ਸੰਸਾਰ ਵਿਚ ਕੋਈ ਕੰਮ ਅਸੰਭਵ ਨਹੀਂ। ਬਸ! ਇਨਸਾਨ ਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ। ਸਰਕਾਰਾਂ ਵੀ ਸਭ ਕੰਮ ਨਹੀਂ ਕਰ ਸਕਦੀਆਂ ਜਿੰਨੀ ਦੇਰ ਲੋਕਾਂ ਦਾ, ਖ਼ਾਸ ਤੌਰ 'ਤੇ ਨੌਜਵਾਨਾਂ ਸਹਿਯੋਗ ਨਾ ਹੋਵੇ। ਅਜਿਹੀ ਹੀ ਕਰਾਮਾਤ ਪਿੰਡ ਕੱਦੋਂ ਦੇ ਨੌਜਵਾਨਾਂ ਨੇ ਕੀਤੀ ਹੈ। ਉਨ੍ਹਾਂ ਨੇ ਪਿੰਡ ਤੇ ਸ਼ਹਿਰ ਵਿਚਲਾ ਫ਼ਰਕ ਮਿਟਾ ਦਿੱਤਾ ਹੈ। ਲੁਧਿਆਣਾ ਜ਼ਿਲ੍ਹੇ ਦੀ ਪਾਇਲ ਸਬ ਡਵੀਜ਼ਨ ਦਾ 666 ਘਰਾਂ ਅਤੇ 3378 ਦੀ ਆਬਾਦੀ ਵਾਲਾ ਪਿੰਡ ਹੈ ਕੱਦੋਂ। ਪਰਵਾਸੀ ਭਾਰਤੀਆਂ ਦੀ ਹੱਲਾਸ਼ੇਰੀ ਨਾਲ ਪਿੰਡ ਦੇ ਨੌਜਵਾਨਾਂ ਨੂੰ ਬਜ਼ੁਰਗਾਂ ਦੀ ਰਹਿਨੁਮਾਈ ਹੇਠ ਲਾਮਬੱਧ ਕੀਤਾ ਗਿਆ ਹੈ। ਇਸ ਪਿੰਡ ਦੇ 75 ਫ਼ੀਸਦੀ ਲੋਕ ਪੜ੍ਹੇ-ਲਿਖੇ ਹਨ। ਇਸ ਪਿੰਡ ਨੂੰ ਕਲਾਕਾਰਾਂ, ਸਿੱਖਿਆ ਸ਼ਾਸਤਰੀਆਂ ਅਤੇ ਖਿਡਾਰੀਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ ਕਿਉਂਕਿ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ, ਗਾਇਕਾ ਮਰਹੂਮ ਮਨਪ੍ਰੀਤ ਅਖ਼ਤਰ, ਜੀਤ ਕੱਦੋਂਵਾਲਾ, ਰਮਨ ਕੱਦੋਂ, ਲਾਲੀ ਦੋਰਾਹਾ (ਤਿੰਨੋਂ ਗੀਤਕਾਰ), ਪੁਸ਼ਪਿੰਦਰ ਸਿੰਘ ਸੈਸ਼ਨ ਜੱਜ, ਪ੍ਰੋ. ਓਮ ਪ੍ਰਕਾਸ਼ ਵਸ਼ਿਸ਼ਟ, ਪ੍ਰੋ. ਗੁਰਮੁਖ ਸਿੰਘ, ਡੈਂਟਿਸਟ ਜਸਵੀਰ ਸਿੰਘ ਮੁੰਡੀ ਕੈਲਗਰੀ ਅਤੇ ਧਰਮ ਸਿੰਘ ਸਾਬਕਾ ਚੀਫ ਕੋਚ ਅਤੇ ਐਥਲੀਟ ਰੇਲਵੇ ਬੋਰਡ, ਸਾਰੇ ਪਿੰਡ ਕੱਦੋਂ ਦੇ ਹੀ ਜਾਏ ਹਨ। ਕਿਸੇ ਸਮੇਂ ਆਰੀਆ ਕਾਲਜ ਲੁਧਿਆਣਾ ਦੀ ਫੁੱਟਬਾਲ ਦੀ ਟੀਮ ਦੇ ਤਿੰਨ ਮੈਂਬਰ ਸੁਖਦੇਵ ਸਿੰਘ, ਧਰਮ ਸਿੰਘ ਅਤੇ ਰਾਜ ਕੁਮਾਰ ਪਿੰਡ ਕੱਦੋਂ ਦੇ ਹੁੰਦੇ ਸਨ। ਨੌਜਵਾਨਾਂ ਨੇ ਦੋ ਸਵੈ-ਇੱਛਤ ਸੰਸਥਾਵਾਂ 'ਕੱਦੋਂ ਨਿਸ਼ਕਾਮ ਸੇਵਾ ਸੁਸਾਇਟੀ' ਅਤੇ 'ਸਿੱਧਸਰ ਐੱਨਆਰਆਈ ਸੇਵਾ ਸੁਸਾਇਟੀ' ਬਣਾਈਆਂ ਹੋਈਆਂ ਹਨ। ਇਨ੍ਹਾਂ ਵਿਚ ਪਿੰਡ ਦੀ ਧੜੇਬੰਦੀ ਅਤੇ ਸਿਆਸਤ ਤੋਂ ਉਪਰ ਉੱਠ ਕੇ ਨੌਜਵਾਨ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਇਨ੍ਹਾਂ ਸੰਸਥਾਵਾਂ ਲਈ ਆਰਥਿਕ ਯੋਗਦਾਨ ਪਿੰਡ ਦੇ ਪਰਵਾਸੀ ਭਾਰਤੀ ਪਾ ਰਹੇ ਹਨ। ਪਿੰਡ 'ਚੋਂ ਵੀ ਨੌਜਵਾਨ ਸਹਾਇਤਾ ਲੈ ਰਹੇ ਹਨ।

ਇਸ ਪਿੰਡ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕ ਜੋ ਇਲਾਜ ਨਹੀਂ ਕਰਾ ਸਕਦੇ, ਉਨ੍ਹਾਂ ਲਈ ਦੋਵੇਂ ਸੁਸਾਇਟੀਆਂ ਨੇ ਫੰਡ ਸਥਾਪਤ ਕਰ ਲਿਆ ਹੈ ਤਾਂ ਜੋ ਲੋੜ ਅਨੁਸਾਰ ਉਨ੍ਹਾਂ ਦਾ ਇਲਾਜ ਹੋ ਸਕੇ। ਕੱਦੋਂ ਨਿਸ਼ਕਾਮ ਸੇਵਾ ਸਸਾਇਟੀ ਨੇ ਪਿੰਡ ਦੇ ਇਕ ਨੌਜਵਾਨ ਦਾ ਗੁਰਦਾ ਬਦਲਣ ਲਈ ਵੀ 5 ਲੱਖ ਤੋਂ ਵੱਧ ਰਕਮ ਇਕੱਤਰ ਕੀਤੀ। ਹੁਣ ਤਕ ਇਨ੍ਹਾਂ ਨੂੰ ਪਰਵਾਸੀਆਂ ਨੇ 40 ਲੱਖ ਰੁਪਏ ਭੇਜ ਦਿੱਤੇ ਹਨ। ਇਸ ਸਦਕਾ ਉਨ੍ਹਾਂ ਪਿੰਡ ਦੇ ਸੜਿਆਂਦ ਮਾਰਦੇ ਟੋਭੇ ਦੀ ਸਫ਼ਾਈ ਕਰਾ ਦਿੱਤੀ ਹੈ। ਲੋਕ ਦੋਹਾਂ ਟੋਭਿਆਂ ਵਿਚ ਕੂੜਾ-ਕਰਕਟ ਸੁੱਟ ਦਿੰਦੇ ਸਨ। ਲੋਕਾਂ ਨੂੰ ਕੂੜਾਦਾਨ ਵਿਚ ਕੂੜਾ ਸੁੱਟਣ ਲਈ ਰਜ਼ਾਮੰਦ ਕਰ ਲਿਆ ਗਿਆ ਤੇ ਟੋਭੇ ਦੀ ਚਾਰਦੀਵਾਰੀ ਉੱਚੀ ਕਰਵਾ ਦਿੱਤੀ ਗਈ ਹੈ। ਲੋਕ ਹੁਣ ਕੂੜਾ ਕੂੜੇਦਾਨ ਵਿਚ ਸੁੱਟਦੇ ਹਨ। ਜਦੋਂ ਇਹ ਭਰ ਜਾਂਦੇ ਹਨ ਤਾਂ ਸੁਸਾਇਟੀਆਂ ਇਹ ਕੂੜਾ-ਕਰਕਟ ਚੁਕਾ ਦਿੰਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਪਿੰਡ ਸਾਫ਼-ਸੁਥਰਾ ਰਹਿਣ ਲੱਗ ਪਿਆ ਹੈ। ਦੂਜੇ ਟੋਭੇ ਨੂੰ ਪਹਿਲਾਂ ਹੀ ਭਗਤੇ ਕਿਆਂ ਦੇ ਸਵਰਗੀ ਨਾਹਰ ਸਿੰਘ ਦੇ ਪਰਵਾਸੀ ਪਰਿਵਾਰ ਨੇ ਸਾਫ਼ ਕਰਾ ਕੇ ਚਾਰਦੀਵਾਰੀ ਕਰਵਾ ਦਿੱਤੀ ਸੀ। ਪਹਿਲਾਂ ਟੋਭੇ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਜਾਂਦਾ ਸੀ ਜੋ ਹੁਣ ਮੋਟਰ ਲਾ ਕੇ ਫ਼ਸਲਾਂ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਸਿੱਧਸਰ ਐੱਨਆਰਆਈ ਸੇਵਾ ਸੁਸਾਇਟੀ ਨੇ ਪਿੰਡ 'ਚੋਂ ਲੰਘਣ ਵਾਲੀ ਮੈਟਲਡ ਸੜਕ 5 ਲੱਖ ਰਪਏ ਦੀ ਲਾਗਤ ਨਾਲ ਉੱਚੀ ਕਰਵਾਈ ਗਈ ਹੈ। ਇਹ ਸੁਸਾਇਟੀ ਮੁਫ਼ਤ ਮੈਡੀਕਲ ਕੈਂਪ, ਗ਼ਰੀਬਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਂਦੀ ਹੈ ਅਤੇ ਸਟਰੀਟ ਲਾਈਟਾਂ ਲਗਵਾਉਂਦੀ ਰਹੀ ਹੈ। ਨੌਜਵਾਨਾਂ ਨੇ ਸਾਰੇ ਪਿੰਡ ਦੀਆਂ ਗਲੀਆਂ, ਨਾਲੀਆਂ ਅਤੇ ਰਸਤਿਆਂ ਦੀ ਸਫ਼ਾਈ ਕਰ ਦਿੱਤੀ ਹੈ।

ਫੌਗਿੰਗ ਮਸ਼ੀਨ ਨਾਲ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਓ ਕੀਤਾ ਜਾਂਦਾ ਹੈ। ਪਿੰਡ ਦਾ ਹਰ ਨੌਜਵਾਨ ਆਪੋ-ਆਪਣਾ ਯੋਗਦਾਨ ਪਾ ਰਿਹਾ ਹੈ। ਪਿੰਡ 'ਚ ਲਗਪਗ ਇਕ ਸੌ ਲਾਈਟਾਂ ਲਗਵਾਈਆਂ ਗਈਆਂ ਹਨ। ਪਿੰਡ ਤੋਂ ਸਕੂਲ, ਗੁਰਦੁਆਰਾ ਸਿੱਧਸਰ ਸਾਹਿਬ, ਸਰਕਾਰੀ ਹਾਇਰ ਸੈਕੰਡਰੀ ਸਕੂਲ, ਦੋ ਹਸਪਤਾਲਾਂ ਅਤੇ ਸ਼ਮਸ਼ਾਨਘਾਟ ਤਕ ਜਾਣ ਵਾਲੀ ਸੜਕ 'ਤੇ ਲਾਈਟਾਂ ਸਿੱਧਸਰ ਐੱਨਆਰਆਈ ਸੇਵਾ ਸੁਸਾਇਟੀ ਨੇ ਲਗਵਾ ਦਿੱਤੀਆਂ ਹਨ। ਕੱਦੋਂ ਨਿਸ਼ਕਾਮ ਸੇਵਾ ਸੁਸਾਇਟੀ ਨੇ ਇਸ ਸੜਕ ਦੇ ਆਲੇ-ਦੁਆਲੇ ਦੋਵੇਂ ਪਾਸੇ ਕੰਧਾਂ ਕਰਵਾ ਕੇ ਮਿਊਜ਼ਿਕ ਸਿਸਟਮ ਲਗਵਾ ਦਿੱਤਾ ਹੈ ਜਿਸ ਤੋਂ ਸੰਗਤ ਗੁਰਬਾਣੀ ਸਰਵਣ ਕਰਦੀ ਹੈ। ਇਸ 'ਤੇ ਅੱਠ ਲੱਖ ਰੁਪਏ ਖ਼ਰਚ ਆਏ ਹਨ। ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਪਿੰਡ ਵਿਚ ਜਿੱਥੇ ਵੀ ਖ਼ਾਲੀ ਥਾਂ ਮਿਲੀ, ਉੱਥੇ 2000 ਪੌਦੇ ਲਾ ਦਿੱਤੇ ਹਨ। ਇਸ ਤੋਂ ਇਲਾਵਾ 500 ਸਜਾਵਟੀ ਬੂਟੇ ਗਮਲਿਆਂ ਵਿਚ ਲਗਾਏ ਗਏ ਹਨ। ਇਨ੍ਹਾਂ ਪੌਦਿਆਂ ਅਤੇ ਬੂਟਿਆਂ ਦੀ ਲਗਾਤਰ ਦੇਖਭਾਲ ਕੀਤੀ ਜਾਂਦੀ ਹੈ। ਚੌਰਸਤਿਆਂ ਅਤੇ ਪਿੰਡ ਵਿਚ ਹੋਰ ਥਾਵਾਂ 'ਤੇ ਜਿੱਥੇ ਲੋਕ ਬੈਠਦੇ ਹਨ, ਉੱਥੇ 60 ਬੈਂਚ ਲਾ ਦਿੱਤੇ ਹਨ। ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਕੱਦੋਂ ਪਿੰਡ ਦੇ ਪਰਵਾਸੀ ਭਾਰਤੀ ਗੁਰਦੀਪ ਸਿੰਘ ਮੁੰਡੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਮਿਲ ਕੇ ਅੰਗਰੇਜ਼ੀ ਮਾਧਿਅਮ ਬਣਵਾ ਲਿਆ ਹੈ। ਇਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਲਈ ਦੋ ਕਮਰੇ ਦੋ ਪਰਵਾਸੀ ਪਰਿਵਾਰਾਂ ਦੀ ਮਦਦ ਨਾਲ ਬਣਾ ਦਿੱਤੇ ਸਨ। ਹੁਣ ਪ੍ਰਾਜੈਕਟਰ ਅਤੇ ਸਾਰਾ ਸਾਜ਼ੋ-ਸਾਮਾਨ ਸੁਸਾਇਟੀ ਨੇ ਲੈ ਕੇ ਦਿੱਤਾ ਹੈ। ਸਕੂਲ ਪਿੰਡ ਦੇ ਬਾਹਰਵਾਰ ਹੈ। ਇਸ ਲਈ ਛੋਟੇ ਬੱਚਿਆਂ ਨੂੰ ਸਕੂਲ ਲਿਆਉਣ-ਲਿਜਾਉਣ ਲਈ ਇਕ ਵੈਨ ਖ਼ਰੀਦ ਕੇ ਦਿੱਤੀ ਗਈ ਹੈ। ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਹਾਇਰ ਸੈਕੰਡਰੀ ਸਕੂਲ ਲਈ ਵੀ ਪ੍ਰਾਜੈਕਟਰ ਖ਼ਰੀਦ ਕੇ ਦਿੱਤੇ ਹਨ। ਸਕੂਲ ਦੀ ਸਫ਼ਾਈ, ਲਾਅਨ, ਪਾਰਕ ਅਤੇ ਬੂਟਿਆਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ। ਨੌਜਵਾਨ ਆਪਣੇ ਅਤੇ ਪਿੰਡ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਮਨਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਲੋਕਾਂ ਦੀ ਹਰ ਸਮੱਸਿਆ ਇਹ ਸੰਸਥਾਵਾਂ ਪੰਚਾਇਤ ਅਤੇ ਪਿੰਡ ਦੇ ਬਜ਼ੁਰਗਾਂ ਦੀ ਸਲਾਹ ਨਾਲ ਹੱਲ ਕਰ ਰਹੀਆਂ ਹਨ। ਕੇਰਲਾ ਦੇ ਹੜ੍ਹ ਪੀੜਤਾਂ ਲਈ 51 ਹਜ਼ਾਰ ਰੁਪਏ ਐੱਸਡੀਐੱਮ ਪਾਇਲ ਨੂੰ ਪਿੰਡ ਦੇ ਲੋਕਾਂ ਤੋਂ ਇਕੱਠੇ ਕਰ ਕੇ ਦਿੱਤੇ ਹਨ। ਪਿੰਡ ਕੱਦੋਂ ਇਕ ਕਿਸਮ ਨਾਲ ਨਮੂਨੇ ਦਾ ਪਿੰਡ ਬਣਨ ਜਾ ਰਿਹਾ ਹੈ। ਇਹ ਪਿੰਡ ਨੌਜਵਾਨਾਂ ਦੀਆਂ ਦੋਵੇਂ ਸੁਸਾਇਟੀਆਂ ਦੀ ਹਿੰਮਤ ਸਦਕਾ ਹੋਰਾਂ ਪਿੰਡਾਂ ਲਈ ਵੀ ਪ੍ਰੇਰਨਾ ਸਰੋਤ ਦਾ ਕੰਮ ਕਰੇਗਾ। ਕੱਦੋਂ ਪਿੰਡ ਦੇ ਨੌਜਵਾਨਾ ਨੇ ਫ਼ੈਸਲਾ ਕੀਤਾ ਹੈ ਕਿ ਪਿੰਡ ਵਿਚ ਨਸ਼ਾ ਵੇਚਣ ਵਾਲੇ ਨੂੰ ਵੜਨ ਨਹੀਂ Îਿਦੱਤਾ ਜਾਵੇਗਾ। ਇੱਥੇ ਸਰਕਾਰ ਤੋਂ ਕਿਸੇ ਕਿਸਮ ਦੀ ਆਰਥਿਕ ਮਦਦ ਨਹੀਂ ਲਈ ਜਾ ਰਹੀ ਪਰ ਸਰਕਾਰੀ ਅਮਲੇ ਦੀ ਪ੍ਰਵਾਨਗੀ ਅਤੇ ਸਲਾਹ ਨਾਲ ਕੰਮ ਹੋ ਰਹੇ ਹਨ। ਪਿੰਡ ਵਿਚ ਦੋ ਸਿਵਲ ਅਤੇ ਇਕ ਪਸ਼ੂਆਂ ਦੇ ਹਸਪਤਾਲ ਹਨ।

ਪੰਜਾਬ ਸਰਕਾਰ ਨੇ 'ਮੇਰਾ ਪਿੰਡ ਮੇਰੀ ਸ਼ਾਨ' ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਵਿਚ ਆਪੋ-ਆਪਣੇ ਪਿੰਡਾਂ ਨੂੰ ਹਰ ਪੱਖੋਂ ਖ਼ਾਸ ਤੌਰ 'ਤੇ ਸਫ਼ਾਈ ਪੱਖੋਂ ਸੁੰਦਰ ਬਣਾਉਣ ਲਈ ਕਈ ਕਿਸਮ ਦੇ ਇਨਾਮ ਰੱਖੇ ਹਨ। ਪਿੰਡ ਸਾਡੀ ਵਿਰਾਸਤ ਹਨ। ਪੁਰਾਤਨ ਸਮੇਂ ਵਿਚ ਇਹ ਕਹਾਵਤ ਆਮ ਸੀ ਕਿ ਪਿੰਡ ਤਾਂ ਗੁਹਾਰਿਆਂ ਤੋਂ ਹੀ ਪਛਾਣੇ ਜਾਂਦੇ ਹਨ। ਹੁਣ ਪਿੰਡਾਂ ਦੀ ਪਛਾਣ ਆਧੁਨਿਕ ਸਹੂਲਤਾਂ ਜਾਂ ਪਿੰਡ ਦੇ ਸਫ਼ਲ ਵਿਅਕਤੀਆਂ ਜਾਂ ਸਾਫ਼-ਸਫ਼ਾਈ ਤੋਂ ਹੁੰਦੀ ਹੈ। ਪਿੰਡਾਂ ਦਾ ਵਿਕਾਸ ਨਾ ਹੋਣ ਲਈ ਅਸੀਂ ਅਕਸਰ ਸਰਕਾਰਾਂ ਨੂੰ ਕਸੂਰਵਾਰ ਕਹਿੰਦੇ ਹਾਂ ਪਰ ਇਸ ਵਿਚ ਸਾਡਾ ਆਪਣਾ ਕਸੂਰ ਵੀ ਹੈ। ਪਿੰਡਾਂ ਦੇ ਵਿਕਾਸ ਅਤੇ ਸੁੰਦਰਤਾ ਲਈ ਇਕਮੁੱਠ ਹੋਵੋ। ਪਾਰਟੀਬਾਜ਼ੀ ਵਿਚ ਕੁਝ ਨਹੀਂ ਪਿਆ। ਪਿੰਡਾਂ ਦੇ ਨੌਜਵਾਨ ਇਸ ਪਾਸੇ ਸੁਚੱਜਾ ਯੋਗਦਾਨ ਪਾ ਸਕਦੇ ਹਨ। ਇਸ ਦੇ ਦੂਹਰੇ ਲਾਭ ਹੋਣਗੇ। ਇਕ ਤਾਂ ਨੌਜਵਾਨ ਆਹਰੇ ਲੱਗ ਜਾਣਗੇ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਕਿਹਾ ਜਾਂਦਾ ਹੈ। ਦੂਜਾ ਨਸ਼ਿਆਂ ਤੋਂ ਖਹਿੜਾ ਛੁੱਟ ਜਾਵੇਗਾ।

ਉਜਾਗਰ ਸਿੰਘ

94178 13072

Posted By: Sarabjeet Kaur