-ਗੋਵਰਧਨ ਗੱਬੀ

ਲਗਪਗ ਡੇਢ ਸਾਲ ਤੋਂ ਵੱਧ ਅਰਸੇ ਤੋਂ ਦੁਨੀਆ ਭਰ ਵਿਚ ਫੈਲਿਆ ਹੋਇਆ ਕੋਰੋਨਾ ਵਾਇਰਸ ਕਹਿਰ ਵਰਸਾ ਰਿਹਾ ਹੈ। ਅਮਰੀਕਾ ਸਮੇਤ ਦੁਨੀਆ ਦੇ ਲਗਪਗ ਸਾਰੇ ਦੇਸ਼ਾਂ ’ਚ ਕੋਰੋਨਾ ਕਾਰਨ ਬਹੁਤ ਜਾਨੀ ਨੁਕਸਾਨ ਹੋਇਆ ਹੈ। ਕੋਰੋਨਾ ਦੀ ਪਹਿਲੀ ਲਹਿਰ ਵਿਚ ਸਾਡੇ ਦੇਸ਼ ਵਿਚ ਬਹੁਤ ਘੱਟ ਜਾਨੀ ਨੁਕਸਾਨ ਹੋਇਆ ਸੀ ਪਰ ਦੂਜੀ ਲਹਿਰ ਕਾਰਨ ਸਾਡੇ ਦੇਸ਼ ਵਾਸੀਆਂ ਦਾ ਭਾਰੀ-ਭਰਕਮ ਜਾਨੀ ਨੁਕਸਾਨ ਹੋਇਆ ਹੈ। ਹਸਪਤਾਲਾਂ, ਦਵਾਈਆਂ, ਆਕਸੀਜਨ, ਟੈਸਟਿੰਗ ਤੇ ਹੋਰ ਸਿਹਤ ਨਾਲ ਸਬੰਧਤ ਸਹੂਲਤਾਂ ਦੀ ਘਾਟ ਕਾਰਨ ਰੋਜ਼ਾਨਾ ਅਣਗਿਣਤ ਸਿਵੇ ਬਲ ਰਹੇ ਹਨ। ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਹਰ ਪਾਸੇ ਸੋਗ ਦੀ ਲਹਿਰ ਛਾਈ ਹੋਈ ਹੈ। ਕੋਰੋਨਾ ਤੋਂ ਬਚਾਅ ਵਾਸਤੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ, ਵਾਰ-ਵਾਰ ਆਪਣੇ ਹੱਥ ਧੋਣ ਤੇ ਸੈਨੇਟਾਈਜ਼ ਕਰਨ ਵਾਸਤੇ ਕਿਹਾ ਜਾ ਰਿਹਾ ਹੈ।

ਸੰਤੁਲਿਤ ਭੋਜਨ ਖਾਣ ਤੇ ਆਪਣੀ ਇਮਿਊਨਿਟੀ ਭਾਵ ਸਰੀਰ ਦੀ ਰੋਗ ਰੋਕੂ ਸ਼ਕਤੀ ਵਧਾਉਣ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦਾ ਹੁਣ ਤਕ ਭਾਵੇਂ ਕੋਈ ਸਥਾਈ ਇਲਾਜ ਨਹੀਂ ਮਿਲਿਆ ਪਰ ਇਸ ਦੀ ਰੋਕਥਾਮ ਵਾਸਤੇ ਭਾਰਤ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਕੁਝ ਟੀਕੇ ਜ਼ਰੂਰ ਤਿਆਰ ਕਰ ਲਏ ਹਨ। ਭਾਵੇਂ ਇਹ ਟੀਕੇ ਕੋਰੋਨਾ ਦਾ ਪੂਰਨ ਇਲਾਜ ਨਹੀਂ ਹਨ ਪਰ ਇਹ ਦਾਅਵਾ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਤੋਂ ਲੋਕਾਂ ਦਾ ਕੁਝ ਬਚਾਅ ਜ਼ਰੂਰ ਕਰ ਸਕਦੇ ਹਨ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਟੀਕਿਆਂ ਦੀਆਂ ਦੋਵੇਂ ਖ਼ੁਰਾਕਾਂ ਲੈਣ ਦੇ ਬਾਵਜੂਦ ਕੁਝ ਲੋਕਾਂ ਨੂੰ ਕੋਰੋਨਾ ਹੋਇਆ ਤੇ ਕਈ ਫੌਤ ਵੀ ਹੋ ਗਏ।

ਕੋਰੋਨਾ ਵਿਰੁੱਧ ਚੱਲ ਰਹੀ ਜੰਗ ਵਿਚ ਕੁਝ ਲੋਕ ਆਪਣੀ ਜਾਨ ਤਲੀ ਉੱਪਰ ਰੱਖ ਕੇ ‘ਕੋਰੋਨਾ ਯੋਧਾ’ ਬਣ ਕੇ ਉੱਭਰੇ ਹਨ ਜੋ ਲੋਕਾਂ ਨੂੰ ਸਿਹਤ ਦੀ ਸਾਂਭ-ਸੰਭਾਲ ਤੇ ਇਲਾਜ ਨਾਲ ਸਬੰਧਤ ਇਸ ਬਿਮਾਰੀ ਪ੍ਰਤੀ ਜਾਗਰੂਕ ਕਰ ਰਹੇ ਹਨ। ਇਨ੍ਹਾਂ ਵਿਚ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ ਤੇ ਟੈਕਨੀਸ਼ੀਅਨਜ਼ ਵਿਸ਼ੇਸ਼ ’ਤੇ ਅਹਿਮ ਕਿਰਦਾਰ ਨਿਭਾ ਰਹੇ ਹਨ। ਇਹ ਸਾਰੇ ਯੋਧੇ ਐਲੋਪੈਥੀ, ਹੋਮਿਓਪੈਥੀ ਤੇ ਆਯੁਰਵੇਦਿਕ ਇਲਾਜ ਪ੍ਰਣਾਲੀਆਂ ਨਾਲ ਜੁੜੇ ਹੋਏ ਹਨ।

ਇਸ ਸਭ ਕਾਰਨ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਐਲੋਪੈਥਿਕ ਡਾਕਟਰਾਂ ਤੇ ਆਯੁਰਵੇਦਿਕ ਹਕੀਮਾਂ-ਵੈਦਾਂ ’ਚ ਕੋਰੋਨਾ ਨੂੰ ਲੈ ਕੇ ਸ਼ਾਬਦਿਕ ਜੰਗ ਚੱਲ ਰਹੀ ਹੈ। ਸਾਰੇ ਮੀਡੀਆ ਪਲੇਟਫਾਰਮਜ਼ ਰਾਹੀਂ ਆਯੁਰਵੇਦਿਕ ਤੇ ਯੋਗਾ ਪ੍ਰਣਾਲੀ ਨਾਲ ਸਬੰਧਤ ਬਾਬਾ ਰਾਮਦੇਵ ਤੇ ਦੇਸ਼ ਦੇ ਐਲੋਪੈਥਿਕ ਡਾਕਟਰਾਂ ਦੀ ਵੱਡੀ ਸੰਸਥਾ ਆਈਐੱਮਸੀ ਦੇ ਅਹੁਦੇਦਾਰਾਂ ਵਿਚਕਾਰ ਨਿਰਾਰਥਕ ਸ਼ਬਦਾਂ ਦੀ ਬੜ-ਬੜ ਤੇ ਟਰ-ਟਰ ਚੱਲ ਰਹੀ ਹੈ। ਕੋਰੋਨਾ ਦੇ ਇਲਾਜ ਨੂੰ ਲੈ ਕੇ ਦੋਵੇਂ ਧਿਰਾਂ ਇਕ-ਦੂਸਰੇ ਨੂੰ ਛੋਟਾ, ਘਟੀਆ, ਅਯੋਗ ਤੇ ਬੇਕਾਰ ਸਾਬਿਤ ਕਰਨ ਵਿਚ ਲੱਗੀਆਂ ਹੋਈਆਂ ਹਨ। ਦੋਵੇਂ ਇਹ ਸਾਬਿਤ ਕਰਨ ’ਚ ਲੱਗੀਆਂ ਹੋਈਆਂ ਹਨ ਕਿ ਉਨ੍ਹਾਂ ਦੀ ਇਲਾਜ ਪ੍ਰਣਾਲੀ ਬਿਹਤਰ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਬਾ ਰਾਮਦੇਵ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ’ਤੇ ਲੋੜ ਤੋਂ ਵੱਧ ਬੋਲਦੇ ਹਨ। ਉਨ੍ਹਾਂ ਵੱਲੋਂ ਕੋਰੋਨਾ ਨੂੰ ਲੈ ਕੇ ਐਲੋਪੈਥਿਕ ਇਲਾਜ ਪ੍ਰਣਾਲੀ ਨੂੰ ਇਕਦਮ ਬੇਕਾਰ ਤੇ ਅਯੋਗ ਕਰਾਰ ਦੇ ਦੇਣਾ ਇਕਦਮ ਮਾੜੀ, ਸੌੜੀ ਸੋਚ ਦਾ ਸਬੂਤ ਹੈ।

ਸਵਾਮੀ ਰਾਮਦੇਵ ਦਾ ਇਹ ਕਹਿਣਾ ਕਿ ਡਾਕਟਰ ਇਲਾਜ ਦੇ ਨਾਂ ’ਤੇ ਹਮੇਸ਼ਾ ਟਰ-ਟਰ ਕਰਦੇ ਰਹਿੰਦੇ ਹਨ, ਸਰਾਸਰ ਨਿਮਨ ਪੱਧਰ ਦੀ ਟਿੱਪਣੀ ਹੈ। ਬੜਬੋਲਾ ਹੋਣ ਦੇ ਬਾਵਜੂਦ ਕੋਰੋਨਾ ਤੇ ਹੋਰ ਬਿਮਾਰੀਆਂ ਦੇ ਐਲੋਪੈਥਿਕ ਇਲਾਜ ਬਾਰੇ ਕੁਝ ਮੁੱਦਿਆਂ ’ਤੇ ਬਾਬਾ ਰਾਮਦੇਵ ਦੀਆਂ ਗੱਲਾਂ, ਨੁਕਤਿਆਂ, ਨੁਸਖਿਆਂ ਤੇ ਤੌਰ-ਤਰੀਕਿਆਂ ’ਤੇ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ।

ਦੇਖਿਆ ਜਾਵੇ ਤਾਂ ਐਲੋਪੈਥਿਕ ਪ੍ਰਣਾਲੀ ਦੀ ਉਮਰ ਅਜੇ ਬਹੁਤ ਹੀ ਘੱਟ ਹੈ ਅਤੇ ਆਯੁਰਵੇਦਿਕ ਪ੍ਰਣਾਲੀ ਸਦੀਆਂ ਤੋਂ ਚਲੀ ਆ ਰਹੀ ਹੈ। ਇਹ ਵੀ ਸੱਚ ਹੈ ਕਿ ਹੰਗਾਮੀ ਹਾਲਤ ਵਿਚ ਐਲੋਪੈਥੀ ਪ੍ਰਣਾਲੀ ਹੀ ਜ਼ਿਆਦਾ ਕੰਮ ਆਉਂਦੀ ਹੈ। ਜੇ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਇਹ ਆਮ ਤੌਰ ’ਤੇ ਮਨੁੱਖ ਦੇ ਫੇਫੜਿਆਂ ’ਤੇ ਹਮਲਾ ਕਰਦਾ ਹੈ। ਫੇਫੜੇ ਕੰਮ ਕਰਨਾ ਘੱਟ ਕਰ ਦਿੰਦੇ ਹਨ। ਸਰੀਰ ਨੂੰ ਲੋੜੀਂਦੀ ਆਕਸੀਜਨ ਮਿਲਣੀ ਬੰਦ ਹੋ ਜਾਂਦੀ ਹੈ।

ਕੋਰੋਨਾ ਕਾਰਨ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਮੌਤ ਹੋਣ ਦੇ ਆਸਾਰ ਵੱਧ ਜਾਂਦੇ ਹਨ। ਬਾਬਾ ਰਾਮਦੇਵ ਜ਼ੋਰ ਦੇ ਕੇ ਆਖਦਾ ਹੈ ਕਿ ਨਿਰੋਗ ਰਹਿਣ ਵਾਸਤੇ ਹਰ ਮਨੁੱਖ ਨੂੰ ਰੋਜ਼ਾਨਾ ਯੋਗਾ ਦੇ ਕਈ ਸਾਰੇ ਆਸਣ ਕਰਨੇ ਚਾਹੀਦੇ ਹਨ। ਅਨੁਲੋਮ-ਵਿਲੋਮ ਤੇ ਕਪਾਲ ਭਾਤੀ ਕਰਨੀ ਚਾਹੀਦੀ ਹੈ। ਕਈ ਸਾਰੇ ਯੋਗਾ ਆਸਣ ਕਰਨੇ ਚਾਹੀਦੇ ਹਨ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਜਿਸ ਨਾਲ ਮਨੁੱਖ ਦੀ ਰੋਗ ਰੋਕੂ ਸ਼ਕਤੀ ਵੱਧਦੀ ਹੈ। ਉਸ ’ਤੇ ਕੋਰੋਨਾ ਵਰਗੇ ਵਾਇਰਸ ਦਾ ਅਸਰ ਬਹੁਤ ਘੱਟ ਜਾਂਦਾ ਹੈ। ਬਾਬਾ ਆਪ ਬਹੁਤ ਵੱਡੇ ਪੱਧਰ ’ਤੇ ਦੁਨੀਆ ਭਰ ਵਿਚ ਯੋਗਾ ਸੰਸਥਾਵਾਂ ਚਲਾਉਂਦਾ ਹੈ, ਆਯੁਰਵੇਦਿਕ ਵਸਤਾਂ ਤੇ ਦਵਾਈਆਂ ਬਣਾਉਂਦਾ ਤੇ ਵੇਚਦਾ ਹੈ। ਇਹ ਵੀ ਦੱਸਣਯੋਗ ਹੈ ਕਿ ਆਯੁਰਵੇਦਿਕ ਇਲਾਜ ਪ੍ਰਣਾਲੀ ਵਿਚ ਇਲਾਜ ਬਹੁਤ ਸਸਤਾ ਪੈਂਦਾ ਹੈ। ਇਸ ਦੇ ਮਾੜੇ ਅਸਰ ਨਾਮਾਤਰ ਹਨ। ਦੂਸਰੇ ਪਾਸੇ ਐਲੋਪੈਥੀ ਇਲਾਜ ਪ੍ਰਣਾਲੀ ਬਹੁਤ ਮਹਿੰਗੀ ਹੈ। ਇਸ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ ਹਨ।

ਜੇਕਰ ਕੇਵਲ ਕੋਰੋਨਾ ਬਿਮਾਰੀ ਦੇ ਇਲਾਜ ਦੀ ਗੱਲ ਕਰੀਏ ਤਾਂ ਐਲੋਪੈਥੀ ਇਲਾਜ ਪ੍ਰਣਾਲੀ ਬਾਰੇ ਬਹੁਤ ਸਾਰੇ ਹੈਰਾਨੀਜਨਕ ਤੱਤ ਸਾਹਮਣੇ ਆਉਂਦੇ ਹਨ। ਸਰਕਾਰੀ ਹਸਪਤਾਲਾਂ ਨੂੰ ਮਨਫ਼ੀ ਕਰਦੇ ਹੋਏ ਵੱਡੇ ਨਾਮੀ ਨਿੱਜੀ ਹਸਪਤਾਲਾਂ ਬਾਰੇ ਰੋਜ਼ਾਨਾ ਬਹੁਤ ਸਾਰੀਆਂ ਖ਼ਬਰਾਂ ਰੋਜ਼ ਹੀ ਦੇਖਣ, ਸੁਣਨ ਤੇ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਅਜੇ ਕੋਰੋਨਾ ਦਾ ਪੱਕਾ ਇਲਾਜ ਆਇਆ ਹੀ ਨਹੀਂ ਤਾਂ ਫਿਰ ਇਹ ਹਸਪਤਾਲਾਂ ਵਾਲੇ ਇਕ ਕੋਰੋਨਾ ਮਰੀਜ਼ ਦੇ ਲਗਪਗ ਦੋ ਹਫ਼ਤਿਆਂ ਦੇ ਇਲਾਜ ਦਾ ਦਸ ਤੋਂ ਅਠਾਰਾਂ ਲੱਖ ਰੁਪਏ ਦਾ ਬਿੱਲ ਕਿਵੇਂ ਬਣਾ ਦਿੰਦੇ ਹਨ? ਪੰਜਾਹ ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਦੀ ਕੀਮਤ ਵਾਲਾ ਕਿਹੜਾ ਟੀਕਾ ਲਗਾਉਂਦੇ ਹਨ? ਐਸੀ ਕਿਹੜੀ ਵਿਲੱਖਣ ਸੰਜੀਵਨੀ ਬੂਟੀ ਵਰਤਦੇ ਹਨ? ਇਸ ਸਭ ਦੇ ਬਾਵਜੂਦ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਤਾਂ ਫੌਤ ਹੋ ਚੁੱਕੇ ਕੋਰੋਨਾ ਮਰੀਜ਼ ਦੇ ਇਲਾਜ ਦਾ ਬਿੱਲ ਵੀ ਲੱਖਾਂ ਵਿਚ ਬਣਾ ਦਿੰਦੇ ਹਨ!

ਦੋ-ਤਿੰਨ ਸਾਲ ਪਹਿਲਾਂ ਵੀ ਖ਼ਬਰਾਂ ਆਈਆਂ ਸਨ ਕਿ ਡੇਂਗੂ ਦੇ ਇਲਾਜ ਵਾਸਤੇ ਵੀ ਕਈ ਨਿੱਜੀ ਹਸਪਤਾਲਾਂ ਨੇ ਕਿਸੇ ਮਰੀਜ਼ ਦਾ ਪੰਦਰਾਂ ਦਿਨਾਂ ਦਾ ਅਠਾਰਾਂ ਤੋਂ ਪੱਚੀ ਲੱਖ ਦਾ ਬਿੱਲ ਬਣਾਇਆ ਸੀ। ਉੱਪਰੋਂ ਮਰੀਜ਼ਾਂ ਨੂੰ ਬਚਾਅ ਵੀ ਨਹੀਂ ਪਾਏ ਸਨ। ਕਈ ਵਾਰ ਮਰ ਚੁੱਕੇ ਮਰੀਜ਼ ਨੂੰ ਵੀ ਕਈ ਦਿਨ ਵੈਂਟੀਲੇਟਰ ’ਤੇ ਰੱਖ ਕੇ ਆਪਣਾ ਵੱਡਾ ਸਾਰਾ ਬਿੱਲ ਬਣਾ ਦਿੰਦੇ ਹਨ।

ਹੋਰ ਵੀ ਕਈ ਸਾਰੇ ਗੜਬੜ-ਘੁਟਾਲੇ ਚਰਚਾ ਵਿਚ ਆਉਂਦੇ ਰਹਿੰਦੇ ਹਨ। ਸੋ, ਬਾਬਾ ਰਾਮਦੇਵ ਦੇ ਐਲੋਪੈਥਿਕ ਇਲਾਜ ਬਾਰੇ ਉਠਾਏ ਮੁੱਦਿਆਂ ’ਤੇ ਗੌਰ ਕਰਨਾ ਤਾਂ ਬਣਦਾ ਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਐਲੋਪੈਥੀ ਪ੍ਰਣਾਲੀ ਨਾਲ ਜੁੜੇ ਕੁਝ ਡਾਕਟਰ ਤੇ ਹਸਪਤਾਲ ਵਾਲੇ ਇਸ ਦੀ ਦੁਰਵਰਤੋਂ ਵੀ ਕਰ ਰਹੇ ਹਨ। ਆਮ ਲੋਕਾਂ ਨੂੰ ਸ਼ਰੇਆਮ ਲੁੱਟ ਰਹੇ ਹਨ। ਹੁਣ ਸਮਾਂ ਐਲੋਪੈਥਿਕ ਤੇ ਆਯੁਰਵੇਦਿਕ ਟਰ-ਟਰ ਤੇ ਬੜ-ਬੜ ਕਰਨ ਦਾ ਨਹੀਂ ਸਗੋਂ ਰਲ-ਮਿਲ ਕੇ ਕੋਰੋਨਾ ਨੂੰ ਹਰਾਉਣ ਦਾ ਹੈ। ਇਸ ਵਿਚ ਹੀ ਮਨੁੱਖਤਾ ਦੀ ਭਲਾਈ ਹੈ। ਆਮੀਨ!

-ਮੋਬਾਈਲ: 94171-73700

-response0jagran.com

Posted By: Susheel Khanna