-ਕੁਲਦੀਪ ਸਿੰਘ ਦੀਪ (ਡਾ.)

ਪੰਜਾਬੀਆਂ ਦੀਆਂ ਹਿੱਕਾਂ ਵਿਚ ਵਸੀ ਲੰਬੀ ਹੇਕ ਹੁਣ ਸਿਮਰਤੀਆਂ ਦਾ ਹਿੱਸਾ ਬਣ ਗਈ ਹੈ। ਕਰੀਬ ਅੱਧੀ ਸਦੀ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗੁਰਮੀਤ ਬਾਵਾ ਜਿਸਮਾਨੀ ਤੌਰ ’ਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਆਪਣੇ ਪਿੱਛੇ ਸੁਰਾਂ ਤੇ ਸਰਗਮਾਂ ਦਾ ਇਕ ਸੁਨਹਿਰਾ ਇਤਿਹਾਸ ਛੱਡ ਗਈ ਹੈ। ਹਵਾ ਵਿਚ ਵਿਲੀਨ ਹੋ ਗਈ ਹੈ ਸਾਡੇ ਵਿਰਸੇ ਦੀ ਸੱਚੀ- ਸੁੱਚੀ ਹੇਕ।

ਹਮੇਸ਼ਾ ਯਾਦ ਆਉਂਦੀ ਰਹੇਗੀ ਉਸ ਦੀ ਜੁਗਨੀ... ਜਦ ਉਹ ਅਲਗੋਜ਼ਿਆਂ ਨਾਲ ਇਕ ਸੁਰ ਹੋ ਕੇ 45 ਸਕਿੰਟ ਲੰਬੀ ਹੇਕ ਉਚਾਰਦੀ ਸੀ ਤਾਂ ਸੁਰਾਂ ਖਲਾਅ ਵਿਚ ਤਰੰਗਾਂ ਵਾਂਗ ਤੈਰਦੀਆਂ ਤੇ ਉਸ ਦੇ ਬੋਲ ਗੂੰਜਦੇ ਸਨ। ਉਨ੍ਹਾਂ ਦਿਨਾਂ ’ਚ ਸਰਹੱਦਾਂ ’ਤੇ ਤਾਰਾਂ ਨਹੀਂ ਸੀ ਲੱਗੀਆਂ। ਰੱਸੀ ਟੱਪ ਕੇ ਲੋਕ ਇੱਧਰ-ਉੱਧਰ ਚਲੇ ਜਾਂਦੇ ਸਨ। ਆਲਮ ਲੁਹਾਰ ਤੇ ਗੁਰਮੀਤ ਬਾਵਾ ਦੋਵੇਂ ਆਪੋ- ਆਪਣੇ ਅੰਦਾਜ਼ ਵਿਚ ਜੁਗਨੀ ਗਾਉਂਦੇ ਸਨ। ਜਦ ਵੀ ਉਨ੍ਹਾਂ ਨੂੰ ਦੂਜੇ ਪਾਸੇ ਦੇ ਪੰਜਾਬੀ ਆਵਾਜ਼ ਮਾਰਦੇ ਸਨ ਤਾਂ ਉਹ ਰੱਸੀ ਟੱਪ ਕੇ ਉੱਧਰ ਪਹੁੰਚ ਜਾਂਦੇ ਸਨ ਪਰ ਉਨ੍ਹਾਂ ਦੀ ਆਵਾਜ਼ ਤਾਂ ਬਿਨਾਂ ਰੱਸੀ ਟੱਪਿਆਂ ਹੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਹੱਦਾਂ ਨੂੰ ਮੇਟ ਦਿੰਦੀ ਸੀ। ‘ਜੁਗਨੀ’ ਉਸ ਦੀ ਖ਼ਾਸ ਪਛਾਣ ਸੀ :

ਮੇਰੀ ਜੁਗਨੀ ਦੇ ਧਾਗੇ ਬੱਗੇ

ਜੁਗਨੀ ਉਹਦੇ ਮੂੰਹੋਂ ਫੱਬੇ

ਜੀਹਨੂੰ ਸੱਟ ਇਸ਼ਕ ਦੀ ਲੱਗੇ

ਓ ਵੀਰ ਮੇਰਿਆ

ਜੁਗਨੀ ਕਹਿੰਦੀ ਐ

ਜਿਹੜੀ ਨਾਮ ਸਾਈਂ ਦਾ ਲੈਂਦੀ ਐ...

ਮਰਨਾ ਭਾਵੇਂ ਸਭ ਨੇ ਹੈ ਪਰ ਉਹ ਜਿਹੜਾ ਮੁਕਾਮ ਸਿਰਜ ਕੇ ਗਈ ਹੈ, ਉਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਪੰਜਾਬੀਆਂ ਦੇ ਸਿਰ ’ਤੇ ਲਈ ਫੁਲਕਾਰੀ ਸੀ ਗੁਰਮੀਤ ਬਾਵਾ ਜਿਸ ਦੇ ਰੰਗ ਕਦੇ ਫਿੱਕੇ ਨਹੀਂ ਸਨ ਪਏ ਸਗੋਂ ਸਮੇਂ ਦੇ ਨਾਲ ਇਹ ਰੰਗ ਹੋਰ ਗੂੜ੍ਹੇ ਹੁੰਦੇ ਗਏ। ਉਹ ਗਾਉਂਦੀ ਹੁੰਦੀ ਸੀ :

ਦੁਸ਼ਮਣ ਮਰੇ ’ਤੇ ਖ਼ੁਸ਼ੀ ਨਾ ਕਰੀਏ,

ਸੱਜਣਾਂ ਵੀ ਮਰ ਜਾਣਾ

ਓੜਕ ਨੂੰ ਓਏ ਯਾਰ ਮੁਹੰਮਦ ਸਭ ਨੇ ਖ਼ਾਕ ਸਮਾਣਾ...

ਜਦ ਉਹ ਨਿਰੋਲ ਲੋਕਧਾਰਾਈ ਅੰਦਾਜ਼ ’ਚ ਆਪਣੀਆਂ ਧੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਨਾਲ ਮਿਲ ਕੇ ‘ਹਰੀਏ ਨੀ ਰਸ ਭਰੀਏ ਖਜੂਰੇ’ ਤੇ ਲੋਕ ਗੀਤ ‘ਘੋੜੀ’ ਗਾਉਂਦੀ ਸੀ ਤਾਂ ਇਕ ਜਸ਼ਨਮਈ ਦਿ੍ਰਸ਼ ਪੈਦਾ ਹੁੰਦਾ ਸੀ ਤੇ ਸਾਰਾ ਜਹਾਨ ਵਿਆਹ ਵਰਗੇ ਜਸ਼ਨਾਂ ਦੇ ਲੋਕ ਰੰਗ ’ਚ ਰੰਗਿਆ ਜਾਂਦਾ ਸੀ :

ਚੀਰਾ ਤੇਰਾ ਵੇ ਮੱਲਾ ਸੋਹਣਾ

ਸੋਹਣਾ ਸਜਦਾ ਕਲਗੀਆਂ ਨਾਲ

ਕਲਗੀ ਡੇਢ ਤੇ ਹਜ਼ਾਰ

ਮੈਂ ਬਲਿਹਾਰੀ ਵੇ ਮਾਂ ਦਿਆਂ ਸੁਰਜਣਾ

ਸੁਰਜਣਾ... ਵਿਚ ਬਾਗਾਂ ਦੇ ਤੁਸੀਂ ਆਇਓ

ਚੋਟ ਨਗਾਰਿਆਂ ’ਤੇ ਲਾਇਓ

ਖਾਣਾ ਰਾਜਿਆਂ ਦਾ ਖਾਇਓ

ਛੈਲ ਨਵਾਬਾਂ ਦੇ ਘਰ ਢੁੱਕਣਾ...

ਲੋਕ ਗੀਤਾਂ ਨੂੰ ਉਨ੍ਹਾਂ ਦੇ ਮੌਲਿਕ ਅੰਦਾਜ਼ ਤੇ ਤਰਜ਼ਾਂ ’ਚ ਸੁਰੱਖਿਅਤ ਰੱਖਣ ਦਾ ਜੋ ਵਿਰਾਸਤੀ ਕੰਮ ਗੁਰਮੀਤ ਬਾਵਾ ਨੇ ਕੀਤਾ ਹੈ, ਉਹ ਦਸਤਵੇਜ਼ੀ ਮਹੱਤਵ ਵਾਲਾ ਕੰਮ ਹੈ, ਜਿਸ ਨੂੰ ਪੰਜਾਬੀ ਜਗਤ ਕਦੇ ਨਹੀਂ ਭੁੱਲ ਸਕੇਗਾ। ਕਿੰਨੇ ਹੀ ਸੁਹਾਗ, ਘੋੜੀਆਂ, ਸਿੱਠਣੀਆਂ, ਢੋਲਕੀ ’ਤੇ ਗਾਈਆਂ ਜਾਣ ਵਾਲੀਆਂ ਹੋਰ ਵੰਨਗੀਆਂ ਉਸ ਦੀ ਮਿੱਠੀ ਆਵਾਜ਼ ’ਚ ਸਾਡੇ ਲਈ ਸਦਾ-ਸਦਾ ਲਈ ਮਹਿਫ਼ੂਜ਼ ਹੋ ਗਈਆਂ। ਕਦੇ ਆਲਮ ਲੁਹਾਰ ਨੇ ਕਿਹਾ ਸੀ ਕਿ ਵਾਹਗਿਓਂ ਪਾਰ ਤੋਂ ਗੁਰਮੀਤ ਬਾਵਾ ਦੀ ਸੁਣ ਰਹੀ ਆਵਾਜ਼ ਰਾਹੀਂ ਪੰਜਾਬੀ ਦੇ ਲੋਕ ਗੀਤ ਹਮੇਸ਼ਾ ਜਿਉਂਦੇ ਰਹਿਣਗੇ :

ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ

ਪਾ ਦਿਓ ਨੀ ਮੇਰੀ ਮਾਹੀਏ ਜੀ ਨੂੰ ਚਿੱਠੀਆਂ

ਜਾ ਪਹੁੰਚੀ ਚਿੱਠੀ ਵਿਚ ਨੀ ਕਚਹਿਰੀ ਦੇ

ਫੜ੍ਹ ਲਈ ਨੀ ਮਾਹੀਏ ਲੰਮੀ ਬਾਂਹ ਕਰ ਕੇ

ਪੜ੍ਹ ਲਈ ਨੀ ਮਾਹੀਏ ਪੱਟਾਂ ਉੱਤੇ ਧਰ ਕੇ

ਛੁੱਟ ਗਈਆਂ ਨੀ ਹੱਥੋਂ ਕਲਮ ਦਵਾਤਾਂ

ਲੈ ਲਈਆਂ ਨੀ ਮਾਹੀਏ ਸਾਹਬ ਕੋਲੋਂ ਛੁੱਟੀਆਂ

ਤੁਰ ਪਿਆ ਨੀ ਮਾਹੀਆ ਸਿਖਰ ਦੁਪਹਿਰੇ

ਚੜ੍ਹ ਗਿਆ ਨੀ ਮਾਹੀਆਂ ਗਿਆਰਾਂ ਵਾਲੀ ਗੱਡੀ ’ਤੇ

ਆਉਂਦੇ ਨੇ ਘੋੜਾ ਬੂਹੇ ਵਿਚ ਬੰਨਿ੍ਹਆ

ਦੱਸ ਗੋਰੀਏ ਨੀ ਸਾਨੂੰ ਹਾਲ ਦਿਲਾਂ ਦੇ

ਮੁੱਕ ਗਏ ਵੇ ਸਾਡੇ ਹਾਲ ਦਿਲਾਂ ਦੇ

ਦੱਸ ਗੋਰੀਏ ਨੀ ਸੱਟ ਕਿੱਥੇ- ਕਿੱਥੇ ਲੱਗੀ ਆ

ਹਟ ਗਈਆਂ ਵੇ ਮੇਰੇ ਦਿਲਾਂ ਦੀਆਂ ਪੀੜਾਂ

ਉਸ ਲਈ ਉਹ ਸਦਮਾ ਬਹੁਤ ਵੱਡਾ ਸੀ ਜਦ ਉਸ ਦੀ ਵੱਡੀ ਧੀ ਲਾਚੀ ਬਾਵਾ 2020 ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਸ ਤੋਂ ਬਾਅਦ ਉਸ ਲਈ ਜ਼ਿੰਦਗੀ ਵਧੇਰੇ ਉਦਾਸ ਤੇ ਨਿਰਾਸ਼ ਹੋ ਗਈ ਸੀ ਤੇ ਸ਼ਾਇਦ ਉਸੇ ਦਿਨ ਹੀ ਅੱਜ ਦੇ ਮਨਹੂਸ ਦਿਨ ਦੀ ਇਬਾਰਤ ਲਿਖੀ ਗਈ ਸੀ। ਧੀਆਂ ਦਾ ਵਿਗੋਚਾ ਮਾਵਾਂ ਲਈ ਸਭ ਵਿਗੋਚਿਆਂ ਤੋਂ ਵੱਡਾ ਹੁੰਦਾ ਹੈ। ਉਸ ਨੇ ਆਪਣੀ ਧੀ ਵਿਚ ਸਾਹ-ਸਾਹ ਜਿਉਣ ਦੇ ਨਾਲ- ਨਾਲ ਸ਼ਬਦ-ਸ਼ਬਦ ਤੇ ਸੁਰ-ਸੁਰ ਜੀਵਿਆ ਸੀ। ਉਸ ਲਈ ਇਹ ਸਦਮਾ ਬਹੁਤ ਡੂੰਘਾ ਸੀ।

ਪੰਜਾਬੀ ਗਾਇਕੀ ਵਿਚ ਜੇ ਕੋਈ ਗਾਇਕ ਪਰਿਵਾਰ ਇਹ ਦਾਅਵਾ ਕਰ ਸਕਦਾ ਹੈ ਕਿ ਉਸ ਨੇ ਨਿਰੋਲ ਪਰਿਵਾਰਕ ਤੇ ਲੋਕ ਗੀਤ ਹੀ ਗਾਏ ਹਨ ਤਾਂ ਉਹ ਗੁਰਮੀਤ ਬਾਵਾ ਦਾ ਪਰਿਵਾਰ ਹੀ ਹੈ। ਉਸ ਨੇ ਪੰਜਾਬੀਆਂ ਨੂੰ ਇਹ ਅਹਿਸਾਸ ਕਰਾ ਕੇ ਆਪਣੀ ਮਿੱਟੀ ਨਾਲ ਜੋੜਿਆ :

ਅਪਨੀ ਮਿੱਟੀ ਪੇ ਚਲਨੇ ਕਾ ਸਲੀਕਾ ਸੀਖੋ

ਸੰਗਮਰਮਰ ਪੇ ਚਲੋਗੇ ਤੇ ਫਿਸਲ ਜਾਓਗੇ

ਫਰਵਰੀ 1944 ’ਚ ਕੋਠੇ (ਗੁਰਦਾਸਪੁਰ) ਵਿਚ ਜਨਮੀ ਗੁਰਮੀਤ ਬਾਵਾ ਉਨ੍ਹਾਂ ਦਿਨਾਂ ’ਚ ਕਾਲਜ ਪੜ੍ਹਨ ਜਾਂਦੀ ਸੀ ਜਦ ਮਾਂ- ਬਾਪ ਆਪਣੀਆਂ ਧੀਆਂ ਘਰੋਂ ਬਾਹਰ ਤੋਰਨ ਲੱਗਿਆਂ ਸੌ ਵਾਰ ਸੋਚਦੇ ਸਨ। ਉਹ ਦੱਸਦੀ ਸੀ, ‘ਮੈਂ ਤਿੰਨ ਪਿੰਡਾਂ ’ਚੋਂ ਇੱਕੋ- ਇੱਕ ਕੁੜੀ ਸੀ, ਜੋ ਕਾਲਜ ਵਿਚ ਪੜ੍ਹਨ ਗਈ ਤੇ ਮੇਰੇ ਪਿੰਡ ਦੇ ਲੋਕ ਮੇਰੇ ਪਿਤਾ ਸਰਦਾਰ ਉੱਤਮ ਸਿੰਘ ਨੂੰ ਕਹਿੰਦੇ ਸਨ ਕਿ ਸਰਦਾਰਾ ਤੇਰਾ ਦਿਮਾਗ਼ ਖ਼ਰਾਬ ਹੋ ਗਿਆ, ਤੂੰ ਮੁਟਿਆਰ ਕੁੜੀ ਨੂੰ ਘਰੋਂ ਬਾਹਰ ਤੋਰ ਰਿਹਾ ਹੈਂ? ਤਾਂ ਮੇਰੇ ਪਿਤਾ ਨੇ ਕਿਹਾ ਸੀ, ਜਦ ਤੁਹਾਡਾ ਦਿਮਾਗ਼ ਖਰਾਬ ਹੋਇਆ ਤਾਂ ਤਦ ਮੈਂ ਤੁਹਾਨੂੰ ਦੱਸਾਂਗਾ।” ਜਿਨ੍ਹਾਂ ਲੋਕਾਂ ਦੇ ਉਸ ਦੌਰ ਵਿਚ ‘ਦਿਮਾਗ਼ ਖਰਾਬ’ ਹੋਏ, ਉਨ੍ਹਾਂ ਦੇ ਬੱਚਿਆਂ ਨੇ ਜ਼ਿੰਦਗੀ ਦੇ ਉੱਚੇ ਮੁਕਾਮ ਹਾਸਿਲ ਕੀਤੇ ਤੇ ਜ਼ਿੰਦਗੀ ਦੇ ਹਰ ਰੰਗ ਨੂੰ ਮਾਣਿਆ। ਜੋ ਬਹੁਤੇ ‘ਸਿਆਣੇ’ ਬਣੇ ਰਹੇ, ਉਨ੍ਹਾਂ ਘਰਾਂ ’ਚ ਧੀਆਂ ਘਰ ਦੀ ਚਾਰਦੀਵਾਰੀ ਤਕ ਸਿਮਟ ਗਈਆਂ।

ਜਲੰਧਰ ਦੂਰਦਰਸ਼ਨ ਉੱਤੇ ਪਹਿਲੀ ਗਾਇਕਾ ਦੇ ਰੂਪ ਵਿਚ ਗਾਉਣ ਦਾ ਮਾਣ ਗੁਰਮੀਤ ਬਾਵਾ ਨੂੰ ਪ੍ਰਾਪਤ ਹੈ। ਬੇਸ਼ੱਕ ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰਪਤੀ ਪੁਰਸਕਾਰ ਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਵਰਗੇ ਪੁਰਸਕਾਰ ਮਿਲ ਚੁੱਕੇ ਸਨ ਪਰ ਉਸ ਨੂੰ ਇਸ ਗੱਲ ਦਾ ਮਲਾਲ ਰਿਹਾ ਕਿ ਉਸ ਨੂੰ ਉਸ ਦੇ ਮੁਲਕ ਨੇ ਪਦਮਸ੍ਰੀ ਵਰਗਾ ਪੁਰਸਕਾਰ ਕਿਉਂ ਨਹੀਂ ਦਿੱਤਾ। ਭਾਵੇਂ ਲੋਕਾਂ ਵੱਲੋਂ ਸਤਿਕਾਰੇ ਤੇ ਪ੍ਰਵਾਨੇ ਜਾਣ ਵਾਲੇ ਗਾਇਕ ਕਿਸੇ ਸਰਕਾਰੀ-ਦਰਬਾਰੀ ਐਵਾਰਡ ਦੇ ਮੁਥਾਜ ਨਹੀਂ ਹੁੰਦੇ ਪਰ ਇਹ ਕਿਸੇ ਵੀ ਮੁਲਕ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਕਲਾ ਤੇ ਹੁਨਰ ਨੂੰ ਪਛਾਣੇ ਪਰ ਆਪਣੇ ਮੁਲਕ ’ਚ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਮੰਤਰੀਆਂ ਨੂੰ ਤਾਂ ਇਨਾਮ ਮਿਲ ਜਾਂਦੇ ਹਨ ਪਰ ਆਪਣੀ ਕਲਾ ਨਾਲ ਦੇਸ਼ ਦਾ ਸਿਰ ਉੱਚਾ ਕਰਨ ਵਾਲੇ ਤੇ ਲੋਕ ਮਨਾਂ ’ਤੇ ਰਾਜ ਕਰਨ ਵਾਲੇ ਲੋਕ ਇਸ ਦੌੜ ’ਚ ਅਕਸਰ ਪਿੱਛੇ ਰਹਿ ਜਾਂਦੇ ਹਨ।

ਗੁਰਮੀਤ ਬਾਵਾ ਨੇ ਆਪਣੀ 77 ਸਾਲਾਂ ਦੀ ਉਮਰ ’ਚੋਂ ਲਗਭਗ 60 ਸਾਲ ਲੋਕ ਗਾਇਕੀ ਦੇ ਲੇਖੇ ਲਾਏ। ਸਿਰਫ ਆਪ ਹੀ ਨਹੀਂ ਆਪਣੀਆਂ ਧੀਆਂ ਤੇ ਅਗਾਂਹ ਦੋਹਤੀਆਂ ਤਕ ਨੂੰ ਸੰਗੀਤ ਦੀ ਜਾਗ ਲਾਈ। ਪੰਜਾਬੀਆਂ ਨੂੰ ਆਪਣੀ ਇਸ ਲੋਕ ਸੰਗੀਤ ਦੀ ਮਲਕਾ ਤੇ ਹੁਨਰਮੰਦ ਪੰਜਾਬਣ ’ਤੇ ਸਦਾ ਮਾਣ ਰਹੇਗਾ।

ਉਹ ਜਿਉਂਦਿਆਂ ਵੀ ਦੰਦਕਥਾ ਸੀ ਤੇ ਮਰ ਕੇ ਵੀ ਕਿਸੇ ਦੰਦਕਥਾ ਵਾਂਗ ਸਾਡੀਆਂ ਹਿੱਕਾਂ ’ਚ ਅਮਰ ਹੋ ਜਾਵੇਗੀ ਤੇ ਪੀੜ੍ਹੀ ਦਰ ਪੀੜ੍ਹੀ ਲੋਕ-ਬੁੱਲ੍ਹਾਂ ’ਤੇ ਗੁਣਗੁਣਾਈ ਜਾਇਆ ਕਰੇਗੀ। ਸਰੀਰਕ ਤੌਰ ’ਤੇ ਪੰਜਾਬੀ ਦੀ ‘ਹਰੀ ਤੇ ਰਸ ਭਰੀ ਖਜੂਰ’ ਹੁਣ ਸਾਡੇ ਕੋਲੋਂ ਬਹੁਤ ਦੂਰ ਚਲੀ ਗਈ ਹੈ। ਜੀ ਕਰਦੈ ਉਸ ਨੂੰ ਹਾਕ ਮਾਰ ਕੇ ਆਖਾਂ :

ਹਰੀਏ ਨੀ ਰਸ ਭਰੀਏ ਖਜੂਰੇ,

ਕੀਹਨੇ ਦਿੱਤਾ ਏਨੀ ਦੂਰੇ...

98768-20600

Posted By: Jatinder Singh