ਵੱਡੇ ਸੰਕਟ ਦੀ ਇਸ ਘੜੀ ਵਿਚ ਵੱਖ-ਵੱਖ ਪੇਸ਼ਿਆਂ ਨਾਲ ਜੁੜੇ ਲੋਕ ਖ਼ਤਰਨਾਕ ਕੋਰੋਨਾ ਵਾਇਰਸ ਖ਼ਿਲਾਫ਼ ਮੁਹਿੰਮ ਛੇੜਨ ਦੇ ਮਾਮਲੇ ਵਿਚ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ। ਜੇ ਅਸੀਂ ਜ਼ਰਾ ਵੀ ਢਿੱਲ ਵਰਤੀ ਤਾਂ ਇਹ ਵਾਇਰਸ ਖ਼ੌਫ਼ਨਾਕ ਕਹਿਰ ਢਾਹ ਸਕਦਾ ਹੈ। ਇਨ੍ਹਾਂ ਲੋਕਾਂ ਅਤੇ ਇਨ੍ਹਾਂ ਨਾਲ ਜੁੜੀਆਂ ਸੰਸਥਾਵਾਂ 'ਤੇ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਜੋ ਮੁਸ਼ਕਲ ਵਕਤ ਵਿਚ ਵੀ ਆਪਣੀਆਂ ਸੇਵਾਵਾਂ ਕਾਰਨ ਮਿਸਾਲ ਬਣੇ ਹੋਏ ਹਨ। ਇਨ੍ਹਾਂ ਵਿਚ ਡਾਕਟਰ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ, ਪੁਲਿਸ ਅਤੇ ਫ਼ੌਜ, ਏਅਰਪੋਰਟ 'ਤੇ ਤਾਇਨਾਤ ਅਮਲੇ ਤੋਂ ਲੈ ਕੇ ਕੇਂਦਰ ਅਤੇ ਕਈ ਸੰਜੀਦਾ ਸੂਬਾ ਸਰਕਾਰਾਂ ਦੇ ਇਲਾਵਾ ਆਈਸੀਐੱਮਆਰ ਵਰਗੇ ਤਮਾਮ ਸੰਸਥਾਨ ਅਤੇ ਉਨ੍ਹਾਂ ਵਿਚ ਕੰਮ ਕਰਦੇ ਲੋਕ ਸ਼ਾਮਲ ਹਨ। ਵੱਖ-ਵੱਖ ਮੋਰਚਿਆਂ 'ਤੇ ਇਕ ਨਵੀਂ ਊਰਜਾ, ਵਚਨਬੱਧਤਾ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਿਖਾਈ ਦੇ ਰਿਹਾ ਹੈ। ਇਸ ਦੇ ਪਿੱਛੇ ਬਹੁਤ ਹੱਦ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਹੈ ਜੋ ਸਭ ਤੋਂ ਅਗਲੇ ਮੋਰਚੇ 'ਤੇ ਡਟੇ ਹੋਏ ਹਨ। ਹਾਲਾਂਕਿ ਕਨਿਕਾ ਕਪੂਰ ਕਾਂਡ ਇਹੀ ਦਰਸਾਉਂਦਾ ਹੈ ਕਿ ਜਿੱਥੇ ਵੱਖ-ਵੱਖ ਖੇਤਰਾਂ 'ਚ ਸਰਗਰਮ ਪੇਸ਼ੇਵਰ ਲੋਕ ਪ੍ਰਧਾਨ ਮੰਤਰੀ ਦੀ ਗੱਲ ਨੂੰ ਪੱਲੇ ਬੰਨ੍ਹ ਕੇ ਕੰਮ ਕਰ ਰਹੇ ਹਨ, ਓਥੇ ਹੀ ਕੁਝ ਵੀਆਈਪੀ ਤੇ ਹੋਰ ਉੱਚ ਰੁਤਬੇ ਵਾਲੇ ਲੋਕ ਉਨ੍ਹਾਂ ਦੇ ਸੰਦੇਸ਼ ਨੂੰ ਸਮਝਣ 'ਚ ਪਿੱਛੇ ਰਹਿ ਗਏ ਹਨ। ਗਾਇਕਾ ਕਨਿਕਾ ਕਪੂਰ ਦਾ ਮਾਮਲਾ ਉਮਦਾ ਮਿਸਾਲ ਹੈ ਕਿ ਵੀਆਈਪੀ ਸੱਭਿਆਚਾਰ ਕਿਸ ਤਰ੍ਹਾਂ ਸਾਡੇ ਦੇਸ਼ ਦਾ ਬੇੜਾ ਗਰਕ ਕਰ ਸਕਦਾ ਹੈ। ਜਦ ਇਹ ਗੱਲ ਸਾਹਮਣੇ ਆਈ ਕਿ ਬੀਤੇ ਦਿਨੀਂ ਲਖਨਊ ਅਤੇ ਕਾਨਪੁਰ ਵਿਚ ਕਈ ਜਨਤਕ ਸਮਾਰੋਹਾਂ ਵਿਚ ਸ਼ਿਰਕਤ ਕਰਨ ਵਾਲੀ ਕਨਿਕਾ ਕੋਰੋਨਾ ਤੋਂ ਪੀੜਤ ਹੈ ਤਾਂ ਪੂਰੇ ਦੇਸ਼ ਵਿਚ ਸਨਸਨੀ ਫੈਲ ਗਈ। ਅਜਿਹਾ ਇਸ ਲਈ, ਕਿਉਂਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਦੇਸ਼ ਦੇ ਕਈ ਮੰਨੇ-ਪ੍ਰਮੰਨੇ ਲੋਕ ਵੀ ਸ਼ਾਮਲ ਹੋਏ ਸਨ। ਜਦ ਇਹ ਮਾਮਲਾ ਸਾਹਮਣੇ ਆਇਆ ਤਾਂ ਯੂਪੀ ਪੁਲਿਸ ਨੇ ਉਸ ਵਿਰੁੱਧ ਲਾਪਰਵਾਹੀ ਵਰਤਣ ਤੇ ਦੂਜਿਆਂ ਦੀ ਜਾਨ ਜੋਖ਼ਮ ਵਿਚ ਪਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ। ਉਸ ਦਾ ਜਨਤਕ ਸਮਾਰੋਹਾਂ ਵਿਚ ਜਾਣ ਦਾ ਕਾਰਨਾਮਾ ਮਾਫ਼ੀਯੋਗ ਨਹੀਂ ਹੈ। ਜੋ ਨੇਤਾ ਕਨਿਕਾ ਕਪੂਰ ਦੀਆਂ ਪਾਰਟੀਆਂ ਵਿਚ ਸ਼ਾਮਲ ਹੋਏ, ਉਨ੍ਹਾਂ ਦੀ ਵੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪੀਐੱਮ, ਕੇਂਦਰੀ ਸਿਹਤ ਮੰਤਰੀ, ਆਈਸੀਐੱਮਆਰ ਤੇ ਹੋਰ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਅਤੇ ਸੰਗਠਨਾਂ ਦੁਆਰਾ ਲੋਕਾਂ ਨੂੰ ਜਲਸਿਆਂ-ਜਲੂਸਾਂ ਅਤੇ ਹੋਰ ਜਨਤਕ ਸਥਾਨਾਂ ਤੋਂ ਦੂਰ ਅਤੇ ਇਕਾਂਤ ਵਿਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਜ਼ਿਆਦਾਤਰ ਵੀਆਈਪੀ ਲੋਕ ਉਕਤ ਮਸ਼ਵਰਿਆਂ 'ਤੇ ਅਮਲ ਨਹੀਂ ਕਰ ਰਹੇ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਹ ਖ਼ੁਦ ਤਾਂ ਮੁਸੀਬਤ ਨੂੰ ਸੱਦਾ ਦੇ ਹੀ ਰਹੇ ਹਨ, ਹੋਰਾਂ ਲਈ ਵੀ ਖ਼ਤਰਾ ਬਣ ਰਹੇ ਹਨ। ਸਰਕਾਰ ਇਨ੍ਹਾਂ ਆਕੀ ਵੀਆਈਪੀ ਲੋਕਾਂ 'ਤੇ ਸਖ਼ਤੀ ਕਰੇ ਤਾਂ ਜੋ ਉਹ ਤੇ ਹੋਰ ਲੋਕ ਸੁਰੱਖਿਅਤ ਰਹਿ ਸਕਣ।

-ਏ. ਸੂਰੀਆਪ੍ਰਕਾਸ਼।

Posted By: Jagjit Singh