ਕੋਰੋਨਾ ਸੰਕਟ ਕਾਰਨ ਪਿੰਡ-ਘਰ ਪਰਤਣ ਲਈ ਬੇਤਾਬ ਕਾਮਿਆਂ ਲਈ ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾ ਰਹੀ ਕੇਂਦਰ ਸਰਕਾਰ ਨੂੰ ਜੇ ਇਹ ਫ਼ੈਸਲਾ ਲੈਣਾ ਪਿਆ ਕਿ ਹੁਣ ਇਨ੍ਹਾਂ ਟਰੇਨਾਂ ਦੇ ਸੰਚਾਲਨ ਲਈ ਸੂਬਿਆਂ ਦੀ ਆਗਿਆ ਦੀ ਜ਼ਰੂਰਤ ਨਹੀਂ ਹੈ ਤਾਂ ਇਸ ਦਾ ਸਿੱਧਾ ਅਰਥ ਇਹੀ ਹੈ ਕਿ ਉਹ ਸੂਬਾ ਸਰਕਾਰਾਂ ਦੀ ਅੜਿੱਕੇ ਪਾਉਣ ਦੀ ਨੀਤੀ ਤੋਂ ਤੰਗ ਆ ਗਈ ਹੈ। ਕਈ ਸੂਬਾ ਸਰਕਾਰਾਂ ਕਿਰਤੀਆਂ ਦੀ ਚਿੰਤਾ ਵਿਚ ਸੁੱਕ ਕੇ ਤੀਲਾ ਹੋਈਆਂ ਤਾਂ ਦਿਖਾਈ ਦੇ ਰਹੀਆਂ ਹਨ ਪਰ ਉਹ ਇਸ ਦੇ ਲਈ ਚਾਹਵਾਨ ਨਹੀਂ ਕਿ ਢੁੱਕਵੀਂ ਗਿਣਤੀ ਵਿਚ ਸ਼੍ਰਮਿਕ ਸਪੈਸ਼ਲ ਟਰੇਨਾਂ ਚੱਲਣ। ਇਹ ਚਾਹਤ ਨਾ ਹੋਣ ਦਾ ਕਾਰਨ ਵੱਡੀ ਗਿਣਤੀ ਵਿਚ ਘਰ ਪਰਤਦੇ ਕਾਮਿਆਂ ਦੀ ਸਿਹਤ ਦੀ ਜਾਂਚ ਅਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਤੋਂ ਬਚਣਾ ਹੈ। ਜੇ ਸੂਬਾ ਸਰਕਾਰਾਂ ਲੋੜੀਂਦੀ ਗਿਣਤੀ ਵਿਚ ਸ਼੍ਰਮਿਕ ਸਪੈਸ਼ਲ ਟਰੇਨਾਂ ਦੇ ਸੰਚਾਲਨ ਵਿਚ ਰੇਲ ਮੰਤਰਾਲੇ ਨੂੰ ਸਹਿਯੋਗ ਦਿੰਦੀਆਂ ਤਾਂ ਤਮਾਮ ਕਾਮੇ ਪੈਦਲ, ਸਾਈਕਲ ਜਾਂ ਟਰੱਕਾਂ ਜ਼ਰੀਏ ਅਸੁਰੱਖਿਅਤ ਤਰੀਕੇ ਨਾਲ ਘਰ ਪਰਤਣ ਲਈ ਮਜਬੂਰ ਨਾ ਹੁੰਦੇ। ਚੰਗਾ ਹੋਵੇਗਾ ਕਿ ਸੂਬਾ ਸਰਕਾਰਾਂ ਇਹ ਸਮਝਣ ਕਿ ਪਿੰਡ ਪਰਤਣ ਦਾ ਮਨ ਬਣਾ ਚੁੱਕੇ ਕਾਮਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਜਦ ਕਾਮੇ ਮਨ ਵਿਚ ਪਰਤਣ ਦੀ ਗੱਲ ਪੱਕੀ ਧਾਰ ਚੁੱਕੇ ਹਨ ਤਾਂ ਫਿਰ ਇਹੀ ਸਹੀ ਹੈ ਕਿ ਸੂਬਾ ਸਰਕਾਰਾਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਵਿਚ ਕੇਂਦਰ ਨੂੰ ਸਹਿਯੋਗ ਦੇਣ। ਦੇਖਣਾ ਇਹ ਹੋਵੇਗਾ ਕਿ ਰੇਲ ਮੰਤਰਾਲੇ ਵੱਲੋਂ ਤੈਅ ਕੀਤੀ ਗਈ ਨਵੀਂ ਵਿਵਸਥਾ ਵਿਚ ਸਾਰੀਆਂ ਸੂਬਾ ਸਰਕਾਰਾਂ ਸਹਿਯੋਗ ਕਰਨ ਲਈ ਅੱਗੇ ਆਉਂਦੀਆਂ ਹਨ ਜਾਂ ਨਹੀਂ? ਹੁਣ ਜਦ ਕੇਂਦਰ ਨੇ ਇਹ ਤੈਅ ਕਰ ਲਿਆ ਹੈ ਕਿ ਸ਼੍ਰਮਿਕ ਸਪੈਸ਼ਲ ਟਰੇਨਾਂ ਦੇ ਮਾਮਲੇ ਵਿਚ ਸੂਬਿਆਂ ਦੀ ਸਹਿਮਤੀ ਜ਼ਰੂਰੀ ਨਹੀਂ ਉਦੋਂ ਫਿਰ ਉਸ ਨੂੰ ਆਮ ਯਾਤਰੀਆਂ ਲਈ ਵੀ ਆਮ ਟਰੇਨਾਂ ਦੇ ਸੰਚਾਲਨ ਦੀ ਤਿਆਰੀ ਕਰਨੀ ਚਾਹੀਦੀ ਹੈ। ਵੈਸੇ ਵੀ 15 ਰਾਜਧਾਨੀ ਟਰੇਨਾਂ ਪਹਿਲਾਂ ਹੀ ਚੱਲ ਰਹੀਆਂ ਹਨ। ਅਜੇ ਇਨ੍ਹਾਂ ਟਰੇਨਾਂ ਦੀ ਸਹੂਲਤ ਦਾ ਲਾਹਾ ਚੋਣਵੇਂ ਸ਼ਹਿਰਾਂ ਦੇ ਲੋਕ ਹੀ ਲੈ ਰਹੇ ਹਨ। ਇਸ ਸਹੂਲਤ ਦੀ ਲੋੜ ਹੋਰ ਸ਼ਹਿਰਾਂ ਦੇ ਲੋਕਾਂ ਨੂੰ ਵੀ ਹੈ। ਆਮ ਟਰੇਨਾਂ ਦਾ ਸੰਚਾਲਨ ਵਧਣ ਨਾਲ ਸਿਰਫ਼ ਆਮ ਲੋਕਾਂ ਨੂੰ ਹੀ ਰਾਹਤ ਨਹੀਂ ਮਿਲੇਗੀ ਸਗੋਂ ਕਾਰੋਬਾਰੀ ਸਰਗਰਮੀਆਂ ਨੂੰ ਅੱਗੇ ਵਧਾਉਣ ਵਿਚ ਵੀ ਆਸਾਨੀ ਹੋਵੇਗੀ। ਜਦ ਸ਼੍ਰਮਿਕ ਸਪੈਸ਼ਲ ਟਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਉਦੋਂ ਹੋਰ ਟਰੇਨਾਂ ਦੀ ਗਿਣਤੀ ਵਧਾਉਣ 'ਚ ਸੰਕੋਚ ਕਿਉਂ ਕੀਤਾ ਜਾ ਰਿਹਾ ਹੈ? ਅਜਿਹਾ ਤਾਂ ਨਹੀਂ ਕਿ ਸ਼੍ਰਮਿਕ ਸਪੈਸ਼ਲ ਟਰੇਨਾਂ ਦੇ ਮੁਕਾਬਲੇ ਆਮ ਟਰੇਨਾਂ 'ਚ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਠਿਨ ਹੈ। ਅਜਿਹਾ ਨਹੀਂ ਹੈ। ਸ਼੍ਰਮਿਕ ਸਪੈਸ਼ਲ ਟਰੇਨਾਂ 'ਚ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਰਵਾਉਣੀ ਕਿਤੇ ਮੁਸ਼ਕਲ ਸਿੱਧ ਹੋ ਰਹੀ ਹੈ। ਕਿਉਂਕਿ ਕੋਰੋਨਾ ਦਾ ਖ਼ਤਰਾ ਆਸਾਨੀ ਨਾਲ ਟਲਣ ਵਾਲਾ ਨਹੀਂ ਅਤੇ ਉਸ ਦੇ ਸਾਏ 'ਚ ਜੀਵਨ ਗੁਜ਼ਾਰਨ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ, ਇਸ ਲਈ ਆਮ ਟਰੇਨਾਂ ਦੇ ਸੰਚਾਲਨ 'ਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ।

Posted By: Jagjit Singh