ਸਾਡੇ ਦੇਸ਼ ਵਿਚ ਇਨ੍ਹੀਂ ਦਿਨੀਂ ਲੋਕ ਸਭਾ ਚੋਣਾਂ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪੋ-ਆਪਣੇ ਹਲਕੇ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ ਪ੍ਰਚਾਰ ਸਮੇਂ ਜਿੱਥੇ ਵੱਡੇ-ਵੱਡੇ ਵਾਅਦੇ ਕਰ ਕੇ ਲੋਕਾਂ ਨੂੰ ਭਰਮਾਉਣ ਅਤੇ ਆਪਣੇ ਹੱਕ ਵਿਚ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਉੱਥੇ ਹੀ ਹਰ ਵੱਡੇ-ਛੋਟੇ ਵਾਅਦੇ ਕਰ ਕੇ ਜਿੱਤ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਹ ਚੋਣਾਂ ਵੀ ਪਹਿਲਾਂ ਵਰਗੀਆਂ ਚੋਣਾਂ ਵਾਂਗ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦਿਖਾਉਣ ਵਰਗੀਆਂ ਹਨ। ਇਨ੍ਹਾਂ 'ਚ ਲੋਕਾਂ ਦੀਆਂ ਸਰਗਰਮੀਆਂ ਦੱਸਦੀਆਂ ਹਨ ਕਿ ਲੋਕ ਫਿਰ ਭੀੜਾਂ ਦਾ ਹਿੱਸਾ ਤਾਂ ਬਣ ਰਹੇ ਹਨ ਪਰ ਆਪਣੀਆਂ ਦਰਪੇਸ਼ ਸਮੱਸਿਆਵਾਂ ਪ੍ਰਤੀ ਸੰਜੀਦਾ ਨਹੀਂ ਹਨ।

ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਲੀਡਰ ਜਿੱਤ ਕੇ ਚਲੇ ਜਾਂਦੇ ਹਨ ਤੇ ਵੋਟਰਾਂ ਦੀ ਸਾਰ ਨਹੀਂ ਲੈਂਦੇ। ਇਨ੍ਹਾਂ ਚੋਣਾਂ 'ਚ ਨਵਾਂ ਕੁਝ ਵੀ ਨਹੀਂ ਕਿਉਂਕਿ ਸਿਆਸਤ ਦੇ ਉਹੀ ਪੁਰਾਣੇ ਚਿਹਰੇ ਚੋਣ ਮੈਦਾਨ ਵਿਚ ਹਨ। ਉਨ੍ਹਾਂ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਜਿਤਾ ਚੁੱਕੇ ਹਾਂ। ਚੋਣ ਜਲਸਿਆਂ ਦੌਰਾਨ ਲੀਡਰਾਂ ਤੋਂ ਸਵਾਲ ਪੁੱਛਣ ਦਾ ਰੁਝਾਨ ਭਾਵੇਂ ਵਧ ਰਿਹਾ ਹੈ, ਲੋਕ ਜਾਗਰੂਕ ਹੋ ਰਹੇ ਹਨ ਪਰ ਸਵਾਲ ਪੁੱਛਣ ਦੇ ਤਰੀਕੇ 'ਤੇ ਕੋਈ ਸੰਤੁਸ਼ਟ ਨਹੀਂ। ਭਰੇ ਇਕੱਠ 'ਚ ਨੌਜਵਾਨਾਂ ਵੱਲੋਂ ਸਿਆਸੀ ਆਗੂਆਂ ਨੂੰ ਘੇਰਨ ਅਤੇ ਸਵਾਲ ਕਰਨ ਨਾਲ ਪਿੰਡਾਂ ਵਿਚ ਧੜੇਬੰਦੀ ਵਧ ਰਹੀ ਹੈ। ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਅਤੇ ਸ਼ੁੱਧ ਪਾਣੀ ਦੇ ਮੁੱਦਿਆਂ 'ਤੇ ਰਾਜਨੀਤਕ ਆਗੂਆਂ ਵੱਲੋਂ ਕੀਤੀ ਜਾ ਰਹੀ ਰਾਜਨੀਤੀ 'ਚ ਲੋਕ ਵੀ ਹਿੱਸੇਦਾਰ ਹਨ। ਬੁਨਿਆਦੀ ਸਹੂਲਤਾਂ ਤੋਂ ਸੱਖਣੇ ਲੋਕ ਚੋਣ ਜਲਸਿਆਂ ਦਾ ਹਿੱਸਾ ਬਣ ਕੇ ਉਮੀਦਵਾਰਾਂ ਦੇ ਸੋਹਲੇ ਗਾ ਰਹੇ ਹਨ ਪਰ ਉਹ ਇਹ ਭੁੱਲ ਬੈਠੇ ਹਨ ਕਿ ਇਨ੍ਹਾਂ ਹੀ ਉਮੀਦਵਾਰਾਂ ਨੂੰ ਅਸੀਂ ਪਹਿਲਾਂ ਵੀ ਕਈ ਵਾਰ ਜਿਤਾ ਕੇ ਪਰਖ਼ ਚੁੱਕੇ ਹਾਂ।

ਇਸ ਗੱਲ ਦੀ ਸਖ਼ਤ ਜ਼ਰੂਰਤ ਹੈ ਕਿ ਲੋਕ ਉਸੇ ਉਮੀਦਵਾਰ ਨੂੰ ਆਪਣੀ ਵੋਟ ਦੇਣ ਜੋ ਇਮਾਨਦਾਰ ਹੋਵੇ, ਸਬੰਧਤ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਸਕਦਾ ਹੋਵੇ ਅਤੇ ਉਨ੍ਹਾਂ ਵਿਚ ਵਿਚਰੇ। ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜਦ ਉਹ ਕਿਸੇ ਲਾਲਚ ਵਿਚ ਆ ਕੇ ਵੋਟਾਂ ਪਾਉਂਦੇ ਹਨ ਤਾਂ ਉਹ ਆਪਣੀ ਜ਼ਮੀਰ ਦਾ ਸੌਦਾ ਕਰ ਚੁੱਕੇ ਹੁੰਦੇ ਹਨ। ਅਕਸਰ ਲੋਕ ਲੀਡਰਾਂ ਨੂੰ ਕੋਸਦੇ ਤਾਂ ਬਹੁਤ ਹਨ ਪਰ ਜਦੋਂ ਤਕ ਚੇਤੰਨ ਤੇ ਸੰਜੀਦਾ ਨਹੀਂ ਹੋਣਗੇ, ਉਦੋਂ ਤਕ ਸਿਆਸੀ ਲੋਕ ਆਪਣਾ ਉੱਲੂ ਸਿੱਧਾ ਕਰਦੇ ਰਹਿਣਗੇ।

ਜਦ ਤਕ ਜਨਤਾ ਸਿਆਸੀ ਲੋਕਾਂ ਨੂੰ ਜਵਾਬਦੇਹ ਨਹੀਂ ਬਣਾਉਂਦੀ, ਉਨ੍ਹਾਂ ਤੋਂ ਉਨ੍ਹਾਂ ਦੀ ਵਾਅਦਾਖ਼ਿਲਾਫ਼ੀ ਬਾਰੇ ਨਹੀਂ ਪੁੱਛਦੀ, ਨੇਤਾ ਸੁਧਰਨ ਵਾਲੇ ਨਹੀਂ। ਭਾਵੇਂ ਉਹ ਵੋਟਾਂ ਵੇਲੇ ਹੀ 'ਪ੍ਰਗਟ' ਹੁੰਦੇ ਹਨ ਪਰ ਜਦ ਵੀ ਆਉਣ, ਆਪੇ ਵਿਚ ਰਹਿ ਕੇ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ। ਇਹ ਜਮਹੂਰੀਅਤ ਲਈ ਬੇਹੱਦ ਜ਼ਰੂਰੀ ਹੈ।

-ਹਰਪਾਲ ਸਿੰਘ ਪਾਲੀ ਵਜੀਦਕੇ।

ਸੰਪਰਕ : 98142-74369

Posted By: Jagjit Singh