ਸੁੰਦਰਤਾ ਪ੍ਰਤੀ ਮੋਹ ਮਨੁੱਖ ਦੇ ਸੁਭਾਅ ਵਿਚ ਹੈ। ਮਨੁੱਖ ਜਿੱਥੇ ਰਹਿੰਦਾ ਹੈ, ਉਸ ਨੂੰ ਮੋਹਕ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਨਗਰ ਦੀ ਸੁੰਦਰਤਾ ਲਈ ਫੁੱਲਾਂ ਨਾਲ ਭਰੇ ਪਾਰਕ, ਸਾਫ਼ ਸੜਕਾਂ, ਵਸਤੂ-ਕਲਾ ਨੂੰ ਉਭਾਰਨ ਵਾਲੇ ਭਵਨ ਆਦਿ ਬਣਾਏ ਜਾਂਦੇ ਹਨ। ਮਨੁੱਖ ਦਾ ਵਿਚਾਰ ਹੈ ਕਿ ਸੁੰਦਰਤਾ ਮਨ ਨੂੰ ਸੁੱਖ ਦਿੰਦੀ ਹੈ ਅਤੇ ਤਰੱਕੀ ਦੀ ਪ੍ਰੇਰਨਾ ਮਿਲਦੀ ਹੈ। ਖ਼ੂਬਸੂਰਤ ਔਰਤਾਂ ਅਤੇ ਸੁੰਦਰ ਮਨੁੱਖ ਵੀ ਹੋਰਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਸੁੰਦਰਤਾ ਪ੍ਰਤੀ ਇਹ ਮੋਹ ਮਨੁੱਖ ਦੀ ਦੁਨਿਆਵੀ ਦ੍ਰਿਸ਼ਟੀ ਦਾ ਸਬੂਤ ਹੈ। ਰੂਹਾਨੀ ਦ੍ਰਿਸ਼ਟੀ ਵਿਚ ਵੀ ਸੁੰਦਰਤਾ ਦੀ ਪ੍ਰਧਾਨਤਾ ਹੈ ਪਰ ਉਸ ਦਾ ਸਰੂਪ ਪੂਰੀ ਤਰ੍ਹਾਂ ਵੱਖ ਹੈ। ਰੂਹਾਨੀ ਵਿਅਕਤੀ ਸਭ ਤੋਂ ਵੱਧ ਸੁੰਦਰਤਾ ਪਰਮਾਤਮਾ ਅਤੇ ਉਸ ਦੀ ਸਾਜੀ ਸ੍ਰਿਸ਼ਟੀ ਵਿਚ ਦੇਖਦਾ ਹੈ। ਮਨੁੱਖ ਨੂੰ ਪਰਮਾਤਮਾ ਦੀ ਸੁੰਦਰਤਾ ਉਸ ਦੇ ਦਇਆ, ਦਾਨ, ਮਾਫ਼ੀ, ਕਿਰਪਾ, ਰੱਖਿਆ ਵਰਗੇ ਗੁਣਾਂ ਵਿਚ ਦਿਖਾਈ ਦਿੰਦੀ ਹੈ। ਪਰਮਾਤਮਾ ਦਾ ਭਗਤ ਨਦੀਆਂ, ਪਹਾੜਾਂ, ਧਰਤੀ, ਆਕਾਸ਼, ਵੱਖ-ਵੱਖ ਜੀਵ-ਜੰਤੂਆਂ, ਬਨਸਪਤੀਆਂ, ਰੁੱਖਾਂ, ਫੁੱਲਾਂ ਅਤੇ ਫਲਾਂ ਨੂੰ ਦੇਖ ਕੇ ਪਰਮਾਤਮਾ ਦੇ ਅਦੁੱਤੀ ਸੁੰਦਰਤਾ ਭਾਵ ਦਾ ਆਨੰਦ ਮਾਣਦਾ ਰਹਿੰਦਾ ਹੈ। ਇਨ੍ਹਾਂ ਦੇ ਅੱਗੇ ਮਨੁੱਖ ਵੱਲੋਂ ਸਿਰਜੀ ਸੁੰਦਰਤਾ ਫਿੱਕੀ ਲੱਗਦੀ ਹੈ। ਸੁੰਦਰਤਾ ਇਕ ਭਾਵਨਾ ਹੈ ਜਿਸ ਨੂੰ ਮਨ ਵਿਚ ਗ੍ਰਹਿਣ ਕਰਨ ਦੀ ਜ਼ਰੂਰਤ ਹੁੰਦੀ ਹੈ। ਮਨੁੱਖੀ ਜਾਮੇ ਅੰਦਰ ਵੀ ਬ੍ਰਹਿਮੰਡ ਸਮਾਇਆ ਹੋਇਆ ਹੈ। ਜਦ ਅੰਦਰ ਸੁੰਦਰਤਾ ਹੋਵੇਗੀ ਤਦ ਬਾਹਰ ਵੀ ਦਿਖਾਈ ਦੇਵੇਗੀ। ਧੁਰ ਅੰਦਰ ਸੁੰਦਰ ਵਿਚਾਰ ਹੋਣ, ਚੰਗੇ ਗੁਣਾਂ ਨਾਲ ਸਬੰਧ ਅਤੇ ਉਤਸ਼ਾਹ ਹੋਵੇ। ਵਿਚਾਰਾਂ ਦੀ ਉੱਚਾਈ ਅਤੇ ਭਾਵਾਂ ਦੀ ਗਹਿਰਾਈ ਨਾਲ ਅੰਦਰੂਨੀ ਸੁੰਦਰਤਾ ਨਿਖਰਨੀ ਆਰੰਭ ਹੋ ਜਾਂਦੀ ਹੈ। ਮਨੁੱਖ ਦੇ ਚੰਗੇ ਕਰਮ ਸੁੰਦਰ ਫੁੱਲਾਂ ਦੀ ਤਰ੍ਹਾਂ ਹੁੰਦੇ ਹਨ ਅਤੇ ਉਨ੍ਹਾਂ ਚੰਗੇ ਕਰਮਾਂ ਤੋਂ ਉਪਜਿਆ ਆਤਮਿਕ ਸਬਰ ਫਲ ਦੀ ਤਰ੍ਹਾਂ ਹੁੰਦਾ ਹੈ। ਘਰ ਵਿਚ ਸੁੰਦਰ ਫਰਨੀਚਰ, ਕਲਾਤਮਕ ਮੂਰਤੀਆਂ, ਚਿੱਤਰ ਅਤੇ ਫੁੱਲਾਂ ਦੇ ਗਮਲੇ ਹੋਣ ਜਾਂ ਨਾ ਹੋਣ, ਪ੍ਰੇਰਨਾਦਾਇਕ ਪੁਸਤਕਾਂ, ਮਹਾਪੁਰਸ਼ਾਂ ਦੇ ਚਿੱਤਰ ਅਤੇ ਧਰਮ ਦੇ ਸੁਰ ਜ਼ਰੂਰ ਹੋਣੇ ਚਾਹੀਦੇ ਹਨ। ਇਨ੍ਹਾਂ ਸਦਕਾ ਅੰਦਰੂਨੀ ਸੁੰਦਰਤਾ ਨੂੰ ਵਿਕਸਤ ਹੋਣ ਲਈ ਸਦਾ ਖ਼ੁਰਾਕ ਮਿਲਦੀ ਰਹਿੰਦੀ ਹੈ। ਮਨ ਚੰਚਲ ਹੈ ਜਿਸ ਨੂੰ ਸਦਾ ਸਹੀ ਪਾਸੇ ਲਾਉਣ ਦੀ ਜ਼ਰੂਰਤ ਹੁੰਦੀ ਹੈ। ਮਨ ਨੂੰ ਸਿੱਧ ਕਰ ਲੈਣਾ ਹੀ ਸਿੱਧੀ ਹੈ ਜੋ ਇਕ-ਅੱਧਾ ਹੀ ਪ੍ਰਾਪਤ ਕਰ ਪਾਉਂਦਾ ਹੈ। ਇਸ ਲਈ ਹਰ ਧਰਮ ਵਿਚ ਨਿਰੰਤਰ ਧਿਆਨ, ਵਿਚਾਰ ਅਤੇ ਅਰਾਧਨਾ ਦੀ ਗੱਲ ਕੀਤੀ ਗਈ ਹੈ। ਜਿਵੇਂ-ਜਿਵੇਂ ਮਨ ਵਿਚ ਭਗਤੀ ਦ੍ਰਿੜ੍ਹ ਹੁੰਦੀ ਜਾਂਦੀ ਹੈ, ਰੂਹਾਨੀ ਸੁੰਦਰਤਾ ਘਰ ਕਰਦੀ ਜਾਂਦੀ ਹੈ। ਇਹ ਸੁੰਦਰਤਾ ਸਦੀਵੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਮਨ ਪਰਮਾਤਮਾ ਨਾਲ ਇਕਮਿਕ ਹੋ ਜਾਵੇ।

-ਡਾ. ਸਤਿੰਦਰਪਾਲ ਸਿੰਘ।

Posted By: Sarabjeet Kaur