ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ’ਚ ਭਾਜਪਾ ਆਗੂਆਂ ਦਾ ਵਿਰੋਧ ਤੇਜ਼ ਕਰ ਦਿੱਤਾ ਹੈ। ਬੀਤੇ ਦਿਨ ਰਾਜਪੁਰਾ ’ਚ ਭਾਜਪਾ ਦੀ ਬੈਠਕ ਦੌਰਾਨ ਕਿਸਾਨਾਂ ਦੇ ਪ੍ਰਦਰਸ਼ਨ ਨੇ ਦੇਰ ਰਾਤ ਹਿੰਸਕ ਰੂਪ ਅਖ਼ਤਿਆਰ ਕਰ ਲਿਆ। ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਸਕੱਤਰ ਡਾ. ਅਜੈ ਚੌਧਰੀ, ਉਨ੍ਹਾਂ ਦੇ ਪਰਿਵਾਰ ਤੇ ਹੋਰ ਆਗੂਆਂ ਨੂੰ ਘਰ ’ਚ ਬੰਦੀ ਬਣਾਇਆ ਅਤੇ ਘਰ ਦੀ ਬਿਜਲੀ ਤਕ ਕੱਟ ਦਿੱਤੀ। ਦੇਰ ਰਾਤ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਪੁਲਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਕੇ ਭਾਜਪਾ ਆਗੂਆਂ ਨੂੰ ਛੁਡਵਾਇਆ। ਕਿਸਾਨਾਂ ਦਾ ਇਹ ਵਤੀਰਾ ਸਮਝ ਤੋਂ ਪਰੇ ਹੈ। ਲੋਕਤੰਤਰ ’ਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਇਸੇ ਹੱਕ ਤਹਿਤ ਕਿਸਾਨ ਅੰਦੋਲਨ ਪਿਛਲੇ ਸੱਤ ਮਹੀਨੇ ਤੋਂ ਚੱਲ ਰਿਹਾ ਹੈ ਪਰ ਦੂਜੇ ਪਾਸੇ ਉਹ ਕਿਸਾਨ ਭਾਜਪਾ ਆਗੂਆਂ ਦਾ ਹਿੰਸਕ ਵਿਰੋਧ ਕਰ ਰਹੇ ਹਨ। ਕੀ ਇਹ ਸਹੀ ਹੈ? ਇੰਜ ਕਰ ਕੇ ਕੀ ਕਿਸਾਨ ਅੰਦੋਲਨ ਨੂੰ ਕੋਈ ਫ਼ਾਇਦਾ ਮਿਲ ਸਕਦਾ ਹੈ? ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਦਿੱਲੀ ’ਚ ਅੰਦੋਲਨ ਕਰ ਰਹੇ ਹਨ। ਛੱਬੀ ਜਨਵਰੀ ਤੋਂ ਬਾਅਦ ਸਰਕਾਰ ਤੇ ਕਿਸਾਨਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ।

ਦੋਨਾਂ ਧਿਰਾਂ ਵਿਚ ਸੰਵਾਦ ਟੁੱਟਣਾ ਮੰਦਭਾਗਾ ਹੈ ਕਿਉਂਕਿ ਹਰ ਮਸਲੇ ਦਾ ਹੱਲ ਆਖ਼ਰ ਗੱਲਬਾਤ ਰਾਹੀਂ ਹੀ ਨਿਕਲ ਸਕਦਾ ਹੈ। ਦਰਅਸਲ, ਪੰਜਾਬ ’ਚ ਇਸ ਵੇਲੇ ਸਿਆਸਤ ਦੋ ਪਹਿਲੂਆਂ ਦੇ ਆਸੇ-ਪਾਸੇ ਘੁੰਮ ਰਹੀ ਹੈ। ਪਹਿਲਾ ਬਿੰਦੂ ਹੈ ਵਿਧਾਨ ਸਭਾ ਚੋਣਾਂ ਤੇ ਦੂਜਾ, ਕਿਸਾਨ ਅੰਦੋਲਨ। ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉੱਥੇ ਭਾਜਪਾ ਆਗੂਆਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਪੰਜਾਬ ’ਚ ਦਰਜਨਾਂ ਥਾਵਾਂ ’ਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਕਿਸਾਨਾਂ ਨੇ ਲਗਾਤਾਰ ਧਰਨੇ ਮਾਰੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਦੀਆਂ ਪੰਜਾਬ ਤੇ ਹਰਿਆਣਾ ਵਿਚ ਸਰਗਰਮੀਆਂ ਇਕ ਤਰ੍ਹਾਂ ਠੱਪ ਹੋ ਕੇ ਰਹਿ ਗਈਆਂ ਹਨ। ਚੋਣਾਂ ਦੇ ਨਜ਼ਰੀਏ ਤੋਂ ਭਾਜਪਾ ਫ਼ਿਲਹਾਲ ਬਾਕੀ ਸਿਆਸੀ ਪਾਰਟੀਆਂ ਤੋਂ ਪੱਛੜਦੀ ਜਾਪਦੀ ਹੈ ਜਿਸ ਕਾਰਨ ਪੰਜਾਬ ਦੇ ਭਾਜਪਾ ਆਗੂ ਕਿਸਾਨਾਂ ਖ਼ਿਲਾਫ਼ ਬਿਆਨਬਾਜ਼ੀ ਕਰ ਦਿੰਦੇ ਹਨ ਅਤੇ ਕਿਸਾਨ ਉਨ੍ਹਾਂ ਦਾ ਵਿਰੋਧ ਕਰਨ ਲੱਗਦੇ ਹਨ। ਦੂਜੇ ਪਾਸੇ ਕਿਸਾਨ ਅੰਦੋਲਨ ’ਚ ਸ਼ਾਮਲ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਕਮੁੱਠ ਰਹੀਆਂ ਹਨ ਅਤੇ ਦਿੱਲੀ ਦੀਆਂ ਬਰੂਹਾਂ ਮੱਲੀ ਬੈਠੀਆਂ ਹਨ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਕਿਸਾਨਾਂ ਦਾ ਗੁੱਸਾ ਵੀ ਵੱਧ ਰਿਹਾ ਹੈ। ਕੁੱਲ ਮਿਲਾ ਕੇ ਪੰਜਾਬ ਦੇ ਹਾਲਾਤ ਇਸ ਵੇਲੇ ਬਹੁਤ ਸੰਵੇਦਨਸ਼ੀਲ ਬਣੇ ਹੋਏ ਹਨ। ਕੋਰੋਨਾ ਦੀ ਮਾਰ ਝੱਲ ਰਹੇ ਪੰਜਾਬ ਦੀ ਮਾਲੀ ਹਾਲਤ ਕਿਸੇ ਕੋਲੋਂ ਲੁਕੀ ਨਹੀਂ ਹੈ। ਇਕ ਕਾਲਾ ਦੌਰ ਪੰਜਾਬ ਨੇ ਪਹਿਲਾਂ ਦੇਖਿਆ ਸੀ ਜਿਸ ਦੇ ਜ਼ਖ਼ਮ ਅਜੇ ਤਕ ਨਹੀਂ ਭਰੇ। ਇਸ ਵੇਲੇ ਕਿਸੇ ਦੀ ਵੀ ਇਕ ਗ਼ਲਤੀ ਗੱਲ ਵਿਗਾੜ ਸਕਦੀ ਹੈ। ਕਿਸਾਨਾਂ ਨੂੰ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਮਾਹੌਲ ਖ਼ਰਾਬ ਹੋਵੇ। ਪੰਜਾਬ ਭਾਜਪਾ ਨੂੰ ਵੀ ਆਪਣੇ ਆਗੂਆਂ ਨੂੰ ਸੰਵੇਦਨਸ਼ੀਲ ਮੁੱਦਿਆਂ ’ਤੇ ‘ਤੋਲ-ਮੋਲ’ ਕੇ ਬੋਲਣ ਦੀ ਹਦਾਇਤ ਦੇਣੀ ਚਾਹੀਦੀ ਹੈ। ਇਸ ਵੇਲੇ ਦੋਵੇਂ ਧਿਰਾਂ ਨੂੰ ਜੋਸ਼ ਦੇ ਨਾਲ-ਨਾਲ ਹੋਸ਼ ਦੀ ਲੋੜ ਹੈ। ਕਿਸਾਨ ਜੇ ਭਾਜਪਾ ਆਗੂਆਂ ਦਾ ਵਿਰੋਧ ਕਰਨਾ ਚਾਹੁੰਦੇ ਹਨ ਤਾਂ ਉਹ ਉਹੀ ਤਰੀਕੇ ਅਪਨਾਉਣ ਜਿਨ੍ਹਾਂ ਦੀ ਕਾਨੂੰਨ ਆਗਿਆ ਦਿੰਦਾ ਹੈ। ਹਿੰਸਾ ਨਾਲ ਕਦੇ ਕੋਈ ਮਸਲੇ ਹੱਲ ਨਹੀਂ ਹੁੰਦੇ।

Posted By: Sunil Thapa