ਮੁਲਕ ਦੀ ਏਕਤਾ-ਅਖੰਡਤਾ ਨੂੰ ਮਜ਼ਬੂਤ ਕਰਨ ਵਾਲੇ ਇਤਿਹਾਸਕ ਕਦਮ ਦੇ ਰੂਪ 'ਚ ਧਾਰਾ 370 ਦੀ ਸਮਾਪਤੀ ਮਗਰੋਂ ਆਜ਼ਾਦੀ ਦੇ ਜਸ਼ਨ ਦੀ ਖਿੱਚ ਅਤੇ ਉਤਸ਼ਾਹ ਵਧਣਾ ਸੁਭਾਵਿਕ ਹੈ। ਅਜਿਹੇ ਫ਼ੈਸਲੇ ਦੇਸ਼ ਵਾਸੀਆਂ ਨੂੰ ਇਕਜੁੱਟ ਕਰਨ ਦੇ ਨਾਲ ਹੀ ਉਨ੍ਹਾਂ ਵਿਚ ਆਪਣੇ ਮੁਲਕ ਪ੍ਰਤੀ ਗੌਰਵ, ਸਮਰਪਣ ਅਤੇ ਪਿਆਰ ਨੂੰ ਵਧਾਉਣ ਵਾਲੇ ਹੁੰਦੇ ਹਨ। ਅਜਿਹੇ ਵਿਚ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਪ੍ਰਤੀ ਲੋਕਾਂ ਦੀ ਦਿਲਚਸਪੀ ਤੇ ਉਤਸ਼ਾਹ ਹੋਰ ਵੱਧ ਗਿਆ ਹੈ। ਕਈ ਵੱਡੇ ਫ਼ੈਸਲਿਆਂ ਦੇ ਨਾਲ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕਰਦਿਆਂ ਮੋਦੀ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਵੇਂ ਭਾਰਤ ਦੇ ਨਿਰਮਾਣ ਦੇ ਆਪਣੇ ਸੰਕਲਪ ਪ੍ਰਤੀ ਸਮਰਪਿਤ ਹੈ ਅਤੇ ਉਸ ਦੀ ਦਿਸ਼ਾ ਸਹੀ ਹੈ। ਮੋਦੀ ਸਰਕਾਰ ਨਾਲ ਇਕ ਹਾਂ-ਪੱਖੀ ਗੱਲ ਇਹ ਹੈ ਕਿ ਉਸ ਨੇ ਆਪਣੇ ਪਹਿਲੇ ਕਾਰਜਕਾਲ ਵਿਚ ਸੁਧਾਰ ਅਤੇ ਬਦਲਾਅ ਦੀ ਜ਼ਮੀਨ ਤਿਆਰ ਕਰ ਲਈ ਸੀ। ਸੁਧਾਰਾਂ ਦਾ ਸਿਲਸਿਲਾ ਤੇਜ਼ ਕਰ ਕੇ ਹੁਣ ਇਸ ਨੂੰ ਨਵਾਂ ਮੁਕਾਮ ਦੇਣ ਦਾ ਵਕਤ ਹੈ। ਵੱਡੇ ਬਹੁਮਤ ਨਾਲ ਹਕੂਮਤ ਵਿਚ ਆਈ ਸਰਕਾਰ ਆਪਣੇ ਮਜ਼ਬੂਤ ਇਰਾਦਿਆਂ ਦੇ ਨਾਲ ਅਜਿਹਾ ਕਰ ਸਕਦੀ ਹੈ। ਸੁਤੰਤਰਤਾ ਦਿਵਸ ਇਕ ਰਾਸ਼ਟਰ ਨੂੰ ਆਪਣੇ ਭਾਵੀ ਮਾਰਗ 'ਤੇ ਨਜ਼ਰ ਮਾਰਨ ਦਾ ਮੌਕਾ ਦਿੰਦਾ ਹੈ। ਇਹ ਮੌਕਾ ਸਾਨੂੰ ਸਭ ਨੂੰ ਇਹ ਵੀ ਚੇਤੇ ਕਰਵਾਉਂਦਾ ਹੈ ਕਿ ਭਾਰਤ ਵਰਗੇ ਮੁਲਕ ਦਾ ਉਮੀਦ ਮੁਤਾਬਕ ਕਾਇਆਕਲਪ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਇਹ ਜ਼ਰੂਰੀ ਹੈ ਕਿ ਅੱਜ ਜਦ ਭਾਰਤ ਆਪਣੇ ਸੰਕਲਪ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅੱਗੇ ਵਧਦਾ ਜਾ ਰਿਹਾ ਹੈ ਉਦੋਂ ਦੇਸ਼ ਦੇ ਸਾਰੇ ਲੋਕ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਦਾ ਨਾ ਸਿਰਫ਼ ਅਹਿਸਾਸ ਕਰਨ ਸਗੋਂ ਉਸ ਨੂੰ ਨਿਭਾਉਣ ਵੀ। ਇਹ ਸਹੀ ਵਕਤ ਹੈ ਜਦ ਲੋਕ ਆਪਣੇ ਅਧਿਕਾਰਾਂ ਦੇ ਨਾਲ-ਨਾਲ ਕਰਤੱਵਾਂ ਪ੍ਰਤੀ ਵੀ ਸੁਚੇਤ ਤੇ ਸਰਗਰਮ ਹੋਣ। ਉਨ੍ਹਾਂ ਵਿਚ ਛੋਟੇ-ਵੱਡੇ ਨਿਯਮਾਂ ਦੀ ਪਾਲਣਾ ਦਾ ਅਨੁਸ਼ਾਸਨ ਅਤੇ ਆਪਸੀ ਸਦਭਾਵਨਾ ਵਧੇ। ਉਹ ਰਾਸ਼ਟਰ ਨੂੰ ਕੁਝ ਦੇਣ ਦੇ ਭਾਵ ਨਾਲ ਭਰਪੂਰ ਹੋਣ। ਇਸ ਤੱਥ ਨੂੰ ਸਮਝਣ ਕਿ ਸਰਕਾਰ ਸਭ ਕੁਝ ਨਹੀਂ ਕਰ ਸਕਦੀ। ਸਵੱਛਤਾ ਜਿਹੀਆਂ ਮੁਹਿੰਮਾਂ ਲੋਕਾਂ ਦੀ ਸਰਗਰਮੀ ਨਾਲ ਹੀ ਸਫਲ ਹੋਣਗੀਆਂ। ਇਹ ਕੋਈ ਵੱਡੇ ਕੰਮ ਨਹੀਂ ਹਨ। ਇਸ ਮਾਮਲੇ ਵਿਚ ਸਭ ਤੋਂ ਜ਼ਿਆਦਾ ਉਮੀਦ ਜੇ ਕਿਸੇ ਤੋਂ ਹੈ ਤਾਂ ਉਹ ਦੇਸ਼ ਦੇ ਨੌਜਵਾਨ ਵਰਗ ਤੋਂ ਹੈ। ਉਹ ਨਾ ਸਿਰਫ਼ ਖ਼ੁਦ ਨੂੰ ਅਤੇ ਲੋਕਾਂ ਨੂੰ ਦਿਸ਼ਾ ਦੇਣ ਦਾ ਕੰਮ ਕਰ ਸਕਦਾ ਹੈ ਬਲਕਿ ਕੌਮੀ ਭਾਵਨਾ ਨੂੰ ਬਲ ਦੇਣ ਵਿਚ ਵੀ ਸਹਾਇਕ ਬਣ ਸਕਦਾ ਹੈ। ਬੇਸ਼ੱਕ ਉਸ ਨੂੰ ਆਪਣੇ ਬਿਹਤਰ ਭਵਿੱਖ ਦੀ ਚਿੰਤਾ ਕਰਨੀ ਹੋਵੇਗੀ ਪਰ ਉਸ ਦੀਆਂ ਚਿੰਤਾਵਾਂ ਦਾ ਸਹੀ ਤਰ੍ਹਾਂ ਹੱਲ ਉਦੋਂ ਹੋਵੇਗਾ ਜਦ ਰਾਸ਼ਟਰ ਦਾ ਭਵਿੱਖ ਵੀ ਨਿਖਰਦਾ ਹੋਇਆ ਦਿਖਾਈ ਦੇਵੇਗਾ। ਜਦੋਂ ਤਕ ਮੁਲਕ ਮੰਦਹਾਲੀ ਵਿਚ ਹੋਵੇਗਾ ਉਦੋਂ ਤਕ ਉੱਥੋਂ ਦੀ ਜਨਤਾ ਖ਼ੁਸ਼ਹਾਲ ਨਹੀਂ ਹੋ ਸਕਦੀ। ਨੌਜਵਾਨ ਵਰਗ ਨੂੰ ਆਪਣੀ ਸਾਰੀ ਤਾਕਤ ਮਾਤਭੂਮੀ ਨੂੰ ਖ਼ੁਸ਼ਹਾਲ ਬਣਾਉਣ ਵੱਲ ਲਾਉਣੀ ਪਵੇਗੀ। ਦੇਸ਼ ਦੇ ਸਭ ਮਸਲਿਆਂ ਲਈ ਸਰਕਾਰਾਂ ਨੂੰ ਦੋਸ਼ ਦੇਣ ਦੀ ਥਾਂ ਸਮਾਜ ਨੂੰ ਆਪਣੇ ਸਿਰ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸਰਕਾਰਾਂ ਚਲਾ ਰਹੇ ਲੋਕ ਵੀ ਸਮਾਜ ਦਾ ਹੀ ਹਿੱਸਾ ਹਨ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਹ ਸਮਝੀਏ ਕਿ ਇਕ ਨਾਗਰਿਕ ਦੇ ਤੌਰ 'ਤੇ ਦੇਸ਼ ਦੀ ਤਰੱਕੀ 'ਚ ਹਰੇਕ ਦਾ ਯੋਗਦਾਨ ਹੁੰਦਾ ਹੈ। ਦੁਨੀਆ ਦੇ ਜਿਹੜੇ ਵੀ ਮੁਲਕਾਂ ਨੇ ਵੱਖ-ਵੱਖ ਖੇਤਰਾਂ 'ਚ ਮਿਸਾਲ ਕਾਇਮ ਕੀਤੀ ਹੈ, ਉਹ ਅਜਿਹਾ ਉਦੋਂ ਕਰ ਸਕੇ ਹਨ ਜਦੋਂ ਉੱਥੋਂ ਦੇ ਲੋਕਾਂ ਨੇ ਕੌਮੀ ਸੰਕਲਪ ਨੂੰ ਖ਼ੁਦ ਦੇ ਸੰਕਲਪ ਵਜੋਂ ਅਪਣਾ ਲਿਆ।

Posted By: Jagjit Singh