਉਸ ਵਿਚ ਸ਼ੀ ਜਿਨਪਿੰਗ ਨੇ ਦੱਖਣੀ-ਪੂਰਬੀ ਏਸ਼ਿਆਈ ਦੇਸ਼ਾਂ ਨੂੰ ਭਰੋਸਾ ਦੇਣ ਦਾ ਯਤਨ ਕੀਤਾ ਕਿ ਚੀਨ ਆਪਣੇ ਛੋਟੇ ਗੁਆਂਢੀ ਦੇਸ਼ਾਂ ਨੂੰ ਕਦੇ ਪਰੇਸ਼ਾਨ ਨਹੀਂ ਕਰੇਗਾ। ਸੰਮੇਲਨ ਵਿਚ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਹਮੇਸ਼ਾ ਤੋਂ ਆਸੀਆਨ ਦਾ ਚੰਗਾ ਗੁਆਂਢੀ, ਦੋਸਤ ਅਤੇ ਸਹਿਯੋਗੀ ਸੀ ਅਤੇ ਰਹੇਗਾ। ਚੀਨੀ ਰਾਸ਼ਟਰਪਤੀ ਇਹ ਜ਼ਾਹਰ ਕਰਨ ਵਿਚ ਲੱਗੇ ਸਨ ਕਿ ਚੀਨ ਆਸੀਆਨ ਦੀ ਏਕਤਾ ਅਤੇ ਸਥਿਰਤਾ ਦਾ ਹਮਾਇਤੀ ਹੋਣ ਦੇ ਨਾਲ-ਨਾਲ ਖੇਤਰੀ ਅਤੇ ਕੌਮਾਂਤਰੀ ਮਾਮਲਿਆਂ ਵਿਚ ਉਸ ਦੀ ਵਿਆਪਕ ਭੂਮਿਕਾ ਦਾ ਸਮਰਥਨ ਵੀ ਕਰਦਾ ਹੈ। ਚੀਨ ਨੇ ਕਿਉਂਕਿ ਆਸੀਆਨ ਦੇਸ਼ਾਂ ਨੂੰ ਕੋਰੋਨਾ ਸੰਕਟ ਨਾਲ ਨਿਪਟਣ ਲਈ ਵਿੱਤੀ ਸੋਮੇ ਅਤੇ ਟੀਕੇ ਉਪਲਬਧ ਕਰਵਾਏ ਸਨ, ਇਸ ਲਈ ਜਦ ਉਨ੍ਹਾਂ ਨਾਲ ਤੀਹ ਸਾਲਾਂ ਦੇ ਕੂਟਨੀਤਕ ਅਤੇ ਆਰਥਿਕ ਰਿਸ਼ਤਿਆਂ ਦਾ ਜਸ਼ਨ ਮਨਾਉਣ ਦਾ ਮੌਕਾ ਹੋਵੇ ਤਾਂ ਉਸ ਮੌਕੇ ’ਤੇ ਡਰਾਉਣ-ਧਮਕਾਉਣ ਵਰਗੇ ਮੁੱਦਿਆਂ ’ਤੇ ਚਰਚਾ ਬੇਮਾਅਨੀ ਲੱਗਦੀ ਹੈ। ਇਸ ਦੇ ਬਾਵਜੂਦ ਸੱਚ ਇਹੀ ਹੈ ਕਿ ਉਸ ਦੇ ਸਾਰੇ ਰਿਸ਼ਤਿਆਂ ਵਿਚ ਦਾਦਾਗਿਰੀ-ਦਬੰਗਾਈ ਦਾ ਭਾਵ ਹੈ। ਚੀਨ ਆਪਣੇ ਲਗਪਗ ਸਾਰੇ ਗੁਆਂਢੀਆਂ ਨਾਲ ਸਮੇਂ-ਸਮੇਂ ਟਕਰਾਅ ਵਧਾਉਂਦਾ ਰਿਹਾ ਹੈ। ਉਹ ਸਾਮ, ਦਾਮ, ਦੰਡ, ਭੇਦ ਦੀ ਨੀਤੀ ’ਤੇ ਚੱਲ ਰਿਹਾ ਹੈ। ਚੀਨ ਆਪਣੇ ਹਿੱਤਾਂ ਦੀ ਰਾਖੀ ਲਈ ਹਰ ਹਰਬਾ ਵਰਤਦਾ ਹੈ। ਜਿੱਥੇ ਨਰਮ ਰੁਖ ਨਾਲ ਕੰਮ ਚੱਲਦਾ ਹੈ, ਉੱਥੇ ਨਰਮੀ ਵਰਤਦਾ ਹੈ, ਜਿੱਥੇ ਪੈਸੇ-ਧੇਲੇ ਨਾਲ ਗੱਲ ਬਣਦੀ ਹੈ, ਉੱਥੇ ਉਹ ਧਨ ਖ਼ਰਚਣ ਤੋਂ ਪਿੱਛੇ ਨਹੀਂ ਹਟਦਾ, ਜਿੱਥੇ ਤਾਕਤ ਦੀ ਵਰਤੋਂ ਜ਼ਰੂਰੀ ਹੁੰਦੀ ਹੈ, ਉੱਥੇ ਉਹ ਤਾਕਤ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਪਾਕਿਸਤਾਨ ਸਮੇਤ ਕਈ ਮੁਲਕਾਂ ਨੂੰ ਉਸ ਨੇ ਇਕ ਤਰ੍ਹਾਂ ਨਾਲ ਆਪਣਾ ਆਰਥਿਕ ਗ਼ੁਲਾਮ ਬਣਾ ਲਿਆ ਹੈ ਜਦਕਿ ਭਾਰਤ ਨਾਲ ਸਰਹੱਦੀ ਟਕਰਾਅ ਵਧਾ ਰਿਹਾ ਹੈ।

ਦੇਖਿਆ ਜਾਵੇ ਤਾਂ ਆਸੀਆਨ ਦੇਸ਼ ਵੀ ਮਾੜੇ-ਮੋਟੇ ਤਰੀਕਿਆਂ ਨਾਲ ਚੀਨ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਵਿਚ ਹਨ। ਆਸੀਆਨ ਨੇਤਾ ਚੀਨ ਦੇ ਇਸ ਦਬਾਅ ਅੱਗੇ ਨਹੀਂ ਝੁਕੇ ਕਿ ਮਿਆਂਮਾਰ ਫ਼ੌਜੀ ਤਾਨਾਸ਼ਾਹੀ ਦੇ ਮੁਖੀ ਨੂੰ ਸੈਸ਼ਨ ਵਿਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ ਅਤੇ ਮਿਆਂਮਾਰ ਨੂੰ ਇਕ ਗ਼ੈਰ-ਸਿਆਸੀ ਪ੍ਰਤੀਨਿਧ ਭੇਜਣ ਲਈ ਮਜਬੂਰ ਕੀਤਾ ਜਾਵੇ। ਸੰਮੇਲਨ ਤੋਂ ਬਾਅਦ ਜਾਰੀ ਕੀਤੇ ਗਏ ਸਾਂਝੇ ਬਿਆਨ ਵਿਚ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ ਗਿਆ। ਇਨ੍ਹਾਂ ਵਿਚ ਸੰਯੁਕਤ ਰਾਸ਼ਟਰ ਵਿਚ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ ਦੀ ਮਹੱਤਤਾ ਨੂੰ ਵੀ ਦਰਸਾਇਆ ਗਿਆ। ਇਨ੍ਹਾਂ ਵਿਚ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਧੀ (1982) ਨੂੰ ਸਨਮਾਨ ਦੇ ਨਾਲ-ਨਾਲ ਦੱਖਣੀ ਚੀਨ ਸਾਗਰ ਵਿਚ ਮੁਕਤ ਆਵਾਜਾਈ ਅਤੇ ਉਸ ਦੇ ਉੱਪਰੋਂ ਉਡਾਣਾਂ ਨੂੰ ਆਗਿਆ ਦੇਣ ਦੀ ਵਚਨਬੱਧਤਾ ਵੀ ਦੁਹਰਾਈ ਗਈ। ਇਹ ਹਿੰਦ-ਪ੍ਰਸ਼ਾਂਤ ਨੂੰ ਲੈ ਕੇ ਆਸੀਆਨ ਦੇ ਨਜ਼ਰੀਏ ਦੇ ਅਨੁਰੂਪ ਹੀ ਹੈ ਜਿਸ ਦਾ ਇਕ ਭੂਗੋਲਿਕ ਇਕਾਈ ਦੇ ਰੂਪ ਵਿਚ ਚੀਨ ਲਗਾਤਾਰ ਵਿਰੋਧ ਕਰਦਾ ਆਇਆ ਹੈ। ਇਸ ਖੇਤਰ ਵਿਚ ਚੀਨ ਨੂੰ ਲੈ ਕੇ ਉਸ ਦੇ ਕੁਝ ਨੇੜਲੇ ਸਹਿਯੋਗੀਆਂ ਦੇ ਨਰਮ ਵਤੀਰੇ ਦਾ ਜ਼ਮੀਨੀ ਪੱਧਰ ’ਤੇ ਸ਼ਾਇਦ ਹੀ ਕੁਝ ਅਸਰ ਦਿਸੇ। ਦੱਖਣੀ ਚੀਨ ਸਾਗਰ ਵਿਚ ਚੀਨੀ ਹਮਲਾਵਰ ਰੁਖ਼ ਨਿਰੰਤਰ ਜਾਰੀ ਹੈ। ਛਲ-ਫ਼ਰੇਬ ਨਾਲ ਜੁੜੀਆਂ ਆਪਣੀਆਂ ਤਿਕੜਮਾਂ ਜ਼ਰੀਏ ਉਹ ਵਿਵਾਦ ਵਾਲੇ ਜਲ ਖੇਤਰ ਵਿਚ ਆਪਣੇ ਹਵਾ-ਹਵਾਈ ਦਾਅਵਿਆਂ ਨੂੰ ਦੁਹਰਾਅ ਰਿਹਾ ਹੈ। ਉਸ ਦੀ ਇਸ ਰਣਨੀਤੀ ਵਿਰੁੱਧ ਪੀੜਤ ਦੇਸ਼ਾਂ ਕੋਲ ਅਜੇ ਤਕ ਕੋਈ ਕਾਰਗਰ ਤੋੜ ਨਹੀਂ। ਵਿਵਾਦਿਤ ਖੇਤਰਾਂ ਵਿਚ ਚੀਨ ਫ਼ੌਜੀ ਦਸਤਿਆਂ ਦਾ ਧੜੱਲੇ ਨਾਲ ਇਸਤੇਮਾਲ ਕਰ ਰਿਹਾ ਹੈ।

ਇੱਥੋਂ ਤਕ ਕਿ ਇਨ੍ਹਾਂ ਇਲਾਕਿਆਂ ’ਤੇ ਕਬਜ਼ੇ ਦੇ ਅਜਿਹੇ ਨਿਰਲੱਜ ਯਤਨਾਂ ਵਿਰੁੱਧ ਆਸੀਆਨ ਦੇਸ਼ਾਂ ਨੂੰ ਇਕ ਸੰਯੁਕਤ ਮੋਰਚਾ ਬਣਾਉਣਾ ਮੁਸ਼ਕਲ ਸਿੱਧ ਹੋ ਰਿਹਾ ਹੈ। ਜਿਸ ਦਿਨ ਸ਼ੀ ਜਿਨਪਿੰਗ ਕਹਿ ਰਹੇ ਸਨ ਕਿ ਚੀਨ ਛੋਟੇ ਗੁਆਂਢੀ ਦੇਸ਼ਾਂ ਨੂੰ ਤੰਗ ਨਹੀਂ ਕਰੇਗਾ, ਉਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਤਟ ਰੱਖਿਅਕ ਦਸਤੇ ਝਗੜੇ ਵਾਲੇ ਜਲ ਖੇਤਰ ਵਿਚ ਫਿਲਪੀਨੀ ਸੈਨਾ ਦੀਆਂ ਸਪਲਾਈ ਨਾਲ ਜੁੜੀਆਂ ਕਿਸ਼ਤੀਆਂ ਦਾ ਰਾਹ ਰੋਕਣ ਵਿਚ ਲੱਗੇ ਹੋਏ ਸਨ। ਉਹ ਜਹਾਜ਼ਾਂ ’ਤੇ ਵਾਟਰ ਕੈਨਨ ਦਾ ਇਸਤੇਮਾਲ ਕਰ ਰਹੇ ਸਨ। ਜਿੱਥੇ ਫਿਲਪੀਨ ਨੇ ਸੰਮੇਲਨ ਵਿਚ ਇਸ ਮੁੱਦੇ ਨੂੰ ਚੁੱਕਿਆ, ਓਥੇ ਹੋਰ ਦੇਸ਼ਾਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਜਿੱਥੇ ਤਕ ਇਸ ਤਰ੍ਹਾਂ ਦੀ ਛਲ-ਕਪਟ ਵਾਲੀ ਜੰਗ ਦੀ ਗੱਲ ਆਉਂਦੀ ਹੈ ਤਾਂ ਚੀਨ ਤਾਇਵਾਨ ਵਿਰੁੱਧ ਆਪਣੀ ਇਸ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਾ ਦਿਸਦਾ ਹੈ। ਬੀਤੇ ਕੁਝ ਦਿਨਾਂ ਵਿਚ ਤਾਇਵਾਨ ਦੇ ਦੱਖਣੀ-ਪੱਛਮੀ ਹਿੱਸੇ ਵਿਚ ਚੀਨੀ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਵਾਰ-ਵਾਰ ਘੁਸਪੈਠ ਕੀਤੀ ਹੈ। ਇਹ ਇਲਾਕਾ ਤਾਇਵਾਨ ਦੇ ਕੰਟਰੋਲ ਵਾਲੇ ਪ੍ਰਤਾਸ ਟਾਪੂ ਦੇ ਨੇੜੇ ਹੈ। ਇਹ ਨਾ ਸਿਰਫ਼ ਤਾਇਵਾਨ ਦੀ ਰੱਖਿਆ ਪੰਕਤੀ ਦੀ ਪਰਖ ਕਰਨ ਲਈ ਕੀਤਾ ਜਾ ਰਿਹਾ ਹੈ ਬਲਕਿ ਇਸ ਜ਼ਰੀਏ ਅਮਰੀਕੀ ਸਹਿਯੋਗ ਦੀ ਹੱਦਬੰਦੀ ਨੂੰ ਵੀ ਪਰਖਿਆ ਜਾ ਰਿਹਾ ਹੈ।

ਤਾਇਵਾਨ ਸਟਰੇਟ ਵਿਚ ਤਣਾਅ ਭੜਕਾਉਣ ਦੀ ਇਸ ਖ਼ਤਰਨਾਕ ਖੇਡ ਵਿਚ ਬੀਜਿੰਗ ਇਸ ਖੇਤਰ ਵਿਚ ਸੁਰੱਖਿਆ ਜੋਟੀਦਾਰ ਦੇ ਤੌਰ ’ਤੇ ਵਾਸ਼ਿੰਗਟਨ ਦੀ ਸਾਖ਼ ਨੂੰ ਚੁਣੌਤੀ ਦੇ ਰਿਹਾ ਹੈ। ਕਈ ਦੇਸ਼ਾਂ ਵਿਚ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੀ ਦਸਤਕ ਦੇ ਨਾਲ ਦੁਨੀਆ ਨੂੰ ਇਸ ਚੀਨੀ ਵਾਇਰਸ ਤੋਂ ਮੁਕਤੀ ਮਿਲਣ ਦਾ ਫ਼ਿਲਹਾਲ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਹੈ। ਉਸ ਦੇ ਮੱਦੇਨਜ਼ਰ ਮੂਲ ਕੋਰੋਨਾ ਵਾਇਰਸ ਦੇ ਉਪਜਣ ਨੂੰ ਲੈ ਕੇ ਚੀਨ ਦੀ ਭੂਮਿਕਾ ਇਕ ਵੱਡੀ ਬਹਿਸ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਅਜਿਹੇ ਵਿਚ ਕੋਰੋਨਾ ਨੂੰ ਲੈ ਕੇ ਚੀਨ ਦੇ ਸ਼ੁਰੂਆਤੀ ਪ੍ਰਤੀਕਰਮ ’ਤੇ ਇਕ ਤਰ੍ਹਾਂ ਨਾਲ ਨਿਸ਼ਾਨਾ ਸੇਧਦੇ ਹੋਏ ਅਮਰੀਕਾ ਨੇ ਓਮੀਕ੍ਰੋਨ ਦੀ ਤੇਜ਼ੀ ਨਾਲ ਪਛਾਣ ਕਰਨ ਅਤੇ ਦੁਨੀਆ ਨਾਲ ਉਸ ਦੀ ਜਾਣਕਾਰੀ ਸਾਂਝੀ ਕਰਨ ’ਤੇ ਦੱਖਣੀ ਅਫ਼ਰੀਕਾ ਦੀ ਸ਼ਲਾਘਾ ਕਰਨ ਵਿਚ ਦੇਰੀ ਨਹੀਂ ਕੀਤੀ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਦੇ ਪ੍ਰਤੀਕਰਮ ਤੋਂ ਇਹ ਪ੍ਰਤੱਖ ਸਾਬਿਤ ਹੁੰਦਾ ਹੈ। ਉਨ੍ਹਾਂ ਨੇ ਦੱਖਣੀ ਅਫ਼ਰੀਕੀ ਵਿਗਿਆਨੀਆਂ ਦੁਆਰਾ ਓਮੀਕ੍ਰੋਨ ਦੀ ਤਤਕਾਲ ਪਛਾਣ ਅਤੇ ਉੱਥੋਂ ਦੀ ਸਰਕਾਰ ਦੁਆਰਾ ਉਸ ਨਾਲ ਸਬੰਧਤ ਜਾਣਕਾਰੀਆਂ ਨੂੰ ਤੁਰੰਤ ਸਾਂਝਾ ਕਰਨ ਵਿਚ ਦਿਖਾਈ ਗਈ ਪਾਰਦਰਸ਼ਿਤਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਸੰਸਾਰ ਲਈ ਇਕ ਮਿਸਾਲ ਬਣਨਾ ਚਾਹੀਦਾ ਹੈ।

ਉਨ੍ਹਾਂ ਨੇ ਚੀਨ ਦਾ ਨਾਂ ਭਾਵੇਂ ਨਾ ਲਿਆ ਹੋਵੇ ਪਰ ਉਨ੍ਹਾਂ ਦਾ ਇਸ਼ਾਰਾ ਸਪਸ਼ਟ ਸੀ ਕਿਉਂਕਿ ਚੀਨ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਪਾਰਦਰਸ਼ਿਤਾ ਦਾ ਸਬੂਤ ਦੇਣ ਵਿਚ ਅਸਫਲ ਰਿਹਾ ਹੈ। ਇਹ ਪਹਿਲੂ ਨੇੜ ਭਵਿੱਖ ਵਿਚ ਚੀਨ ਨੂੰ ਲੈ ਕੇ ਸੰਸਾਰ ਦੇ ਨਜ਼ਰੀਏ ਨੂੰ ਆਕਾਰ ਦੇਣ ਵਿਚ ਅਸਰਦਾਰ ਭੂਮਿਕਾ ਨਿਭਾਉਂਦਾ ਰਹੇਗਾ। ਘਰੇਲੂ ਮੁਹਾਜ਼ ’ਤੇ ਸ਼ੀ ਜਿਨਪਿੰਗ ਇਕ ਸਮਰਾਟ ਦੇ ਰੂਪ ਵਿਚ ਤਬਦੀਲ ਹੋ ਰਹੇ ਹਨ। ਹਾਲ ਹੀ ਵਿਚ ਚੀਨੀ ਕਮਿਊਨਿਸਟ ਪਾਰਟੀ ਦੇ ਇਤਿਹਾਸਕ ਪ੍ਰਸਤਾਵ ਵਿਚ ਉਨ੍ਹਾਂ ਦੇ ਤੀਜੇ ਪੰਜ ਸਾਲਾ ਕਾਰਜਕਾਲ ਨੂੰ ਰਸਮੀ ਤੌਰ ’ਤੇ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਨੂੰ ਕਾਰਲ ਮਾਰਕਸ ਅਤੇ ਮਾਓ-ਜ਼ੇ-ਤੁੰਗ ਵਰਗੀਆਂ ਸਮਾਜਵਾਦੀ ਵਿਚਾਰ ਦੀਆਂ ਦਿੱਗਜ ਸ਼ਖ਼ਸੀਅਤਾਂ ਦੀ ਕਤਾਰ ਵਿਚ ਰੱਖਿਆ ਜਾ ਰਿਹਾ ਹੈ।

ਸੱਤਾ ਦੀ ਤਾਕਤ ਨਾਲ ਉਹ ਚੀਨ ਵਿਚ ਆਪਣੇ ਵਿਰੋਧੀਆਂ ਨੂੰ ਹਾਸ਼ੀਏ ’ਤੇ ਧੱਕ ਰਹੇ ਹਨ ਪਰ ਚੀਨੀ ਸਰਹੱਦ ਤੋਂ ਬਾਹਰ ਉਨ੍ਹਾਂ ਦੀ ਸ਼ਕਤੀ ਅਜੇ ਵੀ ਮਾਨਤਾ ਦੀ ਉਡੀਕ ਵਿਚ ਹੈ। ਜੇਕਰ ਚੀਨੀ ਸ਼ਕਤੀ ਦਾ ਉਦੇਸ਼ ਨਿਰਵਿਵਾਦ ਆਲਮੀ ਨੇਤਾ ਦੇ ਰੂਪ ਵਿਚ ਉੱਭਰਨਾ ਹੈ ਤਾਂ ਬੀਤੇ ਕੁਝ ਸਮੇਂ ਦੌਰਾਨ ਵੱਖ-ਵੱਖ ਮੁਹਾਜ਼ਾਂ ’ਤੇ ਉਨ੍ਹਾਂ ਦੀਆਂ ਜੋ ਸਰਗਰਮੀਆਂ ਦੇਖਣ ਨੂੰ ਮਿਲੀਆਂ ਹਨ, ਉਨ੍ਹਾਂ ਨਾਲ ਸ਼ੀ ਜਿਨਪਿੰਗ ਨੂੰ ਆਪਣਾ ਆਲਮੀ ਏਜੰਡਾ ਪੂਰਾ ਕਰਨਾ ਮੁਸ਼ਕਲ ਹੋਵੇਗਾ। ਹੌਲੀ-ਹੌਲੀ ਹੀ ਸਹੀ ਪਰ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਏਜੰਡਾ ਤਾਂ ਉਜਾਗਰ ਹੋ ਹੀ ਰਿਹਾ ਹੈ ਅਤੇ ਇਹ ਤੈਅ ਹੈ ਕਿ ਨਿਰੰਕੁਸ਼ ਤਾਕਤ ਉਨ੍ਹਾਂ ਦੇ ਵਿਆਪਕ ਟੀਚੇ ਦੀ ਪੂਰਤੀ ਕਰਨ ਵਿਚ ਸਮਰੱਥ ਨਹੀਂ ਹੋਵੇਗੀ।

-(ਲੇਖਕ ਨਵੀਂ ਦਿੱਲੀ ਸਥਿਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵਿਚ ਨਿਰਦੇਸ਼ਕ ਹੈ)।

Posted By: Jagjit Singh