-ਡਾ. ਧਰਮਪਾਲ ਸਾਹਿਲ

ਸਾਲ 1992 ਦੀ ਗੱਲ ਹੈ। ਤਲਵਾੜਾ ਦੇ ਇਕ ਸੈਕਟਰ ਵਿਚ ਇਕ ਸਕੂਲ ਦਾ ਗੇਟਕੀਪਰ ਸੀ ਉੱਤਮ ਚੰਦ। ਉਹ ਪ੍ਰਾਈਵੇਟ ਤੌਰ 'ਤੇ ਤਾਇਨਾਤ ਸੀ। ਉਮਰ 60-65 ਦੇ ਵਿਚਕਾਰ ਹੋਵੇਗੀ। ਗਜ਼ਬ ਦੀ ਡਰੈਸਿੰਗ ਸੈਂਸ ਸੀ। ਗੱਲ ਕਰਨ ਦਾ ਸੱਭਿਅਕ ਸਲੀਕਾ ਸੀ ਉਹਦਾ। ਉਹ ਹਰ ਤਰ੍ਹਾਂ ਦੇ ਮੌਸਮ ਅਤੇ ਹਾਲਾਤ ਵਿਚ ਕਿਸੇ ਫ਼ੌਜੀ ਵਾਂਗ ਸਭ ਤੋਂ ਪਹਿਲਾਂ ਆਪਣੀ ਡਿਊਟੀ 'ਤੇ ਹਾਜ਼ਰ ਹੋ ਜਾਂਦਾ। ਅਕਸਰ ਅਧਿਆਤਮਕ ਵਿਸ਼ੇ ਤੇ ਗੱਲਾਂ ਕਰਦਾ। ਪੁਰਾਣੇ ਫਿਲਮੀ ਗਾਣਿਆਂ, ਸੰਗੀਤਕਾਰਾਂ, ਗਾਇਕਾਂ ਅਤੇ ਗੀਤਕਾਰਾਂ ਬਾਰੇ ਡੂੰਘੀ ਜਾਣਕਾਰੀ ਸੀ ਉਸ ਨੂੰ। ਨੇੜਲੇ ਪਹਾੜੀ ਪਿੰਡ ਡੌਹਰ ਦਾ ਵਾਸੀ ਸੀ ਉੱਤਮ ਚੰਦ। ਪਿੰਡ ਪਰਤਣ ਤੋਂ ਪਹਿਲਾਂ ਮੁੰਬਈ ਵਿਚ ਉਸ ਦਾ ਮੋਟਰਸਾਈਕਲ ਦੇ ਪੁਰਜ਼ੇ ਬਣਾਉਣ ਦਾ ਕਾਰੋਬਾਰ ਸੀ। ਚੋਖੀ ਆਮਦਨ ਸੀ। ਮਾਲਕ ਦਾ ਦਿੱਤਾ ਸਭ ਕੁਝ ਸੀ ਪਰ ਸੰਤਾਨ ਸੁੱਖ ਉਸ ਦੇ ਕਰਮਾਂ ਵਿਚ ਨਹੀਂ ਸੀ। ਇਕ ਵਾਰ ਉਹ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ। ਉਸ ਦਾ ਕਾਰੋਬਾਰੀ ਪਾਰਟਨਰ ਧੋਖਾ ਦੇ ਗਿਆ। ਕਾਫ਼ੀ ਪੈਸਾ ਬਿਮਾਰੀ ਦੇ ਇਲਾਜ 'ਤੇ ਖ਼ਰਚ ਹੋ ਗਿਆ ਅਤੇ ਕਾਰੋਬਾਰ ਠੱਪ ਹੋ ਗਿਆ। ਮਨ ਮੁੰਬਈ ਤੋਂ ਉਚਾਟ ਹੋ ਗਿਆ।

ਉਹ ਪਤਨੀ ਨਾਲ ਪਿੰਡ ਪਰਤ ਆਇਆ। ਕਿਸੇ ਭਲੇ ਆਦਮੀ ਨੇ ਉਸ ਨੂੰ ਇਸ ਸਕੂਲ ਵਿਚ ਗੇਟਕੀਪਰ ਰਖਾ ਦਿੱਤਾ। ਗੁਜ਼ਾਰਾ ਹੋਣ ਲੱਗ ਪਿਆ। ਇਕ ਵਾਰ ਗਰਮੀਆਂ ਦੇ ਦਿਨਾਂ ਵਿਚ ਜੰਗਲ ਨੂੰ ਅੱਗ ਲੱਗ ਗਈ। ਉੱਤਮ ਚੰਦ ਦਾ ਘਰ ਤਾਂ ਜੰਗਲ ਦੇ ਇਕਦਮ ਕਰੀਬ ਸੀ ਪਰ ਪਿੰਡ ਵਾਲਿਆਂ ਨੇ ਬੜਾ ਉੱਦਮ ਕਰ ਕੇ ਘਰਾਂ ਵੱਲ ਵੱਧਦੀ ਅੱਗ ਵਿਚਾਲੇ ਰੋਕ ਕੇ ਪਿੰਡ ਨੂੰ ਬਚਾ ਲਿਆ। ਮੈਂ ਪਹਿਲੀ ਵਾਰ ਉੱਤਮ ਦੇ ਪਿੰਡ ਉਸ ਦਾ ਹਾਲਚਾਲ ਪੁੱਛਣ ਗਿਆ। ਸਾਧਾਰਨ ਜਿਹਾ ਮਕਾਨ। ਇਕ ਕਮਰੇ ਅੰਦਰ ਲੋੜੀਂਦੇ ਸਾਮਾਨ ਦੇ ਨਾਲ-ਨਾਲ ਕੁਝ ਸਾਜ਼ ਵੀ ਰੱਖੇ ਹੋਏ ਸਨ। ਮੇਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਨੂੰ ਕਈ ਤਰ੍ਹਾਂ ਦੇ ਸਾਜ਼ ਵਜਾਉਣ ਦਾ ਸ਼ੌਕ ਸੀ। ਮੁੰਬਈ 'ਚ ਉਸ ਨੇ ਕਦੇ-ਕਦੇ ਫਿਲਮੀ ਗਾਣਿਆਂ ਦੀ ਰਿਕਾਰਡਿੰਗ ਲਈ ਸਾਜਿੰਦੇ ਦੇ ਤੌਰ 'ਤੇ ਕੰਮ ਕਰ ਲਿਆ ਕਰਦਾ ਸੀ। Àਸ ਨੇ ਕਈ ਹਿੱਟ ਗਾਣਿਆਂ ਦੀ ਰਿਕਾਰਡਿੰਗ 'ਚ ਭਾਗ ਲਿਆ ਸੀ। ਮੇਰੀ ਫਰਮਾਇਸ਼ 'ਤੇ ਉਸ ਨੇ ਕਈ ਗਾਣਿਆਂ ਦੀਆਂ ਧੁਨਾਂ ਹਰਮੋਨੀਅਮ, ਗਿਟਾਰ ਅਤੇ ਮੈਂਡੋਲਿਨ 'ਤੇ ਵਜਾ ਕੇ ਸੁਣਾਈਆਂ। ਮੈਂ ਉੱਤਮ ਦੀ ਇਸ ਕਲਾ ਦਾ ਕਾਇਲ ਹੋ ਗਿਆ। ਤਲਵਾੜਾ ਦੇ ਇਕ ਪਹਾੜੀ 'ਤੇ ਪੱਛੜੇ ਜਿਹੇ ਪਿੰਡ ਵਿਚ ਇਕ ਇੰਨਾ ਵੱਡਾ ਕਲਾਕਾਰ ਬੈਠਾ ਸੀ ਜੋ ਸਾਡੇ ਸਕੂਲ 'ਚ ਥੋੜ੍ਹੇ ਜਿਹੇ ਪੈਸਿਆਂ ਬਦਲੇ ਗੇਟਕੀਪਰੀ ਕਰ ਰਿਹਾ ਸੀ। ਮੈਂ ਉੱਤਮ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ। ਦਸਵੀਂ ਵਿਚ ਪੜ੍ਹਦੇ ਮੇਰੇ ਬੇਟੇ ਰਾਹੁਲ ਨੇ ਜ਼ਿੱਦ ਕੀਤੀ ਕਿ ਉੱਤਮ ਜੀ ਨੂੰ ਕਹੋ ਕਿ ਉਹ ਮੈਨੂੰ ਮੈਂਡੋਲਿਨ ਵਜਾਉਣਾ ਸਿਖਾਉਣ। ਕਈ ਵਾਰ ਟਾਲਣ ਉਪਰੰਤ ਉੱਤਮ ਇਸ ਸ਼ਰਤ 'ਤੇ ਤਿਆਰ ਹੋਇਆ ਕਿ ਪਹਿਲਾਂ ਮੈਂ ਉਸ ਬੱਚੇ ਨੂੰ ਟੈਸਟ ਕਰਾਂਗਾ ਕਿ ਉਸ 'ਚ ਸੰਗੀਤ ਸਿੱਖਣ ਦੀ ਪ੍ਰਤਿਭਾ ਹੈ ਜਾਂ ਨਹੀਂ। ਉਸ ਦੀ ਇਸ ਸ਼ਰਤ 'ਤੇ ਰਾਹੁਲ ਨੇ ਉੱਤਮ ਚੰਦ ਕੋਲ ਜਾਣਾ ਸ਼ੂਰੂ ਕਰ ਦਿੱਤਾ। ਜਦੋਂ ਇਕ-ਦੋ ਗਾਣਿਆਂ 'ਤੇ ਰਾਹੁਲ ਦੀ ਚੰਗੀ ਪਕੜ ਬਣ ਗਈ ਤਾਂ ਉਸ ਨੇ ਉਸ ਨੂੰ ਬਾਕਾਇਦਾ ਮੈਂਡੋਲਿਨ ਸਿਖਾਉਣਾ ਸ਼ੂਰੂ ਕਰ ਦਿੱਤਾ। ਸਾਡੇ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਸਮੇਂ ਵਿਦਿਆਰਥੀਆਂ ਨੂੰ ਕਤਾਰਾਂ ਵਿਚ ਖੜ੍ਹੇ ਕਰ ਕੇ ਇਕ ਟੇਪ 'ਤੇ ਰਿਕਾਰਡ ਕੀਤੀ ਹੋਈ ਪ੍ਰਾਰਥਨਾ ਅਤੇ ਰਾਸ਼ਟਰ ਗਾਨ ਦੀ ਧੁਨ ਵਜਾ ਦਿੱਤੀ ਜਾਂਦੀ।

ਮੈਨੂੰ ਅੰਦਰੋ-ਅੰਦਰੀ ਇਹ ਗੱਲ ਬਹੁਤ ਚੁਭਦੀ। ਸਾਡੇ ਸਕੂਲ ਵਿਚ ਕੋਈ ਸੰਗੀਤ ਅਧਿਆਪਕ ਵੀ ਨਹੀਂ ਸੀ। ਇਕ ਅਧਿਆਪਕ ਜਿਹੜਾ ਸਕੂਲ ਦੀਆਂ ਪਾਰਟੀਆਂ ਵਿਚ ਅਕਸਰ ਗੀਤ ਗਾਉਂਦਾ ਸੀ, ਮੈਂ ਉਸ ਨੂੰ ਨਿੱਜੀ ਤੌਰ 'ਤੇ ਕਿਹਾ, ''ਕੁਝ ਬੱਚੇ ਚੁਣ ਕੇ ਉਨ੍ਹਾਂ ਨੂੰ ਕੋਈ ਪ੍ਰਾਰਥਨਾ ਤੇ ਰਾਸ਼ਟਰ ਗਾਨ ਦੀ ਲੈਅ ਹੀ ਦੱਸ ਦਿਉ।'' ਉਸ ਦਾ ਰੁੱਖਾ ਅਤੇ ਕੋਰਾ ਜਵਾਬ ਸੀ, ''ਖਾਹਮਖਾਹ ਟੈਨਸ਼ਨ ਨਹੀਂ ਲਈਦੀ। ਪ੍ਰਿੰਸੀਪਲ ਨੂੰ ਲੋੜ ਹੋਵੇਗੀ ਤਾਂ ਆਪੇ ਮਿਊਜ਼ਿਕ ਟੀਚਰ ਦਾ ਇੰਤਜ਼ਾਮ ਕਰ ਲਵੇਗਾ।'' ਕੁਝ ਦਿਨਾਂ ਬਾਅਦ ਅਸੀਂ ਸਕੂਲ ਵੱਲੋਂ ਉੱਤਮ ਚੰਦ ਦੇ ਪਿੰਡ ਡੌਹਰ ਵਿਖੇ ਐੱਨਐੱਸਐੱਸ ਦਾ ਦਸ ਰੋਜ਼ਾ ਕੈਂਪ ਲਾਇਆ। ਪੰਜਾਹ ਕੁ ਵਲੰਟੀਅਰਜ਼ ਉਸ ਵਿਚ ਭਾਗ ਲੈ ਰਹੇ ਸਨ। ਬਤੌਰ ਪ੍ਰੋਗਰਾਮ ਅਫ਼ਸਰ ਮੈਂ ਉੱਤਮ ਚੰਦ ਨੂੰ ਬੇਨਤੀ ਕੀਤੀ ਕਿ ਉਹ ਥੋੜ੍ਹਾ ਸਮਾਂ ਸਾਡੇ ਕੈਂਪ ਵਿਚ ਆ ਕੇ ਸਾਡੇ ਬੱਚਿਆਂ ਨੂੰ ਪ੍ਰਾਰਥਨਾ ਤੇ ਰਾਸ਼ਟਰ ਗਾਨ ਆਦਿ ਸਿਖਾ ਦਿਆ ਕਰਨ। ਮੇਰੀ ਬੇਨਤੀ 'ਤੇ ਉਸ ਨੇ ਕੁਝ ਵਲੰਟੀਅਰਜ਼ ਚੁਣ ਕੇ ਉਨ੍ਹਾਂ ਨੂੰ ਹਫ਼ਤਾ ਕੁ ਹਾਰਮੋਨੀਅਮ 'ਤੇ ਅਭਿਆਸ ਕਰਾ ਦਿੱਤਾ। ਕੈਂਪ ਦੇ ਅਖੀਰਲੇ ਦਿਨ ਵਿਦਾਇਗੀ ਸਮਾਗਮ ਸੀ। ਪ੍ਰਿੰਸੀਪਲ ਰਵੀਦੱਤ ਸ਼ਰਮਾ, ਪਿੰਡ ਦੀ ਪੰਚਾਇਤ ਅਤੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਵਲੰਟੀਅਰਾਂ ਨੇ ਪੂਰੀ ਸੁਰ-ਤਾਲ ਵਿਚ ਸ਼ਬਦ, ਕੁਝ ਧਾਰਮਿਕ ਅਤੇ ਦੇਸ਼ ਭਗਤੀ ਦੇ ਗੀਤ ਸੁਣਾਏ। ਉੱਤਮ ਚੰਦ ਨੇ ਹਰਮੋਨੀਅਮ 'ਤੇ ਪੂਰਾ ਸਾਥ ਦਿੱਤਾ। ਪ੍ਰਿੰਸੀਪਲ ਸਾਹਿਬ ਵਿਦਿਆਰਥੀਆਂ ਦੀ ਇਹ ਕਲਾ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਉਹ ਮੈਨੂੰ ਕਹਿਣ ਲੱਗੇ, ''ਤੁਸੀਂ ਤਾਂ ਦਸਾਂ ਦਿਨਾਂ ਵਿਚ ਕਮਾਲ ਹੀ ਕਰ ਦਿੱਤੀ।'' ਮੈਂ ਕਿਹਾ, ''ਨਹੀਂ ਸਰ, ਇਹ ਸਾਰਾ ਕਮਾਲ ਤਾਂ ਉੱਤਮ ਚੰਦ ਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਨਾਲ ਨਿਵਾਜਿਆ ਹੈ।'' ਪ੍ਰਿੰਸੀਪਲ ਸਾਹਿਬ ਨੇ ਕਿਹਾ, “ਕਮਾਲ ਹੈ ਸਾਡੇ ਸਕੂਲ ਵਿਚ ਰੋਜ਼ ਇਕ ਇੰਨਾ ਵੱਡਾ ਕਲਾਕਾਰ ਆਉਂਦਾ ਹੈ ਅਤੇ ਅਸੀਂ ਉਸ ਦੀ ਕਲਾ ਨੂੰ ਪਛਾਣਿਆ ਹੀ ਨਹੀਂ।'' ਮੈਂ ਉਸੇ ਸਮੇਂ ਉਨ੍ਹਾਂ ਨੂੰ ਬੇਨਤੀ ਕੀਤੀ, ''ਸਰ, ਜੇ ਤੁਸੀਂ ਉੱਤਮ ਚੰਦ ਦੇ ਥੋੜ੍ਹੇ ਪੈਸੇ ਵਧਾ ਦਿਉ ਤਾਂ ਉਹ ਬੱਚਿਆਂ ਨੂੰ ਘੰਟਾ ਕੁ ਭਰ ਗੀਤ-ਸੰਗੀਤ ਸਿਖਾ ਦਿਆ ਕਰਨ। ਸਾਡੇ ਸਕੂਲ ਦੀ ਪ੍ਰਾਰਥਨਾ ਸਭਾ ਵਧੀਆ ਹੋ ਜਾਵੇਗੀ।''

“ਗੁੱਡ ਆਈਡੀਆ। ਆਪਾਂ ਇਸ ਦੇ ਪੈਸੇ ਦੁੱਗਣੇ ਕਰ ਦਿਆਂਗੇ। ਇਹ ਸਾਡੇ ਬੱਚਿਆਂ ਲਈ ਸਮਾਂ ਕੱਢ ਲਿਆ ਕਰੇ।'' ਪ੍ਰਿੰਸੀਪਲ ਸਾਹਿਬ ਵੱਲੋਂ ਕੀਤੀ ਪੇਸ਼ਕਸ਼ ਨੂੰ ਮੰਨ ਕੇ ਉੱਤਮ ਛੁੱਟੀ ਮਗਰੋਂ ਕੁਝ ਚੁਣੇ ਹੋਏ ਬੱਚਿਆਂ ਨੂੰ ਸੰਗੀਤ ਸਿਖਾਉਣ ਲੱਗ ਪਿਆ। ਪ੍ਰਿੰਸੀਪਲ ਸਾਹਿਬ ਨੇ ਸਕੂਲ ਲਈ ਲੋੜੀਂਦੇ ਸਾਜ਼ ਮੰਗਵਾ ਲਏ। ਕੁਝ ਹੀ ਦਿਨਾਂ ਵਿਚ ਉੱਤਮ ਨੇ ਸਾਡੇ ਸਕੂਲ ਦੀ ਪ੍ਰਾਰਥਨਾ ਦਾ ਰੰਗ ਬੰਨ੍ਹ ਦਿੱਤਾ। ਉਹ ਆਪ ਹਰਮੋਨੀਅਮ 'ਤੇ ਸਾਥ ਦਿੰਦਾ। ਬੱਚੇ ਪੂਰੀ ਸੁਰ-ਤਾਲ ਵਿਚ ਨਿੱਤ ਬਦਲ-ਬਦਲ ਕੇ ਪ੍ਰਾਰਥਨਾਵਾਂ ਅਤੇ ਸ਼ਬਦ ਪੇਸ਼ ਕਰਦੇ। ਰਾਸ਼ਟਰ ਗਾਨ ਅਸਲ ਧੁਨ ਵਿਚ ਗਾਇਆ ਜਾਂਦਾ। ਜਦ ਪ੍ਰਾਰਥਨਾ ਹੁੰਦੀ ਤਾਂ ਲੋਕ ਖੜ੍ਹ ਕੇ ਪ੍ਰਾਰਥਨਾ ਸੁਣਦੇ। ਇਕ ਦਿਨ ਸਾਡੇ ਹੀ ਸਕੂਲ ਵਿਚ ਇਕ ਵਿਸ਼ੇਸ਼ ਸਮਾਗਮ ਵਿਚ ਉੱਤਮ ਚੰਦ ਨੇ ਰਾਹੁਲ ਨੂੰ ਪਹਿਲੀ ਵਾਰ ਬਤੌਰ ਕਲਾਕਾਰ ਲੋਕਾਂ ਸਾਹਮਣੇ ਪੇਸ਼ ਕੀਤਾ। ਉਹ ਆਪਣੇ ਸ਼ਗਿਰਦ ਦੀ ਕਾਰਗੁਜ਼ਾਰੀ ਤੋਂ ਉਹ ਬਹੁਤ ਖ਼ੁਸ਼ ਹੋਇਆ। ਉਸ ਸਮੇਂ ਫੋਟੋਗ੍ਰਾਫਰ ਵੱਲੋਂ ਗੂਰੂ ਸ਼ਿਸ਼ ਦੀ ਇਕੱਠਿਆਂ ਖਿੱਚੀ ਯਾਦਗਾਰੀ ਫੋਟੋ ਉਸ ਨੇ ਫਰੇਮ ਵਿਚ ਮੜ੍ਹਾ ਕੇ ਆਪਣੇ ਕਮਰੇ 'ਚ ਸਜਾ ਲਈ ਸੀ। ਉੱਤਮ ਚੰਦ ਦੀ ਧਰਮ ਪਤਨੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ। ਰੋਟੀ-ਪਾਣੀ ਦਾ ਫ਼ਰਜ਼ ਭਰਾ-ਭਾਬੀ ਨਿਭਾਈ ਜਾਂਦੇ ਸਨ। ਇਕ ਰਾਤ ਭਰਾ ਵੀ ਹਮੇਸ਼ਾ ਲਈ ਸਾਥ ਛੱਡ ਗਿਆ। ਪ੍ਰਿੰਸੀਪਲ ਰਵੀਦੱਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਦਉੱਨਤ ਹੋ ਕੇ ਦੂਸਰੇ ਜ਼ਿਲ੍ਹੇ ਵਿਚ ਚਲੇ ਗਏ। ਰਾਹੁਲ ਨੇ ਬੀਟੈੱਕ ਲਈ ਚੰਡੀਗੜ੍ਹ ਵਿਖੇ ਦਾਖ਼ਲਾ ਲੈ ਲਿਆ। ਮੈਨੂੰ ਵਿਭਾਗ ਨੇ ਬਤੌਰ ਐਜੂਸੈੱਟ ਕੋਆਰਡੀਨੇਟਰ ਹੁਸ਼ਿਆਰਪੁਰ ਸੱਦ ਲਿਆ ਸੀ। ਇਕ ਦਿਨ ਮੈਨੂੰ ਆਪਣੇ ਇਕ ਸਟਾਫ ਮੈਂਬਰ ਤੋਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਉੱਤਮ ਚੰਦ ਵੀ ਸਵਰਗ ਸਿਧਾਰ ਗਏ ਸਨ। ਮੈਂ ਸੁੰਨਵੱਟਾ ਹੋ ਗਿਆ। ਮੈਨੂੰ ਅਫ਼ਸੋਸ ਸੀ ਮੈਂ ਉਸ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਨਹੀਂ ਸਾਂ ਹੋ ਸਕਿਆ।

-ਮੋਬਾਈਲ ਨੰ. : 98761-56964

Posted By: Jagjit Singh