ਇਨ੍ਹਾਂ ਤਿੰਨਾਂ ਦੀ ਗਰਮਦਲੀਆਂ ਨਾਲ ਮਿਲੀਭੁਗਤ ਨੇ ਉਨ੍ਹਾਂ ਅਨਸਰਾਂ ਦੀ ਯਾਦ ਦਿਵਾ ਦਿੱਤੀ ਹੈ ਜਿਹਡ਼ੇ ਵਾਤਾਵਰਨ ਦੀ ਆੜ ਵਿਚ ਦੇਸ਼ ਵਿਰੋਧੀ ਤਾਕਤਾਂ ਦੇ ਮਦਦਗਾਰ ਬਣਦੇ ਰਹਿੰਦੇ ਹਨ। ਇਸ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ ਕਿ ਕੁਡਾਨਕੁਲਮ ਵਿਚ ਪਰਮਾਣੂ ਊਰਜਾ ਪਲਾਂਟ ਦੇ ਖ਼ਿਲਾਫ਼ ਕਿਸ ਤਰ੍ਹਾਂ ਵਾਤਾਵਰਨ ਦੀ ਆਡ਼ ਵਿਚ ਲੰਬੇ ਸਮੇਂ ਤਕ ਅੰਦੋਲਨ ਚਲਾਇਆ ਗਿਆ। ਇਸੇ ਤਰ੍ਹਾਂ ਦੇ ਕੁਝ ਹੋਰ ਅੰਦੋਲਨ ਹੋਰ ਪ੍ਰਾਜੈਕਟਾਂ ਦੇ ਖ਼ਿਲਾਫ਼ ਵੀ ਚਲਾਏ ਜਾ ਚੁੱਕੇ ਹਨ। ਇਨ੍ਹਾਂ ’ਚੋਂ ਕਈਆਂ ਦੇ ਪਿੱਛੇ ਵਿਦੇਸ਼ੀ ਸੰਗਠਨਾਂ ਦਾ ਹੱਥ ਸੀ। ਅਜਿਹੇ ਤੱਤਾਂ ਬਾਰੇ ਖ਼ੁਫ਼ੀਆ ਬਿਊਰੋ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਕਈ ਗੈਰ-ਸਰਕਾਰੀ ਜਥੇਬੰਦੀਆਂ ਵਾਤਾਵਰਨ ਦੀ ਰਾਖੀ ਦੇ ਬਹਾਨੇ ਵਿਦੇਸ਼ ਤੋਂ ਪੈਸੇ ਲੈ ਕੇ ਵਿਕਾਸ ਨਾਲ ਜੁਡ਼ੇ ਪ੍ਰਾਜੈਕਟਾਂ ਦਾ ਵਿਰੋਧ ਕਰਦੀਆਂ ਹਨ।
ਹੁਣ ਇਸ ਗੱਲ ਦਾ ਖ਼ਦਸ਼ਾ ਵੱਧ ਗਿਆ ਹੈ ਕਿ ਦਿਸ਼ਾ, ਨਿਕਿਤਾ ਅਤੇ ਸ਼ਾਂਤਨੂ ਦੇ ਸੰਗਠਨ ਵੀ ਇਸੇ ਕਿਸਮ ਦੇ ਹੋਣ। ਭਾਵੇਂ ਇਕ ਵੱਡਾ ਤਬਕਾ ਅਜਿਹਾ ਵੀ ਹੈ ਜਿਹਡ਼ਾ ਟੂਲਕਿੱਟ ਮਾਮਲੇ ਨੂੰ ਕੋਈ ਵੱਡਾ ਮਸਲਾ ਨਹੀਂ ਮੰਨਦਾ ਅਤੇ ਇਸ ਨੂੰ ਬਿਨਾਂ ਵਜ੍ਹਾ ਤੂਲ ਦਿੱਤੇ ਜਾਣ ਦੀ ਗੱਲ ਆਖਦਾ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਵਜ੍ਹਾ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਜਦਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਾਜ਼ਿਸ਼ਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਨਿਰਦੋਸ਼ ਲੋਕਾਂ ਨੂੰ ਜੇਲ੍ਹਾਂ ਵਿਚ ਡੱਕਿਆ ਗਿਆ।
ਦੂਜੇ ਪਾਸੇ ਦਿਸ਼ਾ, ਨਿਕਿਤਾ ਅਤੇ ਸ਼ਾਂਤਨੂ ਬਾਰੇ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਤਾਂ ਬਸ ਕਿਸਾਨਾਂ ਨਾਲ ਹਮਦਰਦੀ ਸੀ ਪਰ ਸਰਕਾਰੀ ਏਜੰਸੀਆਂ ਨੂੰ ਇਹ ਤਰਕ ਹਜ਼ਮ ਨਹੀਂ ਹੋ ਰਿਹਾ। ਵੱਡਾ ਸਵਾਲ ਇਹ ਹੈ ਕਿ ਇਹ ਕਿਸ ਮਕਸਦ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦੇ ਰਹੇ ਸਨ? ਇਨ੍ਹਾਂ ਦੀਆਂ ਹਰਕਤਾਂ ਤਾਂ ਇਹੀ ਦੱਸਦੀਆਂ ਹਨ ਕਿ ਇਨ੍ਹਾਂ ਦਾ ਇਰਾਦਾ ਗਰਮਦਲੀਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਦੇ ਇਸ਼ਾਰੇ ’ਤੇ ਭਾਰਤ ਨੂੰ ਬਦਨਾਮ ਕਰਨ ਵਾਲੀ ਮੁਹਿੰਮ ਨੂੰ ਅੱਗੇ ਵਧਾਉਣਾ ਸੀ।
ਕਿਉਂਕਿ ਗਰਮਦਲੀਆਂ ਨੇ ਪੰਜਾਬ ਨਾਲ ਕੋਈ ਨਾਤਾ ਨਾ ਰੱਖਣ ਵਾਲੇ ਲੋਕਾਂ ਨੂੰ ਵੀ ਮੋਹਰਾ ਬਣਾ ਲਿਆ, ਇਸ ਲਈ ਇਸ ਦਾ ਖ਼ਦਸ਼ਾ ਵੱਧ ਗਿਆ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇੰਟਰਨੈੱਟ ਰਾਹੀਂ ਸਰਗਰਮ ਅਜਿਹੇ ਹੋਰ ਲੋਕ ਵੀ ਹੋ ਸਕਦੇ ਹਨ ਜਿਨ੍ਹਾਂ ਦਾ ਕੰਮ ਕਿਸੇ ਵੀ ਦੇਸ਼ ਵਿਰੋਧੀ ਏਜੰਡੇ ਨੂੰ ਆਪਣਾ ਸਮਰਥਨ ਦੇਣਾ ਹੋਵੇ। ਵਾਤਾਵਰਨ, ਮਨੁੱਖੀ ਅਧਿਕਾਰ ਆਦਿ ਦੇ ਨਾਂ ’ਤੇ ਚਲਾਏ ਜਾ ਰਹੇ ਸੰਗਠਨਾਂ ਦੀ ਨਵੇਂ ਸਿਰੇ ਤੋਂ ਜਾਂਚ ਹੋਵੇ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਮਾਮਲੇ ਦੀ ਵੀ ਪੂਰੀ ਤਰ੍ਹਾਂ ਨਿਰਪੱਖ ਜਾਂਚ ਹੋਵੇ ਤਾਂ ਕਿ ਬਿਨਾਂ ਵਜ੍ਹਾ ਇਨ੍ਹਾਂ ਦਾ ਭਵਿੱਖ ਖ਼ਰਾਬ ਨਾ ਹੋ ਜਾਵੇ।
Posted By: Jagjit Singh