ਵੈਲੇਨਟਾਈਨ ਡੇਅ ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਵੱਖ-ਵੱਖ ਢੰਗਾਂ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਪ੍ਰੇਮੀ ਜੋੜੇ ਇਕ-ਦੂਜੇ ਨੂੰ ਫੁੱਲ, ਚਾਕਲੇਟ, ਕਾਰਡ, ਦਿਲ ਰੂਪੀ ਗੁਬਾਰੇ ਜਾਂ ਗੁਲਾਬ ਦੇ ਫੁੱਲ ਤੋਹਫ਼ੇ ਵਜੋਂ ਦੇ ਕੇ ਆਪਣੇ ਪਿਆਰ ਦਾ ਇਜ਼ਾਹਰ ਕਰਦੇ ਹਨ। ਕਾਲਜ ਤੇ ਯੂਨੀਵਰਸਿਟੀਆਂ ਵਿਚ ਉਤਸਵ ਵਰਗਾ ਮਾਹੌਲ ਵੇਖਣ ਨੂੰ ਮਿਲਦਾ ਹੈ। ਇਸ ਮੌਕੇ ਮੈਂ ਆਪਣੇ ਵਿਆਹ ਦਾ ਜ਼ਿਕਰ ਕਰਨਾ ਚਾਹਾਂਗਾ। ਸਾਡਾ ਵਿਆਹ 14 ਅਕਤੂਬਰ 2002 ਨੂੰ ਹੋਇਆ ਸੀ ਅਤੇ ਸਾਰਾ ਕੁਝ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਸੀ। ਅਚਾਨਕ ਜ਼ਿੰਦਗੀ ਵਿਚ ਅਜਿਹਾ ਕੁਝ ਹੋਇਆ ਜਿਸ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ। ਸੰਨ 2010 ਵਿਚ ਲਿਵਰ ਦੀ ਭਿਆਨਕ ਬਿਮਾਰੀ ਕਾਰਨ ਪੀਲੀਏ ਤੋਂ ਬਾਅਦ ਮੇਰਾ ਲਿਵਰ ਖ਼ਰਾਬ ਹੋ ਗਿਆ। ਡਾਕਟਰਾਂ ਨੇ ਜ਼ਿੰਦਗੀ ਬਚਾਉਣ ਦਾ ਇੱਕੋ-ਇਕ ਹੱਲ ਕੇਵਲ ਲਿਵਰ ਟਰਾਂਸਪਲਾਂਟ ਦੱਸਿਆ। ਤੁਰੰਤ ਜ਼ਰੂਰਤ ਇਕ ਲਿਵਰ ਦਾਨੀ ਦੀ ਸੀ। ਪੂਰੀ ਜੱਦੋਜਹਿਦ ਤੋਂ ਬਾਅਦ ਵੀ ਕਿਤੋਂ ਦਾਨੀ ਨਾ ਮਿਲਿਆ। ਇੰਜ ਮੇਰੀ ਪਤਨੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਆਪਣਾ ਲਿਵਰ ਦਾਨ ਕਰਨ ਦਾ ਫ਼ੈਸਲਾ ਲਿਆ। ਜੁਲਾਈ 2011 ਵਿਚ ਮੇਰੀ ਪਤਨੀ ਵੱਲੋਂ ਦਾਨ ਕੀਤੇ ਗਏ ਲਿਵਰ ਦਾ 65% ਹਿੱਸਾ ਮੇਰੇ ਸਰੀਰ 'ਚ ਟਰਾਂਸਪਲਾਂਟ ਕੀਤਾ ਗਿਆ। ਇਸ ਦੇ ਨਤੀਜੇ ਵਜੋਂ ਮੈਂ ਹੁਣ ਬਿਲਕੁਲ ਠੀਕ-ਠਾਕ ਹਾਂ। ਪਤਨੀ ਵੱਲੋਂ ਮੈਨੂੰ ਦਿੱਤੇ ਗਏ ਅਦੁੱਤੀ ਜ਼ਿੰਦਗੀ ਦੇ ਇਸ ਤੋਹਫੇ ਨੇ ਸਾਡੀ ਜ਼ਿੰਦਗੀ ਦਾ ਕਾਇਆਕਲਪ ਕਰ ਦਿੱਤਾ ਹੈ। ਉਸ ਤੋਂ ਬਾਅਦ ਸਾਡੇ ਘਰ ਇਕ ਬੇਟਾ ਪੈਦਾ ਹੋਇਆ ਜੋ ਅੱਜ 5 ਸਾਲ ਦਾ ਹੈ। ਫਿਲਮਾਂ ਜਾਂ ਗਾਣਿਆਂ ਵਿਚ ਤਾਂ ਆਮ ਕਹਿੰਦੇ ਸੁਣਿਆ ਜਾਂਦਾ ਹੈ ਕਿ ਤੇਰੇ ਲੀਏ ਦਿਲ, ਜਿਗਰ, ਜਾਨ ਦੇ ਦਿਆਂਗਾ ਪਰ ਮੇਰੀ ਪਤਨੀ ਨੇ ਤਾਂ ਅਜਿਹਾ ਸੱਚਮੁੱਚ ਹੀ ਕਰ ਦਿਖਾਇਆ। ਇਹ ਕੇਵਲ ਤਿਆਗ ਦਾ ਕੰਮ ਹੀ ਨਹੀਂ ਸੀ ਸਗੋਂ ਇਸ ਨਾਲ ਮੈਨੂੰ ਨਵੀਂ ਜ਼ਿੰਦਗੀ ਵੀ ਮਿਲੀ। ਇੰਜ ਸਾਡੇ ਪਿਆਰ ਨੂੰ ਵੀ ਨਵੇਂ ਅਰਥ ਮਿਲ ਗਏ ਹਨ। ਸਾਡੇ ਲਈ ਤਾਂ ਹਰ ਦਿਨ ਵੈਲੇਨਟਾਈਨ ਡੇਅ ਹੁੰਦਾ ਹੈ। ਹਰ ਦਿਨ ਜ਼ਿੰਦਗੀ ਦਾ ਇਕ ਬੋਨਸ ਦਿਨ ਹੈ। ਹੁਣ ਅਸੀਂ ਪਤੀ-ਪਤਨੀ ਨੇ ਰਹਿੰਦੀ ਜ਼ਿੰਦਗੀ ਤਕ ਸਮਾਜ ਨੂੰ ਅੰਗਦਾਨ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਅਸੀਂ ਪੀਜੀਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬ ਦੇ ਕਈ ਸਥਾਨਾਂ 'ਤੇ ਅੰਗਦਾਨ ਜਾਗਰੂਕਤਾ ਸਬੰਧੀ ਕੈਂਪ ਵੀ ਲਗਾ ਚੁੱਕੇ ਹਾਂ ਅਤੇ ਲੋਕਾਂ ਦੇ ਅੰਗਦਾਨੀ ਕਾਰਡ ਬਣਵਾ ਚੁੱਕੇ ਹਾਂ। ਅਮਰੀਕਾ 'ਚ ਤਾਂ 14 ਫਰਵਰੀ ਨੂੰ ਵੈਲੇਨਟਾਈਨ ਡੇਅ ਤੋਂ ਵੱਧ ਕੇ ਇਹ ਦਿਨ“ ਆਰਗਨ ਡੋਨੇਸ਼ਨ ਦਿਵਸ” ਦੇ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਲੋਕ ਇਕ-ਦੂਜੇ ਨੂੰ ਅੰਗਦਾਨ ਦਾ ਮਹੱਤਵ ਦੱਸਦੇ ਹੋਏ ਅੰਗਦਾਨ ਸਬੰਧੀ ਪ੍ਰੇਰਿਤ ਕਰਦੇ ਹਨ। ਸਾਨੂੰ ਵੀ ਇਸ ਵੈਲੇਨਟਾਈਨ ਡੇਅ ਨੂੰ ਇਕ ਵੱਖਰੇ ਢੰਗ ਨਾਲ ਮਨਾਉਂਦੇ ਹੋਏ ਆਪਣੇ ਅੰਗਦਾਨ ਕਾਰਡ ਬਣਾਉਣੇ ਚਾਹੀਦੇ ਹਨ।

-ਪ੍ਰਵੀਨ ਕੁਮਾਰ ਰਤਨ, ਚੰਡੀਗੜ੍ਹ।

Posted By: Jagjit Singh