-ਮੋਹਨ ਸ਼ਰਮਾ

ਪੁਲਿਸ ਵਾਲਿਆਂ ਦਾ ਜਦੋਂ ਕਦੇ ਜ਼ਿਕਰ ਛਿੜਦਾ ਹੈ ਤਾਂ ਅਕਸਰ ਕਿਹਾ ਜਾਂਦਾ ਹੈ, “ਨਾ ਇਨਸੇ ਦੋਸਤੀ ਅੱਛੀ, ਨਾ ਦੁਸ਼ਮਨੀ।” ਉਂਜ ਵੀ ਥਾਣੇ-ਕਚਹਿਰੀ ਜਾਂ ਹਸਪਤਾਲ ਦਾ ਰੁਖ਼ ਕੋਈ ਵਕਤ ਦਾ ਮਾਰਿਆ ਹੀ ਕਰਦਾ ਹੈ। ਥਾਣੇ ਦੀ ਖੱਜਲ-ਖੁਆਰੀ, ਪੁਲਿਸ ਕਰਮਚਾਰੀਆਂ ਵੱਲੋਂ ਬੋਲੇ ਕੁਰੱਖਤ ਬੋਲ, ਜੇਬ ਖਾਲ੍ਹੀ ਕਰਵਾਉਣ ਦੇ ਗੁੱਝੇ ਇਸ਼ਾਰੇ ਅਤੇ ਨਿਰਾਦਰ ਭਰਿਆ ਵਰਤਾਅ ਵੇਖ ਕੇ ਵਿਅਕਤੀ ਤੌਬਾ ਕਰ ਉੱਠਦਾ ਹੈ ਅਤੇ ਕੰਨਾਂ ਨੂੰ ਹੱਥ ਲਾਉਂਦਿਆਂ ਬੁੜਬੁੜਾਉਂਦਾ ਹੈ, ''ਕਿੱਥੇ ਫਸ ਗਏ ਇੱਥੇ ਆ ਕੇ।” ਕਈ ਤਾਂ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਗਏ ਥਾਣੇ ਵਿਚ ਇੰਜ ਮਹਿਸੂਸ ਕਰਦੇ ਹਨ ਜਿਵੇਂ ਉਹ ਖ਼ੁਦ ਮੁਜਰਮ ਹੋਣ। ਇਕ ਪੁਲਿਸ ਅਧਿਕਾਰੀ ਨਾਲ ਮੇਰਾ ਵਾਹ ਕੁਝ ਸਮਾਂ ਪਹਿਲਾਂ ਉਦੋਂ ਪਿਆ ਜਦੋਂ ਮੈਨੂੰ ਆਪਣੇ ਨਜ਼ਦੀਕੀ ਦੋਸਤ ਨੇ ਆਪਣੇ ਘਰ ਵਿਖੇ ਅਖੰਡ ਪਾਠ ਦੇ ਭੋਗ ਸਮੇਂ ਬੁਲਾਇਆ ਸੀ।

ਮੱਥਾ ਟੇਕਣ ਉਪਰੰਤ ਸੰਗਤ ਵਿਚ ਮੈਂ ਵੀ ਬਹਿ ਗਿਆ। ਆਲੇ-ਦੁਆਲੇ ਨਜ਼ਰ ਮਾਰੀ। ਇਲਾਕੇ ਦਾ ਮੰਤਰੀ, ਸਿਆਸੀ ਅਤੇ ਧਾਰਮਿਕ ਆਗੂ, ਹੋਰ ਮੋਹਤਬਰ ਸ਼ਖ਼ਸੀਅਤਾਂ ਅਤੇ ਪੁਲਿਸ ਅਧਿਕਾਰੀ ਵੀ ਆਏ ਹੋਏ ਸਨ। ਪਾਠ ਦੀ ਸਮਾਪਤੀ ਉਪਰੰਤ ਮੇਰੇ ਦੋਸਤ ਨੇ ਹੌਲੀ ਜਿਹੇ ਮੇਰੇ ਕੋਲ ਆ ਕੇ ਕਿਹਾ, '' ਪਰਿਵਾਰ ਵੱਲੋਂ ਤੁਸੀਂ ਆਈ ਸੰਗਤ ਦਾ ਧੰਨਵਾਦ ਕਰ ਦੇਵੋ।” ਮੇਰੇ ਮਾਈਕ ਸੰਭਾਲਣ ਤੋਂ ਪਹਿਲਾਂ ਇਕ ਸੱਜਣ ਨੇ ਮੇਰਾ ਨਾਂ ਲੈ ਕੇ ਧੰਨਵਾਦੀ ਸ਼ਬਦ ਕਹਿਣ ਲਈ ਸੱਦਾ ਦੇ ਦਿੱਤਾ।

ਸੀਮਤ ਸ਼ਬਦਾਂ ਵਿਚ ਧੰਨਵਾਦੀ ਸ਼ਬਦ ਕਹਿ ਕੇ ਮੈਂ ਆਈ ਸੰਗਤ ਨੂੰ ਲੰਗਰ ਛਕਣ ਦੀ ਬੇਨਤੀ ਕਰ ਦਿੱਤੀ। ਦੇਗ ਲੈਣ ਉਪਰੰਤ ਜਦੋਂ ਮੈਂ ਲੰਗਰ ਵਾਲੀ ਜਗ੍ਹਾ ਵੱਲ ਵੱਧ ਰਿਹਾ ਸਾਂ ਤਾਂ ਮੇਰੇ ਅੱਗੇ ਜਾ ਰਹੇ ਡੀਐੱਸਪੀ ਨੇ ਮੇਰੇ ਵੱਲ ਵੇਖਦਿਆਂ ਕਿਹਾ, '' ਮੋਹਨ ਸ਼ਰਮਾ ਥੋਡਾ ਨਾਂ ਐ?” ਮੇਰੇ ਹਾਂ ਵਿਚ ਜਵਾਬ ਦੇਣ 'ਤੇ ਉਹਦੇ ਅਗਲੇ ਬੋਲ ਸਨ, “ਖਾਣੇ ਤੋਂ ਬਾਅਦ ਮੈਂ ਥੋੜ੍ਹਾ ਚਿਰ ਮੰਤਰੀ ਜੀ ਨਾਲ ਇਕ ਕੇਸ ਡਿਸਕਸ ਕਰਨੈ, ਓਦੂੰ ਪਿੱਛੋਂ ਮੈਂ ਥੋਨੂੰ ਮਿਲਣੈ। ਮੇਰੀ ਉਡੀਕ ਕਰ ਲੈਣਾ।”

ਹੁਣ ਪੁਲਿਸ ਅਧਿਕਾਰੀ ਦੇ ਮਿਲਣ ਦੇ ਅਰਥਾਂ ਵਿਚ ਮੈਂ ਉਲਝ ਗਿਆ। ਉਹਦੇ ਬੋਲਾਂ ਵਿਚ ਨਾ ਤਾਂ ਪੁਲਿਸ ਅਧਿਕਾਰੀ ਵਾਲਾ ਰੋਅਬ ਹੀ ਝਲਕਦਾ ਸੀ ਅਤੇ ਨਾ ਹੀ ਸਾਊ ਵਿਅਕਤੀ ਵਾਲੀ ਨਿਮਰਤਾ। ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾਉਂਦਿਆਂ ਮੈਂ ਚੱਜ ਨਾਲ 'ਲੰਗਰ' ਵੀ ਨਹੀਂ ਛਕਿਆ। ਛਕਦਾ ਵੀ ਕਿਵੇਂ? ਮਨ ਤਾਂ ਉੱਜੜੀਆਂ ਖੁੱਡਾਂ ਵਿਚ ਭਟਕਦਿਆਂ ਪੁਲਿਸ ਅਧਿਕਾਰੀ ਦੀ ਮਿਲਣੀ ਦੇ ਅਰਥਾਂ ਵਿਚ ਉਲਝਿਆ ਪਿਆ ਸੀ। ਪਿਛਲੇ ਦੋ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਤਸਵੀਰ ਸਾਹਮਣੇ ਲਿਆਂਦੀ।

ਕਿਸੇ ਨਾਲ ਬੋਲ-ਬੁਲਾਰਾ, ਆਪਣੇ ਕਰਮ-ਖੇਤਰਾਂ ਵਿਚ ਹੋਈ ਕੋਈ ਢਿੱਲ-ਮੱਠ, ਕੋਈ ਹੋਰ ਗੱਲ ਚੇਤੇ ਕਰਦਾ ਰਿਹਾ ਜਿਸ ਸਿਲਸਿਲੇ 'ਚ ਪੁਲਿਸ ਅਫ਼ਸਰ ਨੇ ਮੈਨੂੰ ਮਿਲਣਾ ਸੀ। ਆਕਾਸ਼-ਪਤਾਲ ਛਾਣ ਮਾਰਿਆ ਪਰ ਕੋਈ ਸਿਰਾ ਨਹੀਂ ਲੱਭਿਆ। ਪਰੇਸ਼ਾਨੀ ਅਤੇ ਉਲਝਣ ਜਿਹੀ ਮੇਰੇ ਅੰਗ-ਸੰਗ ਸੀ। ਭੈਅ ਜਿਹਾ ਵੀ ਸਾਹਮਣੇ ਮੂੰਹ ਅੱਡੀਂ ਖੜ੍ਹਾ ਸੀ।

ਬਿਨਾਂ ਵਜ੍ਹਾ ਮੈਂ ਮੁਜਰਮਾਂ ਵਾਲੀ ਸੋਚ ਦਾ ਸ਼ਿਕਾਰ ਹੋ ਗਿਆ ਸੀ, '' ਪੁਲਿਸ ਅਧਿਕਾਰੀ ਦਾ ਕੀ ਹੈ, ਐਵੇਂ ਕੋਈ ਹੋਰ ਈ ਮੁਸੀਬਤ ਨਾ ਖੜ੍ਹੀ ਕਰ ਦੇਵੇ। ਇਸ ਤਰ੍ਹਾਂ ਦੀਆਂ ਸੋਚਾਂ ਵਿਚ ਘਿਰਿਆ ਮੈਂ ਪੁਲਿਸ ਅਧਿਕਾਰੀ ਦਾ ਇੰਤਜ਼ਾਰ ਕਰ ਰਿਹਾ ਸਾਂ। ਬੀਤ ਰਹੇ ਪਲ ਵੀ ਘੰਟਿਆਂ ਵਰਗੇ ਲੱਗਦੇ ਸਨ। ਜਦੋਂ ਉਹ ਅੱਧਾ ਘੰਟਾ ਇੰਤਜ਼ਾਰ ਕਰਾਉਣ ਤੋਂ ਬਾਅਦ ਵੀ ਨਾ ਆਇਆ ਤਾਂ ਮੈਂ ਆਪਣੇ ਘਰ ਦਾ ਰੁਖ਼ ਕਰ ਲਿਆ। ਘਰ ਆ ਕੇ ਵੀ ਤਰ੍ਹਾਂ-ਤਰ੍ਹਾਂ ਦੇ ਸਵਾਲਾਂ ਵਿਚ ਘਿਰਿਆ ਰਿਹਾ।

ਆਖ਼ਰ ਉਸ ਦਾ ਮੋਬਾਇਲ ਨੰਬਰ ਆਲੇ-ਦੁਆਲਿਉਂ ਲੈ ਕੇ ਮੈਂ ਉਸ ਨੂੰ ਫੋਨ 'ਤੇ ਨਿਮਰਤਾ ਸਹਿਤ ਕਿਹਾ, “ਮੈਂ ਉੱਥੇ ਤੁਹਾਡਾ ਅੱਧਾ ਘੰਟਾ ਇੰਤਜ਼ਾਰ ਕਰਦਾ ਰਿਹਾ ਪਰ ਤੁਸੀਂ ਨਹੀਂ ਆਏ।” ਦਰਅਸਲ ਮੈਂ ਸੱਚਾ ਵੀ ਬਣਨਾ ਚਾਹੁੰਦਾ ਸੀ ਕਿ ਮੈਂ ਤੁਹਾਡੀ ਉਡੀਕ ਕੀਤੀ। ਐਵੇਂ ਭਗੌੜਾ ਬਣ ਕੇ ਉੱਥੋਂ ਨਹੀਂ ਆਇਆ। “ਹੁਣ ਕਿੱਥੇ ਹੋ ਤੁਸੀਂ?” ਉਸ ਨੇ ਮੇਰੀ ਗੱਲ ਕਟਦਿਆਂ ਕਿਹਾ।

“ਆਪਣੇ ਘਰ।” ਮੈਂ ਸੰਖੇਪ ਜਿਹਾ ਜਵਾਬ ਦਿੱਤਾ। ਉਸ ਨੇ ਮੇਰੇ ਕੋਲੋਂ ਘਰ ਦਾ ਪਤਾ ਪੁੱਛ ਕੇ ਕਿਹਾ, “ਬਸ, ਪੰਜ-ਸੱਤ ਮਿੰਟਾਂ 'ਚ ਮੈਂ ਤੁਹਾਡੇ ਘਰ ਹੀ ਆ ਰਿਹਾਂ।” ਉਸ ਦੇ ਘਰ ਆਉਣ ਵਾਲੀ ਗੱਲ ਨਾਲ ਇਕ ਸਕੂਨ ਤਾਂ ਮਿਲਿਆ ਕਿ ਕੋਈ ਗੰਭੀਰ ਗੱਲ ਨਹੀਂ। ਖ਼ੈਰ! ਥੋੜ੍ਹੀ ਦੇਰ ਬਾਅਦ ਉਹ ਘਰ ਆ ਗਿਆ। ਲਾਮ-ਲਸ਼ਕਰ ਨੂੰ ਉਸ ਨੇ ਬਾਹਰ ਹੀ ਰੁਕਣ ਦਾ ਆਦੇਸ਼ ਦਿੱਤਾ।

ਅਸੀਂ ਡਰਾਇੰਗ ਰੂਮ ਵਿਚ ਆਹਮੋ-ਸਾਹਮਣੇ ਬੈਠ ਗਏ। ਮੇਰਾ ਸਾਰਾ ਧਿਆਨ ਉਹਦੇ ਮੂੰਹੋਂ ਗੱਲ ਸੁਣਨ ਵੱਲ ਸੀ। ਮੈਂ ਚਾਹੁੰਦਾ ਸੀ ਕਿ ਮੇਰੀ ਪਰੇਸ਼ਾਨੀ ਦਾ ਹੱਲ ਛੇਤੀ ਹੋਵੇ। ਚਾਹ ਦਾ ਘੁੱਟ ਭਰਦਿਆਂ ਉਸ ਨੇ ਕਿਹਾ, “ਦਰਅਸਲ, ਦੋ ਹਫ਼ਤੇ ਪਹਿਲਾਂ ਮੈਂ ਅਖ਼ਬਾਰ ਵਿਚ ਤੁਹਾਡਾ ਆਰਟੀਕਲ 'ਗੁਰਬਤ ਦੇ ਖੰਭਾਂ ਨਾਲ ਪਰਵਾਜ਼' ਪੜ੍ਹਿਆ ਸੀ। ਬਹੁਤ ਪ੍ਰਭਾਵਿਤ ਕੀਤਾ ਮੈਨੂੰ ਉਸ ਨੇ। ਮੈਂ ਵੀ ਤੁਹਾਡੇ ਵਾਂਗ ਸੰਘਰਸ਼ ਕਰਕੇ ਜ਼ਿੰਦਗੀ ਦੇ ਇਸ ਪੜਾਅ 'ਤੇ ਪੁੱਜਾ ਹਾਂ।

ਦਰਅਸਲ! ਭੁੱਖ, ਗੁਰਬਤ ਅਤੇ ਖ਼ਾਲੀ ਜੇਬ ਨਾਲ ਜਿਸ ਨੇ ਜ਼ਿੰਦਗੀ ਦਾ ਸਫ਼ਰ ਦ੍ਰਿੜ੍ਹ ਇਰਾਦੇ ਨਾਲ ਕੀਤਾ ਹੈ, ਉਹ ਕਦੇ ਮਾਰ ਨਹੀਂ ਖਾਂਦਾ। ਬਸ ਮੈਂ ਵੀ।” ਥੋੜ੍ਹਾ ਜਿਹਾ ਰੁਕ ਕੇ ਉਸ ਨੇ ਗੱਲ ਨੂੰ ਅਗਾਂਹ ਤੋਰਿਆ, ''ਫਿਰ ਇਸ ਹਫ਼ਤੇ ਟੀਵੀ 'ਤੇ ਗੱਲਾਂ ਤੇ ਗੀਤ' ਪ੍ਰੋਗਰਾਮ ਵਿਚ ਵੀ ਤੁਹਾਨੂੰ ਸੁਣਿਆ। ਉਹ ਪ੍ਰੋਗਰਾਮ ਵੀ ਬਹੁਤ ਚੰਗਾ ਲੱਗਾ। ਬੜੀਆਂ ਪਾਏਦਾਰ ਗੱਲਾਂ ਕੀਤੀਆਂ ਤੁਸੀਂ। ਮੇਰਾ ਦਿਲ ਕਰਦਾ ਸੀ ਤੁਹਾਨੂੰ ਮਿਲਾਂ। ਬਸ ਇਸੇ ਲਈ...। ਮੈਂ ਤੁਹਾਡੇ ਤੰਦਰੁਸਤ ਅਤੇ ਇੰਜ ਹੀ ਕਰਮਸ਼ੀਲ ਹੋਣ ਦੀ ਕਾਮਨਾ ਕਰਦਾ ਹਾਂ।'' ਮੈਂ ਆਪਣੀ ਉਤਸੁਕਤਾ ਅਤੇ ਸਾਹਾਂ ਦੀ ਤੇਜ਼ ਰਫ਼ਤਾਰ 'ਤੇ ਕਾਬੂ ਪਾਉਂਦਿਆਂ ਮੁਸਕਰਾ ਕੇ ਕਿਹਾ, “ਬਹੁਤ ਚੰਗਾ ਲੱਗਾ ਹੈ ਤੁਹਾਡਾ ਮਿਲਣਾ।

ਪਰ ਜੇਕਰ ਮੈਨੂੰ ਉੱਥੇ ਥੋੜ੍ਹਾ ਜਿਹਾ ਇਸ਼ਾਰਾ ਕਰ ਦਿੰਦੇ ਤਾਂ...। ਮੈਂ ਤਾਂ ਹੋਰ ਹੀ ਅਰਥ ਕੱਢਦਾ ਰਿਹਾ। ਤੁਹਾਨੂੰ ਨਹੀਂ ਪਤਾ ਮੈਂ ਕਿਹੋ ਜਿਹੀਆਂ ਮਾਰੂ ਸੋਚਾਂ ਵਿਚ ਘਿਰਿਆ ਰਿਹਾ ਹਾਂ। ਲੱਗੀ ਹੋਈ ਅੱਚਵੀ ਅਤੇ ਪਰੇਸ਼ਾਨੀ ਵਿਚ ਮੈਂ ਘਰਦਿਆਂ ਨਾਲ ਵੀ ਚੱਜ ਨਾਲ ਨਹੀਂ ਬੋਲਿਆ।''

ਉਹਦੇ ਨਾਲ ਗੱਲਾਂ-ਬਾਤਾਂ ਕਰਦਿਆਂ ਵੱਧਦੇ ਕ੍ਰਾਈਮ ਗ੍ਰਾਫ, ਨਸ਼ੇ, ਰਿਸ਼ਤਿਆਂ ਵਿਚ ਆ ਰਹੀਆਂ ਤਰੇੜਾਂ ਅਤੇ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਨਿਭਾਉਂਦਿਆਂ ਆ ਰਹੀਆਂ ਦਿੱਕਤਾਂ ਸਬੰਧੀ ਵਿਸਥਾਰ ਵਿਚ ਚਰਚਾ ਕੀਤੀ। ਉਸ ਨੇ ਪੁਲਿਸ ਵਿਭਾਗ ਵਿਚ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਲਈ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਨੂੰ ਕਸੂਰਵਾਰ ਦੱਸਿਆ ਅਤੇ ਵਰਤਮਾਨ ਸਿਸਟਮ 'ਚ ਕੁਝ ਖ਼ਾਮੀਆਂ ਨੂੰ ਉਪਰਲੇ ਪੱਧਰ 'ਤੇ ਦਰੁਸਤ ਕਰਨ ਦੀ ਗੱਲ ਵੀ ਕਹੀ।

ਉਸ ਨੇ ਇਸ ਗੱਲ 'ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਸਿਆਸੀ ਲੋਕਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਨੇ ਵੀ ਪੁਲਿਸ ਵਿਭਾਗ ਦਾ ਅਕਸ ਧੁੰਦਲਾ ਕੀਤਾ ਹੈ। ਸਿਆਸੀ ਲੋਕ ਕਾਨੂੰਨ ਵੱਲ ਨਹੀਂ ਵੇਖਦੇ, ਆਪਣੇ ਵੋਟ ਬੈਂਕ ਵੱਲ ਵੇਖਦੇ ਹਨ। ਅਜਿਹੀ ਸਥਿਤੀ 'ਚ ਪੁਲਿਸ ਮੁਲਾਜ਼ਮ ਵੀ ਬੇਵੱਸ ਹੋ ਜਾਂਦੇ ਹਨ। ਨਾਹਰ ਸਿੰਘ ਨਾਂ ਦਾ ਉਹ ਪੁਲਿਸ ਅਧਿਕਾਰੀ ਜਾਣ ਲੱਗਿਆਂ ਅਪਣੱਤ ਨਾਲ ਮੇਰੇ ਮੋਢੇ 'ਤੇ ਹੱਥ ਧਰਦਿਆਂ ਕਹਿਣ ਲੱਗਾ, “ਤੁਸੀਂ ਬਿਰਧ ਆਸ਼ਰਮ ਵਿਚ ਵੀ ਸੇਵਾ ਕਰ ਰਹੇ ਹੋ ਅਤੇ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਪੂਰੀ ਵਾਹ ਲਾ ਰਹੇ ਹੋ।

ਹੋਰ ਵੀ ਲੋਕ ਭਲਾਈ ਦੇ ਕੰਮਾਂ 'ਚ ਜੁਟੇ ਰਹਿੰਦੇ ਹੋ। ਮੇਰੇ ਲਾਇਕ ਕੋਈ ਵੀ ਸੇਵਾ ਹੋਵੇ, ਤਾਂ ਨਿਰਸੰਕੋਚ ਦੱਸਣਾ।” ਗੇਟ 'ਤੇ ਵਿਦਾ ਹੋਣ ਵੇਲੇ ਜਦੋਂ ਉਹ ਅਪਣੱਤ ਨਾਲ ਜੱਫੀ ਪਾ ਕੇ ਮਿਲਿਆ ਤਾਂ ਉਹਦੀ ਵਰਦੀ 'ਤੇ ਲਟਕਦਾ ਰਿਵਾਲਵਰ ਮੈਨੂੰ ਇੰਜ ਲੱਗਦਾ ਸੀ ਜਿਵੇਂ ਬੰਸਰੀ ਲਟਕਦੀ ਹੋਵੇ।

-(ਪ੍ਰਾਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ)

-ਮੋਬਾਈਲ ਨੰ. : 94171-48866

Posted By: Jagjit Singh