-ਪਰਮਬੀਰ ਕੌਰ

ਮੈਨੂੰ ਲਿਖਣ ਦੇ ਕੰਮ ਵਿਚ ਲੱਗਿਆਂ ਹੋਇਆਂ ਤਕਰੀਬਨ ਤਿੰਨ ਦਹਾਕੇ ਹੋ ਚੁੱਕੇ ਹਨ। ਮੈਂ ਜਦ ਇਸ ਬਾਰੇ ਸੋਚਣ ਲੱਗ ਜਾਂਦੀ ਹਾਂ ਤਾਂ ਸਾਰਾ ਘਟਨਾ-ਚੱਕਰ ਇਕ ਜਾਦੂ ਤੋਂ ਘੱਟ ਨਹੀਂ ਜਾਪਦਾ; ਬਿਲਕੁਲ ਇਕ ਸੁਪਨੇ ਜਿਹਾ। ਆਪਣੇ-ਆਪ ਨੂੰ ਮੈਂ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਲਫ਼ਜ਼ਾਂ ਦੀ ਵਿਲੱਖਣ ਤੇ ਤਲਿਸਮੀ ਸੰਗਤ ਮਾਣਨ ਦਾ ਮੌਕਾ ਮਿਲਿਆ। ਇਨ੍ਹਾਂ ਨੇ ਕਦੇ ਉਦਾਸੀ ਤੇ ਤਣਾਅ ਵਰਗੀਆਂ ਅਲਾਮਤਾਂ ਨੂੰ ਮੇਰੇ ਨੇੜੇ ਨਹੀਂ ਢੁੱਕਣ ਦਿੱਤਾ। ਅਸਲ ਵਿਚ ਮੇਰੇ ਪਿਤਾ ਜੀ ਨੇ ਬਚਪਨ ਵਿਚ ਹੀ ਮੈਨੂੰ ਆਪਣੇ ਸਿਲੇਬਸ ਤੋਂ ਇਲਾਵਾ ਪੁਸਤਕਾਂ, ਮੈਗਜ਼ੀਨ ਤੇ ਅਖ਼ਬਾਰਾਂ ਆਦਿ ਪੜ੍ਹਨ ਦੀ ਆਦਤ ਪਾ ਦਿੱਤੀ ਸੀ। ਇਸੇ ਸ਼ੌਕ ਸਦਕਾ, ਇਹ ਕੰਮ ਮੇਰੀਆਂ ਪਸੰਦੀਦਾ ਰੁਚੀਆਂ ਵਿੱਚੋਂ ਇਕ ਰਿਹਾ। ਪੁਰਾਣੇ ਸਮਿਆਂ ਵਿਚ ਜਦੋਂ ਘਰ ਦਾ ਸਾਮਾਨ ਆਮ ਹੀ ਅਖ਼ਬਾਰਾਂ ਤੇ ਰਸਾਲਿਆਂ ਦੇ ਕਾਗਜ਼ ਤੋਂ ਬਣੇ ਲਿਫ਼ਾਫ਼ਿਆਂ ਵਿਚ ਆਇਆ ਕਰਦਾ ਸੀ, ਕਦੇ ਕੋਈ ਲਿਫ਼ਾਫ਼ਾ ਤਕ ਪੜ੍ਹੇ ਬਿਨਾਂ ਨਹੀਂ ਸੀ ਛੱਡਿਆ। ਹੁਣ ਵੀ ਜਦੋਂ ਮੈਂ ਕਿਤੇ ਜਾਣਾ ਹੋਵੇ ਤਾਂ ਅਖ਼ਬਾਰ, ਪੁਸਤਕ ਜਾਂ ਰਸਾਲਾ ਆਦਿ ਜ਼ਰੂਰ ਨਾਲ ਲੈ ਕੇ ਜਾਂਦੀ ਹਾਂ ਤਾਂ ਜੋ ਵਿਹਲੇ ਸਮੇਂ ਨੂੰ ਕੁਝ ਚੰਗਾ ਪੜ੍ਹ ਕੇ ਸਫ਼ਲ ਕਰ ਸਕਾਂ।

ਫਿਰ ਸਮਾਂ ਪਾ ਕੇ ਜਿਹੜੀ ਗੱਲ ਪਹਿਲਾਂ ਕਦੇ ਖ਼ਾਬੋ-ਖ਼ਿਆਲ ਵਿਚ ਨਹੀਂ ਸੀ, ਮਨ ਵਿਚ ਆਪ ਕੁਝ ਲਿਖਣ ਦੀ ਪ੍ਰਬਲ ਇੱਛਾ ਜਾਗ ਪਈ। ਸਹਿਜੇ ਹੀ ਇਹ ਤਮੰਨਾ ਇਕ ਜਨੂੰਨ ਦਾ ਰੂਪ ਧਾਰ ਗਈ ਤੇ ਮੇਰੇ ਰੁਝੇਵਿਆਂ ਵਿੱਚੋਂ ਲਿਖਣ-ਕਾਰਜ ਨੇ ਪ੍ਰਮੁੱਖ ਸਥਾਨ ’ਤੇ ਕਬਜ਼ਾ ਕਰ ਲਿਆ। ਸ਼ਬਦਾਂ ਦੀ ਨੇੜਤਾ ਨੇ ਮੇਰੀ ਆਪਣੇ ਇਕ ਅਨਜਾਣੇ ਰੂਪ ਨਾਲ ਵੀ ਵਾਕਫ਼ੀਅਤ ਕਰਵਾਈ। ਬੇਹਿਸਾਬ ਖ਼ੁਸ਼ੀ ਤੇ ਸੰਤੁਸ਼ਟੀ ਦਾ ਸਬੱਬ ਬਣੀ ਇਹ ਪ੍ਰਕਿਰਿਆ। ਮਤਲਬ ਇਹ ਹੈ ਕਿ ਜ਼ਿੰਦਗੀ ਦੇ ਮਾਅਨੇ ਬਦਲ ਗਏ ਅਤੇ ਇਹ ਇਕ ਉਤਸਵ ਦੀ ਨਿਆਈਂ ਭਾਸਣ ਲੱਗੀ। ਕਦੇ ਇਹ ਖ਼ਿਆਲ ਮਨ ’ਤੇ ਹਾਵੀ ਹੋ ਜਾਂਦਾ ਹੈ ਕਿ ਅਗਰ ਲਫ਼ਜ਼ਾਂ ਨੇ ਮੇਰੀ ਬਾਂਹ ਨਾ ਫੜੀ ਹੁੰਦੀ ਤਾਂ ਕੀ ਬਣਦਾ!

ਸਾਹਮਣੇ ਬਸ ਇਕ ਕੋਰਾ ਕਾਗਜ਼ ਤੇ ਹੱਥ ਵਿਚ ਕਲਮ ਹੋਣ ਦੀ ਦੇਰ ਹੁੰਦੀ ਹੈ ਅਤੇ ਜਾਪੇਗਾ ਜਿਵੇਂ ਕੋਈ ਚਮਤਕਾਰ ਹੋ ਰਿਹਾ ਹੋਵੇ। ਮਨ ਵਿਚ ਖ਼ਿਆਲਾਂ ਦਾ ਇਕ ਨਿਰੰਤਰ ਵਗਦਾ ਝਰਨਾ ਫੁੱਟ ਨਿਕਲਦਾ ਹੈ ਅਤੇ ਬਣੇ-ਫੱਬੇ ਲਫ਼ਜ਼ ਕਾਗ਼ਜ਼ ’ਤੇ ਲਹਿਣੇ ਸ਼ੁਰੂ ਹੋ ਜਾਂਦੇ ਨੇ। ਕਦੇ ਲਿਖਣ ਸਮੇਂ ਇਹ ਵੀ ਲੱਗਦਾ ਹੈ ਕਿ ਜਿਵੇਂ ਅੱਖਰ ਕੁਝ ਹੋਰ ਨਾ ਹੋ ਕੇ, ਕੋਈ ਰੰਗ-ਬਰੰਗੇ ਫੁੱਲ ਹੋਣ ਅਤੇ ਮੈਂ ਉਨ੍ਹਾਂ ਨੂੰ ਇਕ ਆਕਰਸ਼ਕ ਤਰਤੀਬ ਵਿਚ ਸੋਹਣੇ ਜਿਹੇ ਫੁੱਲਦਾਨ ਵਿਚ ਸਜਾ ਕੇ ਰੱਖਣਾ ਹੈ। ਫਿਰ ਇਹ ਲਫ਼ਜ਼ ਇਕ ਸੋਹਣੀ ਜਿਹੀ ਪੱਛੀ ਵਿਚ ਪਏ ਵੰਨ-ਸੁਵੰਨੇ ਮੋਤੀ ਹੋਣ ਦਾ ਵੀ ਭੁਲੇਖਾ ਪਾਉਂਦੇ ਨੇ। ਇਨ੍ਹਾਂ ਨੂੰ ਕਿਸੇ ਮਨਮੋਹਕ ਆਕਾਰ ਵਿਚ ਇਕ ਕੈਨਵਸ ਉੱਤੇ ਜੜਨ ਦੀ ਚੁਣੌਤੀ, ਮਨ ਨੂੰ ਨਿਵੇਕਲੇ ਸੁਖਦ ਅਹਿਸਾਸ ਨਾਲ ਲਬਰੇਜ਼ ਕਰੀ ਰੱਖਦੀ ਹੈ। ਕਦੇ ਇਹ ਲਫ਼ਜ਼ ਮੈਨੂੰ ਕਸੀਦਾ ਕੱਢਣ ਲਈ ਰੰਗ-ਬਰੰਗੀਆਂ ਧਾਗੇ ਦੀਆਂ ਗੁੱਛੀਆਂ ਜਾਪਦੇ ਨੇ। ਸੱਚ ਇਹੀ ਹੈ ਕਿ ਲਫ਼ਜ਼ਾਂ ਦੀ ਮਹਿਫ਼ਲ ਵਿਚ ਬੈਠਿਆਂ, ਫੁਰਨੇ ਵੀ ਅਣਕਿਆਸੀਆਂ ਕਾਲਪਨਿਕ ਉਡਾਰੀਆਂ ਮਾਰਨ ਲੱਗਦੇ ਨੇ। ਆਪਣੇ ਅੰਦਰਲਾ ਰੌਣਕ-ਮੇਲਾ ਪੂਰੇ ਜੋਬਨ ’ਤੇ ਹੁੰਦਾ ਹੈ, ਇਸ ਵਕਤ। ਠਰੰ੍ਹਮੇ, ਇਕਾਗਰਤਾ ਤੇ ਲਗਨ ਨਾਲ ਕੀਤੀ ਗਈ ਨਿਰੰਤਰ ਮਿਹਨਤ ਸਦਕਾ ਜੋ ਸੰਤੁਸ਼ਟੀ ਮਿਲਦੀ ਹੈ, ਕਿਸੇ ਵਰਣਨ ਤੋਂ ਪਰ੍ਹਾਂ ਦੀ ਬਾਤ ਹੈ।

ਆਪਣੀ ਹੀ ਲਿਖੀ ਹੋਈ ਰਚਨਾ ਮੁੜ ਤੋਂ ਪੜ੍ਹਨ ’ਤੇ ਇਕ ਅਨੋਖੀ ਹੈਰਾਨੀ-ਭਰੀ ਖ਼ੁਸ਼ੀ ਦੇ ਜਾਂਦੀ ਹੈ। ਲਿਖਣ ਸਮੇਂ ਬੰਦਾ ਨਿਰੰਤਰ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ। ਲਫ਼ਜ਼ਾਂ ਦੀ ਸੋਚ-ਸਮਝ ਕੇ ਵਰਤੋਂ ਕਰਨੀ ਜ਼ਰੂਰੀ ਮਹਿਸੂਸ ਹੁੰਦੀ ਹੈ; ਅਸੀਂ ਜਵਾਬਦੇਹ ਜੋ ਹੁੰਦੇ ਹਾਂ ਇਨ੍ਹਾਂ ਨੂੰ। ਇਨ੍ਹਾਂ ਦੀ ਸਮਰੱਥਾ ’ਤੇ ਪਹੁੰਚ ਦਾ ਵੀ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਰਚਨਾ ਦੇ ਅਖ਼ਬਾਰ ਜਾਂ ਰਸਾਲੇ ਵਿਚ ਪ੍ਰਕਾਸ਼ਿਤ ਹੋਣ ’ਤੇ ਪਾਠਕ ਲਿਖਣ ਵਾਲੇ ਤਕ ਆਪਣੇ ਬੇਸ਼ਕੀਮਤੀ ਵਿਚਾਰ ਪੁੱਜਦੇ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਲਿਖਤ ਦਾ ਅਸਲ ਮੁਲਾਂਕਣ ਤਾਂ ਕਰ ਵੀ ਪਾਠਕ ਹੀ ਸਕਦੇ ਨੇ। ਹਰ ਪਾਠਕ ਦਾ ਆਪਣਾ ਇਕ ਖ਼ਾਸ ਨਜ਼ਰੀਆ ਹੁੰਦਾ ਹੈ ਅਤੇ ਉਹ ਉਸੇ ਅਨੁਸਾਰ ਲਿਖਤ ਦੀ ਟੀਕਾ-ਟਿੱਪਣੀ ਕਰਦੇ ਹਨ। ਫਿਰ ਕੁਝ ਇਸ ਕਦਰ ਉਤਸ਼ਾਹਜਨਕ ਵਿਚਾਰ ਪ੍ਰਗਟਾਉਂਦੇ ਹਨ ਕਿ ਕਲਮਕਾਰ ਨੂੰ ਲਿਖਣ ਦੇ ਚਮਤਕਾਰੀ ਰਾਹ ’ਤੇ ਕਦੇ ਡਗਮਗਾਉਣ ਨਹੀਂ ਦਿੰਦੇ। ਉਨ੍ਹਾਂ ਦੀ ਸੋਚ ਦੇ ਦਾਇਰੇ ਦੀ ਵਿਸ਼ਾਲਤਾ ਦਾ ਅੰਤ ਨਹੀਂ। ਬੰਦਾ ਦੰਗ ਰਹਿ ਜਾਂਦਾ ਹੈ ਕਿ ਜੋ ਉਸ ਨੇ ਲਿਖਿਆ ਹੈ, ਕਈ ਉਸ ਤੋਂ ਕਿੰਨੀ ਪ੍ਰੇਰਨਾ ਵੀ ਲੈ ਲੈਂਦੇ ਨੇ। ਪਿੱਛੇ ਜਿਹੇ ਇਕ ਦਿਨ ਅਖ਼ਬਾਰ ਵਿਚ ਜਦੋਂ ਮੇਰੀ ਰਚਨਾ ਪ੍ਰਕਾਸ਼ਿਤ ਹੋਈ ਤਾਂ ਉਸ ਦਿਨ ਸਬੱਬੀ ਮੇਰਾ ਫੋਨ ਖ਼ਰਾਬ ਸੀ।

ਮੈਨੂੰ ਖ਼ਿਆਲ ਵੀ ਆਇਆ ਕਿ ਕਈਆਂ ਨੂੰ ਫੋਨ ਨਾ ਮਿਲਣ ’ਤੇ ਨਿਰਾਸ਼ਾ ਹੋਵੇਗੀ ਅਤੇ ਜ਼ਾਹਿਰ ਹੈ ਕਿ ਪਾਠਕਾਂ ਦੇ ਸੁਨੇਹੇ ਲੇਖਕ ਨੂੰ ਵੀ ਖ਼ੁਸ਼ੀ ਦਿੰਦੇ ਹਨ ਪਰ ਮੈਂ ਬੇਵੱਸ ਸਾਂ। ਵ੍ਹਟਸਐਪ ਰਾਹੀਂ ਜਿਹੜੇ ਸੁਨੇਹੇ ਆਏ, ਉਨ੍ਹਾਂ ਵਿੱਚੋਂ ਦੋ-ਤਿੰਨ ਨੇ ਤਾਂ ਸ਼ਿਕਾਇਤ ਕੀਤੀ ਕਿ ਮੈਂ ਉਨ੍ਹਾਂ ਦਾ ਫੋਨ ਨਹੀਂ ਸੁੁਣਿਆ। ਮੈਂ ਮਾਫ਼ੀ ਮੰਗਣ ਦੇ ਨਾਲ ਉਨ੍ਹਾਂ ਨੂੰ ਆਪਣੀ ਮਜਬੂਰੀ ਵੀ ਦੱਸੀ। ਮਹਿਸੂਸ ਕੀਤਾ ਕਿ ਅਜੋਕੀ ਅਸੀਮ ਤਕਨੀਕੀ ਤਰੱਕੀ ਦੇ ਯੁੱਗ ਵਿਚ ਜਿਸ ਦਿਨ ਰਚਨਾ ਛਪੀ ਹੋਵੇ, ਘੱਟੋ-ਘੱਟ ਉਸ ਦਿਨ ਤਾਂ ਫੋਨ ਦਾ ਸਹੀ-ਸਲਾਮਤ ਚੱਲਦੇ ਰਹਿਣਾ ਲਾਜ਼ਮੀ ਹੈ। ਹੁਣ ਇਕ ਹੋਰ ਧਿਰ ਵੀ ਹੈ ਜੋ ਮੈਨੂੰ ਨਿਰੰਤਰ ਲਿਖਦਿਆਂ ਵੇਖਣਾ ਚਾਹੁੰਦੀ ਹੈ। ਉਹ ਹੈ ਮੇਰੇ ਬੱਚਿਆਂ ਦੇ ਬੱਚੇ। ਪਿੱਛੇ ਜਿਹੇ ਮੇਰੀ ਸੱਤ ਸਾਲ ਦੀ ਪੋਤੀ ਸੁਹਾਵੀ, ਆਪਣੇ ਮੰਮੀ-ਪਾਪਾ ਨਾਲ ਇਕ ਦਿਨ ਬਾਜ਼ਾਰੋਂ ਵਾਪਸ ਆਈ ਤਾਂ ਉਹ ਮੇਰੇ ਲਈ ਇਕ ਨਿੱਕੀ ਜਿਹੀ, ਆਕਰਸ਼ਕ ਡਾਇਰੀ ਲੈ ਕੇ ਆਈ ਸੀ। ਉਹ ਮੈਨੂੰ ਦਿੰਦਿਆਂ ਉਸ ਨੇ ਆਖਿਆ, ‘‘ਦੇਖੋ ਦਾਦੀ ਮਾਂ, ਤੁਹਾਡੇ ਲਈ ਮੈਂ ਕਿੰਨੀ ਸੋਹਣੀ ਡਾਇਰੀ ਲੈ ਕੇ ਆਈ ਆਂ। ਹੁਣ ਤੁਸੀਂ ਬਸ ਇਸੇ ਵਿਚ ਲਿਖਿਆ ਕਰਨਾ; ਠੀਕ ਏ ਨਾ?’’ ਮੈਂ ਉਸ ਨੂੰ ਪੁਚਕਾਰਦਿਆਂ ਕਿਹਾ, ‘‘ਵਾਹ ਸੁਹਾਵੀ, ਤੁਸੀਂ ਸੱਚੁਮੱਚ ਕਿੰਨਾ ਸੋਹਣਾ ਤੋਹਫ਼ਾ ਲੈ ਕੇ ਆਏ ਓ; ਸ਼ੁਕਰੀਆ ਬੇਟਾ!’’

‘‘ਤੁਸੀਂ ਵੀ ਤਾਂ ਮੇਰੇ ਕਿੰਨੇ ਪਿਆਰੇ ਦੋਸਤ ਓ, ਦਾਦੀ ਮਾਂ।’’ ਆਖ ਕੇ ਸੁਹਾਵੀ ਖਿੜਖਿੜਾ ਕੇ ਹੱਸੀ। ਦੋਹਤਰੀ ਹਰਗੁਣ ਕੁਝ ਦਿਨ ਪਹਿਲਾਂ ਮੇਰੇ ਲਈ ਇਕ ਸੋਹਣਾ ਜਿਹਾ ਪੈੱਨ ਲੈ ਆਈ। ਆਖਦੀ, ‘‘ਨਾਨੀ, ਤੁਸੀਂ ਇਸ ਪੈੱਨ ਨਾਲ ਕੋਈ ਬਾਲ-ਕਹਾਣੀ ਲਿਖਣਾ, ਤੁਹਾਨੂੰ ਬੜਾ ਅੱਛਾ ਲੱਗੇਗਾ।’’ ਉਹ ਬੜੇ ਸ਼ੌਕ ਨਾਲ ਮੇਰੀਆਂ ਲਿਖੀਆਂ ਬਾਲ ਕਹਾਣੀਆਂ ਪੜ੍ਹਦੀ ਤੇ ਉਨ੍ਹਾਂ ਬਾਰੇ ਕਈ ਵੱਡਮੁੱਲੀਆਂ ਟਿੱਪਣੀਆਂ ਵੀ ਕਰਦੀ ਹੈ। ਨੇੜੇ ਪੈਂਦੀ ਇਕ ਲਾਇਬ੍ਰੇਰੀ ਵਿਚ ਹਰਗੁਣ ਨੇ ਆਪਣੀ ਸਹੇਲੀ ਨੂੰ ਮੇਰੀ ਇਕ ਬਾਲ-ਕਹਾਣੀਆਂ ਦੀ ਕਿਤਾਬ ਪੜ੍ਹਦਿਆਂ ਵੇਖਿਆ। ਉਸ ਨੂੰ ਬੜੇ ਮਾਣ ਨਾਲ ਦੱਸ ਕੇ ਆਈ, ‘‘ਇਹ ਮੇਰੇ ਨਾਨੀ ਮਾਂ ਦੀ ਲਿਖੀ ਹੋਈ ਕਿਤਾਬ ਏ।’’ ਮੈਨੂੰ ਵਿਸ਼ਵਾਸ ਹੈ ਕਿ ਉਪਰੋਕਤ ਸਾਰੇ ਸਬੱਬ ਮੈਨੂੰ ਨਿਰੰਤਰ ਲਿਖਣ ਵਾਲੇ ਰਾਹ ਦਾ ਪਾਂਧੀ ਬਣਾਈ ਰੱਖਣਗੇ।

-ਮੋਬਾਈਲ : 98880-98379

Posted By: Jatinder Singh