-ਦਿਲਜੀਤ ਸਿੰਘ ਬੇਦੀ

1716 ਤੋਂ 1753 ਈ: ਤਕ ਦਾ ਸਿੱਖ ਇਤਿਹਾਸ ਲਹੂ ਭਿੱਜਾ ਅਤੇ ਘਟਨਾਵਾਂ ਭਰਪੂਰ ਹੈ। ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦਾ ਨਾਂ ਸਿੱਖ ਇਤਿਹਾਸ ਅੰਦਰ ਵਿਸ਼ੇਸ਼ ਸਥਾਨ ਰੱਖਦਾ ਹੈ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਦੇ ਇਸ ਜਹਾਨ ਤੋਂ ਕੂਚ ਕਰ ਜਾਣ ਉਪਰੰਤ ਸਮੁੱਚੇ ਪੰਥ ਵੱਲੋਂ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਜਥੇਦਾਰ ਪ੍ਰਵਾਨਿਆ ਗਿਆ। ਨਵਾਬ ਕਪੂਰ ਸਿੰਘ ਪੰਥ ਦੀ ਮਹਾਨ ਸ਼ਖ਼ਸੀਅਤ ਸਨ। ਆਪ ਅਠਾਰਵੀਂ ਸਦੀ ਦੇ ਉਨ੍ਹਾਂ ਸਿੱਖ ਸਰਦਾਰਾਂ ਵਿੱਚੋਂ ਸਨ ਜਿਨ੍ਹਾਂ ਦਾ ਨਾਂ ਸਿੱਖ ਤਵਾਰੀਖ ਵਿਚ ਸੁਨਹਿਰੀ ਅੱਖਰਾਂ ਵਿਚ ਚਮਕਦਾ ਹੈ।

ਆਪ ਦਾ ਜਨਮ 1697 ਵਿਚ ਦਲੀਪ ਸਿੰਘ ਦੇ ਘਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਕਾਲੋਕੇ (ਹੁਣ ਪਾਕਿਸਤਾਨ) ਵਿਚ ਹੋਇਆ। ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਕਪੂਰ ਸਿੰਘ ਨੂੰ ਵਿਰਸੇ ਵਿਚ ਮਿਲੀ ਸੀ। ਆਪ ਅੰਮ੍ਰਿਤਪਾਨ ਕਰ ਕੇ ਸਿੰਘ ਸਜੇ। ਆਪ ਬੇਹੱਦ ਦਲੇਰ, ਸੂਰਬੀਰ ਅਤੇ ਕਹਿਣੀ ਤੇ ਕਰਨੀ ਦੇ ਪੱਕੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਦਿਆਂ ਆਪ ਨੇ ਸਿੱਖ ਕੌਮ ਦੀ ਬੁਲੰਦੀ ਲਈ ਵਡਮੁੱਲਾ ਯੋਗਦਾਨ ਪਾਇਆ। ਜ਼ਕਰੀਆ ਖਾਂ ਦੇ ਸਮੇਂ ਸਿੱਖਾਂ ’ਤੇ ਸਖ਼ਤੀ ਦਾ ਦੌਰ ਸਿਖਰ ’ਤੇ ਸੀ ਅਤੇ ਉਨ੍ਹਾਂ ਦੇ ਸਿਰਾਂ ’ਤੇ ਇਨਾਮ ਵੀ ਰੱਖੇ ਗਏ ਸਨ।

ਸਿੱਖਾਂ ਦੀ ਸੂਹ ਦੇਣ ਵਾਲੇ ਅਤੇ ਸਿੱਖਾਂ ਨੂੰ ਮਾਰ ਕੇ ਸਿਰ ਪੇਸ਼ ਕਰਨ ਵਾਲੇ ਨੂੰ ਇਨਾਮ ਦਿੱਤਾ ਜਾਂਦਾ ਸੀ ਪਰ ਇਸ ਸਖ਼ਤੀ ਦੇ ਬਾਵਜੂਦ ਸਿੱਖਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਜ਼ਾਲਮਾਂ ਨਾਲ ਟੱਕਰ ਲੈਣ ਦੀ ਠਾਣੀ ਰੱਖੀ। ਸਿੱਖਾਂ ਦੀ ਹਿੰਮਤ, ਅਣਖ ਅਤੇ ਦਲੇਰੀ ਤੋਂ ਜ਼ਕਰੀਆ ਖਾਂ ਕਾਫ਼ੀ ਦੁਖੀ ਸੀ। ਉਸ ਵੱਲੋਂ ਸਿੱਖਾਂ ਨੂੰ ਸਮੇਂ-ਸਮੇਂ ਕਈ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ। ਭਾਵੇਂ ਸਾਰੇ ਇਸ ਸਬੰਧੀ ਇਕਮਤ ਨਹੀਂ ਵੀ ਸਨ ਪਰ ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦਾ ਰਵੱਈਆ ਨਰਮ ਹੋ ਗਿਆ। ਇਸ ਪਿੱਛੋਂ ਸਿੱਖ ਅੰਮ੍ਰਿਤਸਰ ਆ ਕੇ ਵਸ ਗਏ। ਸਿੱਖਾਂ ਦੀ ਆਬਾਦੀ ਵਧਣ ਨਾਲ ਉਨ੍ਹਾਂ ਨੂੰ ਮੁਸ਼ਕਲਾਂ ਆਉਣ ਲੱਗੀਆਂ ਜਿਸ ’ਤੇ ਪੰਥ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ।

ਚਾਲੀ ਵਰਿ੍ਹਆਂ ਤੋਂ ਵੱਧ ਉਮਰ ਵਾਲੇ ‘ਬੁੱਢਾ ਦਲ’ ਵਿਚ ਸ਼ਾਮਲ ਹੋ ਗਏ ਅਤੇ ਨਵਾਬ ਕਪੂਰ ਸਿੰਘ ਇਸ ਦਲ ਦੇ ਜਥੇਦਾਰ ਬਣੇ। ਦੂਸਰਾ ਦਲ ‘ਤਰਨਾ ਦਲ’ ਅਖਵਾਇਆ। ਬੁੱਢਾ ਦਲ ਤਾਂ ਅੰਮ੍ਰਿਤਸਰ ਵਿਚ ਹੀ ਰਹਿ ਪਿਆ। ਇਸ ਦੌਰਾਨ ਸੂਬੇਦਾਰ ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸਮਝੌਤਾ ਤੋੜ ਲਿਆ ਅਤੇ ਸਿੱਖਾਂ ’ਤੇ ਫਿਰ ਤੋਂ ਜ਼ੁਲਮ ਅਤੇ ਅੱਤਿਆਚਾਰ ਦਾ ਦੌਰ ਆਰੰਭ ਹੋ ਗਿਆ। ਇਸ ਮੁਸ਼ਕਲਾਂ ਭਰੇ ਸਮੇਂ ’ਚ ਬੁੱਢਾ ਦਲ ਦਾ ਅੰਮ੍ਰਿਤਸਰ ਵਿਚ ਰਹਿਣਾ ਸੌਖਾ ਨਾ ਰਿਹਾ। ਇਸ ਉਪਰੰਤ ਲੰਬਾ ਅਰਸਾ ਸਿੱਖਾਂ ਨੇ ਸਰਕਾਰੀ ਜ਼ੁਲਮ ਦਾ ਟਾਕਰਾ ਕਰਦਿਆਂ ਬਤੀਤ ਕੀਤਾ। ਬੇਸ਼ੱਕ ਸਿੱਖ ਕੌਮ ਨੇ ਇਸ ਸਮੇਂ ਦੌਰਾਨ ਅਤਿਅੰਤ ਜਾਨੀ ਤੇ ਮਾਲੀ ਨੁਕਸਾਨ ਵੀ ਉਠਾਇਆ ਪਰ ਉਨ੍ਹਾਂ ਨੇ ਆਪਣੇ-ਆਪ ਨੂੰ ਜਥੇਬੰਦ ਕਰ ਲਿਆ। ਸੰਨ 1748 ਵਿਚ ਦਲ ਖਾਲਸਾ ਬਣਿਆ ਅਤੇ ਮਿਸਲਾਂ ਦੀ ਸਥਾਪਨਾ ਹੋਈ।

ਨਵਾਬ ਕਪੂਰ ਸਿੰਘ ਨੇ ਇਸ ਸਾਰੇ ਸਮੇਂ ਦੌਰਾਨ ਪੰਥ ਦੀ ਜਥੇਦਾਰੀ ਸੰਭਾਲੀ। ਮਿਸਲਾਂ ਵਿਚ ਇਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ ਜਿਸ ਨੂੰ ‘ਫੈਜ਼ਲਪੁਰੀਆ’ ਜਾਂ ‘ਸਿੰਘ ਪੁਰੀਆ’ ਮਿਸਲ ਕਿਹਾ ਜਾਂਦਾ ਹੈ। ਨਵਾਬ ਕਪੂਰ ਸਿੰਘ ਦੀ ਵਡੇਰੀ ਉਮਰ ਅਤੇ ਆਦਰਸ਼ਕ ਸ਼ਖ਼ਸੀਅਤ ਕਾਰਨ ਸਿੱਖ ਪੰਥ ਉਨ੍ਹਾਂ ਦਾ ਸਤਿਕਾਰ ਕਰਦਾ ਸੀ। ਨਵਾਬ ਕਪੂਰ ਸਿੰਘ ਅੱਸੂ ਸੁਦੀ ਦਸਵੀਂ ਸੰਮਤ 1811 ਬਿ: 1753 ਈ: ਨੂੰ ਸ੍ਰੀ ਅੰਮ੍ਰਿਤਸਰ ਵਿਚ ਪ੍ਰਲੋਕ ਸਿਧਾਰ ਗਏ।

ਸ. ਜੱਸਾ ਸਿੰਘ (ਆਹਲੂਵਾਲੀਆਂ) ਦਾ ਜਨਮ 1718 ਈ: ਨੂੰ ਸ. ਬਦਰ ਸਿੰਘ ਤੇ ਘਰ ਮਾਤਾ ਜੀਵਨ ਕੌਰ ਦੀ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਬਾਪ ਦਾ ਸਾਇਆ ਛੋਟੀ ਉਮਰੇ ਆਪ ਦੇ ਸਿਰ ਤੋਂ ਉੱਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਹੀ ਜੁਟ ਗਏ। ਉੱਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ।

ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿਚ ਹੀ ਸਿੱਖ ਵਿਚਾਰਧਾਰਾ, ਆਤਮਿਕ ਤੇ ਸਮਾਜਿਕ ਪੱਖਾਂ ਤੇ ਬਹੁਪੱਖੀ ਸਿੱਖਿਆ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸ਼ਸਤਰ, ਤਲਵਾਰ, ਤੀਰਾਂ-ਕਮਾਨ, ਗੁਰਜ ਆਦਿ ਬਖ਼ਸ਼ਿਸ਼ ਕੀਤੇ। ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ (ਜਲੰਧਰ) ਵਿਖੇ ਜਥੇਦਾਰ ਨਵਾਬ ਕਪੂਰ ਸਿੰਘ ਕੋਲ ਪੁੱਜੇ। ਸ. ਜੱਸਾ ਸਿੰਘ ਦੀ ਸ਼ਖ਼ਸੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਨਵਾਬ ਕਪੂਰ ਸਿੰਘ ਦੇ ਕਹਿਣ ’ਤੇ ਮਾਤਾ ਜੀਵਨ ਕੌਰ ਨੇ ਜੱਸਾ ਸਿੰਘ ਨੂੰ ਉੱਥੇ ਹੀ ਛੱਡ ਦਿੱਤਾ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜਾਬਾਜ਼ੀ ਤੇ ਤੀਰ-ਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਦਿਵਾਈ। ਸ. ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖ਼ੂਬ ਕਰਦਾ। ਜਵਾਨ ਹੋਣ ’ਤੇ ਉਸ ਨੂੰ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਪਾਨ ਕਰਵਾਇਆ ਤੇ ਰਹਿਤ-ਬਹਿਤ ਵਿਚ ਪਰਪੱਕ ਰਹਿਣ ਲਈ ਕਿਹਾ।

ਫਿਰ ਨਵਾਬ ਸਾਹਿਬ ਨੇ ਖਾਲਸੇ ਦੇ ਘੋੜਿਆਂ ਨੂੰ ਖ਼ੁਰਾਕ ਮੁਹੱਈਆ ਕਰਨ ਦੀ ਸੇਵਾ ਸੌਂਪ ਦਿੱਤੀ ਜੋ ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਜੱਸਾ ਸਿੰਘ ਨੇ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦਾ ਸਾਥ ਦਿੱਤਾ। ਇਸ ਤਰ੍ਹਾਂ ਉਹ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ’ਚ ਸ਼ਾਮਲ ਹੋ ਗਏ ਸਨ। ਜੱਸਾ ਸਿੰਘ ਨੇ ਜਿੱਥੇ ਅਫ਼ਗਾਨੀਆਂ ਨੂੰ ਸੋਧਿਆ, ਉੱਥੇ 1761 ਨੂੰ ਅਹਿਮਦਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਘਰੋ-ਘਰੀ ਪਹੁੰਚਾਇਆ।

ਸੰਨ 1761 ਨੂੰ ਖਾਲਸੇ ਨੇ ਲਾਹੌਰ ਫਤਹਿ ਕੀਤਾ ਅਤੇ ਇਸ ਖ਼ੁਸ਼ੀ ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ਸੁਲਤਾਨ-ਉਲ-ਕੌਮ ਐਲਾਨਿਆ ਗਿਆ। ਸੁਲਤਾਨ-ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ।

ਇਤਿਹਾਸ ਅਨੁਸਾਰ ਵੱਡਾ ਘੱਲੂਘਾਰਾ ਜੋ 5 ਫਰਵਰੀ 1762 ਨੂੰ ਕੁੱਪ ਰੁਹੀੜੇ ਦੇ ਸਥਾਨ ’ਤੇ ਵਾਪਰਿਆ, ਉਸ ਸਮੇਂ ਸ. ਜੱਸਾ ਸਿੰਘ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰ ਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ।

ਗਿਆਰਾਂ ਮਾਰਚ 1783 ਨੂੰ ਸਿੱਖ ਸਰਦਾਰਾਂ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨਾਲ ਮਿਲ ਕੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਲਹਿਰਾਇਆ ਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਅਖੀਰ ਅੱਸੂ ਸੁਦੀ 11 ਸੰਮਤ 1810 ਅਕਤੂਬਰ 1783 ਨੂੰ ਕੌਮ ਨੂੰ ਬੁਲੰਦੀਆਂ ’ਤੇ ਪਹੁੰਚਾ ਜਥੇ: ਬਾਬਾ ਜੱਸਾ ਸਿੰਘ ਆਹਲੂਵਾਲੀਆ ਅਕਾਲ ਚਲਾਣਾ ਕਰ ਗਏ।

Posted By: Jatinder Singh