ਪਾਲ ਕਰੁੱਗਮੈਨ


ਡੋਨਾਲਡ ਟਰੰਪ ਦਾ ਕਹਿਣਾ ਹੈ ਕਿ 'ਟਰੇਡ ਵਾਰ ਵਧੀਆ ਹੈ ਅਤੇ ਉਸ ਨੂੰ ਜਿੱਤਣਾ ਆਸਾਨ ਹੁੰਦਾ ਹੈ।' ਉਨ੍ਹਾਂ ਦਾ ਇਹ ਬਿਆਨ ਯਕੀਨਨ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਹੋਵੇਗਾ ਪਰ ਇਹ ਵੀ ਪੱਕਾ ਹੈ ਕਿ ਉਹ ਸਹੀ ਅਰਥਾਂ ਵਿਚ ਨਹੀਂ ਲਿਆ ਜਾਵੇਗਾ। ਇਸ ਦੀ ਥਾਂ ਇਹ ਇਰਾਕ ਜੰਗ ਤੋਂ ਪਹਿਲਾਂ ਡਿਕ ਚੇਨੀ ਦੀ ਉਸ ਭਵਿੱਖਬਾਣੀ ਦੀ ਤਰਜ਼ 'ਤੇ ਯਾਦ ਕੀਤਾ ਜਾਵੇਗਾ ਜਿਸ ਵਿਚ ਚੇਨੀ ਨੇ ਕਿਹਾ ਸੀ ਕਿ ਅਸੀਂ ਤਾਂ ਅਸਲ ਵਿਚ ਮੁਕਤੀ ਦਾਤਾ ਮੰਨੇ ਜਾਵਾਂਗੇ। ਇਹ ਬਿਆਨ ਉਸ ਹੰਕਾਰ ਅਤੇ ਹੋਛੇਪਣ ਨੂੰ ਦਰਸਾਉਂਦੇ ਹਨ ਜੋ ਅਕਸਰ ਮਹੱਤਵਪੂਰਨ ਨੀਤੀਗਤ ਮਾਮਲਿਆਂ 'ਤੇ ਫ਼ੈਸਲਾ ਲੈਣ ਵਿਚ ਅਸਰ ਦਿਖਾਉਂਦੇ ਹਨ। ਹਕੀਕਤ ਇਹੋ ਹੈ ਕਿ ਟਰੰਪ ਇਸ ਟਰੇਡ ਵਾਰ ਨੂੰ ਜਿੱਤਣ ਨਹੀਂ ਜਾ ਰਹੇ। ਇਹ ਵੀ ਸੱਚ ਹੈ ਕਿ ਉਨ੍ਹਾਂ ਦੀਆਂ ਡਿਊਟੀ ਦਰਾਂ ਭਾਵ ਟੈਰਿਫ ਨੇ ਚੀਨ ਸਣੇ ਹੋਰ ਅਰਥਚਾਰਿਆਂ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਉਨ੍ਹਾਂ ਨਾਲ ਅਮਰੀਕਾ ਨੂੰ ਵੀ ਨੁਕਸਾਨ ਸਹਿਣਾ ਪਿਆ ਹੈ। ਨਿਊਯਾਰਕ ਫੈੱਡ ਵਿਚ ਅਰਥ ਸ਼ਾਸਤਰੀਆਂ ਨੇ ਅਨੁਮਾਨ ਲਗਾਇਆ ਹੈ ਕਿ ਇਸ ਕਾਰਨ ਵਧੀਆਂ ਕੀਮਤਾਂ ਕਾਰਨ ਇਕ ਔਸਤ ਪਰਿਵਾਰ ਨੂੰ ਸਾਲਾਨਾ ਇਕ ਹਜ਼ਾਰ ਡਾਲਰ ਵੱਧ ਖ਼ਰਚ ਕਰਨੇ ਪੈਣਗੇ। ਭਾਵ ਲੋਕਾਂ 'ਤੇ ਆਰਥਿਕ ਬੋਝ ਵਧੇਗਾ। ਫਿਰ ਅਜਿਹੇ ਕੋਈ ਸੰਕੇਤ ਨਹੀਂ ਮਿਲ ਰਹੇ ਕਿ ਟੈਰਿਫ ਤੋਂ ਟਰੰਪ ਉਮੀਦ ਮੁਤਾਬਕ ਨਤੀਜੇ ਹਾਸਲ ਕਰ ਰਹੇ ਹਨ ਜਿਨ੍ਹਾਂ ਦਾ ਮਕਸਦ ਦੂਜੇ ਦੇਸ਼ਾਂ 'ਤੇ ਨੀਤੀਆਂ ਵਿਚ ਬਦਲਾਅ ਲਈ ਦਬਾਅ ਪਾਉਣਾ ਹੈ।

ਆਖਰ ਟਰੇਡ ਵਾਰ ਕੀ ਹੈ? ਇਸ ਜੁਮਲੇ ਨੂੰ ਨਾ ਤਾਂ ਅਰਥ ਸ਼ਾਸਤਰੀਆਂ ਅਤੇ ਨਾ ਹੀ ਇਤਿਹਾਸਕਾਰਾਂ ਨੇ ਸਿਰਜਿਆ ਹੈ ਜਿਸ ਵਿਚ ਸਿਆਸੀ ਕਾਰਨਾਂ ਕਾਰਨ ਕੋਈ ਦੇਸ਼ ਟੈਰਿਫ ਵਿਚ ਵਾਧਾ ਕਰਦਾ ਹੈ ਜਿਵੇਂ ਅਮਰੀਕਾ 1930 ਦੇ ਦਹਾਕੇ ਤੋਂ ਨਿਰੰਤਰ ਰੂਪ ਵਿਚ ਕਰਦਾ ਆਇਆ ਹੈ। ਟਰੇਡ ਵਾਰ ਦੀ ਸਥਿਤੀ ਉਦੋਂ ਬਣਦੀ ਹੈ ਜਦ ਕੋਈ ਦੇਸ਼ ਦੂਜੇ ਦੇਸ਼ 'ਤੇ ਦਬਾਅ ਜ਼ਰੀਏ ਕੰਟਰੋਲ ਦੇ ਮਕਸਦ ਨਾਲ ਦਰਾਂ ਵਧਾਉਂਦਾ ਹੈ ਤਾਂ ਜੋ ਉਸ ਨੂੰ ਆਪਣੇ ਪੱਖ ਵਿਚ ਨੀਤੀਆਂ ਬਦਲਣ ਲਈ ਮਜਬੂਰ ਕਰ ਸਕੇ। ਹਾਲਾਂਕਿ ਇਸ ਵਿਚ ਦਰਦ ਤਾਂ ਹਕੀਕੀ ਰੂਪ ਵਿਚ ਮਹਿਸੂਸ ਹੋ ਰਿਹਾ ਹੈ ਪਰ ਕੰਟਰੋਲ ਸਥਾਪਤ ਹੁੰਦਾ ਨਹੀਂ ਦਿਖਾਈ ਦੇ ਰਿਹਾ। ਕੈਨੇਡਾ ਅਤੇ ਮੈਕਸੀਕੋ 'ਤੇ ਟਰੰਪ ਨੇ ਇਸ ਮਕਸਦ ਨਾਲ ਟੈਰਿਫ ਵਧਾਇਆ ਕਿ ਉਹ ਉੱਤਰੀ ਅਮਰੀਕਾ ਮੁਕਤ ਵਪਾਰ ਕਰਾਰ ਭਾਵ ਨਾਫਟਾ 'ਤੇ ਨਵੇਂ ਸਿਰੇ ਤੋਂ ਵਾਰਤਾ ਲਈ ਤਿਆਰ ਹੋ ਸਕੇ। ਇਸ ਲੜੀ ਵਿਚ ਹੋਇਆ ਨਵਾਂ ਕਰਾਰ ਇਕਦਮ ਪੁਰਾਣੇ ਵਰਗਾ ਹੈ ਜਿਸ ਵਿਚ ਮੈਗਨੀਫਾਇੰਗ ਗਲਾਸ ਲਗਾ ਕੇ ਵੀ ਕੋਈ ਨਵੀਂ ਗੱਲ ਦੇਖਣ ਨੂੰ ਨਹੀਂ ਮਿਲੇਗੀ। ਇਸ ਨਵੇਂ ਕਰਾਰ ਨੂੰ ਵੀ ਹਾਲੇ ਤਕ ਕਾਂਗਰਸ ਦੀ ਮਨਜ਼ੂਰੀ ਨਹੀਂ ਮਿਲੀ।

ਓਥੇ ਹੀ, ਜੀ-20 ਦੇਸ਼ਾਂ ਦੇ ਹਾਲੀਆ ਸੰਮੇਲਨ ਵਿਚ ਟਰੰਪ ਨੇ ਚੀਨ ਨਾਲ ਜਾਰੀ ਟਰੇਡ ਵਾਰ 'ਤੇ ਵਿਰਾਮ ਲਗਾਉਣ 'ਤੇ ਸਹਿਮਤੀ ਪ੍ਰਗਟਾਈ। ਫ਼ਿਲਹਾਲ ਅਸੀਂ ਇਹੋ ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਨਵੇਂ ਟੈਰਿਫ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਹੈ। ਹਾਲਾਂਕਿ ਇਸ ਸਮਝੌਤੇ ਦੀ ਭਾਸ਼ਾ ਬਹੁਤ ਅਸਪਸ਼ਟ ਹੈ। ਇਸ ਦੌਰਾਨ ਇਕ ਮਹੱਤਵਪੂਰਨ ਪ੍ਰਸ਼ਨ ਇਹ ਵੀ ਹੈ ਕਿ ਟਰੰਪ ਦਾ ਟਰੇਡ ਵਾਰ ਆਖਰ ਕਿਉਂ ਨਾਕਾਮ ਹੋ ਰਿਹਾ ਹੈ? ਇਕ ਵੱਡ ਆਕਾਰੀ ਅਰਥਚਾਰੇ ਦੇ ਗੁਆਂਢ ਵਿਚ ਮੈਕਸੀਕੋ ਦੀ ਬਹੁਤ ਛੋਟੀ ਜਿਹੀ ਅਰਥ ਵਿਵਸਥਾ ਹੈ ਜਿਸ ਬਾਰੇ ਤੁਹਾਨੂੰ ਲੱਗੇਗਾ ਅਤੇ ਟਰੰਪ ਨੇ ਤਾਂ ਲਗਪਗ ਮੰਨ ਹੀ ਲਿਆ ਹੈ ਕਿ ਉਸ ਨੂੰ ਧਮਕਾਉਣਾ ਆਸਾਨ ਹੈ। ਚੀਨ ਆਪਣੇ-ਆਪ ਵਿਚ ਇਕ ਆਰਥਿਕ ਮਹਾਸ਼ਕਤੀ ਹੈ ਪਰ ਉਹ ਅਮਰੀਕਾ ਤੋਂ ਜਿੰਨਾ ਖ਼ਰੀਦਦਾ ਹੈ, ਉਸ ਦੀ ਤੁਲਨਾ ਵਿਚ ਕਿਤੇ ਵੱਧ ਵੇਚਦਾ ਹੈ ਤਾਂ ਤੁਸੀਂ ਇਹੋ ਸੋਚਿਆ ਹੋਵੇਗਾ ਕਿ ਉਹ ਅਮਰੀਕਾ ਦੇ ਦਬਾਅ ਅੱਗੇ ਕਮਜ਼ੋਰ ਪੈ ਜਾਵੇਗਾ। ਉਦੋਂ ਆਖਰ ਟਰੰਪ ਆਪਣੇ ਆਰਥਿਕ ਮਨਸੂਬਿਆਂ ਵਿਚ ਕਾਮਯਾਬ ਕਿਉਂ ਨਹੀਂ ਹੋ ਸਕਦੇ? ਮੇਰੀ ਨਜ਼ਰ ਵਿਚ ਇਸ ਦੇ ਤਿੰਨ ਕਾਰਨ ਹੈ।

ਪਹਿਲਾ ਤਾਂ ਇਹੋ ਭਰੋਸਾ ਸੀ ਕਿ ਅਮਰੀਕਾ ਆਸਾਨੀ ਨਾਲ ਟਰੇਡ ਵਾਰ ਜਿੱਤ ਸਕਦਾ ਹੈ। ਇਹ ਕੁਝ ਉਸੇ ਕਿਸਮ ਦਾ ਮੁਗਾਲਤਾ ਸੀ ਜਿਸ ਨੇ ਅਮਰੀਕਾ ਦੀ ਈਰਾਨ ਨੀਤੀ ਦਾ ਸੱਤਿਆਨਾਸ ਕਰ ਦਿੱਤਾ। ਅਮਰੀਕਾ ਵਿਚ ਸ਼ਕਤੀਸ਼ਾਲੀ ਅਹੁਦਿਆਂ 'ਤੇ ਬੈਠੇ ਤਮਾਮ ਲੋਕ ਇਹ ਹਕੀਕਤ ਨਹੀਂ ਸਮਝ ਸਕੇ ਕਿ ਦੁਨੀਆ ਵਿਚ ਅਸੀਂ ਇਕੱਲੇ ਅਜਿਹੇ ਦੇਸ਼ ਨਹੀਂ ਜਿਸ ਦੀ ਆਪਣੀ ਖ਼ਾਸ ਸੰਸਕ੍ਰਿਤੀ, ਇਤਿਹਾਸ ਅਤੇ ਪਛਾਣ ਹੈ ਅਤੇ ਜਿਸ ਨੂੰ ਆਪਣੀ ਆਜ਼ਾਦੀ 'ਤੇ ਨਾਜ਼ ਹੈ। ਅਮਰੀਕਾ ਰਿਆਇਤਾਂ ਦੇਣ ਦਾ ਬਹੁਤਾ ਚਾਹਵਾਨ ਨਹੀਂ ਹੈ ਜੋ ਉਸ ਦੀ ਨਜ਼ਰ ਵਿਚ ਦੁਨੀਆ ਦੇ ਦਬੰਗ ਦੇਸ਼ਾਂ ਲਈ ਖ਼ੈਰਾਤ ਵਰਗੀਆਂ ਹਨ। 'ਰੱਖਿਆ 'ਤੇ ਅਰਬਾਂ ਦਾ ਖ਼ਰਚ ਅਤੇ ਪਰਉਪਕਾਰ ਲਈ ਧੇਲਾ ਨਹੀਂ' ਇਹ ਖ਼ਾਸ ਅਮਰੀਕੀ ਭਾਵਨਾ ਤਾਂ ਬਿਲਕੁਲ ਨਹੀਂ ਹੈ। ਖ਼ਾਸ ਤੌਰ 'ਤੇ ਇਹ ਵਿਚਾਰ ਬਹੁਤ ਹੀ ਮੂਰਖਤਾ ਵਾਲੇ ਹਨ ਕਿ ਚੀਨ ਬਾਕੀ ਦੇਸ਼ਾਂ ਨਾਲ ਮਿਲ ਕੇ ਅਜਿਹੇ ਸਮਝੌਤੇ 'ਤੇ ਸਹਿਮਤੀ ਬਣਾ ਲਵੇਗਾ ਜੋ ਅਮਰੀਕਾ ਲਈ ਬੇਹੱਦ ਅਪਮਾਨਜਨਕ ਹੋਵੇਗਾ।

ਦੂਜੀ ਗੱਲ ਇਹੋ ਕਿ ਟੈਰਿਫ ਦੇ ਮਾਮਲੇ ਵਿਚ ਟਰੰਪ ਦੇ ਰਣਨੀਤੀਕਾਰ ਅਤੀਤ ਦੇ ਦੌਰ ਵਿਚ ਜੀ ਰਹੇ ਹਨ ਜੋ ਆਧੁਨਿਕ ਅਰਥਚਾਰੇ ਦੀਆਂ ਹਕੀਕਤਾਂ ਤੋਂ ਅਣਭਿੱਜ ਹਨ। ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਵਿਲੀਅਮ ਮੈਕਿਨਲੇ ਦੇ ਦੌਰ ਵਿਚ ਗੁਆਚੇ ਹੋਏ ਹਨ। ਪਰ ਉਸ ਵਕਤ ਇਹ ਪਤਾ ਹੁੰਦਾ ਸੀ ਕਿ ਆਖਰ ਇਹ ਵਸਤੂ ਕਿੱਥੇ ਬਣੀ? ਪਰ ਇਨ੍ਹੀਂ ਦਿਨੀਂ ਲਗਪਗ ਹਰੇਕ ਨਿਰਮਾਣ ਵਸਤੂ ਗਲੋਬਲ ਵੈਲਿਊ ਚੇਨ ਨਾਲ ਜੁੜੀ ਹੈ ਜੋ ਕਈ ਦੇਸ਼ਾਂ ਦੀ ਸਰਹੱਦ ਤੋਂ ਗੁਜ਼ਰਦੀ ਹੋਏ ਤਿਆਰ ਹੁੰਦੀ ਹੈ।

ਇਸ ਵਿਚ ਬਹੁਤ ਕੁਝ ਦਾਅ 'ਤੇ ਲੱਗਾ ਹੁੰਦਾ ਹੈ। ਨਾਫਟਾ ਵਿਚ ਹਲਚਲ ਦੀਆਂ ਸੰਭਾਵਨਾਵਾਂ ਸਬੰਧੀ ਅਮਰੀਕੀ ਕੰਪਨੀਆਂ ਅਜੀਬੋ-ਗ਼ਰੀਬ ਸ਼ਸ਼ੋਪੰਜ ਵਿਚ ਹਨ ਕਿਉਂਕਿ ਅਮਰੀਕੀ ਉਤਪਾਦਨ ਇਕ ਵੱਡੀ ਹੱਦ ਤਕ ਮੈਕਸੀਕੋ ਤੋਂ ਹੋਣ ਵਾਲੇ ਕੱਚੇ ਮਾਲ ਦੀ ਸਪਲਾਈ 'ਤੇ ਸਪਲਾਈ 'ਤੇ ਨਿਰਭਰ ਹੈ। ਫਿਰ ਇਹ ਟੈਰਿਫ ਦੇ ਪ੍ਰਭਾਵ ਦੇ ਗਣਿਤ ਨੂੰ ਵੀ ਗੜਬੜਾ ਸਕਦਾ ਹੈ ਕਿਉਂਕਿ ਜੇ ਤੁਸੀਂ ਚੀਨ ਵਿਚ ਬਣੀਆਂ ਵਸਤਾਂ 'ਤੇ ਟੈਕਸ ਦੀ ਦਰ ਵਧਾਓਗੇ ਪਰ ਜੇ ਉਨ੍ਹਾਂ ਵਿਚ ਵੱਡੇ ਪੈਮਾਨੇ 'ਤੇ ਕੋਰੀਆ ਜਾਂ ਜਾਪਾਨੀ ਕਲਪੁਰਜ਼ੇ ਲੱਗੇ ਹੋਣ ਤਦ ਵੀ ਉਨ੍ਹਾਂ ਦੀ ਅਸੈਂਬਲਿੰਗ ਅਮਰੀਕਾ ਵਿਚ ਨਾ ਹੋ ਕੇ ਵੀਅਤਨਾਮ ਵਰਗੇ ਕਿਸੇ ਏਸ਼ਿਆਈ ਦੇਸ਼ ਵਿਚ ਹੀ ਹੋਵੇਗੀ।

ਟਰੰਪ ਦੀ ਟਰੇਡ ਵਾਰ ਖ਼ਾਸੀ ਮਕਬੂਲ ਸਿੱਧ ਨਹੀਂ ਹੋਈ ਹੈ। ਕਈ ਸਰਵੇਖਣਾਂ ਤੋਂ ਇਹ ਸਿੱਧ ਹੋਇਆ ਹੈ ਜਿਸ ਦਾ ਅਸਰ ਟਰੰਪ ਦੀ ਮਕਬੂਲੀਅਤ 'ਤੇ ਵੀ ਪੈ ਰਿਹਾ ਹੈ। ਇਸ ਕਾਰਨ ਉਹ ਵਿਦੇਸ਼ੀ ਪਲਟਵਾਰ ਨੂੰ ਲੈ ਕੇ ਸਿਆਸੀ ਤੌਰ 'ਤੇ ਕਾਫ਼ੀ ਸੰਵੇਦਨਸ਼ੀਲ ਹੋ ਗਏ ਹਨ। ਚੀਨ ਭਾਵੇਂ ਹੀ ਅਮਰੀਕਾ ਤੋਂ ਓਨੀ ਖ਼ਰੀਦਦਾਰੀ ਨਾ ਕਰਦਾ ਹੋਵੇ ਜਿੰਨੀ ਉਹ ਵਿਕਰੀ ਕਰਦਾ ਹੈ ਪਰ ਚੀਨ ਦਾ ਖੇਤੀ ਬਾਜ਼ਾਰ ਉਨ੍ਹਾਂ ਕਿਸਾਨ ਬਹੁਤਾਤ ਵਾਲੇ ਅਮਰੀਕੀ ਸੂਬਿਆਂ ਲਈ ਬੇਹੱਦ ਅਹਿਮ ਹੈ ਜਿਨ੍ਹਾਂ ਦੀਆਂ ਵੋਟਾਂ 'ਤੇ ਪਕੜ ਬਣਾਈ ਰੱਖਣ ਲਈ ਟਰੰਪ ਨੂੰ ਸਖ਼ਤ ਮੁਸ਼ੱਕਤ ਕਰਨ ਦੀ ਜ਼ਰੂਰਤ ਹੈ। ਇਸ ਤਰ੍ਹਾਂ ਟਰੰਪ ਜਿਸ ਟਰੇਡ ਵਾਰ ਨੂੰ ਆਸਾਨੀ ਨਾਲ ਜਿੱਤਣ ਦੀ ਹਸਰਤ ਪਾਲੀ ਬੈਠੇ ਹੋਏ ਸਨ, ਉਹ ਇਕ ਸਿਆਸੀ ਜੰਗ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਇਸ ਲੜਾਈ ਵਿਚ ਟਿਕੇ ਰਹਿਣ ਦੇ ਲਿਹਾਜ਼ ਨਾਲ ਵੀ ਉਹ ਚੀਨੀ ਲੀਡਰਸ਼ਿਪ ਦੀ ਤੁਲਨਾ ਵਿਚ ਘੱਟ ਸਮਰੱਥ ਹਨ ਜਦਕਿ ਚੀਨ ਨੂੰ ਵੀ ਇਸ ਦੀ ਤਪਸ਼ ਸਹਾਰਨੀ ਪੈ ਰਹੀ ਹੈ। ਫਿਰ ਆਖਰ ਇਹ ਕਿੱਦਾਂ ਖ਼ਤਮ ਹੋਵੇਗਾ? ਟਰੇਡ ਵਾਰ ਵਿਚ ਕਦੇ ਕੋਈ ਸਪੱਸ਼ਟ ਜੇਤੂ ਨਹੀਂ ਬਣਦਾ ਪਰ ਵਿਸ਼ਵ ਅਰਥਚਾਰੇ 'ਤੇ ਉਸ ਦੇ ਨਿਸ਼ਾਨ ਅਕਸਰ ਲੰਬੇ ਸਮੇਂ ਤਕ ਦੇਖੇ ਜਾਂਦੇ ਹਨ। ਅਜਿਹੀ ਹੀ ਇਕ ਅਸਫਲ ਕੋਸ਼ਿਸ਼ ਅਮਰੀਕਾ ਨੇ 1964 ਵਿਚ ਕੀਤੀ ਸੀ ਜਦ ਟੈਰਿਫ ਜ਼ਰੀਏ ਯੂਰਪ ਨੂੰ ਫਰੋਜ਼ਨ ਚਿਕਨ ਖ਼ਰੀਦਣ ਲਈ ਮਜਬੂਰ ਕੀਤਾ ਗਿਆ ਸੀ।

ਉਹ ਟਰੇਡ ਵਾਰ ਦੀ ਇਕ ਹਲਕੀ-ਫੁਲਕੀ ਕੜੀ ਸੀ ਅਤੇ ਟਰੰਪ ਦੀ ਟਰੇਡ ਵਾਰ ਅਤੀਤ ਦੇ ਮੁਕਾਬਲੇ ਕਿਤੇ ਜ਼ਿਆਦਾ ਵੱਡੀ ਹੈ ਪਰ ਇਸ ਦਾ ਨਤੀਜਾ ਵੀ ਸੰਭਵ ਤੌਰ 'ਤੇ ਉਹੀ ਹੋਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਵਿਦੇਸ਼ੀ ਰਿਆਇਤਾਂ ਨੂੰ ਬੰਦ ਕਰ ਕੇ ਟਰੰਪ ਉਸ ਨੂੰ ਆਪਣੀ ਜਿੱਤ ਦੇ ਰੂਪ ਪ੍ਰਚਾਰਿਤ ਕਰਨਗੇ ਪਰ ਇਸ ਦਾ ਅਸਲ ਨਤੀਜਾ ਹਰ ਕਿਸੇ ਦੀ ਜੇਬ ਵਿਚ ਸੰਨ੍ਹਮਾਰੀ ਹੋਣ ਦੇ ਰੂਪ ਵਿਚ ਨਿਕਲੇਗਾ। ਓਥੇ ਹੀ ਪੁਰਾਣੇ ਵਪਾਰ ਸਮਝੌਤਿਆਂ ਸਬੰਧੀ ਟਰੰਪ ਦੇ ਖ਼ਰਾਬ ਵਤੀਰੇ ਨੇ ਅਮਰੀਕਾ ਦੀ ਸਾਖ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਦੇ ਨਾਲ ਹੀ ਕੌਮਾਂਤਰੀ ਕਾਨੂੰਨਾਂ ਨੂੰ ਵੀ ਕਮਜ਼ੋਰ ਕੀਤਾ ਹੈ। ਫਿਰ ਜਿਸ ਮੈਕਿਨਲੇ ਦਾ ਮੈਂ ਜ਼ਿਕਰ ਕੀਤਾ ਸੀ ਤਾਂ ਟੈਰਿਫ ਨੇ ਉਸ ਦੀ ਉਸ ਸਮੇਂ ਖ਼ਾਸੀ ਮਿੱਟੀ ਪਲੀਤ ਕਰਵਾ ਦਿੱਤੀ ਸੀ। ਇਸ ਮਸਲੇ 'ਤੇ ਉਸ ਨੇ ਕਾਰੋਬਾਰੀ ਮਾਮਲਿਆਂ ਵਿਚ ਦੋਸਤਾਨਾ ਰਿਸ਼ਤਿਆਂ ਨਾਲ-ਨਾਲ ਸਦਭਾਵਨਾ ਦੀ ਜ਼ਰੂਰਤ ਵੀ ਦੱਸੀ ਸੀ।

-(ਲੇਖਕ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਤੇ 'ਦਿ ਨਿਊਯਾਰਕ ਟਾਈਮਜ਼' ਦਾ ਕਾਲਮਨਵੀਸ ਹੈ)।

Posted By: Sukhdev Singh