ਜੰਮੂ-ਕਸ਼ਮੀਰ ਵਿਚ ਚੀਨ ਦੀ ਮਦਦ ਨਾਲ ਧਾਰਾ 370 ਦੀ ਵਾਪਸੀ ਦੇ ਸ਼ਰਾਰਤ ਭਰੇ ਸੁਪਨੇ ਦੇਖਣ ਵਾਲੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਕਿਸ ਤਰ੍ਹਾਂ ਕਲੇਸ਼ ਵਾਲੀ ਸਿਆਸਤ ਕਰਨ 'ਤੇ ਉਤਾਰੂ ਹਨ, ਇਸ ਦਾ ਪਤਾ ਉਨ੍ਹਾਂ ਦੇ ਨਾਲ-ਨਾਲ ਕੁਝ ਹੋਰ ਕਸ਼ਮੀਰੀ ਨੇਤਾਵਾਂ ਵੱਲੋਂ ਕਥਿਤ ਤੌਰ 'ਤੇ ਗੁਪਕਾਰ ਐਲਾਨਨਾਮੇ ਦਾ ਬੇਸੁਰਾ ਰਾਗ ਅਲਾਪਣ ਤੋਂ ਲੱਗਦਾ ਹੈ। ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦੇ ਇਲਾਵਾ ਤਿੰਨ ਹੋਰ ਰਾਜਨੀਤਕ ਪਾਰਟੀਆਂ ਦੇ ਹਸਤਾਖ਼ਰ ਵਾਲੇ ਇਸ ਐਲਾਨਨਾਮੇ ਦਾ ਮਕਸਦ ਸੂਬੇ ਵਿਚ ਪੰਜ ਅਗਸਤ 2019 ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨਾ ਹੈ। ਇਸ ਦਾ ਮਤਲਬ ਹੈ ਕਿ ਇਹ ਪਾਰਟੀਆਂ ਕਸ਼ਮੀਰ ਦੇ ਕਮਜ਼ੋਰ ਅਤੇ ਪੱਛੜੇ ਤਬਕਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਿਰਵਾ ਰੱਖਣ ਵਾਲੇ 35-ਏ ਦੀਆਂ ਵੀ ਸਮਰਥਕ ਹਨ ਅਤੇ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ ਸੂਬੇ ਵਿਚ ਪ੍ਰਭਾਵੀ ਨਾ ਹੋਣ ਦੇਣ ਵਾਲੀ ਧਾਰਾ 370 ਦੇ ਵੀ। ਆਖ਼ਰ ਪੱਖਪਾਤ ਨੂੰ ਖੁੱਲ੍ਹੀ ਸ਼ਹਿ ਦੇਣ ਵਾਲੀਆਂ ਇਨ੍ਹਾਂ ਧਾਰਾਵਾਂ ਦੀ ਵਾਪਸੀ ਦੀ ਮੰਗ ਕਰਨ ਵਾਲੇ ਕਸ਼ਮੀਰੀਅਤ, ਇਨਸਾਨੀਅਤ ਅਤੇ ਜਮਹੂਰੀਅਤ ਦੀ ਗੱਲ ਕਿਸ ਮੂੰਹ ਨਾਲ ਕਰ ਸਕਦੇ ਹਨ? ਉਨ੍ਹਾਂ ਵੱਲੋਂ ਕੁਝ ਵੀ ਕਿਹਾ ਜਾਵੇ, ਹਕੀਕਤ ਇਹੀ ਹੈ ਕਿ ਉਹ ਗੁਪਕਾਰ ਐਲਾਨਨਾਮੇ ਦੇ ਬਹਾਨੇ ਚੀਨ ਅਤੇ ਪਾਕਿਸਤਾਨ ਦੇ ਖ਼ਤਰਨਾਕ ਇਰਾਦਿਆਂ ਨੂੰ ਬਲ ਹੀ ਪ੍ਰਦਾਨ ਕਰ ਰਹੇ ਹਨ? ਇਸ ਤੋਂ ਖ਼ਰਾਬ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਜੋ ਚੀਨ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਣ ਤੋਂ ਇਨਕਾਰ ਕਰ ਰਿਹਾ ਹੈ, ਉਸ ਨੂੰ ਫਾਰੂਕ ਅਬਦੁੱਲਾ ਕਸ਼ਮੀਰੀਆਂ ਦੇ ਮਦਦਗਾਰ ਦੇ ਰੂਪ ਵਿਚ ਦੇਖ ਰਹੇ ਹਨ। ਫਾਰੂਕ ਅਬਦੁੱਲਾ ਨੇ ਚੀਨ ਦੇ ਘੋਰ ਦਮਨਕਾਰੀ ਅਤੇ ਵਿਸਥਾਰਵਾਦੀ ਰਵੱਈਏ ਤੋਂ ਜਾਣੂ ਹੁੰਦੇ ਹੋਏ ਵੀ ਜਿਸ ਤਰ੍ਹਾਂ ਉਸ ਤੋਂ ਮਦਦ ਦੀ ਉਮੀਦ ਲਾਈ ਹੋਈ ਹੈ, ਉਹ ਕੌਮੀ ਹਿੱਤਾਂ ਨੂੰ ਸੱਟ ਮਾਰਨ ਦੇ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਨੇ ਆਪਣੇ ਇਤਰਾਜ਼ਯੋਗ ਬਿਆਨ ਨਾਲ ਕੌਮੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਹੀ ਚੀਨ ਅਤੇ ਪਾਕਿਸਤਾਨ ਵਰਗੇ ਭਾਰਤ ਦੇ ਦੁਸ਼ਮਣ ਮੁਲਕਾਂ ਦਾ ਹੌਸਲਾ ਵਧਾਉਣ ਦਾ ਕੰਮ ਕੀਤਾ ਹੈ। ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਚੀਨ ਨੇ ਲੱਦਾਖ ਅਤੇ ਅਰੁਣਾਚਲ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ, ਉਸ ਦੇ ਪਿੱਛੇ ਕਿਤੇ ਨਾ ਕਿਤੇ ਫਾਰੂਕ ਅਬਦੁੱਲਾ ਵਰਗੇ ਨੇਤਾ ਵੀ ਜ਼ਿੰਮੇਵਾਰ ਹਨ। ਇਹ ਠੀਕ ਹੈ ਕਿ ਭਾਰਤ ਨੇ ਚੀਨ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਪਰ ਇਸ ਦੇ ਨਾਲ ਹੀ ਫਾਰੂਕ ਅਬਦੁੱਲਾ ਵਰਗੇ ਨੇਤਾਵਾਂ ਨੂੰ ਵੀ ਜਵਾਬ ਦੇਣ ਦੀ ਜ਼ਰੂਰਤ ਹੈ, ਜੋ ਜਿਸ ਥਾਲੀ ਵਿਚ ਖਾਂਦੇ ਹਨ, ਉਸ ਵਿਚ ਹੀ ਛੇਕ ਕਰਨ ਵਾਲੀ ਕਹਾਵਤ ਨੂੰ ਸਹੀ ਸਿੱਧ ਕਰ ਰਹੇ ਹਨ। ਉਹ ਆਪਣੀ ਹਰਕਤ ਨਾਲ ਦੇਸ਼ ਪ੍ਰਤੀ ਆਪਣੀ ਨਿਸ਼ਠਾ ਨੂੰ ਖ਼ੁਦ ਹੀ ਸ਼ੱਕ ਦੇ ਘੇਰੇ ਵਿਚ ਲਿਆਉਣ ਦਾ ਕੰਮ ਕਰ ਰਹੇ ਹਨ। ਕੁਝ ਇਸੇ ਤਰ੍ਹਾਂ ਦਾ ਰਵੱਈਆ ਪੀਡੀਪੀ ਦੀ ਨੇਤਾ ਮਹਿਬੂਬਾ ਮੁਫ਼ਤੀ ਦਾ ਵੀ ਹੈ। ਇਹ ਜ਼ਰੂਰੀ ਹੀ ਨਹੀਂ, ਲਾਜ਼ਮੀ ਹੈ ਕਿ ਕਸ਼ਮੀਰ ਦੀ ਜਨਤਾ ਤਕ ਇਹ ਸੰਦੇਸ਼ ਪਹੁੰਚਾਉਣ ਵਿਚ ਦੇਰੀ ਨਾ ਕੀਤੀ ਜਾਵੇ ਕਿ ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਵਰਗੇ ਉਨ੍ਹਾਂ ਨੂੰ ਲੁੱਟਣ ਵਾਲੇ ਨੇਤਾ ਉਨ੍ਹਾਂ ਦੇ ਹਿੱਤਾਂ ਨੂੰ ਫਿਰ ਤੋਂ ਦਾਅ 'ਤੇ ਲਗਾਉਣ ਦਾ ਕੰਮ ਕਰ ਰਹੇ ਹਨ। ਇਹ ਨੇਤਾ ਸਿਰਫ਼ ਇਸੇ ਲਈ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ ਤਾਂ ਜੋ ਕਸ਼ਮੀਰੀ ਜਨਤਾ ਇਨ੍ਹਾਂ ਨੂੰ ਆਪਣਾ ਹਿਤੈਸ਼ੀ ਮੰਨਦੀ ਰਹੇ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਜਿੱਥੇ ਉਨ੍ਹਾਂ ਦੀ ਅਸਲੀਅਤ ਕਸ਼ਮੀਰੀ ਅਵਾਮ ਅੱਗੇ ਰੱਖੇ, ਉੱਥੇ ਹੀ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰੇ।

Posted By: Jagjit Singh