ਦੇਸ਼ ਵਿਚ ਕੋਲੇ ਦੀ ਕਮੀ ਕਾਰਨ ਬਿਜਲੀ ਪਲਾਂਟਾਂ ਵੱਲੋਂ ਢੁੱਕਵੀਂ ਮਾਤਰਾ ਵਿਚ ਬਿਜਲੀ ਦਾ ਉਤਪਾਦਨ ਨਾ ਹੋ ਸਕਣਾ ਗੰਭੀਰ ਚਿੰਤਾ ਵਾਲੀ ਗੱਲ ਹੈ। ਇਹ ਚਿੰਤਾ ਇਸ ਲਈ ਹੋਰ ਵਧ ਗਈ ਹੈ ਕਿਉਂਕਿ ਦੇਸ਼ ਦੇ ਕਈ ਹਿੱਸਿਆਂ ’ਚ ਬਿਜਲੀ ਦੀ ਕਿੱਲਤ ਪੈਦਾ ਹੋਣ ਦੀ ਸੰਭਾਵਨਾ ਵਧ ਗਈ ਹੈ। ਕਿਤੇ-ਕਿਤੇ ਤਾਂ ਬਿਜਲੀ ਦੀ ਕਿੱਲਤ ਨੇ ਸਿਰ ਵੀ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਕ ਅਜਿਹੇ ਸਮੇਂ ਜਦੋਂ ਅਰਥਚਾਰੇ ਦੇ ਰਫ਼ਤਾਰ ਫੜਨ ਤੇ ਤਿਉਹਾਰਾਂ ਕਾਰਨ ਬਿਜਲੀ ਦੀ ਮੰਗ ਵਧ ਰਹੀ ਹੈ, ਉਦੋਂ ਉਸ ਦੀ ਕਮੀ ਦੂਰ ਕਰਨ ਲਈ ਜੰਗੀ ਪੱਧਰ ’ਤੇ ਯਤਨ ਕਰਨੇ ਚਾਹੀਦੇ ਹਨ। ਜੇ ਕੋਲੇ ਦੀ ਕਮੀ ਦੂਰ ਨਹੀਂ ਹੋਈ ਤੇ ਕੁੱਲ ਉਤਪਾਦਨ ਦੀ 70 ਫ਼ੀਸਦੀ ਬਿਜਲੀ ਪੈਦਾ ਕਰਨ ਵਾਲੇ ਕੋਲਾ ਆਧਾਰਿਤ ਬਿਜਲੀ ਪਲਾਂਟ ਉਸ ਦੀ ਘਾਟ ਦਾ ਸਾਹਮਣਾ ਕਰਦੇ ਰਹੇ ਤਾਂ ਅਰਥਚਾਰੇ ’ਤੇ ਬੁਰਾ ਅਸਰ ਪਵੇਗਾ ਹੀ, ਆਮ ਜਨਜੀਵਨ ਵੀ ਪ੍ਰਭਾਵਿਤ ਹੋ ਸਕਦਾ ਹੈ। ਕੋਲੇ ਦੀ ਕਮੀ ਦੇ ਮਾਮਲੇ ਵਿਚ ਸਮਾਂ ਰਹਿੰਦੇ ਚੌਕਸ ਹੋਣ ਤੋਂ ਮੁਨਕਰ ਹੋਇਆ ਗਿਆ। ਸਮਝਣਾ ਔਖਾ ਹੈ ਕਿ ਜਦ ਅਰਸਾ ਪਹਿਲਾਂ ਇਹ ਸਪਸ਼ਟ ਹੋ ਗਿਆ ਸੀ ਕਿ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੀ ਮੰਗ ਵਧੇਗੀ ਤਾਂ ਫਿਰ ਇਹ ਯਕੀਨੀ ਕਿਉਂ ਨਹੀਂ ਬਣਾਇਆ ਗਿਆ ਕਿ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਕਮੀ ਨਾ ਹੋਵੇ?

Posted By: Jatinder Singh