ਅਫ਼ਗਾਨਿਸਤਾਨ ਦੇ ਬਦਲਦੇ ਹਾਲਾਤ ਦਰਮਿਆਨ ਜੰਮੂ-ਕਸ਼ਮੀਰ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਸਰਕਾਰ ਦੀ ਚਿੰਤਾ ਵਧ ਜਾਣਾ ਸੁਭਾਵਿਕ ਹੈ। ਪਿਛਲੇ ਕੁਝ ਦਿਨਾਂ ’ਚ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਲਈ ਕਈ ਬੈਠਕਾਂ ਕੀਤੀਆਂ ਗਈਆਂ ਹਨ। ਸੁਰੱਖਿਆ ਏਜੰਸੀਆਂ ਨੂੰ ਚੌਕਸੀ ਵਧਾਉਣ ਦੀ ਜ਼ਰੂਰਤ ਹੈ। ਇਹ ਸਮੇਂ ਦੀ ਮੰਗ ਵੀ ਹੈ ਕਿਉਂਕਿ ਇਸ ਗੱਲ ਦਾ ਖ਼ਤਰਾ ਵਧ ਗਿਆ ਹੈ ਕਿ ਪਾਕਿਸਤਾਨ ਆਧਾਰਿਤ ਅੱਤਵਾਦੀ ਜਥੇਬੰਦੀਆਂ ਜੰਮੂ-ਕਸ਼ਮੀਰ ’ਚ ਆਪਣੀਆਂ ਗਤੀਵਿਧੀਆਂ ਵਧਾ ਸਕਦੀਆਂ ਹਨ। ਇਹ ਖ਼ਤਰਾ ਇਸ ਲਈ ਹੋਰ ਵਧ ਗਿਆ ਹੈ ਕਿਉਂਕਿ ਪਾਕਿਸਤਾਨ ’ਚ ਸ਼ਰਨ ਲੈਣ ਵਾਲੀਆਂ ਅੱਤਵਾਦੀ ਜਥੇਬੰਦੀਆਂ ਤੇ ਖ਼ਾਸ ਤੌਰ ’ਤੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਬਾਰੇ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਉਨ੍ਹਾਂ ਦੀ ਮਿਲੀਭੁਗਤ ਤਾਲਿਬਾਨ ਨਾਲ ਹੈ। ਇਹ ਵੀ ਜੱਗ ਜ਼ਾਹਿਰ ਹੈ ਕਿ ਇਨ੍ਹਾਂ ਅੱਤਵਾਦੀ ਜਥੇਬੰਦੀਆਂ ਦੀ ਉਹੋ ਸੋਚ ਹੈ, ਜੋ ਤਾਲਿਬਾਨ ਦੀ ਹੈ। ਇਕ ਤੱਥ ਇਹ ਵੀ ਹੈ ਕਿ ਹਾਲ ਹੀ ’ਚ ਤਾਲਿਬਾਨ ਨੇ ਇਹ ਕਿਹਾ ਹੈ ਕਿ ਉਸ ਨੂੰ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਲਈ ਆਵਾਜ਼ ਉਠਾਉਣ ਦਾ ਅਧਿਕਾਰ ਹੈ। ਤਾਲਿਬਾਨ ਆਗੂਆਂ ਦੀਆਂ ਅਜਿਹੀਆਂ ਟਿੱਪਣੀਆਂ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਇਸ ਐਲਾਨ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਦੂਜੇ ਖ਼ਿਲਾਫ਼ ਨਹੀਂ ਕੀਤੀ ਜਾਵੇਗੀ। ਸੱਚ ਤਾਂ ਇਹ ਹੈ ਕਿ ਹੁਣ ਇਸ ਦੀ ਸੰਭਾਵਨਾ ਹੋਰ ਵਧ ਗਈ ਹੈ ਕਿ ਤਾਲਿਬਾਨ ਦੇ ਸਾਏ ’ਚ ਅਫ਼ਗਾਨਿਸਤਾਨ ’ਚ ਭਾਂਤ-ਭਾਂਤ ਦੀਆਂ ਅੱਤਵਾਦੀ ਜਥੇਬੰਦੀਆਂ ਹੋਰ ਵਧਣ-ਫੁੱਲਣਗੀਆਂ। ਸਪੱਸ਼ਟ ਹੈ ਕਿ ਇਸ ਤਰ੍ਹਾਂ ਉਹ ਦੂਜੇ ਦੇਸ਼ਾਂ ਲਈ ਖ਼ਤਰਾ ਵੀ ਬਣਨਗੀਆਂ। ਇਸੇ ਕਾਰਨ ਇਕ ਤੋਂ ਬਾਅਦ ਇਕ ਦੇਸ਼ ਇਹ ਕਹਿ ਰਹੇ ਹਨ ਕਿ ਅਫ਼ਗਾਨਿਸਤਾਨ ਹੋਰ ਦੇਸ਼ਾਂ ਲਈ ਖ਼ਤਰਾ ਨਹੀਂ ਬਣਨਾ ਚਾਹੀਦਾ। ਜੰਮੂ-ਕਸ਼ਮੀਰ ’ਚ ਅੱਤਵਾਦੀ ਗਤੀਵਿਧੀਆਂ ਤੇਜ਼ ਹੋਣ ਦਾ ਖਦਸ਼ਾ ਇਸ ਲਈ ਵੀ ਵਧ ਗਿਆ ਹੈ ਕਿਉਂਕਿ ਪਾਕਿਸਤਾਨ ਅਜਿਹੇ ਕੋਈ ਸੰਕੇਤ ਨਹੀਂ ਦੇ ਰਿਹਾ ਕਿ ਉਹ ਕਸ਼ਮੀਰ ’ਚ ਦਖ਼ਲ ਦੇਣ ਤੇ ਇਸ ਤਹਿਤ ਉੱਥੇ ਅੱਤਵਾਦੀਆਂ ਨੂੰ ਭੇਜਣ ਤੋਂ ਬਾਜ਼ ਆਉਣ ਵਾਲਾ ਨਹੀਂ ਹੈ। ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਸ ਦੀ ਹਿੰਮਤ ਹੋਰ ਜ਼ਿਆਦਾ ਵਧੀ ਹੈ। ਇਸ ਕਾਰਨ ਉਹ ਕਸ਼ਮੀਰ ’ਚ ਅੱਤਵਾਦੀਆਂ ਦੀ ਘੁਸਪੈਠ ਵਧਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਸ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਭਾਰਤ ਨੂੰ ਹੋਰ ਚੌਕਸੀ ਵਰਤਣੀ ਪਵੇਗੀ। ਇਸ ਦੇ ਨਾਲ ਹੀ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਕਸ਼ਮੀਰ ’ਚ ਪਹਿਲਾਂ ਤੋਂ ਸਰਗਰਮ ਅੱਤਵਾਦੀਆਂ ’ਤੇ ਦਬਾਅ ਵੀ ਵਧਾਉਣਾ ਪਵੇਗਾ। ਹਾਲਾਂਕਿ ਜੰਮੂ-ਕਸ਼ਮੀਰ ’ਚ ਤਾਇਨਾਤ ਸੁਰੱਖਿਆ ਬਲ ਸੁਚੇਤ ਹਨ ਪਰ ਇਹ ਵੀ ਧਿਆਨ ਰਹੇ ਕਿ ਇੱਥੇ ਸਰਗਰਮ ਅੱਤਵਾਦੀ ਅਕਸਰ ਸਿਰ ਚੁੱਕਦੇ ਰਹਿੰਦੇ ਹਨ। ਉਹ ਇੱਕਾ-ਦੁੱਕਾ ਅੱਤਵਾਦੀ ਹਮਲੇ ਕਰਦੇ ਹੀ ਰਹਿੰਦੇ ਹਨ। ਪਿਛਲੇ ਦਿਨੀਂ ਹੀ ਰਾਜੌਰੀ ’ਚ ਇਕ ਅੱਤਵਾਦੀ ਨੂੰ ਢੇਰ ਕੀਤਾ ਗਿਆ। ਭਾਰਤ ਸਰਕਾਰ ਨੂੰ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਨੂੰ ਨੱਥ ਪਾਉਣ ਦੇ ਨਾਲ ਹੀ ਉਨ੍ਹਾਂ ਦੇ ਲੁਕੇ ਹੋਏ ਮਦਦਗਾਰਾਂ ’ਤੇ ਵੀ ਸ਼ਿਕੰਜ਼ਾ ਕਸਣਾ ਪਵੇਗਾ।

Posted By: Jagjit Singh