-ਜੀ ਕੇ ਸਿੰਘ

ਤਵਾਰੀਖ਼ ਕੇਵਲ ਭੂਤਕਾਲ ਵਿਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਹੀ ਨਹੀਂ ਬਲਕਿ ਸੂਰਬੀਰਾਂ ਅਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਸ਼ਖ਼ਸੀਅਤਾਂ ਦੀ ਜੱਦੋਜਹਿਦ ਅਤੇ ਕਠਿਨ ਪ੍ਰੀਖਿਆ ਦੀ ਪ੍ਰਤੱਖ ਤਸਵੀਰ ਵੀ ਹੁੰਦੀ ਹੈ। ਘਿਸੇ-ਪਿਟੇ ਰਸਤਿਆਂ 'ਤੇ ਚੱਲਣਾ ਤਾਂ ਆਮ ਲੋਕਾਂ ਦਾ ਰੁਝਾਨ ਹੁੰਦਾ ਹੈ। ਭਵਿੱਖ ਵੱਲ ਦੂਰ-ਦ੍ਰਿਸ਼ਟੀ ਨਾਲ ਵੇਖਣਾ ਅਤੇ ਆਦਰਸ਼ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਲਾਮਬੱਧ ਕਰਨਾ ਇਕ ਦੂਰਅੰਦੇਸ਼ ਪੈਗੰਬਰ ਅਤੇ ਰਹਿਬਰ ਦੇ ਹਿੱਸੇ ਹੀ ਆਉਂਦਾ ਹੈ। ਪੈਗੰਬਰਾਂ ਕਾਰਨ ਆਮ ਸਥਾਨ ਵੀ ਮੁਕੱਦਸ ਬਣ ਜਾਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿਚ ਸੰਨ 1704 ਈਸਵੀ ਤਕ ਬਹੁਤ ਸਮਾਂ ਸ਼ਿਵਾਲਕ ਦੀਆਂ ਪਹਾੜੀਆਂ ਦੇ ਨੇੜੇ-ਨੇੜੇ ਬਿਤਾਇਆ ਜਿਸ ਦਾ ਮੁੱਖ ਕੇਂਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਸਾਇਆ ਸ਼ਹਿਰ ਆਨੰਦਗੜ੍ਹ ਸੀ। ਇੱਥੇ ਹੀ 1699 ਵਿਚ ਬਹੁਤ ਦੂਰਅੰਦੇਸ਼ੀ ਅਤੇ ਯੋਜਨਾਬੱਧ ਢੰਗ ਨਾਲ ਉਨ੍ਹਾਂ ਇਕ ਵਿਸ਼ਾਲ ਇਕੱਠ ਕਰ ਕੇ ਜ਼ੁਲਮ ਖ਼ਿਲਾਫ਼ ਲੜਨ ਲਈ ਜਾਤ-ਪਾਤ, ਊਚ-ਨੀਚ ਅਤੇ ਰੰਗ-ਭੇਦ ਤੋਂ ਰਹਿਤ ਇਕ ਨਵੀਂ ਆਦਰਸ਼ ਜਮਾਤ ਕਾਇਮ ਕੀਤੀ ਜਿਸ ਨੇ ਪੰਜਾਬ ਅਤੇ ਹਿੰਦੁਸਤਾਨ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਖ਼ਾਲਸਾ ਪੰਥ ਦੀ ਸਿਰਜਨਾ ਵਾਲੀ ਵਿਸਾਖੀ ਮੌਕੇ ਇਤਿਹਾਸਕਾਰਾਂ ਵੱਲੋਂ ਦੱਸਿਆ ਗਿਆ ਅੱਸੀ ਹਜ਼ਾਰ ਦਾ ਇਕੱਠ ਸ਼ਾਇਦ ਦੁਨੀਆ ਭਰ ਵਿਚ ਪਹਿਲਾ ਅਜਿਹਾ ਇਕੱਠ ਸੀ ਜਿੱਥੇ ਸਭ ਮਜ਼ਹਬਾਂ, ਕੌਮਾਂ, ਬਰਾਦਰੀਆਂ, ਜਾਤਾਂ ਅਤੇ ਭੂਗੋਲਿਕ ਖਿੱਤਿਆਂ ਦੇ ਲੋਕ ਇਕੱਠੇ ਬੈਠੇ ਸਨ ਅਤੇ ਉਸ ਇਕੱਠ ਵਿਚੋਂ ਆਜ਼ਾਦੀ, ਸਮਾਨਤਾ ਅਤੇ ਜਮਹੂਰੀ ਢਾਂਚਾ ਇਉਂ ਉੱਭਰਿਆ ਸੀ ਜਿਵੇਂ ਕੋਈ ਰੱਬੀ ਚਮਤਕਾਰ ਹੋਇਆ ਹੋਵੇ। ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇ ਸਾਮੰਤਵਾਦੀ ਲੋਕ ਅਜਿਹਾ ਗੈਬੀ ਵਰਤਾਰਾ ਵੇਖ ਕੇ ਸਾਜ਼ਿਸ਼ੀ ਗੋਂਦਾਂ ਗੁੰਦਣ ਲੱਗੇ। ਦਿੱਲੀ ਦੀ ਹਕੂਮਤ ਨਾਲ ਨਾਪਾਕ ਸਬੰਧ ਬਣਾ ਕੇ ਦਸਮ ਗੁਰੂ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ। ਇਹੀ ਨਹੀਂ, ਸਥਾਨਕ ਲੋਕਾਂ ਨੂੰ ਡਰਾਇਆ ਵੀ ਐਨਾ ਗਿਆ ਕਿ ਸਰਦੇ-ਪੁੱਜਦੇ ਰੋਪੜ ਦੇ ਰੰਗੜਾਂ ਅਤੇ ਹੋਰ ਜਗੀਰਦਾਰਾਂ ਵੱਲੋਂ ਗੁਰੂ ਸਾਹਿਬ ਦੀ ਸਹਾਇਤਾ ਤੋਂ ਹੱਥ ਪਿੱਛੇ ਖਿੱਚ ਲਏ ਗਏ। ਅਜਿਹੀ ਹਾਲਤ ਵਿਚ ਚਮਕੌਰ ਦੀ ਗੜ੍ਹੀ ਦੀ ਇਤਿਹਾਸਕ ਜੰਗ ਉਪਰੰਤ ਗੁਰੂ ਸਾਹਿਬ ਮਾਛੀਵਾੜਾ, ਰਾਏਕੋਟ, ਕੋਟਕਪੂਰਾ ਹੁੰਦੇ ਹੋਏ ਮੁਗ਼ਲ ਹਕੂਮਤ ਦੇ ਸਥਾਨਕ ਸੂਬਾ ਸਰਹਿੰਦ ਨਾਲ ਫ਼ੈਸਲਾਕੁੰਨ ਲੜਾਈ ਲਈ ਖਿਦਰਾਣੇ ਦੀ ਢਾਬ ਵਿਖੇ ਪੁੱਜੇ। ਗੁਰੂ ਸਾਹਿਬ ਦੀ ਇਸ 14ਵੀਂ ਅਤੇ ਆਖ਼ਰੀ ਜੰਗ ਵਿਚ ਭਾਈ ਮਹਾਂ ਸਿੰਘ ਅਤੇ ਮਾਈ ਭਾਗੋ ਦੀ ਅਗਵਾਈ ਹੇਠ ਚਾਲੀ ਸਿੰਘ ਵੀ ਸ਼ਾਮਲ ਹੋਏ ਜਿਹੜੇ ਅਨੰਦਗੜ੍ਹ ਕਿਲੇ 'ਚੋਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਚਲੇ ਗਏ ਸਨ।

ਮਾਈ ਭਾਗੋ ਸਿੱਖ ਸੰਘਰਸ਼ ਦੀ ਉਹ ਪਹਿਲੀ ਜੁਝਾਰੂ ਇਸਤਰੀ ਹੋਈ ਜਿਸ ਨੇ ਆਪਣੀ ਪ੍ਰੇਰਨਾ ਅਤੇ ਅਗਵਾਈ ਹੇਠ ਬੇਮੁੱਖ ਹੋਏ ਸਿੰਘਾਂ ਨੂੰ ਮੁੜ ਸਿੱਖ ਇਤਿਹਾਸ ਵਿਚ ਲਾਸਾਨੀ ਅਤੇ ਸ਼੍ਰੋਮਣੀ ਸ਼ਹੀਦ ਬਣਾ ਦਿੱਤਾ। ਮਾਈ ਭਾਗੋ ਨੇ ਇਨ੍ਹਾਂ ਚਾਲੀ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਨੂੰ ਸੂਚਿਤ ਕੀਤੇ ਬਿਨਾਂ ਸੂਬਾ ਸਰਹਿੰਦ ਦੀ ਫ਼ੌਜ ਨਾਲ ਗਹਿਗੱਚ ਲੜਾਈ ਲੜੀ ਅਤੇ ਸ਼ਹਾਦਤਾਂ ਨਾਲ ਮੈਦਾਨ ਫ਼ਤਹਿ ਕੀਤਾ। ਜੇਤੂ ਸੈਨਾ ਦੇ ਮੁਖੀ ਵਜੋਂ ਗੁਰੂ ਸਾਹਿਬ ਨੇ ਆਪਣੇ ਸ਼ਹੀਦ ਅਤੇ ਆਖ਼ਰੀ ਸਾਹ ਲੈਂਦੇ ਸਿਪਾਹੀਆਂ ਨੂੰ ਚੁੱਕ ਕੇ ਆਪਣੀ ਬੁੱਕਲ ਵਿਚ ਲਿਆ ਤੇ ਦਸ-ਹਜ਼ਾਰੀ, ਵੀਹ-ਹਜ਼ਾਰੀ ਦੇ ਖ਼ਿਤਾਬ ਦਿੱਤੇ। ਇਸੇ ਜੰਗ ਵਿਚ ਗੰਭੀਰ ਜ਼ਖ਼ਮੀ ਹੋਏ ਭਾਈ ਮਹਾਂ ਸਿੰਘ ਦਾ ਸੀਸ ਉਠਾ ਕੇ ਜਦ ਗੁਰੂ ਸਾਹਿਬ ਨੇ ਆਪਣੀ ਬੁੱਕਲ ਵਿਚ ਲਿਆ ਅਤੇ ਪੁੱਛਿਆ, ''ਭਾਈ ਮਹਾਂ ਸਿੰਘ! ਤੁਹਾਡੀ ਆਖ਼ਰੀ ਇੱਛਾ ਕੀ ਹੈ?'' ਤਾਂ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡਾ ਲਿਖਿਆ ਬੇਦਾਵਾ ਪਾੜ ਦਿਓ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਚਾਲੀ ਸਿੰਘਾਂ ਵੱਲੋਂ ਲਿਖਿਆ ਬੇਦਾਵਾ ਪਾੜ ਦਿੱਤਾ ਅਤੇ ਆਪਣੇ ਸਿੰਘਾਂ ਦੀ ਸ਼ਹਾਦਤ ਤੋਂ ਖ਼ੁਸ਼ ਹੋ ਕੇ ਇਸ ਅਸਥਾਨ ਨੂੰ 'ਮੁਕਤੀਸਰ' ਦਾ ਨਾਂ ਦਿੱਤਾ। ਇਸ ਇਤਿਹਾਸਕ ਘਟਨਾ ਤੋਂ ਬਾਅਦ ਇਸ ਸਥਾਨ ਨੂੰ ਟੁੱਟੀ ਗੰਢੀ ਅਤੇ ਮੁਕਤਸਰ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ। ਇਤਿਹਾਸਕਾਰ ਦੱਸਦੇ ਹਨ ਕਿ ਇਹ ਜੰਗ ਮਈ ਮਹੀਨੇ ਦੇ ਪਹਿਲੇ ਹਫ਼ਤੇ ਲੜੀ ਗਈ ਸੀ ਪਰ ਗਰਮ ਮੌਸਮ ਅਤੇ ਕਿਸਾਨਾਂ ਦੇ ਰੁਝੇਵਿਆਂ ਨੂੰ ਵੇਖਦੇ ਹੋਏ ਇਸ ਘਟਨਾ ਨੂੰ ਸ਼ਰਧਾਵਾਨ ਹਰ ਸਾਲ ਮਾਘ ਦੇ ਮਹੀਨੇ ਦੇ ਪਹਿਲੇ ਦਿਨ ਮਨਾਉਣ ਲੱਗ ਪਏ। ਅਨੰਦਪੁਰ ਸਾਹਿਬ ਛੱਡਣ ਉਪਰੰਤ ਸਰਸਾ ਨਦੀ ਦੇ ਕੰਢੇ ਪਰਿਵਾਰ ਦਾ ਵਿਛੜਨਾ, ਚਮਕੌਰ ਦੀ ਗੜ੍ਹੀ ਵਿਚ ਸੁਰੱਖਿਅਤ ਠਹਿਰ ਦੌਰਾਨ ਮੁਗ਼ਲ ਫ਼ੌਜਾਂ ਨਾਲ ਗਿਣਤੀ ਦੇ ਸਿਦਕਵਾਨ ਸਿੰਘਾਂ ਦਾ ਮੁਕਾਬਲਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਛੀਵਾੜਾ, ਰਾਏਕੋਟ ਵਿਚ ਦੀ ਦੀਨਾ ਕਾਂਗੜ ਵਿਖੇ ਕੁਝ ਦਿਨ ਰੁਕਣਾ ਅਤੇ ਔਰੰਗਜ਼ੇਬ ਨੂੰ ਜ਼ਫਰਨਾਮਾ ਨਾਂ ਦੀ ਇਤਿਹਾਸਕ ਚਿੱਠੀ ਲਿਖਣਾ, ਕੋਟਕਪੂਰਾ, ਢਿਲਵਾਂ ਰਾਹੀਂ ਖਿਦਰਾਣੇ ਦੀ ਢਾਬ 'ਤੇ ਪੁੱਜਣਾ ਆਦਿ ਘਟਨਾਵਾਂ ਵਕਤ ਅਤੇ ਹਾਲਾਤ ਦਾ ਨਤੀਜਾ ਸਨ। ਸੂਬਾ ਸਰਹਿੰਦ ਦੀ ਫ਼ੌਜ ਵੱਲੋਂ ਦਸਮ ਪਿਤਾ ਅਤੇ ਸਿੰਘਾਂ ਦਾ ਚਮਕੌਰ ਦੀ ਜੰਗ ਉਪਰੰਤ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਸੀ। ਖਿਦਰਾਣੇ ਦੀ ਢਾਬ ਯੁੱਧ ਦੇ ਪੱਖੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਢੁੱਕਵੀਂ ਨਜ਼ਰ ਆਈ। ਜੇਕਰ ਕੋਟਕਪੂਰੇ ਦੇ ਮੁਖੀ ਕਪੂਰੇ ਵੱਲੋਂ ਆਪਣੀ ਹਵੇਲੀ ਵਿਚ ਥਾਂ ਦਿੱਤੀ ਹੁੰਦੀ ਤਾਂ ਹੋ ਸਕਦਾ ਸੀ ਕਿ ਮੁਕਤਸਰ ਵਾਲੀ ਲੜਾਈ ਕੋਟਕਪੂਰੇ ਲੜੀ ਜਾਂਦੀ। ਫਿਰ ਕਪੂਰੇ ਦੀ ਹਵੇਲੀ ਵਾਲੀ ਥਾਂ ਚਾਲੀ ਮੁਕਤਿਆਂ ਦੀ ਸ਼ਹਾਦਤ ਦੀ ਮੁਕੱਦਸ ਭੂਮੀ ਬਣਨੀ ਸੀ ਅਤੇ ਇਸ ਜਗ੍ਹਾ ਨੂੰ 'ਮੁਕਤੀਸਰ' ਦਾ ਨਾਂ ਪ੍ਰਾਪਤ ਹੋ ਜਾਣਾ ਸੀ ਪਰ ਇਹ ਸੁਭਾਗ ਕੇਵਲ ਖਿਦਰਾਣੇ ਦੀ ਢਾਬ ਦੇ ਹਿੱਸੇ ਆਇਆ।

ਖਿਦਰਾਣੇ ਦੀ ਢਾਬ ਦੀ ਲੜਾਈ ਉਪਰੰਤ ਬਠਿੰਡਾ ਵੱਲੋਂ ਆਏ ਸ਼ਰਧਾਲੂਆਂ ਦੀ ਬੇਨਤੀ 'ਤੇ ਗੁਰੂ ਸਾਹਿਬ ਨੇ 21 ਤੋਂ 27 ਜੂਨ 1705 ਤਕ ਇਕ ਹਫ਼ਤਾ ਕਿਲੇ ਵਿਚ ਵਿਸ਼ਰਾਮ ਕੀਤਾ ਅਤੇ ਸੰਗਤ ਨੂੰ ਜੱਥੇਬੰਦ ਹੋ ਕੇ ਜ਼ੁਲਮ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਆਪਣੀ ਦੂਰ-ਦ੍ਰਿਸ਼ਟੀ ਅਤੇ ਅਗਵਾਈ ਸਦਕਾ ਜ਼ੁਲਮ ਤੋਂ ਸਤਾਏ ਲੋਕਾਂ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ ਤਾਂ ਜੋ ਮੁਗ਼ਲ ਹਕੂਮਤ ਨੂੰ ਜਲਦੀ ਢਹਿ-ਢੇਰੀ ਕੀਤਾ ਜਾ ਸਕੇ। ਬਠਿੰਡਾ ਵਿਖੇ ਆਪਣੀ ਠਾਹਰ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਗਿਆਨਤਾ ਅਤੇ ਲਾਚਾਰੀ ਖ਼ਤਮ ਕਰਨ ਲਈ ਵਿੱਦਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੰਦੇਸ਼ ਦਿੱਤਾ ਕਿ ਉਹੀ ਕੌਮ ਜ਼ਾਲਮ ਰਾਜ ਪ੍ਰਬੰਧ ਦਾ ਡਟ ਕੇ ਮੁਕਾਬਲਾ ਕਰ ਸਕਦੀ ਹੈ ਜਿਹੜੀ ਸਿੱਖਿਅਤ ਅਤੇ ਅਨੁਸ਼ਾਸਤ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਪੇਸ਼ੀਨਗੋਈ ਕੀਤੀ ਸੀ ਕਿ ਭਵਿੱਖ ਦਾ ਸਮਾਜ ਅਤੇ ਰਾਜਨੀਤਕ ਪ੍ਰਣਾਲੀਆਂ ਸਮਾਨਤਾ ਅਤੇ ਭਾਈਚਾਰਕ ਸਾਂਝ ਵਾਲੇ ਸੱਭਿਆਚਾਰ 'ਤੇ ਆਧਾਰਤ ਹੋਣਗੀਆਂ।

ਪਟਨਾ ਵਿਖੇ ਜਨਮੀ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਕਸਤ ਹੋਈ ਅਲੋਕਿਕ ਰੋਸ਼ਨੀ ਨੇ ਮਨੁੱਖੀ ਜਾਤੀ ਨੂੰ ਨਿਵੇਕਲੇ ਤਰੀਕੇ ਨਾਲ ਮੁਕਤੀ ਦਾ ਸੰਕਲਪ ਖਿਦਰਾਣੇ ਦੀ ਢਾਬ 'ਤੇ ਮਈ 1705 ਵਿਚ ਦਿੱਤਾ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੱਬੇ-ਕੁਚਲੇ ਲੋਕਾਂ ਲਈ ਮਸੀਹਾ ਬਣ ਕੇ ਆਏ ਅਤੇ ਉਨ੍ਹਾਂ ਭੁੱਲੇ-ਭਟਕੇ ਚਾਲੀ ਸਿੰਘਾਂ ਲਈ ਮੁਕਤੀਦਾਤਾ ਬਣੇ ਜਿਹੜੇ ਅਨੰਦਗੜ੍ਹ ਦੇ ਕਿਲੇ ਵਿਚੋਂ ਆਪਣੇ ਗੁਰੂ ਤੋਂ ਬੇਮੁੱਖ ਹੋ ਕੇ ਆ ਗਏ ਸਨ। ਹਕੀਕਤ ਇਹ ਹੈ ਕਿ ਮੁਕਤਸਰ ਖਿਦਰਾਣੇ ਦੀ ਢਾਬ ਹੀ ਰਹਿੰਦੀ ਜੇ ਦਸਮੇਸ਼ ਪਿਤਾ ਦੀ ਤਲਵਾਰ ਨਾ ਹੁੰਦੀ।

-ਮੋਬਾਈਲ ਨੰ. : 98140-67632

Posted By: Rajnish Kaur