ਗਿਰੀਸ਼ਵਰ ਮਿਸ਼ਰਾ

ਦੇਵ ਦੀਪਾਵਲੀ ਦੇ ਪਵਿੱਤਰ ਮੌਕੇ ਵਾਰਾਨਸੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵੀ ਅੰਨਪੂਰਨਾ ਦੀ ਮੂਰਤੀ ਨੂੰ, ਜਿਸ ਨੂੰ ਇਕ ਸਦੀ ਪਹਿਲਾਂ ਚੋਰੀ ਕਰ ਕੇ ਕੈਨੇਡਾ ਦੀ ਰੇਜਿਨਾ ਯੂਨੀਵਰਸਿਟੀ ਦੇ ਮਿਊਜੀਅਮ ‘ਚ ਪਹੁੰਚਾ ਦਿੱਤਾ ਸੀ, ਵਾਪਸ ਦੇਸ਼ ਨੂੰ ਸੌਂਪਣ ਦੀ ਚਰਚਾ ਕੀਤੀ ਸੀ। ਉਦੋਂ ਉੱਥੋਂ ਦੇ ਵਾਈਸ ਚਾਂਸਲਰ ਟੌਮਸ ਚੇਜ ਨੇ ਬੜੀ ਪਤੇ ਦੀ ਗੱਲ ਕਹੀ ਸੀ ਕਿ ‘ਇਹ ਸਾਡੀ ਜ਼ਿੰਮੇਵਾਰੀ ਹੈ ਕਿ ਇਤਿਹਾਸਕ ਗਲਤੀਆਂ ਸੁਧਾਰੀਆਂ ਜਾਣ ਤੇ ਉਪਨਿਵੇਸ਼ਵਾਦ ਦੇ ਦੌਰ ‘ਚ ਦੂਸਰੇ ਦੇਸ਼ਾਂ ਦੀ ਵਿਰਾਸਤ ਨੂੰ ਹੋਏ ਨੁਕਸਾਨ ਦੀ ਹਰ ਸੰਭਵ ਪੂਰਤੀ ਕੀਤੀ ਜਾਵੇ।‘ ਉਮੀਦ ਹੈ ਕਿ ਇਸ ਸਾਲ ਦੇ ਅਖੀਰ ਤਕ ਇਹ ਮੂਰਤੀ ਆਪਣੇ ਮੁੱਢਲੇ ਸਥਾਨ ‘ਤੇ ਮੁੜ ਬਿਰਾਜਮਾਨ ਹੋ ਜਾਵੇਗੀ। ਅਸਲ ਵਿਚ ਮੁਸ਼ਕਲ ਹਾਲਾਤ ‘ਚ ਆਪਣੀ ਬਹੁਮੁੱਲੀ ਜਾਇਦਾਦ ਗਿਰਵੀ ਰੱਖਣਾ ਤੇ ਹਾਲਾਤ ਸੁਧਰਣ ‘ਤੇ ਉਸ ਨੂੰ ਛੁਡਵਾ ਕੇ ਵਾਪਸ ਲਿਆਉਣਾ ਕੋਈ ਨਵੀਂ ਗੱਲ ਨਹੀਂ। ਇਹ ਦਸਤੂਰ ਹਾਲੇ ਵੀ ਜਾਰੀ ਹੈ। ਭਾਰਤ ਦਾ ਖੁਸ਼ਹਾਲ ਗਿਆਨ ਰੂਪੀ ਖਜਾਨਾ ਤੇ ਉਸ ਦੀ ਅਭਿਵਿਅਕਤੀ ਨੂੰ ਵੀ ਅਤੀਤ ‘ਚ ਅੰਗਰੇਜਾਂ ਕੋਲ ਬੰਧਕ ਰੱਖ ਦਿੱਤਾ ਗਿਆ, ਪਰ ਪਰੇਸ਼ਾਨੀ ਇਹ ਹੈ ਕਿ ਉਸ ਦੇ ਇਵਜ ਵਿਚ ਜੋ ਲਿਆ ਗਿਆ ਜਾਂ ਮਿਲਿਆ ਉਸ ਦੇ ਘੇਰੇ ‘ਚ ਹੀ ਸਿੱਖਿਆ ਪਨਪੀ ਤੇ ਉਸ ਦੇ ਮੋਹਕ ਭਰਮ ‘ਚ ਅਸੀਂ ਸਾਰੇ ਕੁਝ ਇਸ ਤਰ੍ਹਾਂ ਗਾਫਿਲ ਹੋਏ ਕਿ ਆਪਣੀ ਧਰੋਹਰ ਨੂੰ ਅਪਨਾਉਣਾ ਤਾਂ ਦੂਰ ਉਸ ਨੂੰ ਪਛਾਣਨ ਤੋਂ ਵੀ ਇਨਕਾਰ ਕਰਦੇ ਰਹੇ। ਮੈਕਾਲੇ ਸਾਹਿਬ ਨੇ ਜਿਹੜੀ ਤਜਵੀਜ ਭਾਰਤ ਲਈ ਕੀਤੀ ਉਸ ਨੂੰ ਅਸੀਂ ਕੁਝ ਇਸ ਤਰ੍ਹਾਂ ਕਬੂਲ ਕਰ ਕੇ ਅਪਨਾਇਆ ਕਿ ਯਾਦਾਂ ਧੁੰਦਲੀਆਂ ਹੋਣ ਲੱਗੀਆਂ ਤੇ ਵਿਕਲਪਹੀਣ ਹੁੰਦੇ ਗਏ। ਇਸ ਕਾਰਨ ਆਪਣੇ ਸੁਭਾਅ ਅਨੁਸਾਰ ਸੋਚਣ-ਵਿਚਾਰਨ ‘ਤੇ ਅਜਿਹੀ ਪਾਬੰਦੀ ਲੱਗੀ ਕਿ ਕੋਲਹੂ ਦੇ ਬੈਲ ਵਾਂਗ ਪੀੜ੍ਹੀ-ਦਰ-ਪੀੜ੍ਹੀ ਪਰਾਈਆਂ ਅੱਖਾਂ ਨਾਲ ਹੀ ਦੇਖਦੇ ਰਹੇ। ਚੱਲਣ ਨਾਲ ਰਫਤਾਰ ਦਾ ਅਹਿਸਾਸ ਤਾਂ ਹੋ ਰਿਹਾ ਸੀ, ਪਰ ਅੱਖਾਂ ‘ਤੇ ਪਏ ਪਰਦੇ ਨਾਲ ਦਿਸ਼ਾ ਗਿਆਨ ਵੀ ਜਾਂਦਾ ਰਿਹਾ। ਇਸ ਦਾ ਨਤੀਜਾ ਸਾਹਮਣੇ ਹੈ। ਆਈਆਈਐੱਮ ਤੇ ਆਈਆਈਟੀ ਵਰਗੇ ਵਿਦਿਆ ਦੇ ਕੁਝ ਸੁਰਮਈ ਟਾਪੂਆਂ ਦੇ ਚੁਫੇਰੇ ਅਨਪੜ੍ਹਤਾ ਦਾ ਸਮੁੰਦਰ ਛੱਲਾਂ ਮਾਰ ਰਿਹਾ ਹੈ। ਅੱਜ ਡਿਗਰੀਧਾਰਕ ਬੇਰੁਜਗਾਰਾਂ ਦੀ ਗਿਣਤੀ, ਗੁਣਵੱਤਾਂ ਦੇ ਨਜਰੀਏ ਤੋਂ ਕਮਜੋਰ ਸਿੱਖਿਆ ਤੇ ਭਾਰਤ ਦੇ ਸੁਭਾਅ ਤੇ ਸੰਸਕਿ੍ਰਤੀ ਨਾਲ ਵਧਦੀ ਅਣਜਾਣਤਾ ਦਰਮਿਆਨ ਸਿੱਖਿਆ ਜਗਤ ‘ਚ ਬੇਚੈਨੀ ਫੈਲੀ ਹੈ। ਸਾਰੇ ਪੱਧਰਾਂ ‘ਤੇ ਵਿਦਿਆਰਥੀਆਂ ਦੀ ਗਿਣਤੀ ਬੇਸ਼ਕ ਵਧੀ ਹੋਵੇ, ਪਰ ਗੁਣਵੱਤਾ ਘਟੀ ਹੈ। ਅੱਜ ਪ੍ਰਾਇਮਰੀ ਸਕੂਲਾਂ ‘ਚ ਬੱਚੇ ਦਾ ਦਾਖਲਾ ਜੱਗ ਜਿੱਤਣ ਦੇ ਕਾਰਨਾਮੇ ਜਿਹਾ ਹੋ ਗਿਆ ਹੈ। ਇਸ ਪੱਧਰ ‘ਤੇ ਨਾਬਰਾਬਰੀ ਦਾ ਅਨੁਮਾਨ ਲਗਾਉਣਾ ਵੀ ਮੁਸ਼ਕਲ ਹੈ। ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਤੇ ਉਨ੍ਹਾਂ ਦੇ ਵਰਗ ਭੇਦ ‘ਸਿੱਖਿਆ ਦੇ ਅਧਿਕਾਰ‘ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ। ਨਿੱਜੀ ਸਕੂਲਾਂ ਦੀ ਉਚੇਰੀ ਫੀਸ ਤੇ ਵਿਵਸਥਾ ਮਾਪਿਆਂ ਲਈ ਤਣਾਅ ਦਾ ਵੱਡਾ ਕਾਰਨ ਬਣ ਰਹੀ ਹੈ, ਉੱਥੇ ਹੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਿਦਿਅਕ ਉਪਲਬਧੀਆਂ ਚਿੰਤਾ ਦਾ ਵਿਸ਼ਾ ਹਨ।

ਇਸ ਨਾਲ ਸ਼ਾਇਦ ਹੀ ਕੋਈ ਅਸਹਿਮਤ ਹੋਵੇ ਕਿ ਸਾਡੇ ਉੱਤੇ ਥੋਪੀ ਗਈ ਸਿੱਖਿਆ ਦੀ ਦਿ੍ਰਸ਼ਟੀ ਅੰਗਰੇਜਾਂ ਦੀ ਉਪਨਿਵੇਸ਼ਕ ਉਦੇਸ਼ਾਂ ਦੀ ਪੂਰਤੀ ਦਾ ਉਪਾਅ ਸੀ ਨਾ ਕਿ ਇੱਥੋਂ ਦੀ ਆਪਣੀ ਜੈਵਿਕ ਪੈਦਾਵਾਰ। ਉਸ ਦੇ ਵੈਸ਼ਵਿਕ ਦਿ੍ਰਸ਼ਟੀਕੋਣ ਦੇ ਪਰਿਣਾਮ ਦੇਸ਼ ਨੂੰ ਆਜਾਦੀ ਮਿਲਦੇ ਸਮੇਂ ਸਾਖਰਤਾ, ਸਿੱਖਿਆ ਤੇ ਅਰਥਵਿਵਸਥਾ ‘ਚ ਮਿਲੀਆਂ ਖਾਮੀਆਂ ਦੇ ਰੂਪ ‘ਚ ਦੇਖੇ ਜਾ ਸਕਦੇ ਹਨ। ਆਜਾਦੀ ਦੇ ਸਮੇਂ ਸਾਨੂੰ ਇਹ ਰੀਤੀਆਂ-ਨੀਤੀਆਂ ਬਦਲਣ ਦਾ ਅਵਸਰ ਮਿਲਿਆ, ਪਰ ਅਸੀਂ ਕੁਝ ਨਾ ਕਰ ਸਕੇ। ਉਸ ਦੇ ਸੱਤ ਦਹਾਕੇ ਬਾਅਦ ਵੀ ਸੁਪਰੀਮ ਕੋਰਟ ਦਾ ਦਰਵਾਜਾ ਭਾਰਤ ਦੀ ਭਾਸ਼ਾ ਲਈ ਬੰਦ ਹੈ। ਭਾਸ਼ਾ ਤੇ ਗਿਆਨ ਦੇ ਪੱਖੋਂ ਅਸੀਂ ਜਿਸ ਤਰ੍ਹਾਂ ਦੂਸਰਿਆਂ ਉੱਪਰ ਨਿਰਭਰ ਹੁੰਦੇ ਗਏ, ਉਹ ਗਿਆਨ ਦੇ ਪ੍ਰਚਾਰ ਤੇ ਪ੍ਰਵਾਹ ਦੀ ਦਿ੍ਰਸ਼ਟੀ ਤੋਂ ਲੋਕਤੰਤਰ ਲਈ ਬੜਾ ਖਤਰਨਾਕ ਸਿੱਧ ਹੋ ਰਿਹਾ ਹੈ।

ਇਸ ਦੌਰਾਨ ਅਸੀਂ ਭਾਰਤ ਦੀ ਸਮਝ ਦੀ ਭਾਰਤੀ ਦਿ੍ਰਸ਼ਟੀਕੋਣ ਦੀ ਸੰਭਾਵਨਾ ਪ੍ਰਤੀ ਵੀ ਸੰਵੇਦਨਹੀਣ ਬਣੇ ਰਹੇ। ਰਾਜਾ ਬਦਲਣ ਦੇ ਬਾਵਜੂਦ ਵਿਵਹਾਰ ਦੇ ਪੱਧਰ ‘ਤੇ ਰਾਜ-ਕਾਜ ‘ਚ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ। ਸ਼ਾਇਦ ਉਪਨਿਵੇਸ਼ਕ ਦਿ੍ਰਸ਼ਟੀ ਦੀ ਉਪਨਿਵੇਸ਼ਕਤਾ ਹੀ ਨਜਰ ਤੋਂ ਓਹਲੇ ਹੋ ਸਕੀ ਤੇ ਉਸ ਦੀ ਗੈਰ-ਸੁਭਾਵਿਕਤਾ ਵੀ ਬਹੁਤਿਆਂ ਲਈ ਸਹਿਜ ਹੋ ਨਿੱਬੜੀ। ਗਿਆਨ ਦਾ ਕੇਂਦਰ ਪੱਛਮੀ ਹੋ ਗਿਆ ਤੇ ਉਸੇ ਦਾ ਪੋਸ਼ਣ ਰਸਮੀ ਸਿੱਖਿਆ ਦਾ ਧਿਆਏ ਬਣ ਗਿਆ ਤੇ ਇਸ ਕੰਮ ਲਈ ਅੰਗਰੇਜੀ ਭਾਸ਼ਾ ਨੂੰ ਵੀ ਨਿਰਬਾਧ ਰੂਪ ‘ਚ ਸਹਾਰਾ ਮਿਲਦਾ ਗਿਆ। ਇਸ ਤੋਂ ਬਾਅਦ ਸਮਾਜਿਕ-ਸੱਭਿਆਚਾਰਕ ਪਹਿਲੂ ਤੋਂ ਬੇਖਬਰ ਅਸੀਂ ਉਸੇ ਮਾਡਲ ਨੂੰ ਅੱਗੇ ਤੋਰਦੇ ਗਏ ਤੇ ਬਿਨਾਂ ਭਾਰਤੀ ਗਿਆਨ ਪਰੰਪਰਾ ਨੂੰ ਜਾਣੇ ਉਸ ਨੂੰ ਹਾਸ਼ੀਏ ਵੱਲ ਧੱਕਦੇ ਗਏ। ਭਾਸ਼ਾ, ਜਿਹੜੀ ਗਿਆਨ ਦਾ ਮੁੱਖ ਸੋਮਾ ਹੈ, ਉਹ ਗਿਆਨ ਦਾ ਪੈਮਾਨਾ ਬਣ ਗਈ। ਸਿੱਖਿਆ ‘ਚ ਆਪਣਾ ਰਾਜ ਇਕ ਸੁਪਨਾ ਬਣਦਾ ਗਿਆ। ਅੰਗਰੇਜੀ ਤਰੱਕੀ ਦੀ ਪੌੜੀ ਬਣ ਗਈ। ਜਿਹੜਾ ਅੰਗਰੇਜੀ ਜਾਣਦਾ, ਉਸੇ ਨੂੰ ਯੋਗ ਕਰਾਰ ਦਿੱਤਾ ਜਾਣਾ ਲੱਗਾ। ਸਮਾਜਿਕ ਭੇਦਭਾਵ ਤੇ ਸਮਾਜਿਕ ਦੂਰੀ ਹੀ ਨਹੀਂ ਸਿਹਤ, ਕਾਨੂੰਨ ਤੇ ਨਿਆਂ ਆਦਿ ਨਾਲ ਜੁੜੀਆਂ ਨਾਗਰਿਕ ਜੀਵਨ ਦੀਆਂ ਆਮ ਸਹੂਲਤਾਂ ਵੀ ਇਸ ਨਾਲ ਜੁੜ ਗਈਆਂ।

ਬਾਰਾਂ-ਪੰਦਰਾਂ ਫੀਸਦੀ ਲੋਕਾਂ ਦੀ ਅੰਗਰੇਜੀ ਅੱਸੀ ਫੀਸਦੀ ਤੋਂ ਜ਼ਿਆਦਾ ਭਾਰਤੀ ਲੋਕਾਂ ਦੀਆਂ ਭਾਸ਼ਾਵਾਂ ‘ਤੇ ਭਾਰੀ ਪੈ ਰਹੀ ਹੈ। ਇਸ ਮਜਬੂਰੀ ਵੱਸ ਪੜ੍ਹਾਈ-ਲਿਖਾਈ ਤੇ ਅਧਿਐਨ-ਖੋਜ ਲਈ ਦੂਸਰਿਆਂ ‘ਤੇ ਨਿਰਭਰ ਹੁੰਦਾ ਗਿਆ। ਮੌਲਿਕਤਾ ਤੇ ਸਿਰਜਣਾਤਮਕਤਾ ਦੀ ਜਗ੍ਹਾ ਨਕਲ, ਪੁਨਰ ਉਤਪਾਦਨ ਤੇ ਪੀਸੇ ਹੋਏ ਮੁੜ ਪੀਸਣ ਦਾ ਜਿਹੜਾ ਦੌਰ ਚੱਲਿਆ ਉਸ ਨੇ ਅੱਖਾਂ ਬੰਦ ਕਰ ਕੇ ਦੂਸਰੇ ਪਿੱਛੇ ਤੁਰਨ ਨੂੰ ਹੱਲਾਸ਼ੇਰੀ ਦਿੱਤੀ। ਉਸ ਨੇ ਦੇਸ਼-ਕਾਲ ਤੇ ਸੰਸਕਿ੍ਰਤੀ ਨਾਲੋਂ ਵੱਖ ਕਰਨ ਸਮੇਤ ਜਿਹੜਾ ਦਿ੍ਸ਼ਟੀਕੋਣ ਸਥਾਪਿਤ ਕੀਤਾ, ਉਸ ਕਾਰਨ ਅਸੀਂ ਬਿਨਾਂ ਕਿਸੇ ਆਤਮ ਮੰਥਨ ਦੇ ਉਸ ਯੂਰੋ-ਅਮਰੀਕੀ ਨਜਰੀਏ ਨੂੰ ਹੀ ਪੂਰੀ ਦੁਨੀਆ ਦਾ ਮੰਨ ਬੈਠੇ ਜਿਹੜਾ ਮੁਢਲੇ ਤੌਰ ‘ਤੇ ਸੀਮਤ, ਸਥਾਨਕ ਤੇ ਇਕ ਖਾਸ ਤਰ੍ਹਾਂ ਦਾ ‘ਦੇਸੀ‘ ਹੀ ਸੀ, ਪਰ ਆਰਥਿਕ ਸਿਆਸੀ ਤੰਤਰ ਦੇ ਵਿਚਕਾਰ ਪੱਛਮ ਤੋਂ ਬਰਾਮਦ ਕੀਤਾ ਗਿਆ। ਇਹ ਕਿੰਨਾ ਰੂੜ੍ਹੀਵਾਦੀ ਰਿਹਾ ਇਹ ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਇਸ ਨੇ ਭਾਰਤੀ ਗਿਆਨ ਪਰੰਪਰਾ ਨੂੰ ਆਪ੍ਰਸੰਗਿਕ ਤੇ ਅਪ੍ਰਮਾਣਕ ਠਹਿਰਾਉਂਦੇ ਹੋਏ ਪ੍ਰਵੇਸ਼ ਹੀ ਨਹੀਂ ਦਿੱਤਾ ਜਾਂ ਫਿਰ ਉਸ ਨੂੰ ਪੁਰਾਤੱਤਵ ਅਵਸ਼ੇਸ਼ ਵਾਂਗ ਜਗ੍ਹਾ ਦਿੱਤੀ ਗਈ। ਉਸ ਦਾ ਗਿਆਨ ਸਿਰਜਣ ਦੇ ਨਾਲ ਕੋਈ ਸਰਗਰਮ ਰਿਸ਼ਤਾ ਨਹੀਂ ਬਣ ਸਕਿਆ।

ਮੁਸ਼ਕਿਲ ਇਹ ਵੀ ਹੋਈ ਕਿ ਭਾਰਤੀ ਗਿਆਨ ਧਾਰਾ ‘ਚ ਭਾਰਤ ਦਾ ਜਿਹੜਾ ਥੋੜ੍ਹਾ-ਬਹੁਤ ਪ੍ਰਵੇਸ਼ ਹੋਇਆ ਸੀ, ਉਹ ਇਸ ਦਾ ਪੱਛਮੀ ਸੰਸਕਰਣ ਸੀ ਜਿਸ ਵਿਚ ਅਣਉੱਚਿਤ ਅਪੀਲਾਂ ਤੇ ਗਲਤ ਵਿਆਖਿਆਵਾਂ ਸਨ। ਦੂਸਰੇ ਪਾਸੇ ਭਾਰਤੀ ਸਮਾਜ ਨੂੰ ਪੱਛਮੀ ਸਿਧਾਂਤਾਂ ਦੀ ਪ੍ਰੀਖਿਆ ਲਈ ਨਮੂਨਾ (ਸੈਂਪਲ) ਮੰਨਿਆ ਜਾਂਦਾ ਰਿਹਾ। ਇਸ ਪ੍ਰਕਿਰਿਆ ‘ਚ ਅਸੀਂ ਗਾਂਧੀ ਜੀ ਦੇ ਸਬਕ ਵੀ ਭੁਲਾ ਦਿੱਤੇ ਕਿ ਆਪਣੀ ਜਮੀਨ ‘ਤੇ ਪੈਰ ਟਿਕਾਈ ਰੱਖਣਾ ਹੈ ਤਾਂ ਜੋ ਬਾਹਰੀ ਹਵਾ ਆਉਂਦੀ ਰਹੇ। ਅਸੀਂ ਇਹ ਵੀ ਭੁੱਲ ਗਏ ਕਿ ਸਿੱਖਿਆ ਸਮੁੱਚੇ ਵਿਕਾਸ ਨਾਲ ਜੁੜੀ ਹੋਣੀ ਚਾਹੀਦੀ ਹੈ ਤਾਂ ਜੋ ਹੱਥ, ਦਿਲ ਤੇ ਦਿਮਾਗ ਸਾਰੇ ਕੰਮ ਕਰਦੇ ਰਹਿਣ। ਮਨੁੱਖੀ ਸੇਵਾ ‘ਚ ਈਸ਼ਵਰ ਸੇਵਾ ਦਾ ਭਾਵ ਨਾ ਰਿਹਾ ਤੇ ਨਾ ਮਨੁੱਖੀ ਰੂਪ ‘ਚ ਜਿਊਣ ਲਈ ਜਰੂਰੀ ਆਤਮ-ਨਿਯੰਤਰਣ।

ਇਹ ਸੰਤੁਸ਼ਟੀ ਦੀ ਗੱਲ ਹੈ ਕਿ ਨਵੀਂ ਸਿੱਖਿਆ ਨੀਤੀ ਡੂੰਘਾਈ ਨਾਲ ਇਨ੍ਹਾਂ ਖਾਮੀਆਂ ਨਾਲ ਰੂਬਰੂ ਹੁੰਦੇ ਹੋਏ ਵਿਸ਼ਾਗਤ, ਪ੍ਰਕਿਰਿਆਗਤ ਤੇ ਢਾਂਚਾਗਤ ਬਦਲਾਵਾਂ ਦੀ ਦਿਸ਼ਾ ਵੱਲ ਵਧ ਰਹੀ ਹੈ। ਬੰਧਕ ਪਈ ਸਰਸਵਤੀ ਨੂੰ ਵੀ ਛੁਡਾਉਣਾ ਜਰੂਰੀ ਹੈ। ਭਾਰਤੀ ਗਿਆਨ ਪਰੰਪਰਾ ਤੇ ਸੰਸਕਿ੍ਰਤ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਲੰਬੇ ਸਮੇਂ ਤੋਂ ਹਾਸ਼ੀਏ ‘ਤੇ ਰੱਖਿਆ ਜਾਂਦਾ ਰਿਹਾ ਹੈ। ਉਮੀਦ ਹੈ ਨਵੀਂ ਸਿੱਖਿਆ ਨੀਤੀ ਉਨ੍ਹਾਂ ਦੇ ਨਾਲ ਨਿਆਂ ਕਰ ਸਕੇਗੀ।

-(ਲੇਖਕ ਸਾਬਕਾ ਵੀਸੀ ਤੇ ਸਿੱਖਿਆ ਮਾਹਰ ਹਨ।)

-response0jagran.com

Posted By: Susheel Khanna