ਪੰਜ ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦਾ ਦੌਰਾ ਰੱਖਿਆ ਸੀ ਜਿਸ ਦੀ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਉਸ ਦਿਨ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨੀ ਸੀ ਅਤੇ ਕਈ ਉਦਘਾਟਨ ਸਮਾਰੋਹਾਂ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਨਾ ਸੀ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਸਭ ਤਿਆਰੀਆਂ ਲਗਪਗ ਮੁਕੰਮਲ ਸਨ। ਇਕ ਲੱਖ ਬੰਦੇ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸੀ। ਸਕਿਉਰਿਟੀ ਦੇ ਸਾਰੇ ਇੰਤਜ਼ਾਮਾਤ ਮੁਕੰਮਲ ਕਰ ਲਏ ਗਏ ਸਨ।

ਮਿੰਟ ਟੂ ਮਿੰਟ ਪ੍ਰੋਗਰਾਮ ਅਨੁਸਾਰ ਬਠਿੰਡਾ ਏਅਰਪੋਰਟ ’ਤੇ ਉਨ੍ਹਾਂ ਦਾ ਜਹਾਜ਼ ਉਤਰਨਾ ਸੀ ਤੇ ਹੈਲਕਾਪਟਰ ਰਾਹੀਂ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੇ ਹੋਰ ਉਦਘਾਟਨ ਸਮਾਰੋਹਾਂ ਤੋਂ ਬਾਅਦ ਸਮਾਗਮ ਵਾਲੀ ਥਾਂ ’ਤੇ ਪਹੁੰਚਣਾ ਸੀ। ਪ੍ਰਧਾਨ ਮੰਤਰੀ ਸਵੇਰੇ ਸਾਢੇ 10 ਵਜੇ ਬਠਿੰਡਾ ਪਹੁੰਚੇ ਪਰ ਮੌਸਮ ਦੀ ਖ਼ਰਾਬੀ ਕਾਰਨ ਉਨ੍ਹਾਂ ਨੇ ਸੜਕੀ ਰਸਤੇ ਸਮਾਗਮ ਵਾਲੀ ਥਾਂ ਲਈ ਰਵਾਨਗੀ ਪਾ ਦਿੱਤੀ ਪਰ ਫਿਰੋਜ਼ਪੁਰ ਦੇ ਨੇੜੇ ਰੋਸ-ਮੁਜ਼ਾਹਰਾ ਕਰਦੇ ਕਿਸਾਨਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਉਹ ਸਮਾਗਮ ਵਾਲੀ ਥਾਂ ’ਤੇ ਨਹੀਂ ਪਹੁੰਚ ਸਕੇ। ਵੀਹ ਕੁ ਮਿੰਟ ਦੇ ਕਰੀਬ ਰੁਕਣ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਲਈ ਵਾਪਸੀ ਦਾ ਰੁਖ਼ ਕਰ ਲਿਆ। ਬਠਿੰਡਾ ਤੋਂ ਜਹਾਜ਼ ਵਿਚ ਬੈਠਣ ਵੇਲੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਬਾਰੇ ਕੁਝ ਗ਼ੈਰ ਸੰਤੋਸ਼ਜਨਕ ਕਥਨ ਵੀ ਆਖੇ। ਇਸ ਪ੍ਰੋਗਰਾਮ ਦੀ ਨਾਕਾਮਯਾਬੀ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਪਹਿਲੀ ਗੱਲ ਇਹ ਕਿ ਬਾਰਿਸ਼ ਹੋ ਰਹੀ ਸੀ। ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਨੂੰ ਹੈਲੀਕਾਪਟਰ ਰਾਹੀਂ ਫਿਰੋਜ਼ਪੁਰ ਜਾਣਾ ਕੈਂਸਲ ਕਰ ਕੇ ਸੜਕੀ ਰਸਤੇ ਜਾਣਾ ਚੁਣਨਾ ਪਿਆ ਜਿਸ ਕਾਰਨ ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਪਰ ਦੇਖਣ ਵਾਲੀ ਗੱਲ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਸੜਕ ਰਾਹੀਂ ਆਉਣ ਦੀ ਖ਼ਬਰ ਕਿਵੇਂ ਮਿਲੀ? ਪ੍ਰਧਾਨ ਮੰਤਰੀ ਲਈ ਫੂਲ ਪਰੂਫ ਸੁਰੱਖਿਆ ਇੰਤਜ਼ਾਮ ਕਰ ਕੇ ਸਹੀ-ਸਲਾਮਤ ਸਮਾਗਮ ਵਾਲੀ ਥਾਂ ’ਤੇ ਪਹੁੰਚਾਉਣਾ ਅਤੇ ਉਨ੍ਹਾਂ ਦੀ ਪੂਰੀ ਹਿਫਾਜ਼ਤ ਕਰਨੀ ਸਟੇਟ ਦੀ ਜ਼ਿੰਮੇਵਾਰੀ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿਚ ਦੱਸਿਆ ਕਿ ਉਹ ਸਮਾਗਮ ਤੋਂ ਪਹਿਲੀ ਰਾਤ ਸਵੇਰ ਦੇ ਤਿੰਨ ਵਜੇ ਤਕ ਕਿਸਾਨਾਂ ਨੂੰ ਘਰ ਭੇਜ ਕੇ ਸੜਕ ਖ਼ਾਲੀ ਕਰਵਾ ਕੇ ਆਏ ਸਨ।

ਫਿਰ ਦਿਨ ਵੇਲੇ ਪਤਾ ਨਹੀਂ ਕਿਸਾਨ ਕਿੱਧਰੋਂ ਆ ਗਏ। ਇਸ ਤੋਂ ਇਲਾਵਾ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ’ਚ ਆਉਣ ’ਚ ਦਿਲਚਸਪੀ ਹੀ ਨਹੀਂ ਦਿਖਾਈ। ਪੰਡਾਲ ਵਾਲੀ ਥਾਂ ’ਤੇ ਸਿਰਫ਼ ਪੰਜ-ਸੱਤ ਸੌ ਬੰਦਾ ਹੀ ਸੀ। ਦੂਜੇ ਪਾਸੇ ਇਹ ਆਖਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਆਉਣ ਤੋਂ ਵਰਜਿਆ ਗਿਆ। ਇਕ ਅੰਦਾਜ਼ੇ ਅਨੁਸਾਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿਚ ਲੋਕਾਂ ਨੂੰ ਲਿਆਉਣ ਲਈ ਪ੍ਰਬੰਧਕਾਂ ਨੇ 3500 ਬੱਸਾਂ ਭੇਜੀਆਂ ਸਨ ਜਿਨ੍ਹਾਂ ’ਚੋਂ 3484 ਬੱਸਾਂ ਨੂੰ ਸਮਾਗਮ ਵਾਲੀ ਥਾਂ ’ਤੇ ਪਹੁੰਚਣ ਨਹੀਂ ਦਿੱਤਾ ਗਿਆ। ਜੇ ਇਹ ਸੱਚ ਹੈ ਤਾਂ ਇਹ ਬੜੀ ਵੱਡੀ ਪ੍ਰਸ਼ਾਸਕੀ ਖਾਮੀ ਸੀ। ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੋਵੇ ਤੇ ਲੋਕਾਂ ਨੂੰ ਲਿਆ ਰਹੀਆਂ ਬੱਸਾਂ ਰੋਕ ਲਈਆਂ ਜਾਣ? ਕਈ ਟੀਵੀ ਚੈਨਲ ਵਾਰ-ਵਾਰ ਦਿਖਾ ਰਹੇ ਸੀ ਕਿ ਰੈਲੀ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਬੱਸਾਂ ਨੂੰ ਵਾਪਸ ਮੋੜਿਆ ਜਾ ਰਿਹਾ ਸੀ। ਪ੍ਰੋਟੋਕਾਲ ਦੇ ਹਿਸਾਬ ਨਾਲ ਵੀ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਰਿਸੀਵ ਕਰਨਾ ਬਣਦਾ ਸੀ ਪਰ ਮੁੱਖ ਮੰਤਰੀ ਦਾ ਬਿਆਨ ਆਇਆ ਹੈ ਕਿ ਉਹ ਪਿਛਲੇ ਦਿਨਾਂ ਵਿਚ ਕੋਰੋਨਾਗ੍ਰਸਤ ਬੰਦਿਆਂ ਦੇ ਸੰਪਰਕ ਵਿਚ ਰਹੇ ਹਨ। ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਰਿਸੀਵ ਕਰਨ ਤੋਂ ਸੰਕੋਚ ਕੀਤਾ। ਜੇ ਉਹ ਬੈੱਡ ਰੈਸਟ ’ਤੇ ਨਹੀਂ ਸਨ ਤਾਂ ਉਨ੍ਹਾਂ ਦਾ ਬਠਿੰਡਾ ਵਿਖੇ ਹਾਜ਼ਰ ਰਹਿਣਾ ਜ਼ਰੂਰੀ ਬਣਦਾ ਸੀ। ਉਹ ਚੌਕਸੀ ਵਰਤਦੇ ਹੋਏ ਪ੍ਰਧਾਨ ਮੰਤਰੀ ਦੇ ਨੇੜੇ ਨਾ ਜਾਂਦੇ, ਹੱਥ ਨਾ ਮਿਲਾਉਂਦੇ। ਲੇਕਿਨ ਨੇੜੇ-ਤੇੜੇ ਤਾਂ ਹੁੰਦੇ। ਪਤਾ ਲੱਗਿਆ ਹੈ ਕਿ ਉਹ ਟਾਂਡਾ ਉੜਮੁੜ ਵਿਖੇ ਇਕ ਸਿਆਸੀ ਰੈਲੀ ਵਿਚ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰ ਕੇ ਆਏ ਸਨ। ਇਸ ਤੋਂ ਪਿਛਲੇ ਦਿਨ ਵੀ ਉਨ੍ਹਾਂ ਨੇ ਅਜਿਹੇ ਹੀ ਇਕ ਸਮਾਗਮ ’ਚ ਸ਼ਮੂਲੀਅਤ ਕੀਤੀ ਸੀ। ਓਦੋਂ ਤਾਂ ਕੋਰੋਨਾ ਨੇ ਉਨ੍ਹਾਂ ਨੂੰ ਕੁਝ ਨਹੀਂ ਆਖਿਆ। ਮਤਲਬ ਸਾਫ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਬਠਿੰਡੇ ਜਾਣ ਦਾ ਚੰਨੀ ਸਾਹਿਬ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ। ਸੂਬੇ ਦੀ ਅਮਨ-ਸ਼ਾਂਤੀ ਲਈ ਇਕ ਮੁੱਖ ਮੰਤਰੀ ਦੀ ਇਸ ਤਰ੍ਹਾਂ ਦੀ ਪਹੁੰਚ ਚੰਗੀ ਨਹੀਂ।

ਜਦੋਂ ਚੰਨੀ ਸਾਹਿਬ ਨੇ ਸੀਐੱਮ ਬਣਨ ਦੀ ਸਹੁੰ ਚੁੱਕੀ ਸੀ ਓਦੋਂ ਤਾਂ ਉਹ ਮੋਦੀ ਸਾਹਿਬ ਨੂੰ ਮਿਲਣ ਲਈ ਗੋਲੀ ਵਾਂਗੂੰ ਗਏ ਸਨ। ਉਦੋਂ ਤਾਂ ਮੁਲਾਕਾਤ ਵਿਚ 24 ਘੰਟੇ ਵੀ ਨਹੀਂ ਪੈਣ ਦਿੱਤੇ ਸਨ। ਹੁਣ ਬਠਿੰਡੇ ਜਾਣ ਲਈ ਕੋਰੋਨਾ ਗ੍ਰਸਤ ਹੋ ਗਏ। ਹੋਰ ਕੰਮ ਅਤੇ ਰੈਲੀਆਂ ਆਦਿ ਕਰਨ ਲਈ ਕੋਰੋਨਾ ਨੇ ਚੰਨੀ ਸਾਹਿਬ ਨੂੰ ਐੱਨਓਸੀ ਦਿੱਤੀ ਹੋਈ ਸੀ। ਕੋਈ ਵੀ ਸਟੇਟ ਕੇਂਦਰ ਨਾਲ ਸਬੰਧ ਖ਼ਰਾਬ ਕਰ ਕੇ ਚੱਲ ਹੀ ਨਹੀਂ ਸਕਦੀ। ਪ੍ਰਧਾਨ ਮੰਤਰੀ ਦੇ ਸਵਾਗਤ ਲਈ ਡਿਪਟੀ ਚੀਫ ਮਨਿਸਟਰ ਸਹਿਬਾਨਾਂ ’ਚੋਂ ਵੀ ਕੋਈ ਮੌਕੇ ’ਤੇ ਹਾਜ਼ਰ ਨਹੀਂ ਸੀ। ਇਹ ਵੀ ਗ਼ਲਤ ਹੈ। ਪ੍ਰੋਟੋਕਾਲ ਅਨੁਸਾਰ ਸਟੇਟ ਦੇ ਡੀਜੀਪੀ ਸਾਹਿਬ ਅਤੇ ਸਟੇਟ ਦੇ ਚੀਫ ਸੈਕਟਰੀ ਸਾਹਿਬ ਨੂੰ ਵੀ ਵੀਵੀਆਈਪੀ ਦੇ ਆਉਣ ’ਤੇ ਬਠਿੰਡਾ ਏਅਰਪੋਰਟ ’ਤੇ ਹਾਜ਼ਰ ਹੋਣਾ ਬਣਦਾ ਸੀ ਪਰ ਉਨ੍ਹਾਂ ’ਚੋਂ ਵੀ ਮੌਕੇ ’ਤੇ ਕੋਈ ਹਾਜ਼ਰ ਨਹੀਂ ਦੱਸਿਆ ਜਾਂਦਾ। ਪ੍ਰਬੰਧਾਂ ’ਚ ਇਹ ਊਣਤਾਈਆਂ ਕੋਈ ਛੋਟੀਆਂ-ਮੋਟੀਆਂ ਨਹੀਂ ਸਗੋਂ ਸੰਗੀਨ ਲਾਪਰਵਾਹੀਆਂ ਹਨ। ਲੱਗਦੈ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਦੌਰੇ ਦੇ ਅਸਫਲ ਹੋਣ ਦਾ ਕਾਰਨ ਮੌਸਮ ਦੀ ਖ਼ਰਾਬੀ ਘੱਟ ਬਲਕਿ ਸਿਆਸੀ ਮਾਹੌਲ ਦੀ ਖ਼ਰਾਬੀ ਜ਼ਿਆਦਾ ਹੈ। ਸਾਨੂੰ ਡਰ ਹੈ ਕਿ ਪੰਜਾਬ ਦੇ ਨੇਤਾਵਾਂ ਦੀ ਸਿਆਸਤ ਕਰਨ ਦੀ ਨੀਤੀ ਮੁੜ ਕੇ ਉਹ ਕਾਲੇ ਦਿਨ ਨਾ ਦਿਖਾ ਦੇਵੇ ਜਿਨ੍ਹਾਂ ਦੇ ਜ਼ਖ਼ਮ ਅਜੇ ਸੁੱਕੇ ਨਹੀਂ। ਸਾਡੇ ਲੋਕਾਂ ਦੀ ਸੋਚ ਤੇ ਲੀਡਰਾਂ ਦੀ ਖ਼ੁਦ ਨੂੰ ਤਾਕਤਵਰ ਦਿਖਾਉਣ ਦੀ ਨੀਅਤ ਮੁੜ ਕੇ 1982-1992 ਵਾਲਾ ਪੰਜਾਬ ਨਾ ਬਣਾ ਦੇਵੇ।

ਸੁਣਨ ’ਚ ਆਇਆ ਹੈ ਕਿ ਉਸ ਦਿਨ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 47000 ਕਰੋੜ ਰੁਪਏ ਦੇ ਪ੍ਰਾਜੈਕਟ ਦੇਣੇ ਸਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀ ਸੰਭਾਵਨਾਵਾਂ ਬਣਦੀਆਂ ਸਨ ਜਿਵੇਂ ਕਿ ਪੰਜਾਬ ’ਚ ਆਈਟੀ ਹੱਬ ਦਾ ਨਿਰਮਾਣ ਹੋ ਜਾਂਦਾ ਜਿਸ ਨਾਲ ਬੇਰੁਜ਼ਗਾਰੀ ਨੂੰ ਠੱਲ੍ਹ ਪੈ ਸਕਦੀ ਸੀ। ਹੋ ਸਕਦਾ ਸੀ ਕਿ ਮੋਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਜਾਂਦਾ। ਬੰਦੀ ਸਿੰਘਾਂ ਦੀ ਰਿਹਾਈ ਵੀ ਹੋ ਸਕਦੀ ਸੀ। ਹਲਵਾਰੇ ਵਾਲੇ ਏਅਰਪੋਰਟ ਦਾ ਨਾਮ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਦੇ ਐਲਾਨ ਦੀ ਵੀ ਸੰਭਾਵਨਾ ਹੋ ਸਕਦੀ ਸੀ। ਬਾਰਡਰ ਦੇ ਤਾਰੋਂ ਪਾਰ ਵਾਲੀ ਜ਼ਮੀਨ ਦੇ ਮਾਲਕਾਨਾ ਹੱਕ ਕਿਸਾਨਾਂ ਨੂੰ ਮਿਲ ਜਾਂਦੇ। ਬਾਰਡਰ ਦੇ ਜ਼ਿਲ੍ਹਿਆਂ ਨੂੰ ਟੈਕਸ ਮੁਕਤ ਇੰਡਸਟਰੀ ਦਾ ਐਲਾਨ ਹੋ ਜਾਂਦਾ। ਦਿੱਲੀ -ਕਟੜਾ-ਜੰਮੂ ਐਕਸਪ੍ਰੈੱਸ ਵੇਅ ਬਣਾਉਣ ਵੇਲੇ ਵੀ ਪਹਿਲਾਂ ਅੰਮ੍ਰਿਤਸਰ ਅਤੇ ਸੁਲਤਾਨਪੁਰ ਲੋਧੀ ਸਕੀਮ ਤੋਂ ਬਾਹਰ ਸਨ। ਪੰਜਾਬੀਆਂ ਦੀ ਬੇਨਤੀ ’ਤੇ ਮੋਦੀ ਜੀ ਸਦਕਾ ਹੀ ਇਸ ਐਕਸਪ੍ਰੈੱਸ ਨੂੰ ਬਦਲ ਕੇ ਇਸ ਨੂੰ ਵਾਇਆ ਅੰਮ੍ਰਿਤਸਰ ਅਤੇ ਸੁਲਤਾਨਪੁਰ ਲੋਧੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਬੜੀਆਂ ਉਦਾਹਰਨਾਂ ਹਨ। ਕਿਸਾਨਾਂ ਨੂੰ ਪਤਾ ਨਹੀਂ ਕੀ ਕੁਝ ਦੇ ਦੇਣਾ ਸੀ।

ਪੰਜਾਬ ਇਕ ਬਾਰਡਰ ਸਟੇਟ ਹੈ। ਪੰਜ ਲੱਖ ਕਰੋੜ ਦੇ ਕਰਜ਼ੇ ਦੇ ਹੇਠ ਹੈ। ਕੇਂਦਰ ਕੋਲੋਂ ਅਨੇਕਾਂ ਮੰਗਾਂ ਅਜੇ ਸਾਡੀਆਂ ਖੜ੍ਹੀਆਂ ਹਨ। ਅਸੀਂ ਚੰਡੀਗੜ੍ਹ ਮੰਗਦੇ ਹਾਂ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ’ਚ ਮਿਲਾਉਣ ਦੀ ਗੱਲ ਕਰਦੇ ਹਾਂ। ਸਾਡਾ ਪਾਣੀ ਦਾ ਮਸਲਾ ਲੰਬਿਤ ਹੈ। ਕੇਂਦਰ ਦੀ ਮਦਦ ਤੋਂ ਬਗੈਰ ਕੋਈ ਵੀ ਸਟੇਟ ਚੱਲ ਹੀ ਨਹੀਂ ਸਕਦੀ। ਫਿਰ ਕੇਂਦਰ ਨਾਲ ਸਬੰਧ ਵਿਗਾੜਨ ਦਾ ਕੀ ਮਤਲਬ?

ਟੀਵੀ ਚੈਨਲਾਂ ’ਤੇ ਕਈ ਲੀਡਰ ਬੜੀ ਉੱਚੀ ਆਵਾਜ਼ ’ਚ ਬੋਲਦੇ ਹਨ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਪਸੰਦ ਹੀ ਨਹੀਂ ਕੀਤਾ। ਸਿਆਸਤ ਜੀਅ ਸਦਕੇ ਕਰੋ ਪਰ ਕਿਸੇ ਹੱਦ ਵਿਚ ਰਹਿ ਕੇ। ਨਵਜੋਤ ਸਿੰਘ ਸਿੱਧੂ ਇਕ ਵੀਡੀਓ ’ਚ ਆਖ ਰਹੇ ਹਨ ਕਿ ਪ੍ਰਧਾਨ ਮੰਤਰੀ ਦੀ ਰੈਲੀ ਵੇਲੇ ਕੁਰਸੀਆਂ ਤਾਂ ਖ਼ਾਲੀ ਪਈਆਂ ਸਨ। ਮੁੱਖ ਮੰਤਰੀ ਚੰਨੀ ਨੇ ਕਾਹਦੇ ਲਈ ਆਉਣਾ ਸੀ। ਕੈਪਟਨ ਅਮਰਿੰਦਰ ਸਿੰਘ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਦਾ ਰਿਹਾ। ਨਵਜੋਤ ਸਿੰਘ ਸਿੱਧੂ ਨੂੰ ਕਹਿੰਦਿਆਂ ਸ਼ਰਮ ਨਹੀਂ ਆਈ ਪਰ ਸਾਨੂੰ ਅਜਿਹੇ ਲਫ਼ਜ਼ ਸੁਣਦਿਆਂ ਸ਼ਰਮ ਆਉਂਦੀ ਹੈ। ਰੱਬ ਦਾ ਵਾਸਤਾ, ਜ਼ੁਬਾਨ ’ਤੇ ਕਾਬੂ ਰੱਖੋ। ਪੰਜਾਬ ਨੂੰ ਬਲਦੀ ਅੱਗ ਵੱਲ ਨਾ ਧੱਕੋ। ਗੱਲਾਂ ਮੁੱਦਿਆਂ ਦੀਆਂ ਹੋਣੀਆਂ ਚਾਹੀਦੀਆਂ ਹਨ। ਕਿਸੇ ਵਿਅਕਤੀ ਵਿਸ਼ੇਸ਼ ਨੂੰ ਕੇਂਦ੍ਰਿਤ ਕਰ ਕੇ ਇਸ ਕਿਸਮ ਦੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਅਤੇ ਕੁੜੱਤਣ ਫੈਲੇ। ਇਹ ਸਭਨਾਂ ਲਈ ਹਾਨੀਕਾਰਕ ਹੈ। ਅਸੀਂ ਸਾਰੇ ਜਣੇ ਸਿੱਟੇ ਪਹਿਲਾਂ ਹੀ ਭੁਗਤ ਚੁੱਕੇ ਹਾਂ। ਲੋਕਾਂ ਨੂੰ ਜੋੜਨ ਦੀ ਗੱਲ ਕਰਨੀ ਚਾਹੀਦੀ ਹੈ, ਤੋੜਨ ਦੀ ਨਹੀਂ।

-ਮਲਕੀਤ ਸਿੰਘ ਬੀਰਮੀ

-(ਸਾਬਕਾ ਮੰਤਰੀ ਪੰਜਾਬ ਸਰਕਾਰ, ਪ੍ਰਧਾਨ ਲੋਕ ਹਿੱਤ ਪਾਰਟੀ, ਪੰਜਾਬ)।

-ਮੋਬਾਈਲ : 98154-52121

Posted By: Jagjit Singh