-ਅਮਰਜੀਤ ਸਿੰਘ ਹੇਅਰ

ਸਾਡੀ ਮੈਟ੍ਰਿਕ ਦੀ ਉਰਦੂ ਦੀ ਕਿਤਾਬ ਵਿਚ ਇਨਸ਼ਾ ਅੱਲਾ ਖ਼ਾਂ ਇਨਸ਼ਾ ਦੀ ਗ਼ਜ਼ਲ ਸੀ ਜਿਸ ਦਾ ਮਤਲਾ ਮੈਨੂੰ ਕਦੇ ਨਹੀਂ ਭੁੱਲਿਆ :

'ਕਮਰ ਬਾਂਧੇ ਹੂਏ ਚਲਨੇ ਕੋ ਸਭ ਯਾਰ ਬੈਠੇ ਹੈਂ

ਬਹੁਤਆਰਾਂ ਰਾਏ ਬਾਕੀ ਜੋ ਹੈ ਤਿਆਰ ਬੈਠੇ ਹੈਂ।'

ਇਸ ਗ਼ਜ਼ਲ ਵਿਚ ਸ਼ਾਇਰ ਬੁੱਢਿਆਂ ਨੂੰ ਮੌਤ ਦੀ ਉਡੀਕ ਕਰਦਿਆਂ ਦਰਸਾਉਂਦਾ ਹੈ। ਬਚਪਨ ਵਿਚ ਮੈਨੂੰ ਮੌਤ ਦਾ ਫਿਕਰ ਜਾਂ ਡਰ ਨਹੀਂ ਸੀ। ਹੁਣ ਮੈਂ 85 ਸਾਲ ਦਾ ਹੋ ਗਿਆ ਹਾਂ। ਇਹ ਗ਼ਜ਼ਲ ਅਪੀਲ ਕਰਦੀ ਹੈ। ਲਮੇਰੀ ਉਮਰ ਵਿਚ ਵਿਛੜੇ ਮਿੱਤਰਾਂ ਦੀ ਬਹੁਤੀ ਯਾਦ ਆਉਂਦੀ ਹੈ।

ਦੋਸਤੀਆਂ ਬਣਨ ਦਾ ਸਮਾਂ ਬਚਪਨ ਜਾਂ ਚੜ੍ਹਦੀ ਜਵਾਨੀ ਵੇਲੇ ਹੀ ਹੁੰਦਾ ਹੈ। ਜਦ ਮੈਂ ਉਸ ਵੇਲੇ ਦੇ ਬੇਲੀਆਂ ਵੱਲ ਧਿਆਨ ਮਾਰਦਾ ਹਾਂ ਤਾਂ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਬਹੁਤੇ ਇਸ ਫ਼ਾਨੀ ਜਹਾਨ 'ਚੋਂ ਕੂਚ ਕਰ ਚੁੱਕੇ ਹਨ। ਮਿਡਲ ਸਕੂਲ ਵਿਚ ਮੇਰੇ ਲੰਗੋਟੀਆ ਯਾਰ ਸਨ ਮੇਰੇ ਹਮ-ਜਮਾਤੀ ਜੰਗੀਰ, ਜੀਤੂ ਅਤੇ ਲਖਮੀਰ। ਜੰਗੀਰ, ਜੀਤੂ ਤਾਂ ਜਵਾਨੀ ਵਿਚ ਹੀ ਚੱਲ ਵਸੇ। ਲਖਮੀਰ ਫ਼ੌਜ 'ਚੋਂ ਸੇਵਾ ਮੁਕਤ ਹੋ ਕੇ ਛੇਤੀ ਹੀ ਰੱਬ ਨੂੰ ਪਿਆਰਾ ਹੋ ਗਿਆ।

ਉਨ੍ਹਾਂ ਦੀ ਇਕ ਮਿੱਠੀ ਯਾਦ ਅੱਜ ਤਕ ਮੇਰੇ ਮਨ ਵਿਚ ਵਸੀ ਹੋਈ ਹੈ। ਸਾਡਾ ਵਰਨੇਕੂਲਰ ਫਾਈਨਲ ਦਾ ਇਮਤਿਹਾਨ 5 ਫਰਵਰੀ 1947 ਨੂੰ ਸ਼ੁਰੂ ਹੋਣਾ ਸੀ। ਅਸੀਂ ਮਿਡਲ ਸਕੂਲ ਮਲ੍ਹੇ ਪੜ੍ਹਦੇ ਸੀ। ਲਖਮੀਰ ਦਾ ਪਿੰਡ ਧੂੜਕੋਟ ਸੀ। ਪਰ ਉਹ ਆਪਦੀ ਭੂਆ ਕੋਲ ਚਕਰ ਰਹਿੰਦਾ ਸੀ। ਦਸੰਬਰ ਦੀਆਂ ਵੱਡੇ ਦਿਨ ਦੀਆਂ ਛੁੱਟੀਆਂ ਤੋਂ ਪਿੱਛੋਂ ਜਦ ਉਹ ਸਕੂਲ ਨਾ ਆਇਆ ਤਾਂ ਸਾਡੇ ਇੰਚਾਰਜ ਮਾਸਟਰ ਜ਼ਫ਼ਰ ਹੁਸੈਨ ਨੇ ਕਿਹਾ ਕਿ ਜੇ ਉਹ ਪੰਜ ਦਿਨ ਗ਼ੈਰ-ਹਾਜ਼ਰ ਰਿਹਾ ਤਾਂ ਉਸ ਦਾ ਨਾਂ ਕੱਟ ਦਿੱਤਾ ਜਾਵੇਗਾ ਅਤੇ ਉਹ ਇਮਤਿਹਾਨ ਵਿਚ ਨਹੀਂ ਬੈਠ ਸਕੇਗਾ। ਉਸ ਦਾ ਪਿੰਡ ਮਲ੍ਹੇ ਤੋਂ ਅੱਠ ਕੋਹ 'ਤੇ ਸੀ ਅਤੇ ਉਸ ਨੂੰ ਖ਼ਬਰ ਕਰਨ ਦਾ ਕੋਈ ਜ਼ਰੀਆ ਨਹੀਂ ਸੀ। ਅਸੀਂ ਤਿੱਕੜੀ ਅਗਲੇ ਦਿਨ ਸਕੂਲ ਜਾਣ ਦੀ ਥਾਂ ਪੈਦਲ ਉਸ ਦੇ ਪਿੰਡ ਨੂੰ ਤੁਰ ਪਏ। ਦੁਪਹਿਰੇ ਉੱਥੇ ਪਹੁੰਚੇ ਤਾਂ ਲਖਮੀਰ ਮਜ਼ੇ ਨਾਲ ਧੁੱਪ ਸੇਕ ਰਿਹਾ ਸੀ। ਅਸੀਂ ਉਸ ਨੂੰ ਮਾਸਟਰ ਦਾ ਫ਼ੈਸਲਾ ਸੁਣਾਇਆ ਤਾਂ ਰੋਟੀ ਖਾ ਕੇ ਅਸੀਂ ਚਾਰੇ ਵਾਪਸ ਮਲ੍ਹੇ ਨੂੰ ਮੁੜ ਪਏ।

ਲਖਮੀਰ ਪਾਸ ਉੱਥੋਂ ਦੇ ਤਕੀਏ ਵਿਚ ਰਹਿੰਦੇ ਸਾਈਂ ਤੋਂ ਲਈਆਂ ਸ਼ਾਹਮੁਖੀ ਵਿਚ ਲਿਖੀਆਂ ਪੰਜਾਬੀ ਦੀਆਂ ਦੋ ਕਿਤਾਬਾਂ ਵਾਰਸ ਸ਼ਾਹ ਦੀ 'ਹੀਰ' ਅਤੇ ਮਿਲਖੀ ਰਾਮ ਲਾਹੌਰੀ ਦੀ ਬੈਤਾਂ ਦੀ ਕਿਤਾਬ 'ਖ਼ੂਨ ਦਾ ਪਿਆਲਾ' ਅਸੀਂ ਚੁੱਕ ਲਈਆਂ ਤੇ ਰਾਹ ਵਿਚ ਉੱਚੀ-ਉੱਚੀ ਗਾਉਂਦੇ ਤੁਰੇ ਆਏ।

ਮਿਲਖੀ ਰਾਮ ਦੀ ਇਕ ਬੈਂਤ ਤਾਂ ਮੈਨੂੰ ਹਮੇਸ਼ਾ ਯਾਦ ਰਹੀ-

''ਦਾਲ ਦਿਲ ਮੇਰਾ ਰੱਬਾ ਚਾਹਮਦਾ ਏ ਪਲੰਘ ਬੋਨਜ਼ੀਰ ਇਕ ਤਿਆਰ ਹੋਵੇ

ਵਾਹੀਆ ਚਾਂਦੀ ਤੇ ਸੋਨੇ ਦੇ ਹੋਣ ਪਾਵੇ ਜੜਤ ਹੀਰੀਆਂ ਦੀ ਮੀਨਾਕਾਰ ਹੋਵੇ

ਅਤੇ ਮੱਛੀ ਤੇ ਮੁਰਗ ਦਾ ਮਾਸ ਜਿਹੜਾ ਬੋਤਲ ਵਿਸਕੀ ਦੀ ਫੜੀ ਹੱਥ ਦਿਲਦਾਰ ਹੋਵੇ

ਮਿਲਖ ਰਾਮ ਵਸਲ ਵਾਲੀ ਹੋਵ ਰਾਤ ਲੰਮੀ ਦਿਨ ਵਿਚ ਨਾ ਕਦੀ ਸੰਸਾਰ ਹੋਵੇ।''

ਦੂਜੇ ਦਿਨ ਮਾਸਟਰ ਜ਼ਫ਼ਰ ਹੁਸੈਨ ਲਖਮੀਰ ਨੂੰ ਜਮਾਤ ਵਿਚ ਦੇਖ ਕੇ ਪੁੱਛਣ ਲੱਗਾ, 'ਉਏ! ਤੈਨੂੰ ਕਿਵੇਂ ਖ਼ਬਰ ਹੋਈ ਬਈ ਤੇਰਾ ਨਾਂ ਕੱਟਿਆ ਜਾਣਾ ਸੀ?' ਜਦ ਉਸ ਨੇ ਦੱਸਿਆ ਕਿ ਅਸੀਂ ਤਿੰਨੇ ਉਹਦੇ ਪਿੰਡੋਂ ਜਾ ਕੇ ਉਹਨੂੰ ਲੈ ਕੇ ਆਏ ਹਾਂ ਤਾਂ ਮਾਸਟਰ ਕਹਿਣ ਲੱਗਾ, 'ਯਾਰ ਹੋਣ ਤਾਂ ਐਸੇ ਹੋਣ ਜਿਹੜੇ ਔਖੇ ਵੇਲੇ ਕੰਮ ਆਉਣ।'

ਮੇਰੇ ਪਾਸ 'ਖ਼ੂਨ ਦਾ ਪਿਆਲਾ' ਤਾਂ ਹੈ ਨਹੀਂ ਪਰ ਪਾਕਿਸਤਾਨ ਤੋਂ ਲਿਆਂਦੀ ਸ਼ਾਹਮੁਖੀ ਵਿਚ ਛਪੀ 'ਹੀਰ' ਹੈ ਜਿਸ ਨੂੰ ਜਦ ਵੀ ਮੈਂ ਪੜ੍ਹਦਾ ਹਾਂ ਤਾਂ ਮੈਨੂੰ ਜੀਤੂ, ਜੰਗੀਰ ਤੇ ਲਖਮੀਰ ਮੇਰੇ ਨਾਲ ਇਸ ਨੂੰ ਪੜ੍ਹਦੇ ਮਹਿਸੂਸ ਹੁੰਦੇ ਹਨ।

ਕਾਲਜ ਵਿਚ ਮੇਰੇ ਜਨਾਰਧਨ ਦੱਤ (ਜੇਡੀ) ਅਤੇ ਭਾਰਤਮਿੱਤਰ ਪੱਕੇ ਦੋਸਤ ਸਨ। ਜੇਡੀ ਵਿਆਹ ਕਰਵਾ ਕੇ ਕੀਨੀਆ ਚਲਾ ਗਿਆ ਅਤੇ ਅੱਗੇ ਇੰਗਲੈਂਡ ਜਾ ਵਸਿਆ। ਜਦ ਕਦੇ ਵੀ ਪੰਜਾਬ ਆਉਂਦਾ ਮੇਰੇ ਕੋਲ ਕੁਝ ਦਿਨ ਠਹਿਰਦਾ। ਇਕ ਵਾਰੀ ਉਹ ਤੇ ਮੈਂ ਇਕ ਹਫਤਾ ਮਸੂਰੀ ਠਹਿਰੇ। ਜਿੰਨਾ ਮਜ਼ਾ ਉਦੋਂ ਸਾਨੂੰ ਆਇਆ, ਸ਼ਾਇਦ ਓਨਾ ਨਵੇਂ ਵਿਆਹਿਆਂ ਨੂੰ ਹਨੀਮੂਨ 'ਤੇ ਵੀ ਨਹੀਂ ਆਉਂਦਾ। ਅਸੀਂ ਮਾਲ ਰੋਡ 'ਤੇ ਸੈਰ ਕਰ ਰਹੇ ਸਾਂ ਤਾਂ ਇਕ ਦੁਕਾਨ ਦੇ ਬਾਹਰ ਜਦ ਮੈਂ ਇਕ ਚਮਕਦਾਰ ਪ੍ਰਿੰਟ ਟੰਗਿਆ ਦੇਖਿਆ ਤਾਂ ਮੇਰੇ ਮੂੰਹੋਂ ਨਿਕਲਿਆ 'ਕਿੰਨਾ ਸੋਹਣਾ ਪ੍ਰਿੰਟ ਹੈ'। ਉਹ ਮੈਨੂੰ ਕਹਿੰਦਾ ''ਤੂੰ ਕਿਸ ਨੂੰ ਸਭ ਤੋਂ ਵੱਧ ਪਿਆਰ ਕਰਦਾਂ।' ਮੈਂ ਕਿਹਾ 'ਆਪਦੀ ਵੱਡੀ ਧੀ ਨਵਚਾਂਦ ਨੂੰ।' ਉਸ ਨੇ ਉਦੋਂ ਹੀ ਇਕ ਸੂਟ ਦਾ ਕੱਪੜਾ ਲੈ ਕੇ ਕਿਹਾ, 'ਮੇਰੇ ਵੱਲੋਂ ਇਹ ਤੋਹਫ਼ਾ ਉਸ ਨੂੰ ਦੇ ਦੇਵੀਂ।' ਮੇਰੀ ਧੀ ਨੂੰ ਉਹ ਬੜਾ ਪਸੰਦ ਆਇਆ। ਜਦ ਵੀ ਉਸ ਦੀ ਚਿੱਠੀ ਆਉਣੀ ਤਾਂ ਉਸ ਨੇ ਕਹਿਣਾ 'ਇਹ ਜੇਡੀ ਅੰਕਲ ਦੀ ਚਿੱਠੀ ਹੈ ਜਿਸ ਨੇ ਮੈਨੂੰ ਇੰਨਾ ਪਿਆਰਾ ਸੂਟ ਦਿੱਤਾ ਸੀ।'

ਜੇਡੀ ਚਾਲੀ ਸਾਲ ਦੀ ਉਮਰ ਵਿਚ ਹੀ ਕੈਂਸਰ ਦੀ ਬਿਮਾਰੀ ਨੇ ਖਾ ਲਿਆ ਪਰ ਮੈਨੂੰ ਕਾਲਜ ਵਿਚ ਉਸ ਨਾਲ ਬਿਤਾਏ ਦਿਨ ਅਤੇ ਮਸੂਰੀ ਵਿਚ ਇਕੱਠਿਆਂ ਕੱਟਿਆ ਇਕ ਹਫ਼ਤਾ ਕਦੇ ਨਹੀਂ ਭੁੱਲਦਾ।

ਭਾਰਤਮਿੱਤਰ ਸੈਂਟਰਲ ਸਰਵਿਸਿਜ਼ ਵਿਚ ਚਲਿਆ ਗਿਆ ਅਤੇ ਸੇਵਾ ਮੁਕਤ ਹੋ ਕੇ ਦਿੱਲੀ ਰਹਿਣ ਲੱਗ ਪਿਆ। ਮੇਰਾ ਸਾਰੀ ਉਮਰ ਉਸ ਨਾਲ ਚਿੱਠੀਆਂ ਰਾਹੀਂ ਨਾਤਾ ਜੁੜਿਆ ਰਿਹਾ। ਉਸ ਨੂੰ ਉਰਦੂ ਸ਼ਾਇਰੀ ਪੜ੍ਹਨ ਅਤੇ ਲਿਖਣ ਦਾ ਸ਼ੌਕ ਸੀ। ਬੁਢਾਪੇ ਵਿਚ ਵੀ ਦਿਲਚਸਪ ਨਜ਼ਮਾਂ ਲਿਖਦਾ ਰਿਹਾ। ਮੈਨੂੰ ਹਰ ਨਜ਼ਮ ਭੇਜਦਾ। ਉਸ ਦੀਆਂ ਮੇਰੇ ਕੋਲ ਚਿੱਠੀਆਂ ਵਿਚ ਕਾਫ਼ੀ ਨਜ਼ਮਾਂ ਸਾਂਭੀਆਂ ਪਈਆਂ ਹਨ। ਮੈਂ ਉਸ ਦੀਆਂ ਅਤੇ ਹੋਰ ਮਿੱਤਰਾਂ ਦੀਆਂ ਮੈਨੂੰ ਲਿਖੀਆਂ ਚਿੱਠੀਆਂ ਨੂੰ 'ਚਿੱਠੀਆਂ ਮਿੱਤਰਾਂ ਦੀਆਂ' ਸਿਰਲੇਖ ਹੇਠ ਕਿਤਾਬ ਛਪਵਾ ਦਿੱਤੀ। ਇਸ ਤਰ੍ਹਾਂ ਦੋਸਤਾਂ ਦੀਆਂ ਪਿਆਰੀਆਂ ਯਾਦਾਂ ਨੂੰ ਸਾਂਭਿਆ। ਅਜੋਕੀ ਪੀੜ੍ਹੀ ਨੂੰ ਚਿੱਠੀਆਂ ਦੇ ਮੁੱਲ ਦਾ ਕੀ ਪਤਾ। ਮਿੱਤਰਾਂ-ਪਿਆਰਿਆਂ ਦੀਆਂ ਮੁੱਦਤ ਪਹਿਲਾਂ ਲਿਖੀਆਂ ਚਿੱਠੀਆਂ ਪੜ੍ਹਦਿਆਂ ਅੱਜ ਵੀ ਅੱਖਰਾਂ 'ਚੋਂ ਮੁਹੱਬਤ ਦੀ ਖ਼ੁਸ਼ਬੂ ਆਉਂਦੀ ਹੈ।

ਭਾਰਤਮਿੱਤਰ ਨੂੰ ਦਿਲ ਦਾ ਦੌਰਾ ਪਿਆ। ਜਦ ਉਹ ਕੁਝ ਰਾਜ਼ੀ ਹੋਇਆ ਤਾਂ ਮੈਨੂੰ ਲਿਖਿਆ 'ਆਪਾਂ ਦੋਵੇਂ ਕਿਤੇ ਨਵੇਕਲੇ ਛੁੱਟੀ ਮਣਾਉਣ ਚੱਲੀਏ। ਉਸ ਨੇ ਪਾਉਂਟਾ ਸਾਹਿਬ ਸਰਕਾਰੀ ਬੰਗਲੇ ਵਿਚ ਇਕ ਹਫ਼ਤੇ ਲਈ ਡੀਲਕਸ ਕਮਰਾ ਬੁੱਕ ਕਰਵਾ ਲਿਆ। ਅਸੀਂ ਦੋਵੇਂ ਉੱਥੇ ਰਹਿ ਕੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹੇ। ਮੇਰੀ ਜ਼ਿੰਦਗੀ ਦਾ ਉਸ ਨਾਲ ਗੁਜ਼ਾਰਿਆ ਹਫ਼ਤਾ ਬੁਢਾਪੇ ਦੀ ਹੁਸੀਨ ਯਾਦ ਹੈ।

ਮਿੱਤਰ ਦੂਜੇ ਦਿਲ ਦੇ ਦੌਰੇ ਨਾਲ 23 ਮਾਰਚ 2012 ਨੂੰ ਇਸ ਜਹਾਨ ਤੋਂ ਕੂਚ ਕਰ ਗਿਆ। ਮਰਨ ਤੋਂ ਕੁਝ ਦਿਨ ਪਹਿਲਾਂ ਉਸ ਦੀ ਚਿੱਠੀ ਮਿਲੀ ਜਿਸ ਵਿਚ ਉਸ ਨੇ ਲਿਖਿਆ, 'ਮੈਂ ਚੰਦ ਦਿਨਾਂ ਦਾ ਮਹਿਮਾਨ ਹਾਂ। ਨਾ ਤੈਨੂੰ, ਨਾ ਮੈਨੂੰ ਕਿਸੇ ਹੋਰ ਜ਼ਿੰਦਗੀ 'ਤੇ ਵਿਸ਼ਵਾਸ ਹੈ। ਪਰ ਜੇ ਮੌਤ ਪਿੱਛੋਂ ਕੋਈ ਹੋਰ ਜ਼ਿੰਦਗੀ ਹੋਵੇ ਤਾਂ ਮੈਂ ਚਾਹਾਂਗਾ ਕਿ ਸਾਡਾ ਸਾਥ ਫਿਰ ਬਣੇ'। ਲੋਕੀਂ ਕਹਿੰਦੇ ਰੂਹਾਂ ਅਮਰ ਹੁੰਦੀਆਂ ਹਨ। ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਮਿੱਤਰ ਅਕਸਰ ਮੇਰੇ ਸੁਪਨਿਆਂ ਵਿਚ ਮੈਨੂੰ ਮਿਲਦਾ ਹੈ ਅਤੇ ਕਈ ਵਾਰ ਮੈਂ ਜਾਗਦਿਆਂ ਵੀ ਉਸ ਨਾਲ ਗੱਲਾਂ ਕਰਦਾ ਹਾਂ ਅਤੇ ਅਸੀਂ ਇਕੱਠੇ ਆਪਣੀਆਂ ਨਾਕਾਮੀਆਂ ਅਤੇ ਬੇਵਕੂਫੀਆਂ 'ਤੇ ਖਿੜ-ਖਿੜਾ ਕੇ ਹੱਸਦੇ ਹਾਂ।

-ਮੋਬਾਈਲ ਨੰ. : 94170-06625

Posted By: Rajnish Kaur