-ਗਗਨਦੀਪ ਸਿੰਘ ਗੁਰਾਇਆ

ਸਤਿ ਸ੍ਰੀ ਅਕਾਲ ਸਰਦਾਰਾ! ਮੈਂ ਟਰੈਕਟਰ ਬੋਲਦਾਂ। ਤੇਰਾ ਮੂੰਹ ਬੋਲਿਆ ਪੁੱਤ ! ਤੇਰੇ ਦੁੱਖ- ਸੁੱਖ ਦਾ ਸਾਥੀ। ਆਪਣੇ ਰਿਸ਼ਤੇ ਦੀਆਂ ਬਾਤਾਂ ਤਾਂ ਪੂਰੀ ਦੁਨੀਆ ਪਾਉਂਦੀ ਹੈ। ਆਪਣੇ ਸੰਘਰਸ਼ ਦੀ ਦਾਸਤਾਨ ਬੜੀ ਲੰਮੇਰੀ ਹੈ। ਰੇਤਲੇ ਟਿੱਬੇ ਪੱਧਰੇ ਕਰ ਕੇ ਵਾਹੀਯੋਗ ਬਣਾਏ। ਆਪਾਂ ਦੋਵਾਂ ਨੇ ਰਲ ਕੇ ਹੱਡ- ਭੰਨਵੀਂ ਮਿਹਨਤ ਕਰ ਕੇ ਧਰਤੀ ਮਾਂ ’ਚੋਂ ਸੋਨਾ ਪੈਦਾ ਕੀਤਾ ਤੇ ਪੂਰੀ ਦੁਨੀਆ ਦਾ ਢਿੱਡ ਭਰਿਆ। ਤੂੰ ਆਪਣੇ ਟੱਬਰ ਨੂੰ ਭੁੱਖਾ ਰੱਖ ਕੇ ਲੋਕਾਂ ਦੇ ਪੁੱਤ ਰਜਾਏ। ‘ਦੱਬ ਕੇ ਵਾਹ ਤੇ ਰੱਜ ਕੇ ਖਾ’ ਦੇ ਨਾਅਰੇ ਨੂੰ ਆਪਾਂ ਸੱਚ ਕਰ ਕੇ ਵਿਖਾਇਆ। ਜਦੋਂ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਤਾਂ ਮੇਰਾ ਚਾਅ ਸੰਭਾਲਿਆ ਨਹੀਂ ਸੀ ਜਾਂਦਾ। ਖੇਤਾਂ ’ਚ ਮਿੱਟੀ ਨਾਲ ਮਿੱਟੀ ਹੋਇਆਂ, ਕੱਦੂ ਕਰਦਿਆਂ ਆਪਣੇ ਕੋਲੋਂ ਇਕ ਦੂਜੇ ਦੇ ਚਿਹਰੇ ਨਹੀਂ ਸਨ ਪਛਾਣੇ ਜਾਂਦੇ।

ਕਾਰਲ ਮਾਰਕਸ ਨੇ ਆਖਿਆ ਸੀ ਕਿ ਟਰੈਕਟਰਾਂ ਦੇ ਪਿੱਛੇ ਜਦੋਂ ਟਰਾਲੀਆਂ ਦਾ ਕਾਫ਼ਲਾ ਤੁਰਦਾ ਹੈ ਤਾਂ ਉਹ ਇਕ ਫੌਲਾਦੀ ਤਾਕਤ ਬਣ ਜਾਂਦੀ ਹੈ। ਜਦੋਂ ਮੇਰੀ ਹਿੱਕ ’ਤੇ ਢਾਡੀਆਂ ਦੀਆਂ ਬੀਰ ਰਸੀ ਵਾਰਾਂ ਤੇ ਚੜ੍ਹਦੀ ਕਲਾ ਦੇ ਗੀਤ ਗੂੰਜਦੇ ਤਾਂ ਚੁਫੇਰੇ ਦਾ ਮਾਹੌਲ ਵੀ ਅਣਖੀ ਹੋ ਜਾਂਦਾ। ਕਦੇ ਪੈਲੀ ਵਾਹੁਣ ਲੱਗਿਆਂ ਤੇਰੀ ਹੇਕ ਨਾਲ ਮੇਰੇ ਡੈੱਕ ’ਤੇ ਵੱਜਦੇ ਕਿੱਸੇ ਤੇ ਕਲੀਆਂ ਇਕਸੁਰ ਹੋਣੇ ਤਾਂ ਫ਼ਿਜ਼ਾ ’ਚ ਮਾਨੋ ਸ਼ਹਿਦ ਹੀ ਘੁਲ ਜਾਣਾ। ਖੇਤੀ ਦੇ ਸੰਦਾਂ ਨਾਲ ਮੇਰਾ ਰਿਸ਼ਤਾ ਜਿਵੇਂ ਵੱਡੇ ਲਾਣੇ ਵਾਲੇ ਲੰਬੜਦਾਰ ਦਾ ਆਪਣੇ ਟੱਬਰ ਦੇ ਜੀਆਂ ਨਾਲ।

ਮੈਨੂੰ ਅੱਜ ਵੀ ਯਾਦ ਆਉਂਦੈ ਪਿੰਡ ਦੀ ਕਿਸੇ ਧੀ ਧਿਆਣੀ ਦੇ ਵਿਆਹ ’ਤੇ ਟਰਾਲੀ ’ਚ ਪਿੰਡੋਂ ਮੰਜੇ ਬਿਸਤਰੇ ਇਕੱਠੇ ਕਰਨੇ, ਸ਼ਹਿਰੋਂ ਹਲਵਾਈ ਜਾਂ ਸ਼ਾਮਿਆਨੇ ਲੱਦ ਕੇ ਲਿਆਉਣੇ। ਪੇਂਡੂ ਖੇਡ ਮੇਲਿਆਂ ’ਚ ਤਵੀਆਂ ਦੇ ਮੁਕਾਬਲੇ ਜਾਂ ਟਰਾਲੀਆਂ ਨੂੰ ਬੈਕ ਲਾਉਣ ਦੇ ਮੁਕਾਬਲੇ। ਪੈਲੀ ਤੋਂ ਮੰਡੀ ਫ਼ਸਲ ਲੈ ਕੇ ਜਾਣ ਦੀ ਟੌਹਰ ਹੀ ਵੱਖਰੀ ਹੁੰਦੀ ਸੀ। ਧਨੀ ਰਾਮ ਚਾਤਿ੍ਰਕ ਨੇ ਇਸ ਟੌਹਰ ਨੂੰ ਵੇਖ ਕੇ ਹੀ ਗੀਤ ਲਿਖਿਆ ਸੀ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’। ਪਰ ਸਰਦਾਰਾ! ਮਿੱਟੀ ਨਾਲ ਮਿੱਟੀ ਹੋ ਕੇ ਪਾਲੇ ਤੇਰੇ ਧੀਆਂ -ਪੁੱਤਾਂ ਦੀ ਕਿਸੇ ਬਾਤ ਨਾ ਪੁੱਛੀ। ਦੁਖੀ ਹੋ ਕੇ ਉਨ੍ਹਾਂ ਨੂੰ ਵਿਦੇਸ਼ਾਂ ਦਾ ਰਾਹ ਫੜਨਾ ਪਿਆ।

ਅੱਜ ਮੇਰੇ ਤੋਂ ਤੇਰਾ ਦੁੱਖ ਜਰਿਆ ਨਹੀਂ ਜਾਂਦਾ। ਸੱਚ ਜਾਣੀਂ ਮੈਂ ਤੇਰੀਆਂ ਅੱਖਾਂ ’ਚੋਂ ਹੰਝੂ ਨਹੀਂ ਵੇਖ ਸਕਦਾ। ਮੈਂ ਤੇਰੇ ਤੋਂ ਬਿਨਾਂ ਅਧੂਰਾ ਹਾਂ। ਅੱਜ ਗੁਰਾਂ ਦੇ ਨਾਂ ’ਤੇ ਵੱਸਦੇ ਪੰਜਾਬ ਨੂੰ ਉਜਾੜਨ ਲਈ ਹਰ ਸਰਕਾਰ ਦਾ ਜ਼ੋਰ ਲੱਗਾ ਹੋਇਐ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਪਰ ਇਹ ਮੁਹਿੰਮ ਤੇਰੀ ਤੇ ਪੰਜਾਬ ਦੀ ਹੋਂਦ ਦੀ ਹੈ। ਤੂੰ ਪ੍ਰਵਾਹ ਨਾ ਕਰੀਂ। ਹਰ ਲੜਾਈ ਵਿਚ ਜੇਤੂ ਹਮੇਸ਼ਾ ਪੰਜਾਬ ਸਿਹੁੰ ਹੀ ਰਿਹਾ। ਕਿਸਾਨੀ ਗੁਰੂ ਨਾਨਕ ਸਾਹਿਬ ਦੀ ਵਿਰਾਸਤ ਐ ਤੇ ਬਾਬਾ ਇਹਦੀ ਲਾਜ ਆਪੇ ਰੱਖੂ। ਤੂੰ-ਮੈਂ ਤਾਂ ਬੱਸ ਹੀਲਾ-ਵਸੀਲਾ ਹੀ ਹਾਂ ਪਰ ਇਕ ਗੱਲ ਹੈ ਜਿਨ੍ਹਾਂ ਦੀਆਂ ਜੜ੍ਹਾਂ ਪਤਾਲ ਵਿਚ ਲੱਗੀਆਂ ਹੋਣ, ਉਹ ਮਾੜੀਆਂ- ਮੋਟੀਆਂ ਹਨੇਰੀਆਂ ਤੋਂ ਨਹੀਂ ਡਰਦੇ। ਜਿਨ੍ਹਾਂ ਨੇ ਬ੍ਰਹਿਮੰਡ ’ਤੇ ਰਾਜ ਕਰਨਾ, ਉਹ ਜ਼ਮੀਨਾਂ ਦੀ ਵੀ ਪਰਵਾਹ ਨਹੀਂ ਕਰਦੇ। ਤੂੰ ਤਾਂ ’ਕੱਲਾ ਹੀ ਸਵਾ ਲੱਖ ਏਂ। ਚੇਤੇ ਕਰ ਆਪਣਾ ਪੰਜ ਸੌ ਵਰਿ੍ਹਆਂ ਦਾ ਇਤਿਹਾਸ।

ਬਾਬਾ ਬੰਦਾ ਸਿੰਘ ਬਹਾਦਰ ਦਾ ਮੁਜ਼ਾਰਿਆਂ ਨੂੰ ਮਾਲਕ ਬਣਾਉਣਾ, ਗੁਰੂ ਨਾਨਕ ਸਾਹਿਬ ਦਾ ਬਾਬਰ ਨੂੰ ‘ਜਾਬਰ’ ਕਹਿ ਕੇ ਵੰਗਾਰਨਾ, ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਵੱਲੋਂ ਜਬਰ ਤੇ ਜ਼ੁਲਮ ਦਾ ਸਬਰ ਨਾਲ ਮੁਕਾਬਲਾ, ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ- ਪੀਰੀ ਪਹਿਨ ਕੇ ਅਕਾਲ ਤਖ਼ਤ ਸਾਹਿਬ ਤੋਂ ਦਿੱਲੀ ਦੇ ਤਖ਼ਤ ਨੂੰ ਦਿੱਤੀ ਹੋਈ ਵੰਗਾਰ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਵੱਲੋਂ ਨਿਰਾਲਾ ਖ਼ਾਲਸਾ ਪੰਥ ਸਾਜ ਕੇ ਕਿਲਿ੍ਹਆਂ ਦਾ ਨਿਰਮਾਣ ਤੇ ਬੰਦੇ ਨੂੰ ਥਾਪੜਾ ਦੇ ਕੇ ਨਗਾਰਾ, ਤੀਰ ਤੇ ਨਿਸ਼ਾਨ ਨਾਲ ਨਿਵਾਜ਼ ਕੇ ਪੰਜਾਬ ਵੱਲ ਤੋਰਨਾ ਤੇ ਆਜ਼ਾਦ ਸਿੱਖ ਰਾਜ ਸਥਾਪਿਤ ਕਰਨਾ। ਬਾਬਾ ਬਘੇਲ ਸਿੰਘ, ਜੱਸਾ ਸਿੰਘ ਤੇ ਹੋਰ ਕੌਮੀ ਮਰਜੀਵੜਿਆਂ ਵੱਲੋਂ ਦਿੱਲੀ ਫ਼ਤਹਿ ਕਰਨਾ। ਗਜ਼ਨੀ ਦੇ ਬਾਜ਼ਾਰ ’ਚੋਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਬਚਾਉਣੀਆਂ।

ਸ਼ੇਰ-ਏ-ਪੰਜਾਬ ਦਾ ਦੁਨੀਆ ਦੇ ਨਕਸ਼ੇ ’ਤੇ ਨਿਵੇਕਲੀ ਮਿਸਾਲ ‘ਸਰਕਾਰ-ਏ- ਖ਼ਾਲਸਾ’ ਦੀ ਸਥਾਪਤੀ। ਸਰਕਾਰਾਂ ਵੱਲੋਂ ਕੋਝੀਆਂ ਚਾਲਾਂ ਤਹਿਤ ਆਜ਼ਾਦੀ ਦੇ ਨਾਂ ’ਤੇ ਮਹਾਂ ਪੰਜਾਬ ਦੀ ਵੰਡ ਤੇ ਮਗਰੋਂ ਸਾਂਝੇ ਪੰਜਾਬ ਦੇ ਟੁਕੜੇ -ਟੁਕੜੇ ਕਰਨਾ। ਕਦੇ ਬੋਲੀ ਦੀ ਲੜਾਈ ਤੇ ਕਦੇ ਪਾਣੀਆਂ ਦਾ ਮਸਲਾ। ਤੇਰਾ ਇਤਿਹਾਸ ਪੈਰ- ਪੈਰ ’ਤੇ ਤੇਰੀ ਅਗਵਾਈ ਕਰਦਾ। ਕਿਸੇ ਮਹਾਪੁਰਖ ਦੇ ਬੋਲ ਸਨ ‘ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲ ਚ ਮੌਤ ਹੁੰਦੈ’ ਤੇ ਤੂੰ ਤਾਂ ਜੱਗ ’ਤੇ ਜਾਣਿਆ ਹੀ ਜ਼ਮੀਰ ਕਰਕੇ ਜਾਂਦੈ। ਹੁਣ ਸਵਾਲ ਫ਼ਸਲਾਂ ਦਾ ਨਹੀਂ, ਆਉਣ ਵਾਲੀਆਂ ਨਸਲਾਂ ਦਾ ਹੈ। ਕਣਕਾਂ ਦਾ ਨਹੀਂ ਅਣਖਾਂ ਦਾ ਹੈ। ਕਦੇ ਤੇਰੇ ਵੱਡਿਆਂ ਨੇ ‘ਪਗੜੀ ਸੰਭਾਲ ਜੱਟਾ’ ਲਹਿਰ ਚਲਾਈ ਸੀ।

ਮੈਨੂੰ ਉਦੋਂ ਬੜਾ ਦੁੱਖ ਲੱਗਦੈ ਜਦ ਤੂੰ ਹਾਲਾਤ ਤੋਂ ਤੰਗ ਹੋ ਕੇ ਸਪਰੇਅ ਪੀ ਕੇ ਜਾਂ ਆਪਣੀ ਖੂਹ ਵਾਲੀ ਟਾਹਲੀ ਨਾਲ ਗਲ ਪਰਨਾ ਪਾ ਕੇ ਖ਼ੁਦਕੁਸ਼ੀ ਕਰਨ ਦੀ ਸੋਚਦੈਂ ਤਾਂ ਮੇਰਾ ਜਿਵੇਂ ਗੱਚ ਹੀ ਭਰ ਆਉਂਦਾ। ਰੁੱਖੀ-ਮਿੱਸੀ ਖਾ ਕੇ ਗੁਜ਼ਾਰਾ ਕਰਨ ਵਾਲਿਆਂ ਨੂੰ ਇਹ ਸਰਕਾਰਾਂ ਕਦੇ ਅੱਤਵਾਦੀ, ਵੱਖਵਾਦੀ ਤੇ ਕਦੇ ਨਕਸਲੀ ਦੱਸਦੀਆਂ ਨੇ ਪਰ ਤੇਰੀ ਸੇਵਾ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ । ਆਹ ਵੇਖ, ਬਾਰਡਰਾਂ ’ਤੇ ਕਿਵੇਂ ਆਪਣੇ ਰਾਜ ‘ਬੇਗਮਪੁਰੇ’ ਦਾ ਝਲਕਾਰਾ ਪੈਂਦਾ। ਜਦੋਂ ਨੌਜਵਾਨ ਮੇਰੀ ਛਾਤੀ ’ਤੇ ਖਲੋ ਕੇ ਇਨਕਲਾਬੀ ਗੀਤਾਂ ਨਾਲ ਚੌਗਿਰਦੇ ’ਚ ਜੋਸ਼ ਭਰ ਰਹੇ ਹੁੰਦੇ ਨੇ ਤਾਂ ਮੈਨੂੰ ਜਿਵੇਂ ਸਰੂਰ ਜਿਹਾ ਆ ਜਾਂਦਾ।

ਇੱਥੇ ਸੱਚੇ ਪਾਤਸ਼ਾਹ ਦੀ ਕਲਾ ਵਰਤ ਰਹੀ ਹੈ। ਟਰਾਲੀਆਂ ’ਚ ਕਿਤੇ ਆਸਾ ਦੀ ਵਾਰ ਚੱਲ ਰਹੀ ਹੈ, ਨਿਤਨੇਮ ਹੋ ਰਿਹੈ ਤੇ ਕਿਤੇ ਬੜੀ ਸੰਜੀਦਗੀ ਨਾਲ ਮਹਿਫ਼ਲਾਂ ’ਚ ਚੰਗੇਰੇ ਭਵਿੱਖ ਦੀ ਚਰਚਾ ਹੋ ਰਹੀ ਹੁੰਦੀ ਹੈ। ਭਾਈ ਘਨੱ੍ਹਈਆ ਦੇ ਵਾਰਸ ਹਰ ਕਿਸੇ ਨੂੰ ਲੰਗਰ ਛਕਾ ਰਹੇ ਨੇ। ਜਦੋਂ ਸਾਰਾ ਦਿਨ ਥੱਕ- ਟੁੱਟ ਕੇ ਉਹ ਟਰਾਲੀਆਂ ’ਚ ਸੀਤ ਰਾਤਾਂ ’ਚ ਆਰਾਮ ਕਰ ਰਹੇ ਹੁੰਦੇ ਨੇ ਤਾਂ ਪਹਿਰੇਦਾਰੀ ਕਰਦਿਆਂ ਮੇਰਾ ਇਨ੍ਹਾਂ ਪਾਕ ਰੂਹਾਂ ’ਤੇ ਕੁਰਬਾਨ ਹੋਣ ਨੂੰ ਦਿਲ ਕਰ ਆਉਂਦਾ।

ਇਹ ਹੱਕ ਸੱਚ ਦੇ ਮੁਜੱਸਮੇ ਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਨੇ। ਸਿਦਕੋਂ ਨਹੀਂ ਡੋਲ੍ਹਣਾ। ਬਸ ਆਪਣੀ ਸੁੁਰਤ ਸਰਹਿੰਦ ਦੇ ਠੰਢੇ ਬੁਰਜ ’ਚ ਟਿਕਾ ਕੇ ਰੱਖੀਂ। ਸਰਦਾਰਾ ਹੌਸਲਾ ਰੱਖ। ਭਵਿੱਖ ਬੜਾ ਹੀ ਰੋਸ਼ਨ ਐ ਤੇਰਾ। ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਨੇ ਪੂਰੀ ਦੁਨੀਆ ਦੀ ਅਗਵਾਈ ਕਰਨੀ ਹੈ। ‘ਨਿਸਚੈ ਕਰਿ ਅਪੁਨੀ ਜੀਤ ਕਰੋਂ’ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਕੇ ਚੜ੍ਹਦੀ ਕਲਾ ਦੇ ਜੈਕਾਰੇ ਲਾਉਣੇ ਨੇ।

ਸੰਪਰਕ ਨੰਬਰ : 97815-00050

Posted By: Jagjit Singh