ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ 'ਚ ਭਾਰਤ ਦੇ ਹਵਾ ਪ੍ਰਦੂਸ਼ਣ ਦੀ ਗੱਲ ਉੱਠੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ, ਭਾਰਤ ਅਤੇ ਰੂਸ 'ਤੇ ਦੂਸ਼ਿਤ ਹਵਾ ਨੂੰ ਰੋਕਣ ਲਈ ਢੁੱਕਵੇਂ ਕਦਮ ਨਾ ਚੁੱਕਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਇਹ ਇਲਜ਼ਾਮ ਲਗਾਉਂਦੇ ਹੋਏ ਪੈਰਿਸ ਜਲਵਾਯੂ ਸਮਝੌਤੇ ਤੋਂ ਹਟਣ ਦੇ ਅਮਰੀਕਾ ਦੇ ਕਦਮ ਨੂੰ ਸਹੀ ਠਹਿਰਾਇਆ ਹੈ। ਬੀਤੀ ਰਾਤ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨਾਲ ਟਰੰਪ ਦੀ ਲਗਪਗ 90 ਮਿੰਟ ਦੀ ਬਹਿਸ ਹੋਈ। ਬਹਿਸ ਦੌਰਾਨ ਬਿਡੇਨ ਨੇ ਕਿਹਾ ਕਿ ਮੌਸਮ 'ਚ ਤਬਦੀਲੀ ਇਕ ਵੱਡਾ ਮੁੱਦਾ ਹੈ।

ਜਵਾਬ 'ਚ ਟਰੰਪ ਨੇ ਕਿਹਾ ਕਿ ਮੈਂ ਸਾਫ਼ ਹਵਾ ਅਤੇ ਸਾਫ਼ ਪਾਣੀ ਦੇਣਾ ਚਾਹੁੰਦਾ ਹਾਂ। ਅਸੀਂ ਬਹੁਤ ਸਾਰੇ ਨਿਯਮ ਬਣਾਏ ਹਨ। ਜਿੱਥੋਂ ਤਕ ਸਾਫ਼ ਹਵਾ ਦਾ ਸਵਾਲ ਹੈ, ਮੈਂ ਬਿਡੇਨ ਨਾਲੋਂ ਬਹੁਤ ਕੁਝ ਵੱਧ ਜਾਣਦਾ ਹਾਂ। ਸਾਡੇ ਕੋਲ ਸਭ ਤੋਂ ਘੱਟ ਕਾਰਬਨ ਨਿਕਾਸੀ ਹੈ। ਨੈਸ਼ਵਿਲ ਦੀ ਬੈਲਮੌਂਟ ਯੂਨੀਵਰਸਿਟੀ 'ਚ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਦੀ ਆਖ਼ਰੀ ਬਹਿਸ ਦੌਰਾਨ ਟਰੰਪ ਨੇ ਕਿਹਾ ਕਿ ਚੀਨ ਵੱਲ ਦੇਖੋ, ਕਿੰਨਾ ਗੰਦਾ ਹੈ। ਰੂਸ ਨੂੰ ਦੇਖੋ, ਭਾਰਤ ਵੱਲ ਦੇਖੋ, ਉਹ ਕਿੰਨੇ ਗੰਦੇ ਹਨ। ਉੱਥੋਂ ਦੀ ਹਵਾ ਬਹੁਤ ਗੰਦੀ ਹੈ। ਇਸ ਤੋਂ ਪਹਿਲਾਂ ਵੀ ਟਰੰਪ ਭਾਰਤ, ਚੀਨ ਅਤੇ ਰੂਸ 'ਤੇ ਇਸ ਮਸਲੇ ਨੂੰ ਲੈ ਕੇ ਦੋਸ਼ ਲਾ ਚੁੱਕੇ ਹਨ। ਟਰੰਪ ਇਸ ਵੇਲੇ ਆਪਣੀ ਜਿੱਤ ਲਈ ਵਾਰ-ਵਾਰ ਅਜਿਹੀ ਬਿਆਨਬਾਜ਼ੀ ਕਰਕੇ ਆਪਣਾ ਸਿਆਸੀ ਮਨੋਰਥ ਹੀ ਪੂਰਾ ਕਰ ਰਹੇ ਹਨ ਪਰ ਉਨ੍ਹਾਂ ਨੇ ਜੋ ਕੁਝ ਕਿਹਾ ਹੈ, ਉਸ 'ਚ ਸੱਚਾਈ ਹੀ ਹੈ। ਅਸੀਂ ਤਰੱਕੀ ਦੀ ਰਾਹ 'ਤੇ ਤੁਰਦਿਆਂ ਬਹੁਤ ਲਾਪਰਵਾਹੀ ਵਰਤੀ ਹੈ। ਅੰਨ੍ਹੇਵਾਹ ਜੰਗਲਾਂ ਦੇ ਜੰਗਲ ਸਾਫ਼ ਕਰ ਦਿੱਤੇ ਗਏ ਅਤੇ ਸ਼ਹਿਰ ਹੁਣ ਕੰਕਰੀਟ ਦੇ ਜੰਗਲ ਜਾਪਦੇ ਹਨ। ਸੜਕਾਂ 'ਤੇ ਦਸ ਸਾਲ ਪਹਿਲਾਂ ਮਿਆਦ ਪੂਰੀ ਹੋਣ ਵਾਲੀਆਂ ਗੱਡੀਆਂ ਵੀ ਦੌੜ ਰਹੀਆਂ ਹਨ।

ਤਾਜ਼ਾ ਮਾਮਲਾ ਪਰਾਲੀ ਨੂੰ ਅੱਗ ਲਾਉਣ ਦਾ ਹੀ ਚੱਲ ਰਿਹਾ ਹੈ। ਹਾਲੇ ਤਕ ਸਰਕਾਰ ਕਿਸਾਨਾਂ ਨੂੰ ਇਸ ਕਾਬਲ ਨਹੀਂ ਬਣਾ ਸਕੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਤੋਂ ਮੁੜ ਜਾਣ। ਇਹ ਵੀ ਕਹਿ ਸਕਦੇ ਹਾਂ ਕਿ ਭਾਰਤ 'ਚ ਖ਼ਤਰਨਾਕ ਪ੍ਰਦੂਸ਼ਣ ਦਾ ਪੱਧਰ ਮੁੜ ਆ ਗਿਆ ਹੈ। ਪਿਛਲੇ ਦੋ ਹਫ਼ਤਿਆਂ 'ਚ ਰਾਜਧਾਨੀ ਦਿੱਲੀ ਅਤੇ ਹੋਰ ਉੱਤਰੀ ਭਾਰਤ ਦੇ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਭਾਰਤ ਦੀ ਲੜਾਈ ਲਈ ਇਹ ਮਾੜੀ ਖ਼ਬਰ ਹੈ ਕਿਉਂਕਿ ਦੁਨੀਆ ਭਰ 'ਚ ਹੋਏ ਕਈ ਅਧਿਐਨਾਂ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਕੋਵਿਡ-19 ਦੇ ਮਾਮਲਿਆਂ ਨੂੰ ਵਧਾਉਣ ਦਾ ਮੁੱਖ ਕਾਰਨ ਬਣ ਸਕਦਾ ਹੈ ਅਤੇ ਇਸ ਨਾਲ ਮੌਤ ਦਰ 'ਚ ਵੀ ਵਾਧਾ ਹੋ ਸਕਦਾ ਹੈ।

ਹਾਰਵਰਡ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਅਧਿਐਨ 'ਚ ਕਿਹਾ ਗਿਆ ਹੈ ਕਿ ਪੀਐੱਮ 2.5 'ਚ ਪ੍ਰਤੀ ਕਿਊਬਿਕ ਮੀਟਰ 'ਚ ਸਿਰਫ਼ 1 ਮਾਈਕਰੋਗ੍ਰਾਮ ਦਾ ਵਾਧਾ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ 'ਚ 8% ਦਾ ਵਾਧਾ ਕਰ ਸਕਦਾ ਹੈ। ਯੂਕੇ ਦੀ ਕੈਂਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੇ ਇਕ ਹੋਰ ਅਧਿਐਨ 'ਚ ਵੀ ਕੋਵਿਡ-19 ਦੀ ਲਾਗ ਅਤੇ ਲੰਬੇ ਸਮੇਂ ਤਕ ਰਹਿਣ ਵਾਲੇ ਹਵਾ ਪ੍ਰਦੂਸ਼ਣ ਨਾਲ ਸਬੰਧ ਜੋੜਿਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਚੁੱਕੇ ਸਵਾਲ ਨੇ ਇਕ ਵਾਰ ਫਿਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਨੂੰ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਕਦਮ ਚੁੱਕਣ ਦੀ ਕਿੰਨੀ ਲੋੜ ਹੈ। ਕੋਰੋਨਾ ਮਹਾਮਾਰੀ ਦੀ ਮਾਰ ਜੇਕਰ ਪ੍ਰਦੂਸ਼ਣ ਕਾਰਨ ਵੱਧਦੀ ਹੈ ਤਾਂ ਇਸ ਨਾਲ ਨੁਕਸਾਨ ਵਧਣ ਦਾ ਖ਼ਦਸ਼ਾ ਹੈ।

Posted By: Sunil Thapa