ਇਹ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਜਦ ਭਾਰਤ ਵਿਚ ਦੱਖਣੀ ਅਫ਼ਰੀਕਾ ਦੇ ਮੁਕਤੀ ਯੋਧਾ ਨੈਲਸਨ ਮੰਡੇਲਾ ਦੀ ਜੈਅੰਤੀ ’ਤੇ ਉਨ੍ਹਾਂ ਨੂੰ ਯਾਦ ਕਰਨ ਦਾ ਪ੍ਰੋਗਰਾਮ ਹੋ ਰਿਹਾ ਸੀ, ਉਦੋਂ ਕਈ ਦੱਖਣੀ ਅਫ਼ਰੀਕੀ ਸ਼ਹਿਰਾਂ ਵਿਚ ਭਾਰਤੀ ਮੂਲ ਦੇ ਨਾਗਰਿਕਾਂ ’ਤੇ ਹਮਲੇ ਹੋ ਰਹੇ ਸਨ। ਉੱਥੇ ਵਸੇ ਭਾਰਤੀਆਂ ਦੇ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਅਨੁਮਾਨ ਅਨੁਸਾਰ ਦੱਖਣੀ ਅਫ਼ਰੀਕਾ ਵਿਚ 20 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਹਨ। ਉਨ੍ਹਾਂ ਨੂੰ ਜੋਹਾਨਸਬਰਗ ਅਤੇ ਕਵਾਜੁਲੂ ਨਟਾਲ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤੁਸੀਂ ਪੁੱਛੋਗੇ ਕਿ ਹਿੰਸਕ ਅਨਸਰਾਂ ਦੇ ਨਿਸ਼ਾਨੇ ’ਤੇ ਭਾਰਤੀ ਹੀ ਕਿਉਂ ਹਨ? ਇਸ ਦਾ ਜਵਾਬ ਜਾਣਨਾ ਜ਼ਰੂਰੀ ਹੈ। ਇਹ ਸਭ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ 15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੋਇਆ। ਜੁਮਾ ’ਤੇ 2009 ਅਤੇ 2018 ਦੌਰਾਨ ਰਾਸ਼ਟਰਪਤੀ ਅਹੁਦੇ ’ਤੇ ਰਹਿੰਦੇ ਹੋਏ ਸਰਕਾਰੀ ਮਾਲੀਏ ਵਿਚ ਲੁੱਟ-ਖਸੁੱਟ ਦਾ ਦੋਸ਼ ਹੈ। ਉਨ੍ਹਾਂ ’ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਭਾਰਤੀ ਸਨਅਤਕਾਰ ਗੁਪਤਾ ਬੰਧੂਆਂ ਨੂੰ ਖ਼ੂਬ ਲਾਭ ਪਹੁੰਚਾਇਆ। ਜਿਨ੍ਹਾਂ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਜੁਮਾ ਦੋਸ਼ੀ ਹਨ, ਉਨ੍ਹਾਂ ਵਿਚ ਗੁਪਤਾ ਬੰਧੂਆਂ ਦਾ ਨਾਂ ਵੀ ਸ਼ਾਮਲ ਹੈ। ਆਖ਼ਰ ਜਦ ਜੁਮਾ ’ਤੇ ਦੱਖਣੀ ਅਫ਼ਰੀਕੀ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਗਈ ਤਦ ਉੱਥੋਂ ਦੇ ਭਾਰਤੀ ਮੂਲ ਦੇ ਲੋਕਾਂ ਨਾਲ ਜ਼ਿਆਦਤੀ ਕਰਨ ਦੀ ਭਲਾ ਕੀ ਤੁਕ ਹੈ? ਅਫ਼ਸੋਸ ਹੁੰਦਾ ਹੈ ਕਿ ਜਿਸ ਦੇਸ਼ ਵਿਚ ਮਹਾਤਮਾ ਗਾਂਧੀ ਨੇ ਸਿਆਹਫਾਮਾਂ ਦੇ ਹੱਕਾਂ ਲਈ ਅਤੇ ਨਸਲਵਾਦ ਖ਼ਿਲਾਫ਼ ਲੜਾਈ ਲੜੀ, ਉੱਥੇ ਗਾਂਧੀ ਦੇ ਦੇਸ਼ ਵਾਸੀਆਂ ਨਾਲ ਘੋਰ ਅਨਿਆਂ ਹੋ ਰਿਹਾ ਹੈ। ਦੱਖਣੀ ਅਫ਼ਰੀਕੀ ਸਰਕਾਰ ਹਿੰਸਾ ਨੂੰ ਰੋਕਣ ਵਿਚ ਕਮਜ਼ੋਰ ਕਿਉਂ ਪੈ ਰਹੀ ਹੈ? ਕੀ ਉਹ ਭੁੱਲ ਗਈ ਹੈ ਕਿ ਉਨ੍ਹਾਂ ਦੇ ਦੇਸ਼ ਦੇ ਸਭ ਤੋਂ ਮਹਾਨ ਨੇਤਾ ਨੈਲਸਨ ਮੰਡੇਲਾ ਖ਼ੁਦ ਗਾਂਧੀ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ? ਮੰਡੇਲਾ ਦਾ ਭਾਰਤ ਨਾਲ ਆਤਮਿਕ ਸਬੰਧ ਸੀ। ਉਹ ਲੰਬੀ ਜੇਲ੍ਹ ਯਾਤਰਾ ਤੋਂ ਰਿਹਾਅ ਹੋਣ ਮਗਰੋਂ 1990 ਵਿਚ ਦਿੱਲੀ ਆਏ ਸਨ। ਉਹ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਮਗਰੋਂ ਪਹਿਲਾ ਵਿਦੇਸ਼ੀ ਦੌਰਾ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਰਬਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇ ਕੇ ਸਨਮਾਨਿਤ ਕੀਤਾ ਸੀ। ਮੰਡੇਲਾ 1995 ਵਿਚ ਫਿਰ ਭਾਰਤ ਆਏ ਸਨ। ਉਨ੍ਹਾਂ ਦੇ ਨਾਂ ’ਤੇ ਜਾਮੀਆ ਮਿਲੀਆ ਇਸਲਾਮੀਆ ਵਿਚ 2004 ਵਿਚ ਨੈਲਸਨ ਮੰਡੇਲਾ ਸੈਂਟਰ ਫਾਰ ਪੀਸ ਐਂਡ ਕਨਫਲਿਕਟ ਰੈਜ਼ੋਲਿਊਸ਼ਨ ਦੀ ਸਥਾਪਨਾ ਕੀਤੀ ਗਈ। ਜੇਐੱਨਯੂ ਵਿਚ ਵੀ ਅਫ਼ਰੀਕਾ ਅਧਿਐਨ ਕੇਂਦਰ ਹੈ। ਉੱਥੇ ਨੈਲਸਨ ਮੰਡੇਲਾ ਦੀ ਚੇਅਰ ਵੀ ਹੈ। ਦਿੱਲੀ ਯੂਨੀਵਰਸਿਟੀ ਵਿਚ 1954 ਤੋਂ ਡਿਪਾਰਟਮੈਂਟ ਆਫ ਅਫਰੀਕਨ ਸਟੱਡੀਜ਼ ਸਰਗਰਮ ਹੈ। ਦੱਖਣੀ ਅਫ਼ਰੀਕਾ ਵਿਚ ਭਾਰਤੀਆਂ ਨਾਲ ਫ਼ਿਲਹਾਲ ਜੋ ਕੁਝ ਹੋ ਰਿਹਾ ਹੈ, ਕੁਝ ਭਾਰਤ ਵਿਰੋਧੀ ਤਾਕਤਾਂ ਹੀ ਇਹ ਸਭ ਕੁਝ ਕਰਵਾ ਰਹੀਆਂ ਹਨ।

-ਆਰ. ਕੇ. ਸਿਨਹਾ

(ਰਾਜ ਸਭਾ ਦਾ ਸਾਬਕਾ ਮੈਂਬਰ ਤੇ ਕਾਲਮ ਨਵੀਸ)

Posted By: Jatinder Singh