-ਸੰਜੇ ਗੁਪਤ

ਬੰਗਾਲ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਵਿਚ ਇਹ ਜੋ ਆਤਮ-ਵਿਸ਼ਵਾਸ ਆਇਆ ਕਿ ਉਹ ਕੌਮੀ ਪੱਧਰ ’ਤੇ ਰਾਜਨੀਤੀ ਕਰ ਸਕਦੇ ਹਨ, ਉਸ ਦਾ ਉਹ ਇਨ੍ਹੀਂ ਦਿਨੀਂ ਖੁੱਲ੍ਹ ਕੇ ਸਬੂਤ ਦੇਣ ਵਿਚ ਰੁੱਝੇ ਹੋਏ ਹਨ।

ਇਸੇ ਸਿਲਸਿਲੇ ਵਿਚ ਬੀਤੇ ਦਿਨੀਂ ਉਨ੍ਹਾਂ ਨੇ ਮੁੰਬਈ ਦਾ ਦੌਰਾ ਕੀਤਾ ਅਤੇ ਉੱਥੇ ਰਾਕਾਂਪਾ ਦੇ ਚੋਟੀ ਦੇ ਨੇਤਾ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਦੇ ਨੇਤਾਵਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਦੌਰਾਨ ਮਮਤਾ ਬੈਨਰਜੀ ਨੇ ਰਾਹੁਲ ਗਾਂਧੀ ਦੇ ਵਿਦੇਸ਼ ਦੌਰਿਆਂ ’ਤੇ ਵਿਅੰਗ ਕਰਦਿਆਂ ਇਹ ਵੀ ਕਹਿ ਦਿੱਤਾ ਕਿ ਹੁਣ ਕਿਤੇ ਕੋਈ ਯੂਪੀਏ ਨਹੀਂ ਬਚਿਆ ਹੈ।

ਮਮਤਾ ਬੈਨਰਜੀ ਦੀ ਇਸ ਟਿੱਪਣੀ ਦਾ ਸਿੱਧਾ ਮਤਲਬ ਹੈ ਕਿ ਹੁਣ ਉਹ ਵਿਰੋਧੀ ਧਿਰ ਦੀ ਅਗਵਾਈ ਕਰਨੀ ਚਾਹੁੰਦੇ ਹਨ। ਇਸ ਮਕਸਦ ਲਈ ਉਹ ਦੂਜੇ ਸੂਬਿਆਂ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਵਿਚ ਸ਼ਾਮਲ ਕਰਨ ਵਿਚ ਰੁੱਝੇ ਹੋਏ ਹਨ। ਅਜੇ ਬੀਤੇ ਦਿਨੀਂ ਹੀ ਮੇਘਾਲਿਆ ਵਿਚ ਕਾਂਗਰਸ ਦੇ 12 ਵਿਧਾਇਕ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਏ।

ਇਸ ਤੋਂ ਪਹਿਲਾਂ ਗੋਆ, ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ ਦੇ ਕਈ ਨੇਤਾ ਤ੍ਰਿਣਮੂਲ ਕਾਂਗਰਸ ਵਿਚ ਜਾ ਚੁੱਕੇ ਹਨ। ਮਮਤਾ ਬੈਨਰਜੀ ਇਕ ਜੁਝਾਰੂ ਨੇਤਾ ਹਨ। ਉਨ੍ਹਾਂ ਨੇ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਅਤੇ ਫਿਰ ਕਾਂਗਰਸ ਦੇ ਨਾਲ-ਨਾਲ ਖੱਬੇ-ਪੱਖੀ ਪਾਰਟੀਆਂ ਨੂੰ ਵੀ ਚੁਣੌਤੀ ਦਿੱਤੀ। ਉਹ ਬੰਗਾਲ ਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੇਂਦਰ ਦੀ ਵਾਜਪਾਈ ਸਰਕਾਰ ਵਿਚ ਮੰਤਰੀ ਵੀ ਰਹਿ ਚੁੱਕੇ ਹਨ। ਮਮਤਾ ਕੋਲ ਚੰਗਾ-ਖਾਸਾ ਤਜਰਬਾ ਹੈ। ਇਸ ਸਮੇਂ ਰਾਕਾਂਪਾ ਦੇ ਸ਼ਰਦ ਪਵਾਰ ਨੂੰ ਛੱਡ ਦੇਈਏ ਤਾਂ ਉਹ ਖੇਤਰੀ ਪਾਰਟੀਆਂ ਵਿਚ ਸਭ ਤੋਂ ਕੱਦਾਵਰ ਨੇਤਾ ਹਨ। ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਉਹ ਯੂਪੀਏ ਨੂੰ ਇਸ ਲਈ ਖ਼ਾਰਜ ਕਰ ਰਹੇ ਹਨ ਕਿਉਂਕਿ ਇਸ ਸਮੇਂ ਕਾਂਗਰਸ ਦਾ ਬੁਰਾ ਹਾਲ ਹੈ।

ਅਸਲ ਵਿਚ ਕਾਂਗਰਸ ਬੀਤੇ ਛੇ-ਸੱਤ ਸਾਲਾਂ ਤੋਂ ਆਪਣੀ ਸਿਆਸੀ ਜ਼ਮੀਨ ਗੁਆਉਂਦੀ ਜਾ ਰਹੀ ਹੈ। ਕਾਂਗਰਸ ਦੀ ਬਦਹਾਲੀ ਦਾ ਮੁੱਖ ਕਾਰਨ ਇਹ ਹੈ ਕਿ ਪਾਰਟੀ ਗਾਂਧੀ ਪਰਿਵਾਰ ਦੀ ਖੁਸ਼ਾਮਦ ਕਰਨ ਲਈ ਮਜਬੂਰ ਹੈ। ਭਾਵੇਂ ਹੀ ਇਸ ਸਮੇਂ ਰਾਹੁਲ ਗਾਂਧੀ ਕਾਂਗਰਸ ਦੀ ਕਮਾਨ ਨਾ ਸੰਭਾਲ ਰਹੇ ਹੋਣ ਪਰ ਉਹ ਪਰਦੇ ਦੇ ਪਿੱਛਿਓਂ ਉਸੇ ਤਰ੍ਹਾਂ ਉਸ ਦਾ ਸੰਚਾਲਨ ਕਰ ਰਹੇ ਹਨ ਜਿਵੇਂ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਰੂਪ ਵਿਚ ਕਰਦੇ ਸਨ।

ਰਾਹੁਲ ਗਾਂਧੀ ਦੀ ਨਾਕਾਮੀ ਕਾਰਨ ਹੀ ਕਾਂਗਰਸ ਰਸਾਤਲ ਵਿਚ ਜਾ ਰਹੀ ਹੈ ਪਰ ਪਾਰਟੀ ਦੇ ਨੇਤਾ ਅਜਿਹਾ ਕਹਿਣ ਦਾ ਹੌਸਲਾ ਨਹੀਂ ਕਰ ਰਹੇ। ਰਾਹੁਲ ਗਾਂਧੀ ਦੇ ਸਮਰਥਕ ਭਾਵੇਂ ਹੀ ਉਨ੍ਹਾਂ ਨੂੰ ਵਿਰੋਧੀ ਧਿਰ ਦੀ ਵੱਡੀ ਤਾਕਤ ਦੱਸਦੇ ਰਹਿਣ ਪਰ ਮਮਤਾ ਬੈਨਰਜੀ ਸਮੇਤ ਕਈ ਨੇਤਾ ਅਜਿਹਾ ਮੰਨਣ ਲਈ ਹਰਗਿਜ਼ ਤਿਆਰ ਨਹੀਂ ਹਨ।

ਮਮਤਾ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਰਾਹੁਲ ਗਾਂਧੀ ’ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਕਿਸੇ ਨੂੰ ਵਿਰੋਧੀ ਧਿਰ ਦੀ ਅਗਵਾਈ ਕਰਨ ਦਾ ਦੈਵੀ ਅਧਿਕਾਰ ਹਾਸਲ ਨਹੀਂ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਲਗਾਤਾਰ ਚੋਣਾਂ ਹਾਰਦੀ ਜਾ ਰਹੀ ਹੈ। ਕਾਂਗਰਸ 2014 ਤੋਂ ਬਾਅਦ 2019 ਵਿਚ ਹੋਈਆਂ ਆਮ ਚੋਣਾਂ ਤਾਂ ਹਾਰੀ ਹੀ, ਕਈ ਸੂਬਿਆਂ ਵਿਚ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਕਾਂਗਰਸ ਦੀ ਰਾਜਨੀਤਕ ਜ਼ਮੀਨ ’ਤੇ ਜਾਂ ਤਾਂ ਭਾਜਪਾ ਜਾਂ ਫਿਰ ਖੇਤਰੀ ਪਾਰਟੀਆਂ ਕਾਬਜ਼ ਹੁੰਦੀਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਦੇ ਫ਼ੈਸਲੇ ਕਾਂਗਰਸ ਨੂੰ ਕਿਸ ਤਰ੍ਹਾਂ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ, ਇਸ ਦਾ ਤਾਜ਼ਾ ਸਬੂਤ ਹੈ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਖੂੰਜੇ ਲਾ ਕੇ ਨਵਜੋਤ ਸਿੰਘ ਸਿੱਧੂ ’ਤੇ ਦਾਅ ਲਗਾਉਣਾ ਹੈ ਜੋ ਭਾਜਪਾ ਤੋਂ ਕਾਂਗਰਸ ਵਿਚ ਆਏ ਸਨ। ਪੰਜਾਬ ਵਿਚ ਲੀਡਰਸ਼ਿਪ ਤਬਦੀਲੀ ਕੀਤੇ ਜਾਣ ਤੋਂ ਬਾਅਦ ਤੋਂ ਹੀ ਕਾਂਗਰਸ ਪਾਟੋਧਾੜ ਦਾ ਸ਼ਿਕਾਰ ਹੈ। ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ’ਤੇ ਹਮਲਾਵਰ ਹਨ। ਕਾਂਗਰਸ ਦੇ ਕੇਂਦਰ ਦੀ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਤੋਂ ਹੀ ਗਾਂਧੀ ਪਰਿਵਾਰ ਇਸ ਤਰ੍ਹਾਂ ਵਿਵਹਾਰ ਕਰ ਰਿਹਾ ਹੈ ਜਿਵੇਂ ਕਿਸੇ ਰਾਜਾ-ਮਹਾਰਾਜਾ ਤੋਂ ਉਸ ਦਾ ਰਾਜ-ਭਾਗ ਖੋਹ ਲਿਆ ਹੋਵੇ।

ਰਾਹੁਲ ਗਾਂਧੀ ਦੀ ਤਰ੍ਹਾਂ ਪਿ੍ਰਅੰਕਾ ਗਾਂਧੀ ਦੀ ਵੀ ਸਾਰੀ ਦੀ ਸਾਰੀ ਸਿਆਸਤ ਪ੍ਰਧਾਨ ਮੰਤਰੀ ਮੋਦੀ ਦੀ ਵਿਰੋਧਤਾ ’ਤੇ ਕੇਂਦ੍ਰਿਤ ਹੈ। ਉਨ੍ਹਾਂ ਦੇ ਤੌਰ-ਤਰੀਕੇ ਵੈਸੇ ਹੀ ਹਨ, ਜਿਹੋ-ਜਿਹੇ ਰਾਹੁਲ ਗਾਂਧੀ ਦੇ। ਰਾਹੁਲ ਰਾਜਨੀਤੀ ਵਿਚ ਲੰਬਾ ਸਮਾਂ ਗੁਜ਼ਾਰ ਚੁੱਕੇ ਹਨ ਪਰ ਉਹ ਅਜੇ ਵੀ ਗ਼ੈਰ-ਤਜਰਬੇਕਾਰ ਹੀ ਨਜ਼ਰ ਆਉਂਦੇ ਹਨ।

ਵਿਡੰਬਣਾ ਇਹ ਰਹੀ ਕਿ ਯੂਪੀਏ ਸਰਕਾਰ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਵਿਚ ਉਨ੍ਹਾਂ ਨੇ ਸਰਕਾਰ ਵਿਚ ਸ਼ਾਮਲ ਹੋ ਕੇ ਤਜਰਬਾ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ। ਜੇਕਰ ਉਨ੍ਹਾਂ ਨੇ ਸਰਕਾਰ ਦਾ ਹਿੱਸਾ ਬਣ ਕੇ ਤਜਰਬਾ ਹਾਸਲ ਕੀਤਾ ਹੁੰਦਾ ਤਾਂ ਯਕੀਨਨ ਕਾਂਗਰਸ ਨੂੰ ਸਹੀ ਦਿਸ਼ਾ ਦੇਣ ਦੇ ਸਮਰੱਥ ਬਣ ਸਕਦੇ ਸਨ। ਜਦੋਂ ਉਨ੍ਹਾਂ ਨੇ ਤਜਰਬਾ ਹਾਸਲ ਕਰਨਾ ਸੀ, ਉਦੋਂ ਤਾਂ ਉਹ ਆਪਣੀ ਹੀ ਸਰਕਾਰ ਤੇ ਆਪਣੇ ਹੀ ਪ੍ਰਧਾਨ ਮੰਤਰੀ ਦੇ ਬਣਾਏ ਗਏ ਕਾਨੂੰਨਾਂ ਦੀਆਂ ਕਾਪੀਆਂ ਮੀਡੀਆ ਸਾਹਮਣੇ ਫਾੜ ਰਹੇ ਸਨ। ਉਨ੍ਹਾਂ ਦੀ ਰਾਜਨੀਤੀ ਦਾ ਮਕਸਦ ਗ਼ਰੀਬਾਂ ਨੂੰ ਉਨ੍ਹਾਂ ਦੀ ਗ਼ਰੀਬੀ ਦਾ ਅਹਿਸਾਸ ਕਰਵਾਉਣਾ ਜਾਂ ਫਿਰ ਉਨ੍ਹਾਂ ਨੂੰ ਸਰਕਾਰੀ ਮਦਦ ’ਤੇ ਆਸ਼ਰਿਤ ਰੱਖਣਾ ਹੀ ਦਿਸਦਾ ਹੈ। ਇਸੇ ਵਜ੍ਹਾ ਕਾਰਨ ਉਹ ਸਿਆਸੀ ਤੌਰ ’ਤੇ ਮਾਤ ਖਾਂਦੇ ਜਾ ਰਹੇ ਹਨ।

ਰਾਹੁਲ ਗਾਂਧੀ ਜਦੋਂ ਤਕ ਹਕੀਕਤ ਨੂੰ ਸਵੀਕਾਰ ਨਹੀਂ ਕਰਨਗੇ, ਉਦੋਂ ਤਕ ਕਾਂਗਰਸ ਦੀ ਬੇੜੀ ਪਾਰ ਨਹੀਂ ਲਾ ਸਕਣਗੇ।ਉਹ ਇਹ ਸਮਝਣ ਨੂੰ ਤਿਆਰ ਨਹੀਂ ਕਿ ਹੁਣ ਗ਼ਰੀਬ ਤਬਕਾ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਨੂੰ ਤਿਆਰ ਹੈ। ਰਾਹੁਲ ਗਾਂਧੀ ਦੇਸ਼ ਦੇ ਉਸ ਮੱਧ ਵਰਗ ਦੀ ਵੀ ਅਣਦੇਖੀ ਕਰ ਰਹੇ ਹਨ ਜੋ ਪਹਿਲਾਂ ਨਾਲੋਂ ਬਹੁਤ ਵੱਡਾ ਹੋ ਚੁੱਕਾ ਹੈ ਅਤੇ ਜਿਸ ਦੀਆਂ ਉਮੀਦਾਂ ਵੀ ਵਧਦੀਆਂ ਜਾ ਰਹੀਆਂ ਹਨ।

ਗ਼ਰੀਬ ਤਬਕਾ ਹੋਵੇ ਜਾਂ ਮੱਧ ਵਰਗ, ਉਹ ਕਾਂਗਰਸ ਵੱਲ ਖਿੱਚਿਆ ਨਹੀਂ ਜਾ ਰਿਹਾ। ਇਸ ਦਾ ਇੱਕੋ-ਇਕ ਕਾਰਨ ਨਜ਼ਰ ਆਉਂਦਾ ਹੈ, ਉਹ ਹੈ ਕਾਂਗਰਸ ਦੀਆਂ ਘਿਸੀਆਂ-ਪਿਟੀਆਂ ਨੀਤੀਆਂ। ਰਾਹੁਲ ਗਾਂਧੀ ਆਪਣੀਆਂ ਹੀ ਬਣਾਈਆਂ ਨੀਤੀਆਂ ਤੋਂ ਕਿਸ ਤਰ੍ਹਾਂ ਪਲਟ ਜਾਂਦੇ ਹਨ, ਇਸ ਦੀਆਂ ਇਕ ਨਹੀਂ ਅਨੇਕਾਂ ਮਿਸਾਲਾਂ ਹਨ ਜਿਨ੍ਹਾਂ ਵਿਚੋਂ ਇਕ ਹੈ ਖੇਤੀ ਕਾਨੂੰਨਾਂ ਦਾ ਵਿਰੋਧ। ਹੁਣ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਕਾਂਗਰਸ ਭਾਵੇਂ ਆਪਣੀ ਜਿੱਤ ਮੰਨ ਰਹੀ ਹੋਵੇ ਪਰ ਜੇ ਉਹ ਇਸ ਮੁੱਦੇ ’ਤੇ ਸਿਆਸੀ ਲਾਹਾ ਲੈਣ ਦੀ ਸੋਚ ਰਹੀ ਹੈ ਤਾਂ ਉਹ ਵੱਡੇ ਭੁਲੇਖੇ ਵਿਚ ਹੀ ਹੈ। ਕਾਂਗਰਸ ਨੂੰ ਇਸ ਮੁੱਦੇ ’ਤੇ ਨਕਸਾਨ ਸਹਿਣਾ ਪਵੇ ਤਾਂ ਹੈਰਤ ਨਹੀਂ। ਬਿਹਤਰ ਹੋਵੇਗਾ ਕਿ ਕਾਂਗਰਸ ਦੇ ਜੀ-23 ਸਮੂਹ ਦੇ ਨੇਤਾ ਅੱਗੇ ਆਉਣ ਅਤੇ ਪਾਰਟੀ ਨੂੰ ਦਿਸ਼ਾ ਦੇਣ ਦਾ ਕੰਮ ਕਰਨ। ਜੀ-23 ਦੇ ਨੇਤਾਵਾਂ ਨੂੰ ਹਰ ਕੀਮਤ ’ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਿਸੇ ਖੇਤਰੀ ਪਾਰਟੀ ਦਾ ਰਾਸ਼ਟਰੀ ਪੱਧਰ ’ਤੇ ਉੱਭਰਨਾ ਕਾਂਗਰਸ ਦੀ ਕੀਮਤ ’ਤੇ ਬਿਲਕੁਲ ਨਾ ਹੋ ਸਕੇ।

ਕਾਂਗਰਸ ਦਾ ਕਮਜ਼ੋਰ ਹੁੰਦੇ ਜਾਣਾ ਲੋਕਤੰਤਰ ਦੇ ਹਿੱਤ ਵਿਚ ਨਹੀਂ ਹੈ।ਇਹ ਤਾਂ ਸਮਾਂ ਹੀ ਦੱਸੇਗਾ ਕਿ ਮਮਤਾ ਬੈਨਰਜੀ ਆਪਣੀ ਅਗਵਾਈ ਵਿਚ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਵਿਚ ਸਮਰੱਥ ਹੋਣਗੇ ਜਾਂ ਨਹੀਂ ਪਰ ਇਹ ਆਮ ਗੱਲ ਨਹੀਂ ਕਿ ਖੇਤਰੀ ਪਾਰਟੀ ਦੇ ਰੂਪ ਵਿਚ ਤ੍ਰਿਣਮੂਲ ਕਾਂਗਰਸ ਰਾਸ਼ਟਰੀ ਪਾਰਟੀ ਕਾਂਗਰਸ ਨੂੰ ਚੁਣੌਤੀ ਦੇ ਰਹੀ ਹੈ।

ਤਮਾਮ ਆਤਮ-ਵਿਸ਼ਵਾਸ ਤੋਂ ਬਾਅਦ ਵੀ ਮਮਤਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਵਿਚ ਭਾਜਪਾ ਤੋਂ ਬਾਅਦ ਕਾਂਗਰਸ ਦਾ ਹੀ ਜਨ ਆਧਾਰ ਹੈ। ਜਿੱਥੇ ਉਸ ਨੂੰ ਦੇਸ਼ ਦੇ ਹਰ ਹਿੱਸੇ ਵਿਚ ਵੋਟਾਂ ਮਿਲਦੀਆਂ ਹਨ, ਓਥੇ ਤ੍ਰਿਣਮੂਲ ਕਾਂਗਰਸ ਦਾ ਬੰਗਾਲ ਤੋਂ ਬਾਹਰ ਕੋਈ ਜਨ ਆਧਾਰ ਨਹੀਂ ਹੈ। ਇਸ ਤੋਂ ਇਲਾਵਾ ਮਮਤਾ ਵੀ ਰਾਹੁਲ ਗਾਂਧੀ ਦੀ ਤਰ੍ਹਾਂ ਹੀ ਪੀਐੱਮ ਮੋਦੀ ਦੇ ਵਿਰੋਧ ਦੀ ਸਿਆਸਤ ਕਰ ਰਹੇ ਹਨ।

ਅਜੇ ਇਹ ਵੀ ਨਹੀਂ ਪਤਾ ਕਿ ਦੇਸ਼ ਦੇ ਭਖਦੇ ਮਸਲਿਆਂ ’ਤੇ ਉਨ੍ਹਾਂ ਦੀ ਰਾਇ ਕੀ ਹੈ? ਇਨ੍ਹਾਂ ਮੁੱਦਿਆਂ ’ਤੇ ਸੰਸਦ ਦੇ ਅੰਦਰ ਅਤੇ ਬਾਹਰ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਦੇ ਭਾਸ਼ਣ ਖੋਖਲੇ ਹੀ ਜ਼ਿਆਦਾ ਦਿਸਦੇ ਹਨ। ਜੇਕਰ ਮਮਤਾ ਬੈਨਰਜੀ ਕੌਮੀ ਪੱਧਰ ’ਤੇ ਆਪਣੀ ਛਾਪ ਛੱਡਣੀ ਚਾਹੁੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਨਾ ਸਿਰਫ਼ ਰਾਸ਼ਟਰੀ ਮਸਲਿਆਂ ’ਤੇ ਆਪਣਾ ਦ੍ਰਿਸ਼ਟੀਕੋਣ ਵਿਕਸਤ ਕਰਨਾ ਹੋਵੇਗਾ ਬਲਕਿ ਉਸ ਨਾਲ ਜਨਤਾ ਨੂੰ ਸਹਿਮਤ ਵੀ ਕਰਨਾ ਹੋਵੇਗਾ। ਜੇਕਰ ਮਮਤਾ ਬੈਨਰਜੀ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਓਨੀ ਸਫਲਤਾ ਸ਼ਾਇਦ ਨਾ ਮਿਲੇ ਜਿੰਨੀ ਦੀ ਉਹ ਉਮੀਦ ਕਰ ਰਹੇ ਹਨ।

-(ਲੇਖਕ ‘ਦੈਨਿਕ ਜਾਗਰਣ’ ਅਖ਼ਬਾਰ ਦੇ ਮੁੱਖ ਸੰਪਾਦਕ ਹਨ)

Posted By: Jatinder Singh