ਕੇਂਦਰੀ ਯੂਨੀਵਰਸਿਟੀਜ਼ ਸਮੇਤ ਹੋਰ ਯੂਨੀਵਰਸਿਟੀਜ਼ ’ਚ ਦਾਖ਼ਲੇ ਲਈ ਕੀਤੀਆਂ ਜਾ ਰਹੀਆਂ ਦੂਜੇ ਗੇੜ ਦੀਆਂ ਪ੍ਰੀਖਿਆਵਾਂ ਜਿਸ ਤਰ੍ਹਾਂ ਤਕਨੀਕੀ ਸਮੱਸਿਆਵਾਂ ਕਾਰਨ ਵਾਰ-ਵਾਰ ਮੁਲਤਵੀ ਹੋ ਰਹੀਆਂ ਹਨ, ਉਸ ਤੋਂ ਵਿਦਿਆਰਥੀ ਤੇ ਮਾਪੇ ਤਾਂ ਪਰੇਸ਼ਾਨ ਹੋ ਹੀ ਰਹੇ ਹਨ ਸਗੋਂ ਇਨ੍ਹਾਂ ਪ੍ਰੀਖਿਆਵਾਂ ਨੂੰ ਸੰਪੰਨ ਕਰਵਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਸਮਰੱਥਾ ਅਤੇ ਉਸ ਦੇ ਵੱਕਾਰ ’ਤੇ ਪ੍ਰਸ਼ਨ-ਚਿੰਨ੍ਹ ਵੀ ਲੱਗ ਰਹੇ ਹਨ। ਕੌਮਨ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਅਧੀਨ ਹੋਣ ਵਾਲੀਆਂ ਪ੍ਰੀਖਿਆਵਾਂ ’ਚ ਲੱਖਾਂ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਇਸ ਲਈ ਇਹ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਪ੍ਰੀਖਿਆ ਮੁਲਤਵੀ ਹੋਣ ਕਾਰਨ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਧਿਆਨ ਰਹੇ ਕਿ ਪਹਿਲੇ ਗੇੜ ਦੀਆਂ ਪ੍ਰੀਖਿਆਵਾਂ ’ਚ ਵੀ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਕਈ ਵਿਦਿਆਰਥੀਆਂ ਨੂੰ ਇਸ ਲਈ ਪਰੇਸ਼ਾਨੀ ਉਠਾਉਣੀ ਪਈ ਸੀ ਕਿਉਂਕਿ ਐਨ ਆਖ਼ਰੀ ਸਮੇਂ ’ਤੇ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਬਦਲ ਗਏ ਸਨ। ਇਹ ਠੀਕ ਹੈ ਕਿ ਇਸ ਕਾਰਨ ਜਿਨ੍ਹਾਂ ਦੀ ਪ੍ਰੀਖਿਆ ਰਹਿ ਗਈ ਸੀ, ਉਨ੍ਹਾਂ ਨੂੰ ਅੱਗੇ ਪ੍ਰੀਖਿਆ ’ਚ ਬੈਠਣ ਦਾ ਮੌਕਾ ਪ੍ਰਦਾਨ ਕੀਤਾ ਗਿਆ ਪਰ ਇਹ ਠੀਕ ਨਹੀਂ ਸੀ ਕਿ ਇਹ ਪ੍ਰੀਖਿਆਵਾਂ ਨੂੰ ਵਾਰ-ਵਾਰ ਤਕਨੀਕੀ ਅੜਿੱਕਿਆਂ ਦਾ ਸਹਮਣਾ ਕਰਨਾ ਪਵੇ। ਹਾਲੇ ਤਕ ਦੂਜੇ ਗੇੜ ਦੀਆਂ ਤਿੰਨ ਵਾਰ ਪ੍ਰੀਖਿਆਵਾਂ ਹੋਈਆਂ ਹਨ ਤੇ ਤਿੰਨੇ ਵਾਰ ਕਿਸੇ ਨਾ ਕਿਸੇ ਕਾਰਨ ਕਰਕੇ ਕਈ ਸ਼ਹਿਰਾਂ ’ਚ ਉਨ੍ਹਾਂ ਨੂੰ ਮੁਲਤਵੀ ਕਰਨਾ ਪਿਆ ਹੈ। ਕਿਸੇ ਪ੍ਰੀਖਿਆ ’ਚ ਇਕ ਵਾਰ ਤਾਂ ਅੜਿੱਕਾ ਸਮਝੀਂ ਪੈ ਸਕਦਾ ਹੈ ਪਰ ਤਿੰਨ ਵਾਰ ਅਜਿਹਾ ਹੋਣਾ ਕਿਸੇ ਵੱਡੀ ਖ਼ਾਮੀ ਵੱਲ ਇਸ਼ਾਰਾ ਕਰਦਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੂੰ ਨਾ ਸਿਰਫ਼ ਉਨ੍ਹਾਂ ਕਾਰਨਾਂ ਦੀ ਤਹਿ ਤਕ ਜਾਣਾ ਚਾਹੀਦਾ ਹੈ, ਜਿਨ੍ਹਾਂ ਕਾਰਨ ਪ੍ਰੀਖਿਆਵਾਂ ’ਚ ਵਾਰ-ਵਾਰ ਅੜਿੱਕਾ ਪੈਦਾ ਹੋ ਰਿਹਾ ਹੈ ਸਗੋਂ ਉਨ੍ਹਾਂ ਬਾਰੇ ਦੇਸ਼ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ਕੇਂਦਰੀ ਯੂਨੀਵਰਸਿਟੀਜ਼ ਸਮੇਤ ਹੋਰ ਯੂਨੀਵਰਸਿਟੀਜ਼ ’ਚ ਦਾਖ਼ਲਾ ਯੂਨੀਵਰਸਿਟੀਜ਼ ਦੀ ਸਾਂਝੀ ਦਾਖ਼ਲਾ ਪ੍ਰੀਖਿਆ ਰਾਹੀਂ ਹੋਵੇਗਾ, ਇਹ ਬਹੁਤ ਪਹਿਲਾਂ ਤੈਅ ਹੋ ਗਿਆ ਸੀ ਪਰ ਲੱਗਦਾ ਹੈ ਕਿ ਇਸ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਦਾ ਗਠਨ ਪ੍ਰਸ਼ਨ ਪੱਤਰ ਲੀਕ ਹੋਣ ਤੇ ਨਤੀਜੇ ਐਲਾਨਣ ’ਚ ਦੇਰੀ ਨੂੰ ਰੋਕਣ ਦੇ ਨਾਲ-ਨਾਲ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਵਧਾਉਣ ਦੇ ਮੰਤਵ ਨਾਲ ਕੀਤਾ ਗਿਆ ਸੀ। ਇਸ ਦਾ ਇਕ ਹੋਰ ਉਦੇਸ਼ ਪ੍ਰੀਖਿਆਵਾਂ ਨੂੰ ਸੁਖਾਲੇ ਤਰੀਕੇ ਨਾਲ ਕਰਵਾਉਣਾ ਵੀ ਸੀ। ਇਹ ਨਿਰਾਸ਼ਾਜਨਕ ਹੈ ਕਿ ਅਜਿਹਾ ਹੀ ਨਹੀਂ ਹੋ ਰਿਹਾ ਹੈ ਤੇ ਕੌਮਨ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਦੇ ਦੂਜੇ ਗੇੜ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਇਹ ਹਾਲਾਤ ਉਦੋਂ ਹਨ ਜਦੋਂ ਹਾਲੇ ਕੇਵਲ 34 ਕੇਂਦਰੀ ਯੂਨੀਵਰਸਿਟੀਜ਼ ਨਾਲ ਲਗਪਗ 90 ਯੂਨੀਵਰਸਿਟੀਜ਼ ’ਚ ਹੀ ਦਾਖ਼ਲੇ ਲਈ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਇਹ ਜ਼ਰੂਰੀ ਹੀ ਨਹੀਂ ਸਗੋਂ ਲਾਜ਼ਮੀ ਹੈ ਕਿ ਸੌਖੇ ਤਰੀਕੇ ਨਾਲ ਪ੍ਰੀਖਿਆਵਾਂ ਮੁਕੰਮਲ ਕਰਵਾਉਣ ਦੇ ਮਾਮਲੇ ’ਚ ਸ਼ਲਾਘਾਯੋਗ ਮਿਸਾਲ ਪੇਸ਼ ਕੀਤੀ ਜਾਵੇ। ਹੁਣ ਹੌਲੀ-ਹੌਲੀ ਕਈ ਪੱਛਮੀ ਦੇਸ਼ਾਂ ’ਚ ਵੀ ਭਾਰਤ ਦੀਆਂ ਅਕੈਡਮਿਕ ਡਿਗਰੀਆਂ ਨੂੰ ਮਾਨਤਾ ਮਿਲਣੀ ਸ਼ੁਰੂ ਹੋ ਗਈ ਹੈ। ਇਸ ਲਈ ਸਾਡੀਆਂ ਯੂਨੀਵਰਸਿਟੀਜ਼ ਦੇ ਅਕਸ ’ਤੇ ਕਿਸੇ ਤਰ੍ਹਾਂ ਦਾ ਦਾਗ਼ ਨਹੀਂ ਲੱਗਣਾ ਚਾਹੀਦਾ ਸਗੋਂ ਉਨ੍ਹਾਂ ਦੀ ਭਰੋਸੇਯੋਗਤਾ ’ਚ ਨਿੱਤ ਵਾਧਾ ਹੀ ਹੋਣਾ ਚਾਹੀਦਾ ਹੈ। ਇਹੋ ਸਮੂਹ ਦੇਸ਼ ਵਾਸੀਆਂ ਦੇ ਹਿਤ ’ਚ ਹੈ।

Posted By: Jagjit Singh