-ਕੁਲਵਿੰਦਰ ਸਿੰਘ

ਦਸਤਾਰ ਫ਼ਾਰਸੀ ਦਾ ਲਫ਼ਜ਼ ਹੈ ਜਿਸ ਦਾ ਭਾਵ ਹੈ ਹੱਥ ਨਾਲ ਬੰਨ੍ਹਣ ਵਾਲਾ ਬਸਤਰ। 'ਪੱਗ' ਜਾਂ 'ਪੱਗੜੀ' ਦੇ ਨਾਂ ਨਾਲ ਵੀ ਜਾਣੀ ਜਾਂਦੀ 'ਦਸਤਾਰ' ਦੀ ਸਿਰ ਢਕਣ ਲਈ ਏਸ਼ਿਆਈ ਦੇਸ਼ਾਂ ਵਿਚ ਮੁੱਢ-ਕਦੀਮ ਤੋਂ ਵਰਤੋਂ ਹੁੰਦੀ ਆਈ ਹੈ।

ਸਿੱਖ ਸੱਭਿਆਚਾਰ ਦਾ ਇਹ ਕੇਂਦਰੀ ਚਿੰਨ੍ਹ ਹੈ ਪਰ ਵੱਖ-ਵੱਖ ਜ਼ੁਬਾਨਾਂ ਤੇ ਧਰਮਾਂ ਦੇ ਪੈਰੋਕਾਰਾਂ ਵੱਲੋਂ ਵੀ ਦਸਤਾਰ ਲਈ ਵੱਖ-ਵੱਖ ਨਾਮ ਰੱਖੇ ਗਏ ਹਨ ਜਿਵੇਂ ਇਮਾਮਾਂ, ਸਾਫਾ, ਚਮਲਾ, ਚੀਰਾ, ਦੁਲਬੰਦ, ਉਸ਼ਵੀਕ, ਟਰਬਨ, ਤੁਰਬਾਂਤੇ ਆਦਿ। ਅਰਬ ਦੇਸ਼ਾਂ ਵਿਚ ਦਸਤਾਰ ਦਾ ਖ਼ਾਸ ਮੁਕਾਮ ਹੈ। ਇਹ ਸੰਸਾਰ ਭਰ ਵਿਚ ਇੱਜ਼ਤ ਆਬਰੂ ਦਾ ਪਹਿਰਾਵਾ ਮੰਨਿਆ ਜਾਂਦਾ ਰਿਹਾ ਹੈ।

ਅਜੰਤਾ ਦੀਆਂ ਗੁਫਾਵਾਂ 'ਚੋਂ ਮਿਲੀਆਂ ਮੂਰਤੀਆਂ 'ਚੋਂ ਵੀ ਕੁਝ ਵਿਚਲੇ ਪੁਰਸ਼ਾਂ ਦੇ ਸਿਰ 'ਤੇ ਪੱਗੜੀਆਂ ਬੰਨ੍ਹੀਆਂ ਹੋਈਆਂ ਦਿਖਾਈਆਂ ਗਈਆਂ ਹਨ। ਆਰੀਆ ਸੱਭਿਆਚਾਰ 'ਚ ਵੀ ਪੱਗੜੀ ਬੰਨ੍ਹਣ ਦੇ ਪ੍ਰਮਾਣ ਮਿਲਦੇ ਹਨ।

ਮੁੱਖ ਰੂਪ ਵਿਚ ਪੱਗੜੀ ਬੰਨ੍ਹਣ ਦਾ ਰਿਵਾਜ਼ ਮੁਸਲਮਾਨੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਸ਼ੁਰੂ ਹੋਇਆ। ਪੰਦਰਵੀਂ ਸਦੀ ਤੋਂ ਪਹਿਲਾਂ ਯੂਰਪ ਦੇ ਦੇਸ਼ਾਂ ਵਿਚ ਵੀ ਦਸਤਾਰ ਦਾ ਪ੍ਰਯੋਗ ਕੀਤਾ ਜਾਂਦਾ ਸੀ ਅਤੇ ਕਈ ਸਦੀਆਂ ਤੋਂ ਮੁਸਲਮਾਨਾਂ ਦੇ ਪੈਗੰਬਰ ਤੇ ਹਿੰਦੂ ਧਰਮ ਦੇ ਵੱਡੇ-ਵਡੇਰੇ ਸਿਰ 'ਤੇ ਦਸਤਾਰ ਬੰਨ੍ਹਦੇ ਰਹੇ ਸਨ। ਇਸਲਾਮ ਮੁਤਾਬਕ ਅੱਲਾ ਦੇ ਨਬੀ ਮੁਹੰਮਦ ਸਾਹਿਬ ਵੀ ਦਸਤਾਰ ਸਜਾਉਂਦੇ ਸਨ ਜਿਸ ਨੂੰ ਇਮਾਮਾਂ ਕਿਹਾ ਜਾਂਦਾ ਹੈ ਅਤੇ ਹੱਜ 'ਤੇ ਜਾਣ ਸਮੇਂ ਮੁਸਲਮਾਨਾਂ ਨੂੰ ਦਸਤਾਰ ਸਜਾਉਣ ਦੀ ਹਦਾਇਤ ਹੈ। ਹਰ ਧਰਮ ਤੇ ਜਾਤੀ ਦੇ ਲੋਕ ਦਸਤਾਰ ਬੰਨ੍ਹਦੇ ਆਏ ਹਨ।

ਪੱਗੜੀ ਨੇ ਪੰਜਾਬੀ ਸੱਭਿਆਚਾਰ 'ਚ ਇਸ ਕਦਰ ਥਾਂ ਬਣਾਈ ਕਿ ਇਸ ਨੇ ਮੁਹਾਵਰਿਆਂ ਵਿਚ ਵੀ ਪ੍ਰਵੇਸ਼ ਕੀਤਾ ਜਿਵੇਂ ਕਿ 'ਪੱਗ ਦੀ ਲਾਜ ਰੱਖਣਾ', 'ਪੱਗ ਲੱਥ ਜਾਣੀ', 'ਪੱਗ ਵੱਟ ਭਰਾ' ਆਦਿ। 'ਪੱਗੜੀ ਸੰਭਾਲ ਜੱਟਾ' ਲਹਿਰਾਂ ਨੇ ਵੀ ਰਾਸ਼ਟਰੀ ਜਾਗਰਣ ਦੀ ਵੰਗਾਰ ਵਜੋਂ ਕੰਮ ਕੀਤਾ।

ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਦਸਤਾਰ ਬੰਨ੍ਹਣੀ ਕੇਵਲ ਸਿੱਖ ਸਮਾਜ ਤਕ ਹੀ ਸੀਮਤ ਰਹਿ ਗਈ। ਉਂਜ ਹਿੰਦੂ ਭਾਈਚਾਰੇ ਦੇ ਵਿਆਹ-ਸ਼ਾਦੀਆਂ ਵਿਚ ਮੰਗਲਮਈ ਕਾਰਜਾਂ ਦੌਰਾਨ ਪੱਗ ਬੰਨ੍ਹਣ ਦਾ ਰਿਵਾਜ਼ ਅਜੇ ਵੀ ਮੌਜੂਦ ਹੈ। ਕਿਸੇ ਬਜ਼ੁਰਗ ਦੇ ਮਰਨ ਤੋਂ ਬਾਅਦ ਉਸ ਦੇ ਪੁੱਤਰ ਨੂੰ ਪੱਗੜੀ ਬੰਨ੍ਹਾਉਣ ਦੀ ਰਸਮ ਪ੍ਰਚਲਿਤ ਹੈ। ਕੁੱਲ ਮਿਲਾ ਕੇ ਦਸਤਾਰ ਆਦਰ ਤੇ ਜ਼ਿੰਮੇਵਾਰੀ ਦਾ ਪ੍ਰਤੀਕ ਬਸਤਰ ਹੈ। ਸਿੱਖ ਧਰਮ ਦੇ ਬਸਤਰਾਂ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ।

ਗੁਰੂ ਸਾਹਿਬਾਨ ਨੇ ਖ਼ੁਦ ਦਸਤਾਰ ਸਜਾਈ ਅਤੇ ਸਿੱਖ ਧਰਮ ਵਿਚ ਹਰੇਕ ਸਿੱਖ ਨੂੰ ਦਸਤਾਰ ਲਾਜ਼ਮੀ ਸਜਾਉਣ ਦਾ ਹੁਕਮ ਜਾਰੀ ਕੀਤਾ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੇ ਭਗਤਾਂ ਵੱਲੋਂ ਦਸਤਾਰ ਤੇ ਪੱਗੜੀ ਦੇ ਵਿਸ਼ੇ ਵਿਚ ਦਰਜ ਸ਼ਬਦ ਗੁਰਸਿੱਖਾਂ ਦੇ ਮਨਾਂ ਅੰਦਰ ਦਸਤਾਰ ਲਈ ਸਤਿਕਾਰ ਪੈਦਾ ਕਰਦੇ ਹਨ। ਗੁਰੂ ਅਰਜਨ ਦੇਵ ਦੇ ਮਾਰੂ ਰਾਗ ਵਿਚ ਦਰਜ ਸ਼ਬਦ ਦੌਰਾਨ ਸਾਬਤ ਸੂਰਤ ਰਹਿ ਕੇ ਦਸਤਾਰ ਧਾਰਨ ਕਰਨ ਦਾ ਜ਼ਿਕਰ ਹੈ। 'ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ!!੧੨!!

ਇਸ ਤੋਂ ਇਲਾਵਾ ਗੁਰੂ ਸਾਹਿਬ ਦੋਹਰਾ ਦਸਤਾਰਾ ਸਜਾਉਣ ਨੂੰ ਜਿੱਤ ਦਾ ਪ੍ਰਤੀਕ ਵੀ ਦੱਸਦੇ ਹਨ। 'ਹਉ ਗੋਸਾਈ ਦਾ ਪਹਿਲਵਾਨੜਾ!! ਮੈ ਗੁਰ ਮਿਲਿ ਉੱਚ ਦੁਮਾਲੜਾ!!' ਇਸ ਤੋਂ ਇਲਾਵਾ ਭਗਤ ਬਾਣੀ ਵਿਚ ਬਾਬਾ ਫ਼ਰੀਦ ਜੀ ਸਰੀਰ ਦੀ ਨਾਸ਼ਵਾਨਤਾ ਦੇ ਨਾਲ ਜਿੱਥੇ ਪੱਗ ਦਾ ਜ਼ਿਕਰ ਕਰਦੇ ਹਨ ਉੱਥੇ ਹੀ ਭਗਤ ਨਾਮਦੇਵ ਜੀ ਪਰਮਾਤਮਾ ਦੇ ਸੁੰਦਰ ਰੂਪ ਵਿਚ ਉਸ ਦੀ ਪੱਗੜੀ ਦੀ ਉਸਤਤ ਕਰਦੇ ਹਨ।

'ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ!!

ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ!! ੨੬!!'

'ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ!!

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ!!੨!!'

ਢਾਡੀ ਅਬਦੁੱਲਾ ਤੇ ਨੱਥਾ ਮੱਲ ਨੇ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਅਕਾਲ ਤਖਤ ਤੋਂ ਪੜ੍ਹੀ ਅਧਿਆਤਮਕ ਵਾਰ ਵਿਚ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਪੱਗ ਦਾ ਜ਼ਿਕਰ ਕੀਤਾ ਹੈ। 'ਪੱਗ ਤੇਰੀ ਕੀ ਜਹਾਂਗੀਰ ਦੀ....?' ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਸਤਾਰ ਲਾਜ਼ਮੀ ਕਰ ਦਿੱਤੀ ਗਈ। ਇਸ ਦਾ ਜ਼ਿਕਰ ਭੱਟ ਵਹੀਆਂ, ਰਹਿਤਨਾਮਿਆਂ ਤੇ ਤਨਖ਼ਾਹਨਾਮਿਆਂ ਆਦਿ ਵਿਚ ਵੀ ਮਿਲਦਾ ਹੈ। ਫ਼ਾਰਸੀ ਦੀ ਪੁਸਤਕ ਦਬਸਤਾਨਿ-ਮੁਜ਼ਾਹਿਬ ਮੁਤਾਬਕ ਗੁਰੂ ਗੋਬਿੰਦ ਸਿੰਘ ਜਦੋਂ ਮਿਲਣ ਆਏ ਮਸੰਦਾਂ ਨੂੰ ਰੁਖ਼ਸਤ ਕਰਦੇ ਸਨ ਤਾਂ ਸਿਰੋਪਾਓ ਦੇ ਰੂਪ ਵਿਚ ਦਸਤਾਰ ਦਿੰਦੇ ਸਨ।

ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਸੁੰਦਰ ਦਸਤਾਰ ਸਜਾਉਣ ਵਾਲਿਆਂ ਨੂੰ ਸਨਮਾਨਿਤ ਵੀ ਕਰਦੇ ਸਨ। ਸਿੱਖ ਧਰਮ ਵਿਚ ਹਰ ਸਿੱਖ ਨੂੰ ਕੇਸ ਢੱਕ ਕੇ ਰੱਖਣ ਦੀ ਹਦਾਇਤ ਹੈ ਅਤੇ ਸੌਣ ਵੇਲੇ ਵੀ ਕੇਸਕੀ ਭਾਵ ਛੋਟੀ ਦਸਤਾਰ ਬੰਨ੍ਹਣ ਬਾਰੇ ਹੁਕਮ ਹੈ। ਸਿੱਖ ਬੀਬੀਆਂ ਵੱਲੋਂ ਵੀ ਸਿਰ ਢੱਕਣ ਲਈ ਕੇਸਕੀ ਸਜਾਈ ਜਾਂਦੀ ਹੈ।

ਦਸਤਾਰ ਦੇ ਰੂਪ ਬਾਰੇ ਕੋਈ ਖ਼ਾਸ ਨਿਯਮ ਨਿਰਧਾਰਤ ਨਹੀਂ ਹਨ ਪਰ ਫਿਰ ਵੀ ਸਿੱਖ ਧਰਮ ਦੀਆਂ ਵੱਖ-ਵੱਖ ਸੰਪਰਦਾਵਾਂ ਵਿਚ ਦਸਤਾਰ ਸਜਾਉਣ ਦੇ ਤਰੀਕੇ ਇਕ-ਦੂਜੇ ਨਾਲੋਂ ਵਖਰੇਵਾਂ ਪਾਉਂਦੇ ਹਨ। ਨਾਮਧਾਰੀ, ਨਿਹੰਗ ਸਿੰਘ, ਟਕਸਾਲਾਂ ਤੇ ਹੋਰ ਸੰਪਰਦਾਵਾਂ ਦੇ ਦਸਤਾਰ ਬੰਨ੍ਹਣ ਦੇ ਤਰੀਕੇ ਅਤੇ ਸਰੂਪ ਇਕ-ਦੂਜੇ ਤੋਂ ਅੱਡਰੇ ਹਨ। ਨਿਹੰਗ ਸਿੰਘਾਂ ਵੱਲੋਂ ਦੁਮਾਲੇ ਸਜਾਏ ਜਾਂਦੇ ਹਨ ਅਤੇ ਇਹ ਆਕਾਰ ਵਜੋਂ ਕਈ ਵਾਰ ਦੋ ਫੁੱਟ ਤੋਂ ਵੀ ਉੱਚੇ ਹੋ ਜਾਂਦੇ ਹਨ। ਨਿਹੰਗ ਸਿੰਘਾਂ ਵੱਲੋਂ ਦਸਤਾਰ ਵਿਚ ਚੱਕਰ ਤੇ ਹੋਰ ਸ਼ਸਤਰ ਵੀ ਸਜਾਏ ਜਾਂਦੇ ਹਨ। ਉਨ੍ਹਾਂ ਵੱਲੋਂ ਦਸਤਾਰ ਵਿਚ ਫਰਹਰਾ ਵੀ ਲਗਾਇਆ ਜਾਂਦਾ ਹੈ ਜੋ ਨਿਸ਼ਾਨ ਦਾ ਪ੍ਰਤੀਕ ਹੈ। ਜੰਗ ਵਿਚ ਨਿਸ਼ਾਨ ਸਾਹਿਬ ਲੈ ਕੇ ਜਾਣ ਦੀ ਥਾਂ ਦਸਤਾਰ ਵਿਚ ਫਰਹਰਾ ਸਜਾਉਣ ਦੀ ਸ਼ੁਰੂਆਤ ਕੀਤੀ ਗਈ।

ਦਸਤਾਰ ਲਈ ਕੋਈ ਖ਼ਾਸ ਰੰਗ ਨਿਸ਼ਚਿਤ ਨਹੀਂ ਪਰ ਨਿਹੰਗ ਸਿੰਘਾਂ ਵੱਲੋਂ ਕੇਸਰੀ ਤੇ ਨੀਲੇ ਰੰਗ ਦੀ ਹੀ ਚੋਣ ਕੀਤੀ ਜਾਂਦੀ ਹੈ ਜਦਕਿ ਗੁਰੂ ਘਰਾਂ ਵਿਚ ਕੀਰਤਨੀ ਸਿੰਘ ਨੀਲਾ, ਕੇਸਰੀ, ਸਫ਼ੇਦ ਤੇ ਕਾਲੇ ਰੰਗ ਨੂੰ ਪ੍ਰਧਾਨਤਾ ਦਿੰਦੇ ਹਨ।

ਸਿੱਖ ਧਰਮ ਵਿਚ ਦਸਤਾਰ ਲਾਜ਼ਮੀ ਹੈ ਅਤੇ ਟੋਪੀ ਪਹਿਨਣ ਦੀ ਮਨਾਹੀ ਹੈ। ਇਸੇ ਲਈ ਵਿਸ਼ਵ ਯੁੱਧ ਦੌਰਾਨ ਅੰਗਰੇਜ਼ ਫ਼ੌਜ ਵੱਲੋਂ ਲੜਦਿਆਂ ਸਿੰਘਾਂ ਨੇ ਲੋਹ ਟੋਪ ਪਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਅੰਗਰੇਜ਼ ਹਕੂਮਤ ਵੱਲੋਂ ਜਾਨੀ ਨੁਕਸਾਨ ਹੋਣ ਦੀ ਸੂਰਤ ਵਿਚ ਕੋਈ ਵੀ ਮਦਦ ਨਾ ਦੇਣ ਦੇ ਫ਼ੈਸਲੇ ਦੇ ਬਾਵਜੂਦ ਸਿੱਖ ਫ਼ੌਜੀਆਂ ਵੱਲੋਂ ਕੇਵਲ ਦਸਤਾਰ ਸਜਾ ਕੇ ਹੀ ਜੰਗ ਲੜੀ ਗਈ।

ਮੌਜੂਦਾ ਸਮੇਂ ਵੀ ਭਾਰਤੀ ਆਵਾਜਾਈ ਦੇ ਨਿਯਮਾਂ ਵਿਚ ਦੋਪਹੀਆ ਚਾਲਕ ਸਿੱਖਾਂ ਨੂੰ ਹੈਲਮੈਟ ਪਾਉਣ ਤੋਂ ਛੋਟ ਹੈ। ਵਿਦੇਸ਼ਾਂ ਵਿਚ ਵਸਦੇ ਸਿੰਘਾਂ ਨੂੰ ਵੀ ਦਸਤਾਰ ਸਜਾਉਣ ਨੂੰ ਲੈ ਕੇ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਦੇਸ਼ਾਂ ਵਿਚ ਸਿੱਖਾਂ ਨੂੰ ਦਸਤਾਰ ਸਜਾ ਕੇ ਸਰਕਾਰੀ ਤੇ ਗ਼ੈਰ-ਸਰਕਾਰੀ ਨੌਕਰੀਆਂ ਕਰਨ ਦੀ ਇਜਾਜ਼ਤ ਮਿਲ ਚੁੱਕੀ ਹੈ।

ਬਹੁਤ ਸਾਰੀਆਂ ਸੰਸਥਾਵਾਂ ਦਸਤਾਰ ਦੇ ਪ੍ਰਚਾਰ ਤੇ ਪਸਾਰ ਲਈ ਕੰਮ ਕਰ ਰਹੀਆਂ ਹਨ। ਇਸ ਲਈ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਸਿੱਖ ਪਰਿਵਾਰਾਂ ਦੇ ਬੱਚਿਆਂ ਵਿਚ ਦਸਤਾਰ ਪ੍ਰਤੀ ਅਵੇਸਲਾਪਣ ਨਾ ਰਹੇ, ਇਸ ਲਈ ਅਹਿਮ ਯਤਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਨਾਨਕਸ਼ਾਹੀ ਕੈਲੰਡਰ ਵਿਚ 13 ਅਪ੍ਰੈਲ ਨੂੰ 'ਸਿੱਖ ਦਸਤਾਰ ਦਿਵਸ' ਵਜੋਂ ਥਾਂ ਦਿੱਤੀ ਹੈ।

-ਮੋਬਾਈਲ ਨੰ. : 98880-36312

Posted By: Jagjit Singh