ਜ਼ਮੀਨੀ ਹਕੀਕਤ ਨੂੰ ਜਾਣੇ ਬਗੈਰ ਸਨਸਨੀਖੇਜ਼ ਖ਼ਬਰਾਂ ਬਣਾਉਣੀਆਂ ਪੱਤਰਕਾਰੀ ਦਾ ਧਰਮ ਨਹੀਂ ਹੈ। ਸਨਸਨੀ ਤਾਂ ਆਮ ਆਦਮੀ ਚੀਕ ਮਾਰ ਕੇ ਵੀ ਫੈਲਾ ਸਕਦਾ ਹੈ। ਸੰਵੇਦਨਸ਼ੀਲ ਮੀਡੀਆ ਕਰਮੀ ਹਮੇਸ਼ਾ ਪੀੜਾ 'ਚ ਗ੍ਰਸੇ ਲੋਕਾਂ ਦੀ ਵੇਦਨਾ ਨੂੰ ਖ਼ਬਰਾਂ ਦੇ ਸਾਂਚੇ ਵਿਚ ਢਾਲਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਸਨਸਨੀ ਫੈਲਾਉਣ ਖ਼ਾਤਰ ਮਾਰੀ ਗਈ ਚੀਕ ਹਵਾਈ ਵਾਂਗ ਹਵਾ ਵਿਚ ਪ੍ਰਦੂਸ਼ਣ ਫੈਲਾ ਕੇ ਧਰਤੀ 'ਤੇ ਡਿੱਗ ਪੈਂਦੀ ਹੈ। ਹਾਂ, ਕਿਸੇ ਪੀੜਤ ਦੀ ਚੀਕ-ਪੁਕਾਰ ਸ਼ਬਦਾਂ ਵਿਚ ਢਲ ਜਾਵੇ ਤਾਂ ਉਹ ਕੋਮਲ ਦਿਲਾਂ ਨੂੰ ਟੁੰਬਦੀ ਰਹਿੰਦੀ ਹੈ। ਆਮ ਆਦਮੀ ਦੇ 'ਲੂੰ-ਲੂੰ ਵਿਚ ਲੱਖ ਜ਼ੁਬਾਨਾਂ' ਹੁੰਦੀਆਂ ਹਨ ਜਿਨ੍ਹਾਂ ਨੂੰ ਸੁਣਨ ਲਈ ਆਮ ਪੱਤਰਕਾਰਾਂ ਕੋਲ ਘੱਟ ਸਮਾਂ ਹੁੰਦਾ ਹੈ।

ਦਰਅਸਲ, ਕਿਸੇ ਦਰਦਮੰਦ ਦੀਆਂ ਆਹੀਂ ਜਾਂ ਹੂਕ ਸੁਣਨ ਲਈ ਉਸ ਦੇ ਦਿਲ ਦੀਆਂ ਗਹਿਰਾਈਆਂ ਨੂੰ ਨਾਪਣ ਲਈ ਵਿਰਲੇ-ਟਾਵੇਂ ਹੀ ਤਿਆਰ ਹੁੰਦੇ ਹਨ। ਖ਼ਾਸ ਤੌਰ 'ਤੇ ਦੇਸ਼ ਵਿਚ ਜਦੋਂ ਚੋਣਾਂ ਦਾ ਮੌਸਮ ਹੋਵੇ ਤਾਂ ਟੀਵੀ ਸੈੱਟਾਂ 'ਤੇ ਬੈਠੇ ਸੀਨੀਅਰ ਪੱਤਰਕਾਰ ਅੰਕੜਿਆਂ ਨਾਲ ਖੇਡ ਕੇ ਦਰਸ਼ਕਾਂ ਦਾ ਮਹਿਜ਼ 'ਮਨੋਰੰਜਨ' ਕਰਦੇ ਹਨ।

ਬਹੁਤ ਵਾਰ ਇੰਜ ਹੋਇਆ ਹੈ ਕਿ ਉਹ ਵੋਟਰਾਂ ਦਾ ਅਸਲੀ 'ਮੂਡ' ਭਾਂਪਣ ਲੱਗਿਆਂ ਮਾਤ ਖਾ ਜਾਂਦੇ ਹਨ ਅਤੇ 'ਮੌਸਮ ਦੀ ਭਵਿੱਖਬਾਣੀ' ਗ਼ਲਤ ਸਾਬਤ ਹੁੰਦੀ ਹੈ। ਦਰਸ਼ਕ 'ਭੁੱਲਣਹਾਰ' ਹਨ। ਟੀਵੀ ਦੀ ਭਰੋਸੇਯੋਗਤਾ ਨੂੰ ਥੋੜ੍ਹੀ ਦੇਰ ਖੋਰਾ ਜ਼ਰੂਰ ਲੱਗਦਾ ਹੈ ਪਰ ਕੁਝ ਦਿਨਾਂ ਬਾਅਦ ਉਹ ਫਿਰ ਉਸੇ ਚੈਨਲ ਦਾ ਬਟਨ ਦਬਾ ਦਿੰਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸਾਰੇ ਟੀਵੀ ਚੈਨਲਾਂ 'ਤੇ ਬਹਿਸ-ਮੁਬਾਹਸੇ ਦੇਖਣ-ਸੁਣਨ ਨੂੰ ਮਿਲੇ।

ਅਜਿਹੀਆਂ ਬਹਿਸਾਂ 'ਚੋਂ ਆਮ ਆਦਮੀ ਦੀ ਤ੍ਰਾਸਦੀ ਮਨਫ਼ੀ ਹੁੰਦੀ ਸੀ। ਵੈਸੇ ਵੀ ਸਿਆਸੀ ਪਾਰਟੀਆਂ ਮੈਨੀਫੈਸਟੋ ਬਣਾਉਣ ਲੱਗਿਆਂ 'ਆਮ ਆਦਮੀ' ਨਾਲ ਘੱਟ-ਵੱਧ ਹੀ ਮਸ਼ਵਰਾ ਕਰਦੀਆਂ ਹਨ। ਇਸੇ ਕਰਕੇ ਆਮ ਲੋਕਾਂ ਨਾਲ ਜੁੜੇ ਸਰੋਕਾਰਾਂ ਨੂੰ ਸਾਧਾਰਨ ਪੱਤਰਕਾਰ ਬਹੁਤ ਘੱਟ ਗੌਲਦੇ ਹਨ। ਆਮ ਮੀਡੀਆ ਦੀਆਂ ਸੁਰਖੀਆਂ ਮਜ਼ਲੂਮਾਂ ਦੇ ਖ਼ੂਨ ਨਾਲ ਲਿੱਬੜੀਆਂ ਹੁੰਦੀਆਂ ਹਨ। ਚੋਣਾਂ ਦੌਰਾਨ ਖ਼ੂਨ-ਖ਼ਰਾਬਾ ਸਭ ਤੋਂ ਵੱਧ ਜਗ੍ਹਾ ਮੱਲਦਾ ਹੈ।

ਇਸ ਦੇ ਉਲਟ ਕੁਝ ਸੰਵੇਦਨਸ਼ੀਲ ਪੱਤਰਕਾਰ ਗੁਰਬਤ ਦੇ ਪੁੜਾਂ 'ਚ ਪਿਸਦੇ ਲੋਕਾਂ ਦਾ ਦੁੱਖ-ਦਰਦ ਜਾਣਨ ਲਈ ਟੀਵੀ ਸਟੇਸ਼ਨਾਂ ਦੇ ਏਸੀ ਕਮਰਿਆਂ ਦਾ ਸੁੱਖ-ਆਰਾਮ ਤਿਆਗ ਕੇ ਜੇਠ-ਹਾੜ੍ਹ ਦੀ ਕੜਕਦੀ ਧੁੱਪ 'ਚ ਪਿੰਡਾਂ ਦੀਆਂ ਜੂਹਾਂ ਦੀ ਖਾਕ ਛਾਣਦੇ ਰਹੇ। ਅਜਿਹੇ ਸਿਰੜੀ ਪੱਤਰਕਾਰਾਂ ਵਿਚੋਂ ਇਕ ਨਾਮ ਐੱਨਡੀਟੀਵੀ ਦੇ ਮਾਲਕ ਪ੍ਰਣਵ ਰਾਏ ਦਾ ਹੈ।

ਪ੍ਰਣਵ ਨੇ ਪਿਛਲੇ ਸਾਲ ਮਈ ਦੇ ਮਹੀਨੇ ਉੱਤਰ ਪ੍ਰਦੇਸ਼ ਦੇ ਮੋਹਨਲਾਲਗੰਜ ਲੋਕ ਸਭਾ ਹਲਕੇ ਦੇ ਇਕ ਪੱਛੜੇ ਪਿੰਡ ਦੀ ਸੱਤਵੀਂ ਜਮਾਤ ਦੀ ਕੁੜੀ ਸੁਨੈਨਾ 'ਤੇ ਛੋਟੀ ਜਿਹੀ ਟੈਲੀ ਫਿਲਮ ਬਣਾ ਕੇ ਦੁਨੀਆ ਭਰ ਵਿਚ ਵਾਹ-ਵਾਹ ਖੱਟ ਲਈ। 'ਸੱਚ, ਸੁਪਨਾ ਤੇ ਸੁਨੈਨਾ' ਸਿਰਲੇਖ ਹੇਠ ਬਣੀ ਭਾਵਪੂਰਤ ਟੈਲੀ ਫਿਲਮ ਕਰਕੇ ਪ੍ਰਣਵ ਨੂੰ ਏਸ਼ੀਅਨ ਟੈਲੀਵਿਜ਼ਨ ਐਵਾਰਡ ਮਿਲਿਆ ਹੈ। ਇਸ ਐਵਾਰਡ ਨੂੰ ਹਾਸਲ ਕਰਨ ਲਈ ਹਰ ਸਾਲ ਏਸ਼ੀਆ ਤੋਂ 1400 ਤੋਂ ਵੱਧ ਦਰਖ਼ਾਸਤਾਂ ਆਉਂਦੀਆਂ ਹਨ।

ਦਸ ਦੇਸ਼ਾਂ ਦੇ 50 ਜੱਜ ਇਸ ਦਾ ਫ਼ੈਸਲਾ ਕਰਦੇ ਹਨ। ਰਾਵਤ ਬਰਾਦਰੀ ਨਾਲ ਸਬੰਧਤ ਨੰਨ੍ਹੀ ਸੁਨੈਨਾ ਨੂੰ ਪ੍ਰਣਵ ਨੇ ਰਾਤੋ-ਰਾਤ 'ਸਟਾਰ' ਬਣਾ ਦਿੱਤਾ। ਸੁਨੈਨਾ ਅਤੇ ਉਸ ਦਾ ਹਾਸ਼ੀਆਗ੍ਰਸਤ ਪਰਿਵਾਰ ਉੱਤਰ ਪ੍ਰਦੇਸ਼ ਦੇ ਬੇਜ਼ਮੀਨੇ ਲੋਕਾਂ ਦੀ ਅਸਲ ਤਰਜਮਾਨੀ ਕਰਦਾ ਹੈ। ਗ਼ੁਰਬਤ ਦੇ ਬਾਵਜੂਦ ਸੁਨੈਨਾ ਦੀਆਂ ਅੱਖਾਂ ਵਿਚ ਸੁਪਨੇ ਚਮਕਦੇ ਹਨ। ਉਹ ਪਿੰਡ ਦੇ ਲਾਲ ਡੋਰੇ ਨੂੰ ਟੱਪ ਕੇ ਦੇਸ਼ ਦੇ ਕਿਸੇ ਨਾਮੀ ਮੈਡੀਕਲ ਕਾਲਜ ਵਿਚ ਦਾਖ਼ਲਾ ਲੈਣਾ ਲੋਚਦੀ ਹੈ।

ਸਵੇਰੇ ਨੇਮ ਨਾਲ ਸਕੂਲ ਜਾਂਦੀ ਹੈ ਅਤੇ ਬਾਅਦ ਵਿਚ ਕੜਕਦੀ ਧੁੱਪ ਦੇ ਬਾਵਜੂਦ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਠੇਕੇ 'ਤੇ ਲਏ ਖੇਤ ਵਿਚ ਮੁੜ੍ਹਕਾ ਵਹਾਉਂਦੀ ਹੈ। ਡਾਕਟਰ ਬਣ ਕੇ ਉਹ ਕਿਸੇ ਮਹਾਨਗਰ ਦੀ ਬਜਾਏ ਆਪਣੇ ਹੀ ਪਿੰਡ ਵਿਚ ਹਸਪਤਾਲ ਖੋਲ੍ਹ ਕੇ ਆਮ ਲੋਕਾਂ ਦੀ ਸੇਵਾ ਕਰਨ ਦੀ ਚਾਹਵਾਨ ਹੈ। ਖੇਤਾਂ ਵਿਚ ਪਸੀਨਾ ਵਹਾਉਣ ਦੇ ਬਾਵਜੂਦ ਉਹ ਬਿਲਕੁਲ ਨਹੀਂ ਥੱਕਦੀ।

ਤੂੜੀ ਦੀ ਵੱਡੀ ਪੰਡ ਸਿਰ 'ਤੇ ਚੁੱਕ ਕੇ ਮੀਲ ਦਾ ਪੈਂਡਾ ਤੈਅ ਕਰਨ ਤੋਂ ਬਾਅਦ ਘਰ ਵਿਚ ਬੰਨ੍ਹੀਆਂ ਗਊਆਂ ਨੂੰ ਚਾਰਾ ਪਾਉਂਦੀ ਹੈ। ਪ੍ਰਣਵ ਰਾਏ ਜਦੋਂ ਉਸ ਨੂੰ ਬੋਝ ਵੰਡਾਉਣ ਲਈ ਕਹਿੰਦਾ ਹੈ ਤਾਂ ਸੁਨੈਨਾ ਟੱਲੀ ਵਾਂਗ ਟਣਕਦੀ ਆਵਾਜ਼ 'ਚ ਤਨਜ਼ ਕਰਦੀ ਹੈ ਕਿ ਤੁਸੀਂ ਸ਼ਹਿਰੀਏ ਉਸ ਦੀ ਕੀ ਮਦਦ ਕਰ ਸਕਦੇ ਹੋ! ਸਕੂਲ ਤੋਂ ਖੇਤ ਤੇ ਫਿਰ ਘਰ ਵਿਚ ਰੋਟੀ ਪਕਾਉਣਾ ਉਸ ਦੀ ਹੋਣੀ ਹੈ। ਛੋਟੀ ਜਿਹੀ ਜਾਨ ਇਸ ਨੂੰ ਬੋਝ ਨਹੀਂ ਸਮਝਦੀ। ਸੁਨੈਨਾ ਅਤੇ ਪ੍ਰਣਵ ਦਰਮਿਆਨ ਲੰਬਾ ਸੰਵਾਦ ਦਰਸ਼ਕਾਂ ਦੇ ਦਿਲਾਂ ਨੂੰ ਹਲੂਣਦਾ ਹੈ। ਪ੍ਰਣਵ ਦੇ ਹਰ ਸਵਾਲ ਦਾ ਫਟੱਕ ਜਵਾਬ ਦੇ ਕੇ ਉਹ ਸਭ ਨੂੰ ਹੈਰਾਨ ਕਰ ਦਿੰਦੀ ਹੈ। ਇੰਜ ਲੱਗਦਾ ਹੈ ਜਿਵੇਂ ਉਹ ਬਾਲੀਵੁੱਡ ਦੀ ਪ੍ਰੋੜ੍ਹ ਕਲਾਕਾਰ ਹੋਵੇ।

ਇਸ ਟੈਲੀ ਫਿਲਮ ਤੋਂ ਬਾਅਦ ਸੁਨੈਨਾ ਨੂੰ ਦਰਸ਼ਕਾਂ ਨੇ ਆਪਣੀਆਂ ਪਲਕਾਂ 'ਤੇ ਬਿਠਾ ਲਿਆ। ਉਸ ਦੇ ਘਰ ਨੋਟਾਂ ਦਾ ਅੰਬਾਰ ਲੱਗ ਗਿਆ ਜਿਸ ਦੀ ਬਦੌਲਤ ਉਹ ਆਪਣੇ ਛੋਟੇ ਭਰਾ ਨਾਲ ਚੰਗੇ ਪਬਲਿਕ ਸਕੂਲ ਵਿਚ ਦਾਖ਼ਲ ਹੋ ਸਕੀ ਹੈ। ਸੱਚਮੁੱਚ ਸੁਨੈਨਾ ਵਰਗੀਆਂ ਕਥਾ-ਕਹਾਣੀਆਂ ਤੁਰ ਕੇ ਏਸੀ ਕਮਰਿਆਂ ਵਿਚ ਨਹੀਂ ਪਹੁੰਚਦੀਆਂ। ਭਾਰਤ ਪਿੰਡਾਂ ਵਿਚ ਵਸਦਾ ਹੈ ਜਿੱਥੋਂ ਦੀਆਂ ਥੁੜ੍ਹਾਂ-ਲੋੜਾਂ ਦੀ ਚਰਚਾ ਮੀਡੀਆ ਵਿਚ ਘੱਟ-ਵੱਧ ਹੀ ਹੁੰਦੀ ਹੈ।

ਅਜਿਹੀਆਂ ਖ਼ਬਰਾਂ ਲੱਭਣ ਲਈ ਜਾਨ ਮਾਰਨੀ ਪੈਂਦੀ ਹੈ। ਪ੍ਰਣਵ ਕਹਿੰਦਾ ਹੈ ਕਿ ਸੁਨੈਨਾ ਵਰਗੇ ਬੇਸ਼ਕੀਮਤੀ ਹੀਰੇ ਦੇਸ਼ ਵਿਚ ਰੁਲ ਰਹੇ ਹਨ ਜਿਨ੍ਹਾਂ ਨੂੰ ਤਲਾਸ਼ਣ ਤੇ ਤਰਾਸ਼ਣ ਲਈ ਸਮਾਂ ਲੱਗਦਾ ਹੈ। ਸੁਪਨੇ ਲੈਣਾ ਸਭ ਦਾ ਅਧਿਕਾਰ ਹੈ। ਸੁਪਨਿਆਂ ਨੂੰ ਸੰਧੂਰੀ ਬਣਾਉਣ ਲਈ ਪੱਤਰਕਾਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਬਹੁਤੇ ਲੋਕ ਗ਼ੁਰਬਤ ਨੂੰ ਨਸੀਬਾਂ ਦੀ ਖੇਡ ਸਮਝ ਕੇ ਜ਼ਿੰਦਗੀ ਬਸਰ ਕਰ ਲੈਂਦੇ ਹਨ ਪਰ ਸੁਨੈਨਾ ਵਰਗੇ ਸੁਪਨਿਆਂ ਨੂੰ ਟੁੱਟਣ ਨਹੀਂ ਦਿੰਦੇ।

ਸੁਪਨਿਆਂ ਦਾ ਟੁੱਟਣਾ ਅੰਬਰੋਂ ਤਾਰੇ ਟੁੱਟਣ ਵਾਂਗ ਹੁੰਦਾ ਹੈ। ਦੇਸ਼ ਨੂੰ ਆਜ਼ਾਦ ਹੋਇਆਂ ਸੱਤ ਦਹਾਕੇ ਬੀਤੇ ਗਏ ਹਨ ਪਰ ਅਜੇ ਵੀ ਕਰੋੜਾਂ ਲੋਕ ਕੁੱਲੀ, ਗੁੱਲੀ ਤੇ ਜੁੱਲੀ ਵਰਗੀਆਂ ਮੁੱਢਲੀਆਂ ਲੋੜਾਂ ਤੋਂ ਮਹਿਰੂਮ ਹਨ। ਜਿੰਨੀ ਦੇਰ ਤਕ ਕਿਰਤੀਆਂ-ਕਾਮਿਆਂ ਦੀ ਕਿਰਤ ਲੁੱਟੀ ਜਾਂਦੀ ਰਹੇਗੀ, ਦੇਸ਼ ਦੀ ਤਕਦੀਰ ਨਹੀਂ ਬਦਲ ਸਕਦੀ। ਲੋਕ ਜੇ ਸੰਧੂਰੀ ਸੁਪਨੇ ਲੈਣ ਲੱਗਿਆਂ ਠਠੰਬਰ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ।

ਰੱਬ ਨੇ ਕਿਸੇ ਬਾਸ਼ਿੰਦੇ ਦੇ ਮਸਤਕ ਜਾਂ ਹੱਥਾਂ 'ਤੇ ਅਜਿਹੀ ਰੇਖ ਨਹੀਂ ਬਣਾਈ ਜਿਸ 'ਤੇ ਮੇਖ ਨਹੀਂ ਵੱਜ ਸਕਦੀ। ਅਮੀਰ ਤੇ ਗ਼ਰੀਬ ਦੇ ਪਾੜੇ ਨੂੰ ਜੇ ਮੇਟਿਆ ਨਹੀਂ ਜਾ ਸਕਦਾ ਤਾਂ ਘਟਾਇਆ ਜ਼ਰੂਰ ਜਾ ਸਕਦਾ ਹੈ। ਮੁਜ਼ਾਹਰਿਆਂ ਦੀਆਂ ਪੈੜਾਂ ਨਾਲ ਹੀ ਖੇਤਾਂ ਵਿਚ ਬਹਾਰਾਂ ਆਉਂਦੀਆਂ ਹਨ। ਫਿਰ ਉਨ੍ਹਾਂ ਦੇ ਮੁੜ੍ਹਕੇ ਦਾ ਮੁੱਲ ਕਿਉਂ ਨਹੀਂ ਪੈਂਦਾ?

Posted By: Jagjit Singh