-ਭਗਵਾਨ ਸਿੰਘ ਜੌਹਲ

ਖ਼ਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਨਿਰੋਲ, ਸ਼ੁੱਧ ਜਾਂ ਮਿਲਾਵਟ ਤੋਂ ਰਹਿਤ। ਫ਼ਾਰਸੀ ਭਾਸ਼ਾ ਵਿਚ ਉਸ ਜ਼ਮੀਨ ਜਾਂ ਇਲਾਕੇ ਨੂੰ ਵੀ ‘ਖ਼ਾਲਸਾ’ ਕਿਹਾ ਜਾਂਦਾ ਹੈ ਜੋ ਸਿੱਧੀ ਬਾਦਸ਼ਾਹ ਜਾਂ ਕਿਸੇ ਜਾਗੀਰਦਾਰ ਦੀ ਮਲਕੀਅਤ ਹੋਵੇ। ਪਾਵਨ ਗੁਰਬਾਣੀ ਵਿਚ ਉਨ੍ਹਾਂ ਗੁਰਮੁੱਖਾਂ ਜਾਂ ਗੁਰਸਿੱਖਾਂ ਲਈ ਵੀ ‘ਖ਼ਾਲਸਾ’ ਸ਼ਬਦ ਦੀ ਵਰਤੋਂ ਹੋਈ ਹੈ ਜੋ ਕਿ ਬਿਪਰਨ ਦੀਆਂ ਰੀਤਾਂ-ਰਿਵਾਜ਼ਾਂ ਜਾਂ ਕਰਮ-ਕਾਂਡਾਂ ਤੋਂ ਉੱਪਰ ਉੱਠ ਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਹਨ। ਸ਼੍ਰੋਮਣੀ ਸੰਤ ਭਗਤ ਕਬੀਰ ਸਾਹਿਬ ਨੇ ‘ਕਹੁ ਕਬੀਰ ਜਨ ਭਏ ਖ਼ਾਲਸੇ ਪ੍ਰੇਮ ਭਗਤਿ ਜਿਹ ਜਾਨੀ’ ਨਾਲ ‘ਖ਼ਾਲਸਾ’ ਸ਼ਬਦ ਦੀ ਵਰਤੋਂ ਕੀਤੀ ਹੈ। ਛੇਵੇਂ ਤੇ ਨੌਵੇਂ ਪਾਤਸ਼ਾਹ ਨੇ ਹੁਕਮਨਾਮਿਆਂ ਵਿਚ ‘ਗੁਰੂ ਕਾ ਖ਼ਾਲਸਾ’ ਸ਼ਬਦ ਵਰਤਿਆ ਹੈ। ਦਸਮ ਪਿਤਾ ਨੇ ਖੰਡੇ-ਬਾਟੇ ਦੀ ਪਾਹੁਲ ਦੇ ਕੇ ਸਿੱਖ ਨੂੰ ‘ਖ਼ਾਲਸਾ’ਸ਼ਬਦ ਨਾਲ ਸੰਬੋਧਨ ਕੀਤਾ। ਸੋ ‘ਖ਼ਾਲਸਾ’ ਭਾਈਚਾਰਾ ਆਪਣੀ ਸਥਾਪਨਾ ਤੋਂ ਪਿੱਛੋਂ ਮੌਤ ਦੇ ਭੈਅ ਤੋਂ ਹਮੇਸ਼ਾ ਲਈ ਮੁਕਤ ਹੋ ਗਿਆ।

ਸਮੇਂ ਦੇ ਬੀਤਣ ਨਾਲ ਰੂੜੀਵਾਦੀ ਸੋਚ ਰੱਖਣ ਵਾਲੇ ਉੱਚ ਜਾਤੀ ਦੇ ਲੋਕਾਂ ਨੇ ਪੱਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਹਮੇਸ਼ਾ ਕਾਇਮ ਰੱਖਿਆ। ਵੀਹਵੀਂ ਸਦੀ ਦੇ ਆਰੰਭ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੋਂ ਪਹਿਲਾਂ ਇਕ ਅਜਿਹੀ ਸੰਸਥਾ ‘ਖ਼ਾਲਸਾ ਬਰਾਦਰੀ’ ਦੀ ਸਥਾਪਨਾ ਕੀਤੀ ਤਾਂ ਜੋ ਅਖੌਤੀ ਪੱਛੜੀਆਂ ਜਾਤੀਆਂ ਦੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਸਕੇ। ਅਜਿਹੀ ਸੰਸਥਾ ਬਣਾਉਣ ਦਾ ਖ਼ਿਆਲ ਜਥੇਦਾਰ ਮਹਿਤਾਬ ਸਿੰਘ ‘ਬੀਰ’ ਦੇ ਮਨ ਵਿਚ ਪੈਦਾ ਹੋਇਆ ਕਿਉਂਕਿ ਉਹ ਖ਼ੁਦ ਮੁਸਲਮਾਨ ਧਰਮ ਨੂੰ ਛੱਡ ਕੇ ਸਿੰਘ ਸਜਿਆ ਸੀ।

ਲੰਬਾ ਸਮਾਂ ਗੁਰਸਿੱਖ ਨੂੰ ਵੀ ਉੱਚ ਜਾਤੀਆਂ ਵੱਲੋਂ ਕਈ ਪ੍ਰਕਾਰ ਦੀ ਤੰਗੀ ਦਾ ਸ਼ਿਕਾਰ ਹੋਣਾ ਪਿਆ ਸੀ। ਸੰਨ 1914 ਈਸਵੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਭਾਈ ਦਸੌਂਧਾ ਸਿੰਘ ਦੀ ਅਗਵਾਈ ਵਿਚ ਪੱਛੜੀਆਂ ਜਾਤੀਆਂ ਦੇ ਸਿੱਖਾਂ ਦੀ ਸਭਾ ਬੁਲਾਈ ਗਈ। ਇਸੇ ਸਭਾ ਵਿਚ ‘ਖ਼ਾਲਸਾ ਯਾਦਗਾਰ’ ਦੀ ਸਥਾਪਨਾ ਕੀਤੀ ਗਈ। ਸਰਹਾਲਾ ਕਾਜ਼ੀਆਂ ਦੇ ਸ. ਈਸ਼ਰ ਸਿੰਘ ਨੂੰ ਇਸ ਸੰਸਥਾ ਦਾ ਪ੍ਰਧਾਨ ਤੇ ਭਾਈ ਮਹਿਤਾਬ ਸਿੰਘ ਜਨਰਲ ਸਕੱਤਰ ਬਣਾਇਆ ਗਿਆ।

ਇਸ ਸੰਸਥਾ ਦਾ ਉਦੇਸ਼ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਉਣਾ ਅਤੇ ਸਮਾਜਿਕ ਤੌਰ ’ਤੇ ਜਾਗਿ੍ਰਤ ਕਰਨਾ ਸੀ। ਇਸ ਸੰਸਥਾ ਦਾ ਕੇਂਦਰੀ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਸਥਾਪਿਤ ਕਰ ਕੇ ਜ਼ਿਲ੍ਹਾ ਯੂਨਿਟ ਚੜ੍ਹਦੇ ਤੇ ਲਹਿੰਦੇ ਪੰਜਾਬ (ਅਣਵੰਡੇ ਪੰਜਾਬ) ਵਿਚ ਬਣਾਏ ਗਏ। ਸੰਸਥਾ ਦੇ ਪ੍ਰਚਾਰ ਲਈ ਤੇ ਸਮਾਜ ਸੁਧਾਰ ਲਈ ‘ਬੀਰ’ ਨਾਂ ਦਾ ਹਫ਼ਤਾਵਾਰੀ ਮੈਗਜ਼ੀਨ ਵੀ ਸ਼ੁਰੂ ਕੀਤਾ ਗਿਆ। ਇਸ ਸੰਸਥਾ ਵੱਲੋਂ 11 ਤੇ 12 ਅਕਤੂਬਰ 1920 ਨੂੰ ਜਲ੍ਹਿਆਂਵਾਲੇ ਬਾਗ਼ ਵਿਚ ਇਕ ਭਾਰੀ ਇਕੱਠ ਬੁਲਾ ਕੇ ਅਗਾਂਹਵਧੂ ਪੜ੍ਹੇ-ਲਿਖੇ ਵਿਦਵਾਨਾਂ ਨੇ ਸੰਗਤ ਨੂੰ ਸੰਬੋਧਨ ਕੀਤਾ।

ਦੀਵਾਨ ਤੋਂ ਬਾਅਦ ਵੱਡੀ ਗਿਣਤੀ ਵਿਚ ਪੱਛੜੀਆਂ ਜਾਤੀਆਂ ਦੇ ਅਤੇ ‘ਰਾਮਦਾਸੀਏ’ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਵੱਲੋਂ ਤਿਆਰ ਕੀਤੇ ਕੜਾਹ-ਪ੍ਰਸਾਦਿ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਵਾਨ ਕਰਵਾਉਣ ਲਈ ਨਵੇਂ ਸਜੇ ਸਿੰਘਾਂ ਦਾ ਜਥਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗਿਆ। ਪਰ ਅੰਗਰੇਜ਼ ਹਕੂਮਤ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਵੀ ਅੰਗਰੇਜ਼ ਪ੍ਰਸਤ ਹੋਣ ਕਾਰਨ ਕੜਾਹ ਪ੍ਰਸਾਦਿ ਚੜ੍ਹਾਉਣ ਤੇ ਅਰਦਾਸ ਕਰਨ ਤੋਂ ਇਨਕਾਰ ਕਰ ਕੇ ਬਾਹਰ ਭੱਜ ਗਏ। ਪ੍ਰਸ਼ਾਦਿ-ਪ੍ਰਵਾਨ ਕਰਵਾਉਣ ਲਈ ਨਵੇਂ ਸਜੇ ਸਿੰਘਾਂ ਵੱਲੋਂ ਖ਼ੁਦ ਅਰਦਾਸ ਕੀਤੀ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਮੁੱਖ ਵਾਕ ਲਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਹੁਕਮ ਅਜਿਹੀ ਉਦਾਰ ਭਾਵਨਾ ਵਾਲਾ ਸੀ ਜਿਸ ਨੂੰ ਸਰਵਣ ਕਰਦਿਆਂ ਹੀ ਨਵੇਂ ਸਜੇ ਸਿੰਘਾਂ ਦੇ ਚਿਹਰਿਆਂ ’ਤੇ ਨੂਰ ਤੇ ਲਾਲੀ ਦੇ ਭਾਵ ਪ੍ਰਗਟ ਹੋ ਗਏ। ਜਦੋਂ ਇਹ ਸਾਰੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਤਾਂ ਉੱਥੋਂ ਦੇ ਸੇਵਾਦਾਰ ਵੀ ਖਿਸਕ ਗਏ। ਇਸੇ ਸੁਧਾਰਵਾਦੀ ਨੇਤਾ ਜਥੇਦਾਰ ਕਰਤਾਰ ਸਿੰਘ ਭੁੱਚਰ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਅਰਦਾਸ ਕੀਤੀ।

ਇਸ ਘਟਨਾ ਤੋਂ ਪਿੱਛੋਂ ਇਕ 25 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਅਖੌਤੀ ਪੱਛੜੀਆਂ ਸ਼੍ਰੇਣੀਆਂ (ਸਿੱਖ ਧਰਮ ਵਿਚ ਊਚ-ਨੀਚ ਦਾ ਵਖਰੇਵਾਂ ਨਹੀਂ ਹੈ) ਦੇ ਸਿੰਘਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਕਮੇਟੀ ਦਾ ਉਦੇਸ਼ ਗੁਰਧਾਮਾਂ ਨੂੰ ਪਰੰਪਰਾਵਾਦੀ ਤੇ ਕੱਟੜਵਾਦੀ ਪੁਜਾਰੀਆਂ ਤੋਂ ਆਜ਼ਾਦ ਕਰਵਾਉਣਾ ਅਤੇ ਪੱਛੜੀਆਂ ਜਾਤੀਆਂ ਦੇ ਸਿੱਖਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਕਰਨਾ ਸੀ। ਇਹ ਘਟਨਾਚੱਕਰ ਗੁਰਦੁਆਰਾ ਲਹਿਰ ਦਾ ਆਰੰਭ ਸੀ। ਸੰਨ 1939 ਤੋਂ 1941 ਤਕ ਇਸ ਸੰਸਥਾ ਨੇ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਵੱਡੇ ਯਤਨ ਕੀਤੇ, ਜਿਸ ਨਾਲ ਸਿੱਖ ਧਰਮ ਦਾ ਅਕੀਦਾ ਤੇ ਵਿਸ਼ਵਾਸ ਰੱਖਣ ਵਾਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ।

ਨਵੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪ੍ਰਤੀਨਿਧਤਾ ਦਿੱਤੀ ਗਈ ਅਤੇ ਫ਼ੌਜ ਵਿਚ ਭਰਤੀ ਕਰਨ ਦੀ ਮੰਗ ਵੀ ਸਵੀਕਾਰੀ ਗਈ। ਇਸ ਯਤਨ ਨਾਲ ਸਿੱਖਾਂ ਵਿਚ ਉਦਾਰ-ਚੇਤਨਾ ਦਾ ਪ੍ਰਸਾਰ ਹੋਇਆ। ਸਿੱਟੇ ਵਜੋਂ ਦੂਜੇ ਧਰਮਾਂ ਵਿਚ ਰਹਿਣ ਵਾਲੇ ਦਲਿਤ ਵੀ ਸਿੱਖ ਧਰਮ ਨੂੰ ਅਪਨਾਉਣ ਲੱਗੇ। ਸੰਨ 1960 ਈ. ਵਿਚ ਜਥੇਦਾਰ ਮਹਿਤਾਬ ਸਿੰਘ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਅੱਜ ਸਾਨੂੰ ਫਿਰ ਸੁਚੇਤ ਹੋਣਾ ਪਵੇਗਾ। ਕਿਤੇ ਮੁੜ ਅਜਿਹੀਆਂ ਪਰੰਪਰਾਵਾਦੀ ਤੇ ਕੱਟੜਪੰਥੀ ਜਥੇਬੰਦੀਆਂ ਸਰਬ-ਸਾਂਝੇ ਖ਼ਾਲਸਾ ਪੰਥ ਵਿਚ ਪਾੜੇ ਪਾ ਕੇ ਸਾਨੂੰ ਖੇਰੂੰ-ਖੇਰੂੰ ਕਰਨ ਦੇ ਮਨਸੂਬੇ ਤਾਂ ਨਹੀਂ ਬਣਾ ਰਹੀਆਂ।

-ਮੋਬਾਈਲ : 98143-24040

-(bhagwansinghjohal@gmail.com)

Posted By: Jagjit Singh