-ਡਾ. ਵਿਕਰਮ ਸੰਗਰੂਰ

ਸੇਵਾਦਾਰ ਤੋਂ ਡਾਕਟਰ ਬਣਨ ਦਾ ਕਿੱਸਾ ਤਾਂ ਸ਼ਾਇਦ ਕਿਸੇ ਨੇ ਸੁਣਿਆ ਹੋਵੇ ਪਰ ਡਾਕਟਰ ਤੋਂ ਸੇਵਾਦਾਰ ਬਣਨ ਦਾ ਕਿੱਸਾ ਸ਼ਾਇਦ ਕਿਸੇ ਨੇ ਨਹੀਂ ਸੁਣਿਆ ਹੋਵੇਗਾ। ਜਦੋਂ ਕਦੇ ਵੀ ਡਾਕਟਰ ਤੋਂ ਸੇਵਾਦਾਰ ਬਣਨ ਦੇ ਕਿੱਸੇ ਦਾ ਚੇਤਾ ਆਉਂਦਾ ਹੈ ਤਾਂ ਅੱਖਾਂ ਸਾਹਮਣੇ ਸਾਲਾਂ ਪੁਰਾਣਾ ਉਹ ਮੰਜ਼ਰ ਹੂ-ਬ-ਹੂ ਆ ਜਾਂਦਾ ਹੈ ਜਦੋਂ ਹਸਪਤਾਲ ਦੀ ਐਮਰਜੈਂਸੀ ਅੱਗੇ ਕਿਸੇ ਡਰਾਈਵਰ ਨੇ ਤੇਜ਼ੀ ਨਾਲ ਬਰੇਕ ਲਗਾ ਕੇ ਗੱਡੀ ਰੋਕੀ ਸੀ। ਡਰਾਈਵਰ ਨੇ ਜਦੋਂ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਅੰਦਰ ਜ਼ਖ਼ਮੀ ਹਾਲਤ ਵਿਚ ਇਕ ਵਿਅਕਤੀ ਬੁਰੀ ਤਰ੍ਹਾਂ ਤੜਫ ਰਿਹਾ ਸੀ। ਇੰਨੇ ਨੂੰ ਐਮਰਜੈਂਸੀ ’ਚੋਂ ਟਰਾਲੀ ਸਮੇਤ ਭੱਜਦਾ ਹੋਇਆ ਇਕ ਐਨਕਾਂ ਵਾਲਾ ਵਿਅਕਤੀ ਆਇਆ ਅਤੇ ਉਹ ਬੜੀ ਫੁਰਤੀ ਨਾਲ ਗੱਡੀ ਅੰਦਰ ਪਏ ਜ਼ਖ਼ਮੀ ਨੂੰ ਟਰਾਲੀ ਉੱਤੇ ਰੱਖ ਕੇ ਐਮਰਜੈਂਸੀ ਅੰਦਰ ਲੈ ਗਿਆ।

ਉਸ ਗੱਡੀ ਦਾ ਡਰਾਈਵਰ ਇੰਨੇ ਨੂੰ ਜ਼ਖ਼ਮੀ ਦੇ ਇਲਾਜ ਦੇ ਸਿਲਸਿਲੇ ’ਚ ਡਾਕਟਰ ਨੂੰ ਮਿਲਣ ਲਈ ਉਨ੍ਹਾਂ ਦੇ ਕਮਰੇ ਵੱਲ ਗਿਆ। ਜਦੋਂ ਉਹ ਕਮਰੇ ਅੰਦਰ ਵੜਿਆ ਤਾਂ ਡਾਕਟਰ ਦੀ ਖ਼ਾਲੀ ਕੁਰਸੀ ਦੇਖ ਕੇ ਉਸ ਨੇ ਬੜੇ ਗੁੱਸੇ ਵਿਚ ਉੱਥੇ ਖੜੇ੍ਹ ਲੋਕਾਂ ਤੋਂ ਪੁੱਛਿਆ, ‘‘ਕਿੱਥੇ ਹੈ ਡਾਕਟਰ, ਪਤਾ ਨਹੀਂ ਇੱਥੇ ਕਿਸੇ ਦੀ ਜਾਨ ਜਾ ਰਹੀ ਹੈ।’’ ਉਸ ਡਰਾਈਵਰ ਦੀ ਇਹ ਗੱਲ ਸੁਣ ਕੇ ਉੱਥੇ ਖੜੇ੍ਹ ਲੋਕਾਂ ਨੇ ਦੱਸਿਆ ਕਿ ਬਾਹਰ ਕਿਸੇ ਗੱਡੀ ਦੀਆਂ ਤੇਜ਼ੀ ਨਾਲ ਲੱਗੀਆਂ ਬਰੇਕਾਂ ਦੀ ਆਵਾਜ਼ ਸੁਣ ਕੇ ਡਾਕਟਰ ਸਾਹਿਬ ਤਾਂ ਅਚਾਨਕ ਕੁਰਸੀ ਤੋਂ ਉੱਠੇ ਅਤੇ ਟਰਾਲੀ ਫੜ ਕੇ ਬਾਹਰ ਵੱਲ ਭੱਜੇ ਹਨ।

ਇੰਨੇ ਨੂੰ ਉਹ ਐਨਕਾਂ ਵਾਲਾ ਵਿਅਕਤੀ, ਜੋ ਟਰਾਲੀ ਲੈ ਕੇ ਬਾਹਰ ਗਿਆ ਸੀ, ਜ਼ਖ਼ਮੀ ਦਾ ਇਲਾਜ ਕਰ ਕੇ ਡਾਕਟਰ ਵਾਲੇ ਕਮਰੇ ਵੱਲ ਆਇਆ ਅਤੇ ਡਾਕਟਰ ਦੀ ਕੁਰਸੀ ਉੱਤੇ ਬੈਠ ਗਿਆ। ਇਹ ਸਭ ਦੇਖ ਕੇ ਉਹ ਡਰਾਈਵਰ ਹੈਰਾਨ ਹੋ ਗਿਆ ਅਤੇ ਉਸ ਦਾ ਗੁੱਸਾ ਪਲਾਂ ਵਿਚ ਹੀ ਕਿਧਰੇ ਗੁਆਚ ਗਿਆ। ਡਾਕਟਰ ਨੇ ਉਸ ਡਰਾਈਵਰ ਨੂੰ ਦੇਖ ਕੇ ਕਿਹਾ, ‘‘ਤੁਹਾਡਾ ਮਰੀਜ਼ ਹੁਣ ਖ਼ਤਰੇ ਤੋਂ ਬਾਹਰ ਹੈ ਅਤੇ ਤੁਸੀਂ ਬਹੁਤ ਵਧੀਆ ਕੀਤਾ ਜੋ ਸਹੀ ਸਮੇਂ ’ਤੇ ਉਸ ਨੂੰ ਹਸਪਤਾਲ ਲੈ ਆਏ।’’ ਇਹ ਸੁਣ ਕੇ ਉਸ ਡਰਾਈਵਰ ਨੇ ਡਾਕਟਰ ਸਾਹਿਬ ਨੂੰ ਕਿਹਾ, ‘‘ਜਦੋਂ ਤੁਸੀਂ ਟਰਾਲੀ ਲੈ ਕੇ ਬਾਹਰ ਆਏ ਤਾਂ ਮੈਨੂੰ ਲੱਗਾ ਕਿ ਇਹ ਐਨਕਾਂ ਵਾਲਾ ਵਿਅਕਤੀ ਕੋਈ ਸੇਵਾਦਾਰ ਹੈ। ਮੈਂ ਬਹੁਤ ਵਾਰ ਜ਼ਖ਼ਮੀ ਵਿਅਕਤੀ ਹਸਪਤਾਲ ਲੈ ਕੇ ਆਉਂਦਾ ਰਿਹਾ ਹਾਂ ਪਰ ਇਹ ਪਹਿਲੀ ਵਾਰ ਦੇਖਿਆ ਕਿ ਕੋਈ ਡਾਕਟਰ ਮਰੀਜ਼ ਦੇ ਇਲਾਜ ਦੇ ਨਾਲ-ਨਾਲ ਸੇਵਾਦਾਰ ਵਾਲਾ ਕੰਮ ਵੀ ਕਰ ਰਿਹਾ ਹੈ।’’ ਡਰਾਈਵਰ ਦੀ ਇਹ ਗੱਲ ਸੁਣ ਕੇ ਡਾਕਟਰ ਸਾਹਿਬ ਨਿੰਮ੍ਹਾ-ਨਿੰਮ੍ਹਾ ਮੁਸਕਰਾਉਂਦੇ ਹੋਏ ਬੋਲੇ, ‘‘ਮੇਰੇ ਲਈ ਵਿਅਕਤੀ ਦੀ ਜਾਨ ਸਭ ਤੋਂ ਕੀਮਤੀ ਹੈ। ਜੇ ਕਿਸੇ ਡਾਕਟਰ ਦੇ ਸੇਵਾਦਾਰ ਬਣਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ।’’

ਇਹ ਗੱਲ ਸੁਣ ਕੇ ਉਸ ਡਰਾਈਵਰ ਨੇ ਜਦੋਂ ਡਾਕਟਰ ਸਾਹਿਬ ਤੋਂ ਉਨ੍ਹਾਂ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਨੇ ਹੱਸ ਕੇ ਕਿਹਾ ‘ਸੇਵਾਦਾਰ।’ ਡਰਾਈਵਰ ਉਨ੍ਹਾਂ ਅੱਗੇ ਹੱਥ ਜੋੜ ਕੇ ਫ਼ਤਿਹ ਬੁਲਾ ਕੇ ਜਦੋਂ ਬਾਹਰ ਆ ਰਿਹਾ ਸੀ ਤਾਂ ਉਸ ਨੇ ਡਾਕਟਰ ਦੇ ਕਮਰੇ ਦੇ ਬਾਹਰ ਲੱਗੀ ਤਖ਼ਤੀ ਦੇਖੀ ਜਿਸ ’ਤੇ ਲਿਖਿਆ ਸੀ ‘ਡਾ. ਰਾਜੀਵ ਪੁਰੀ, ਐੱਮਐੱਸ ਸਰਜਨ।

ਡਾਕਟਰ ਰਾਜੀਵ ਪੁਰੀ ਨੇ ਬੇਸ਼ੱਕ ਉਸ ਡਰਾਈਵਰ ਨੂੰ ਹੱਸਦੇ ਹੋਏ ਆਪਣਾ ਨਾਮ ‘ਸੇਵਾਦਾਰ’ ਦੱਸਿਆ ਸੀ ਪਰ ਅਸਲ ਵਿਚ ਉਨ੍ਹਾਂ ਦਾ ਇਹੋ ਅਸਲ ਨਾਮ ਹੈ। ਜੇਕਰ ਕੋਈ ਡਾਕਟਰ ਰਾਜੀਵ ਤੋਂ ਉਨ੍ਹਾਂ ਦੇ ਡਾਕਟਰ ਤੋਂ ਸੇਵਾਦਾਰ ਬਣਨ ਦਾ ਕਾਰਨ ਪੁੱਛਦਾ ਹੈ ਤਾਂ ਉਹ ਆਪਣੀ ਡਾਕਟਰੀ ਦੀ ਪੜ੍ਹਾਈ ਦੌਰਾਨ ਆਏ ‘ਦੋ ਸਵਾਲ’ ਚੇਤੇ ਕਰਵਾ ਦਿੰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਡਾਕਟਰੀ ਦੀ ਪੜ੍ਹਾਈ ਦੌਰਾਨ ਡਾਕਟਰ ਨਹੀਂ ਸਗੋਂ ‘ਸੇਵਾਦਾਰ’ ਬਣਾਇਆ।

ਸਾਲ 1982 ਦੌਰਾਨ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਚ ਡਾਕਟਰੀ ਦੀ ਪੜ੍ਹਾਈ ਕਰਦੇ ਹੋਏ ਟਰੇਨਿੰਗ ਦੌਰਾਨ ਡਾ. ਰਾਜੀਵ ਪੁਰੀ ਦੀ ਡਿਊਟੀ ਬੱਚਿਆਂ ਦੇ ਵਾਰਡ ਵਿਚ ਲੱਗੀ ਹੋਈ ਸੀ। ਉਸ ਸਮੇਂ ਜਦੋਂ ਉਹ ਬੱਚਿਆਂ ਦੇ ਵਾਰਡ ਵਿਚ ਸੀਨੀਅਰ ਡਾਕਟਰ ਨਾਲ ਬੱਚਿਆਂ ਦਾ ਇਲਾਜ ਕਰ ਰਹੇ ਸਨ ਤਾਂ ਇਕ ਬੱਚੇ ਦੇ ਮਾਂ-ਪਿਓ ਨੇ ਖ਼ੁਸ਼ੀ ਨਾਲ ਡਾਕਟਰਾਂ ਦੀ ਸੇਵਾ ਲਈ ਉਨ੍ਹਾਂ ਨੂੰ ਆਪਣੇ ਘਰ ਖਾਣੇ ’ਤੇ ਬੁਲਾਇਆ। ਗੱਲ ਇਹ ਸੀ ਕਿ ਉਸ ਮਾਂ-ਪਿਓ ਦੀ ਇਕਲੌਤੀ ਔਲਾਦ ਨੂੰ ਡਾਕਟਰ ਨੇ ਕਿਸੇ ਗੰਭੀਰ ਬਿਮਾਰੀ ਤੋਂ ਬਚਾਇਆ ਸੀ।

ਉਸ ਮਾਂ-ਪਿਓ ਦੇ ਇੰਨੇ ਸਤਿਕਾਰ ਨਾਲ ਦਿੱਤੇ ਖਾਣੇ ਦੇ ਸੱਦੇ ਨੂੰ ਕਬੂਲਦੇ ਹੋਏ ਡਾਕਟਰ ਰਾਜੀਵ ਪੁਰੀ ਆਪਣੇ ਸਾਥੀ ਡਾਕਟਰ ਨਾਲ ਉਨ੍ਹਾਂ ਦੇ ਘਰ ਗਏ। ਜਦੋਂ ਉਹ ਘਰ ਦੇ ਅੰਦਰ ਆਏ ਤਾਂ ਉਸ ਗ਼ਰੀਬ ਪਰਿਵਾਰ ਦੇ ਘਰ ਦੀ ਹਾਲਤ ਦੇਖ ਕੇ ਦੰਗ ਰਹਿ ਗਏ। ਘਰ ਦੇ ਅੰਦਰ ਨਾ ਕੋਈ ਸੌਣ ਲਈ ਮੰਜਾ ਸੀ ਅਤੇ ਨਾ ਹੀ ਬੈਠਣ ਲਈ ਕੁਰਸੀਆਂ ਅਤੇ ਮੇਜ਼। ਬੱਚੇ ਦੇ ਮਾਂ-ਪਿਓ ਨੇ ਆਪਣੇ ਘਰ ਆਏ ਮਹਿਮਾਨਾਂ ਲਈ ਪਹਿਲਾਂ ਤੋਂ ਹੀ ਭੁੰਜੇ ਬੜੇ ਸਲੀਕੇ ਨਾਲ ਚਟਾਈ ਵਿਛਾਈ ਹੋਈ ਸੀ। ਖਾਣ ਖਾਣ ਤੋਂ ਪਹਿਲਾਂ ਬੱਚੇ ਦੇ ਮਾਪਿਆਂ ਨੇ ਉਨ੍ਹਾਂ ਨੂੰ ਇਕ ਲੱਕੜ ਦੀ ਪੀੜ੍ਹੀ ਉੱਤੇ ਬਿਠਾਇਆ ਜਿੱਥੇ ਕੋਲ ਹੀ ਪਾਣੀ ਦੀ ਭਰੀ ਬਾਲਟੀ ਰੱਖੀ ਹੋਈ ਸੀ। ਮੀਆਂ-ਬੀਵੀ ਨੇ ਦੋਵਾਂ ਡਾਕਟਰਾਂ ਦੇ ਪੈਰ ਆਪਣੇ ਹੱਥੀਂ ਧੋਤੇ। ਇਸ ਦਰਮਿਆਨ ਜਦੋਂ ਡਾਕਟਰ ਇਹ ਕਰਨ ਤੋਂ ਮਨਾਂ ਕਰ ਰਹੇ ਸਨ ਤਾਂ ਉਹ ਮੀਆਂ-ਬੀਵੀ ਬਸ ਇੱਕੋ ਗੱਲ ਕਹਿ ਰਹੇ ਸਨ ਕਿ ਸਾਨੂੰ ਇਹ ਸੇਵਾ ਕਰਨ ਦਿਓ ਕਿਉਂਕਿ ਤੁਸੀਂ ਸਾਡੇ ਬੱਚੇ ਦੀ ਜ਼ਿੰਦਗੀ ਬਚਾਈ ਹੈ ਅਤੇ ਤੁਸੀਂ ਸਾਡੇ ਲਈ ਰੱਬ ਹੋ। ਡਾਕਟਰ ਰਾਜੀਵ ਪੁਰੀ ਦੇ ਨਾਲ ਦੇ ਸੀਨੀਅਰ ਡਾਕਟਰ ਉਸ ਮਾਂ-ਪਿਓ ਦੀ ਇਹ ਗੱਲ ਸੁਣ ਕੇ ਕਹਿ ਰਹਿ ਸਨ ਕਿ ਅਸੀਂ ਰੱਬ ਨਹੀਂ, ਅਸੀਂ ਤਾਂ ਸੇਵਾਦਾਰ ਹਾਂ ਤੁਹਾਡੇ। ਜੋ ਅਸੀਂ ਤੁਹਾਡੇ ਬੱਚੇ ਲਈ ਕੀਤਾ, ਉਹ ਸਾਡੀ ਸਭ ਤੋਂ ਅਹਿਮ ਡਿਊਟੀ ਸੀ।

ਡਾਕਟਰਾਂ ਦੇ ਪੈਰ ਧੋਣ ਪਿੱਛੋਂ ਆਪਣੇ ਮਹਿਮਾਨਾਂ ਨੂੰ ਮੀਆਂ-ਬੀਵੀ ਨੇ ਬੜੇ ਪਿਆਰ ਨਾਲ ਖਾਣਾ ਖੁਆਇਆ। ਜਿੰਨੀ ਦੇਰ ਮਹਿਮਾਨ ਡਾਕਟਰ ਉਸ ਘਰ ਵਿਚ ਰਹੇ ਉਸ ਬੱਚੇ ਦੇ ਮਾਪਿਆਂ ਦੇ ਹੱਥ ਸਤਿਕਾਰ ਨਾਲ ਜੁੜੇ ਰਹੇ ਅਤੇ ਚਿਹਰੇ ਖਿੜੇ ਰਹੇ।

ਜਦੋਂ ਖਾਣਾ ਖਾਣ ਪਿੱਛੋਂ ਡਾਕਟਰ ਰਾਜੀਵ ਪੁਰੀ ਅਤੇ ਉਨ੍ਹਾਂ ਦੇ ਸੀਨੀਅਰ ਡਾਕਟਰ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਡਾਕਟਰ ਪੁਰੀ ਨੂੰ ਕਿਹਾ, ‘‘ਅੱਜ ਜੋ ਹੋਇਆ ਅਸਲ ਵਿਚ ਇਹ ਵੀ ਆਪਣੀ ਟਰੇਨਿੰਗ ਦਾ ਹੀ ਹਿੱਸਾ ਸੀ ਰਾਜੀਵ ਪਰ ਇਹ ਕਿਸੇ-ਕਿਸੇ ਦੇ ਹਿੱਸੇ ਆਉਂਦੈ। ਬਸ ਮੇਰੇ ਇਹ ‘ਦੋ ਸਵਾਲ’ ਹਮੇਸ਼ਾ ਯਾਦ ਰੱਖਿਓ ਕਿ ਹਸਪਤਾਲ ਵਿਚ ਕਈ ਡਾਕਟਰ ਸਨ ਪਰ ਇਸ ਮਾਂ-ਪਿਓ ਨੇ ਆਪਣੇ ਘਰ ਖਾਣੇ ਉੱਤੇ ਸਿਰਫ਼ ਆਪਾਂ ਦੋਹਾਂ ਨੂੰ ਹੀ ਕਿਉਂ ਚੁਣਿਆ? ਅਤੇ ਦੂਜਾ ਸਵਾਲ, ਤੁਸੀਂ ‘ਡਾਕਟਰ’ ਬਣਨਾ ਹੈ ਜਾਂ ‘ਸੇਵਾਦਾਰ?

ਆਪਣੇ ਸੀਨੀਅਰ ਡਾਕਟਰ ਵੱਲੋਂ ਰੱਖੇ ਇਨ੍ਹਾਂ ‘ਦੋ ਸਵਾਲਾਂ’ ਨੇ ਡਾਕਟਰ ਪੁਰੀ ਦੀ ਸੋਚ ਨੂੰ ਸਾਰੀ ਜ਼ਿੰਦਗੀ ਲਈ ਬਦਲ ਦਿੱਤਾ। ਡਾਕਟਰ ਪੁਰੀ ਅਕਸਰ ਆਖਦੇ ਨੇ ਕਿ ਜਦੋਂ ਵੀ ਮੈਂ ਕਿਸੇ ਮਰੀਜ਼ ਦਾ ਇਲਾਜ ਕਰਦਾ ਹਾਂ ਤਾਂ ਇਹ ‘ਦੋ ਸਵਾਲ’ ਮੇਰੇ ਸਾਹਮਣੇ ਆ ਕੇ ਖਲੋ ਜਾਂਦੇ ਹਨ। ਡਾਕਟਰ ਪੁਰੀ ਬੇਸ਼ੱਕ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ ਤੋਂ ਸਾਲਾਂ ਪਹਿਲਾਂ ਸੇਵਾ ਮੁਕਤ ਹੋ ਗਏ ਹਨ ਪਰ ਆਪਣੇ ‘ਸੇਵਾਦਾਰ’ ਦੇ ਅਹੁਦੇ ਤੋਂ ਉਹ ਕਦੇ ਵੀ ਸੇਵਾ ਮੁਕਤ ਨਹੀਂ ਹੋਣਗੇ।

-ਸੰਪਰਕ : 98884-13836

Posted By: Jagjit Singh