style="text-align: justify;"> ਵੈੱਬ ਮੀਡੀਆ ਦੀ ਦੁਨੀਆ 'ਚ ਤਹਿਲਕਾ ਮਚਾਉਣ ਵਾਲਾ ਵਿਕੀਲੀਕਸ ਦਾ ਬਾਨੀ ਜੂਲੀਅਨ ਅਸਾਂਜੇ (48) ਅੱਜ ਬਰਤਾਨੀਆ ਦੀ ਜੇਲ੍ਹ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਅਸਾਂਜੇ ਨੇ ਅਮਰੀਕਾ ਦੇ ਗੁਪਤ ਫ਼ੌਜੀ ਅਤੇ ਕੂਟਨੀਤਕ ਦਸਤਾਵੇਜ਼ ਜੱਗ ਜ਼ਾਹਰ ਕਰ ਕੇ ਦੁਨੀਆ ਨੂੰ 'ਸੁਪਰ ਪਾਵਰ' ਦਾ ਅਸਲੀ ਚਿਹਰਾ ਵਿਖਾਇਆ ਸੀ। ਉਸ ਨੇ ਇੱਕੀਵੀਂ ਸਦੀ ਦੀ ਪੱਤਰਕਾਰੀ ਨੂੰ ਨਵੇਂ ਅਰਥ ਦਿੱਤੇ ਹਨ। ਵਿਕੀਲੀਕਸ ਸੱਚ ਬੋਲ ਕੇ ਭਾਂਬੜ ਮਚਾਉਣ ਦਾ ਦਾਅਵਾ ਕਰਦਾ ਆਇਆ ਹੈ। ਆਸਟ੍ਰੇਲੀਆ, ਬਰਤਾਨੀਆ, ਇਟਲੀ, ਜਰਮਨੀ, ਪੋਲੈਂਡ, ਅਮਰੀਕਾ ਅਤੇ ਸ੍ਰੀਲੰਕਾ ਦੇ 60 ਡਾਕਟਰਾਂ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਹੈ ਕਿ ਅਸਾਂਜੇ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਉਹ ਚੰਦ ਦਿਨਾਂ ਦਾ ਮਹਿਮਾਨ ਹੈ। ਕਈ ਦੇਸ਼ਾਂ ਵਿਚ ਅਸਾਂਜੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਮਰੀਕਾ ਖ਼ਿਲਾਫ਼ ਜਨਤਕ ਮੁਜ਼ਾਹਰੇ ਹੋਏ ਹਨ। ਖ਼ੁਦ ਨੂੰ ਮਨੁੱਖੀ ਅਧਿਕਾਰਾਂ ਦਾ ਆਲਮੀ ਲੰਬੜ ਸਮਝਣ ਵਾਲਾ ਅਮਰੀਕਾ ਅਸਾਂਜੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ। ਅਮਰੀਕਾ ਉਸ ਨੂੰ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਅਤੇ ਆਈਐੱਸ ਦੇ ਮੁਖੀਆ ਅਬੂ ਬਕਰ ਅਲ ਬਗ਼ਦਾਦੀ ਤੋਂ ਵੀ ਵੱਧ ਖ਼ਤਰਨਾਕ ਸਮਝਦਾ ਹੈ। ਵਿਕੀਲੀਕਸ ਨੇ ਮਿਲਟਰੀ ਅਤੇ ਕੂਟਨੀਤਕ ਦਸਤਾਵੇਜ਼ਾਂ 'ਚ ਅਮਰੀਕਾ ਵੱਲੋਂ ਅਫ਼ਗਾਨਿਸਤਾਨ ਅਤੇ ਇਰਾਕ ਆਦਿ ਦੇਸ਼ਾਂ ਵਿਚ ਕੀਤੀ ਬੇਤਹਾਸ਼ਾ ਬੰਬਾਰੀ ਦਾ ਖ਼ੁਲਾਸਾ ਕੀਤਾ ਸੀ। ਇਸ ਤੋਂ ਇਲਾਵਾ ਯਮਨ ਅਤੇ ਕਈ ਅਰਬ ਦੇਸ਼ਾਂ ਵਿਚ ਕੀਤੇ ਗਏ ਡਰੋਨ ਹਮਲਿਆਂ ਅਤੇ ਬੇਦੋਸ਼ੇ ਲੋਕਾਂ ਦੇ ਖ਼ੂਨ ਨਾਲ ਖੇਡੀ ਗਈ ਹੋਲੀ ਦੇ ਸਬੂਤਾਂ ਸਣੇ ਕੀਤੇ ਗਏ ਪਰਦਾਫਾਸ਼ ਨੇ ਅਮਰੀਕਾ ਦੀ ਵਿਸ਼ਵ ਭਰ ਵਿਚ ਕਿਰਕਿਰੀ ਕੀਤੀ ਸੀ। ਜੂਲੀਅਨ ਅਸਾਂਜੇ ਦਾ ਜਨਮ ਤਿੰਨ ਜੁਲਾਈ 1971 ਨੂੰ ਆਸਟ੍ਰੇਲੀਆ ਵਿਚ ਹੋਇਆ ਜਿਸ ਨੇ 2006 ਵਿਚ ਵਿਕੀਲੀਕਸ ਦੀ ਸਥਾਪਨਾ ਕੀਤੀ ਸੀ। ਕ੍ਰਿਸਟਾਈਨ ਐੱਨ ਹਾਵਕਨਜ਼ ਦੀ ਕੁੱਖੋਂ ਜਨਮੇ ਅਸਾਂਜੇ ਦੇ ਬਚਪਨ ਦਾ ਨਾਮ ਜੂਲੀਅਨ ਪਾਲ ਹਾਵਕਨਜ਼ ਸੀ। ਉਸ ਦੀ ਮਾਂ ਨੇ ਪਹਿਲੇ ਤਲਾਕ ਤੋਂ ਬਾਅਦ ਛੋਟੀ ਜਿਹੀ ਨਾਟ-ਮੰਡਲੀ ਵਿਚ ਕੰਮ ਕਰਨ ਵਾਲੇ ਅਭਿਨੇਤਾ ਬਰੈੱਟ ਅਸਾਂਜੇ ਨਾਲ ਦੂਜਾ ਵਿਆਹ ਕਰਵਾ ਲਿਆ। ਆਪਣੇ ਦੂਜੇ ਪਤੀ ਦਾ ਤਖ਼ਲਸ ਜੂਲੀਅਨ ਪਾਲ ਨਾਲ ਸਦਾ ਲਈ ਜੁੜ ਗਿਆ ਭਾਵੇਂ ਉਸ ਦੀ ਮਾਂ ਨੇ ਤਲਾਕ ਤੋਂ ਬਾਅਦ ਇਕ ਹੋਰ ਵਿਆਹ ਕਰਵਾ ਲਿਆ। ਅਸਾਂਜੇ ਦੀ ਜ਼ਿੰਦਗੀ ਵਿਚ ਅਣਗਿਣਤ ਮੋੜ ਆਏ ਤੇ ਜਵਾਨੀ ਉਸ ਨੇ ਖਾਨਾਬਦੋਸ਼ਾਂ ਵਾਂਗ ਬਿਤਾਈ। ਸਿੱਧੀ-ਪੱਧਰੀ ਜ਼ਿੰਦਗੀ ਨਾ ਹੋਣ ਕਰਕੇ ਅਸਾਂਜੇ ਨੇ ਤਾਉਮਰ ਕਈ ਸਿੱਧੇ-ਪੁੱਠੇ ਕੰਮ ਵੀ ਕੀਤੇ। ਅਸਾਂਜੇ ਦਾ ਵਿਆਹੁਤਾ ਜੀਵਨ ਵੀ ਸੁਖਾਵਾਂ ਨਹੀਂ ਰਿਹਾ ਤੇ ਤਲਾਕ ਤੋਂ ਬਾਅਦ ਉਹ ਆਪਣੇ ਬੱਚੇ ਦੀ ਹਵਾਲਗੀ ਖ਼ਾਤਰ ਕੇਸ ਲੜਦਾ ਰਿਹਾ। ਰਵਾਇਤੀ ਡਿਗਰੀਆਂ ਹਾਸਲ ਕਰਨ ਵਿਚ ਉਸ ਦੀ ਬਹੁਤੀ ਰੁਚੀ ਨਾ ਹੋਣ ਕਾਰਨ ਉਹ ਕਾਲਜ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕਿਆ ਤੇ ਰੋਜ਼ੀ-ਰੋਟੀ ਲਈ ਦਰ-ਬ-ਦਰ ਭਟਕਦਾ ਰਿਹਾ। ਸੋਲਾਂ ਸਾਲ ਦੀ ਅੱਲ੍ਹੜ ਉਮਰੇ ਉਸ ਨੇ ਮੈਂਡੇਕਸ (ਲਾਤੀਨੀ ਸ਼ਬਦਾਰਥ 'ਝੂਠਾ') ਗਰੁੱਪ ਬਣਾ ਕੇ ਹੈਕਿੰਗ ਸ਼ੁਰੂ ਕਰ ਦਿੱਤੀ। ਇਸ ਦੇ ਬਾਵਜੂਦ ਆਸਟ੍ਰੇਲੀਆ ਦੀ ਫੈਡਰਲ ਪੁਲਿਸ ਨੇ ਪਿੱਛਾ ਕਰਨ ਤੋਂ ਬਾਅਦ ਉਸ ਨੂੰ ਦਬੋਚ ਲਿਆ ਤੇ ਉਸ 'ਤੇ 31 ਕੇਸ ਦਰਜ ਕੀਤੇ ਗਏ। ਇਸ ਦੇ ਬਾਵਜੂਦ ਅਸਾਂਜੇ ਅੰਦਰਲਾ ਪੱਤਰਕਾਰ ਅੰਗੜਾਈਆਂ ਲੈ ਰਿਹਾ ਸੀ। ਉਸ ਦੇ ਅੰਦਰ ਬਲ ਰਹੀਆਂ ਪੱਤਰਕਾਰੀ ਦੀਆਂ ਚੰਗਿਆੜੀਆਂ ਨੇ ਉਸ ਨੂੰ ਅੱਗ ਨਾਲ ਖੇਡਣ ਲਈ ਮਜਬੂਰ ਕਰ ਦਿੱਤਾ। ਦੁਨੀਆ ਭਲੀਭਾਂਤ ਜਾਣਦੀ ਹੈ ਕਿ ਅਮਰੀਕਾ ਦੀ ਦਾੜ੍ਹ ਥੱਲੇ ਜੇ ਕੋਈ ਆ ਜਾਵੇ ਤਾਂ ਉਹ ਉਸ ਨੂੰ ਚੰਗੀ ਤਰ੍ਹਾਂ ਚਿੱਥ ਦਿੰਦਾ ਹੈ। ਵਿਕੀਲੀਕਸ ਰਾਹੀਂ ਜਦੋਂ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਪੋਤੜੇ ਫਰੋਲੇ ਗਏ ਤਾਂ ਫਿਰ ਅਸਾਂਜੇ ਨੂੰ ਕਿਸ ਨੇ ਬਖਸ਼ਣਾ ਸੀ? ਸਵੀਡਨ ਨੇ ਅਸਾਂਜੇ ਵਿਰੁੱਧ ਜਬਰ-ਜਨਾਹ ਦੇ ਦੋਸ਼ ਆਇਦ ਕਰ ਕੇ ਪਿਛਲੇ ਸਾਲ ਨਵੰਬਰ ਵਿਚ ਇੰਟਰਨੈਸ਼ਨਲ ਵਾਰੰਟ ਜਾਰੀ ਕਰ ਦਿੱਤੇ। ਖ਼ੁਦ ਨੂੰ 'ਪ੍ਰੈੱਸ ਦੀ ਆਜ਼ਾਦੀ' ਦਾ ਅਲੰਬਰਦਾਰ ਕਹਿਣ ਵਾਲੇ ਸਵੀਡਨ ਨੇ ਅਸਾਂਜੇ ਨੂੰ ਦੁਨੀਆ ਸਾਹਮਣੇ ਸੱਚ ਪਰੋਸਣ ਦੀ ਸਜ਼ਾ ਦਿੱਤੀ ਹੈ। ਦੁਨੀਆ ਜਾਣਦੀ ਸੀ ਕਿ ਅਮਰੀਕਾ ਨਾਲ ਪੰਗਾ ਲੈਣ ਵਾਲੇ ਦਾ ਕੀ ਹਸ਼ਰ ਹੋਣ ਵਾਲਾ ਹੈ। ਗ੍ਰਿਫ਼ਤਾਰੀ ਤੋਂ ਬਚਦਾ-ਬਚਾਉਂਦਾ ਅਸਾਂਜੇ ਇੱਧਰ-ਉੱਧਰ ਲੁਕਦਾ ਫਿਰਦਾ ਰਿਹਾ। ਆਖ਼ਰ ਉਸ ਨੇ ਬ੍ਰਿਟਿਸ਼ ਪੁਲਿਸ ਅੱਗੇ ਸੱਤ ਦਸੰਬਰ 2010 ਨੂੰ ਆਤਮ ਸਮਰਪਣ ਕਰ ਦਿੱਤਾ। ਕੁਝ ਦਿਨਾਂ ਬਾਅਦ ਉਸ ਦੀ ਜ਼ਮਾਨਤ ਹੋ ਗਈ। ਬਾਅਦ ਵਿਚ ਉਸ 'ਤੇ ਕਈ ਹੋਰ ਕੇਸ ਮੜ੍ਹੇ ਗਏ। ਜੂਨ 2012 ਵਿਚ ਅਸਾਂਜੇ ਨੇ ਬਰਤਾਨੀਆ ਸਥਿਤ ਇਕਵਾਡੋਰੀਅਨ ਸਫ਼ਾਰਤਖਾਨੇ ਵਿਚ ਸਿਆਸੀ ਪਨਾਹ ਲੈ ਲਈ। ਇਸ ਤੋਂ ਬਾਅਦ ਇਕਵਾਡੋਰ ਨੇ ਉਸ ਨੂੰ ਨਾਗਰਿਕਤਾ ਵੀ ਦੇ ਦਿੱਤੀ ਸੀ। ਇਕਵਾਡੋਰ ਦੀ ਸਰਕਾਰ ਚਾਹੁੰਦੀ ਸੀ ਕਿ ਉਹ ਰੂਸ ਸਥਿਤ ਆਪਣੇ ਸਫ਼ਾਰਤਖਾਨੇ ਵਿਚ ਅਸਾਂਜੇ ਨੂੰ ਸਲਾਹਕਾਰ ਨਿਯੁਕਤ ਕਰੇ ਜੋ ਸੰਭਵ ਨਹੀਂ ਹੋ ਸਕਿਆ। ਅਮਰੀਕਾ ਤਾਂ ਫਿਰ ਅਮਰੀਕਾ ਹੈ, ਜਿਸ ਦੇ ਪਿੱਛੇ ਹੱਥ ਧੋ ਕੇ ਪੈ ਜਾਵੇ, ਉਹ ਫਿਰ ਜਾਨ ਤੋਂ ਹੱਥ ਧੋ ਬੈਠਦਾ ਹੈ। ਬੁਖਲਾਹਟ 'ਚ ਆਈ ਅਮਰੀਕਾ ਦੀ ਸਰਕਾਰ ਨੇ ਦੋਸ਼ ਲਗਾਇਆ ਕਿ ਅਸਾਂਜੇ ਰੂਸ ਦੇ ਹੱਥਾਂ 'ਚ ਖੇਡ ਰਿਹਾ ਸੀ ਅਤੇ ਉਸ ਦੇ ਚੈਸਲਾ ਐਲਿਜ਼ਾਬੈੱਥ ਨਾਲ ਉਸ ਵੇਲੇ ਨਿਕਟ ਸਬੰਧ ਸਨ ਜਦੋਂ ਉਹ ਅਮਰੀਕਾ ਦੀ ਮਿਲਟਰੀ 'ਚ ਕੰਮ ਕਰ ਰਹੀ ਸੀ। ਚੈਸਲਾ ਵੀ ਅੱਜਕੱਲ੍ਹ ਸਲਾਖਾਂ ਦੇ ਪਿੱਛੇ ਹੈ ਪਰ ਉਸ ਨੇ ਤਸ਼ੱਦਦ ਦੇ ਬਾਵਜੂਦ ਸੰਚਾਰ ਦੇ ਸਰੋਤਾਂ ਨੂੰ ਗੁਪਤ ਰੱਖਣ ਦਾ ਧਰਮ ਨਿਭਾਉਂਦਿਆਂ ਅਸਾਂਜੇ ਬਾਰੇ ਮੂੰਹ ਨਹੀਂ ਖੋਲ੍ਹਿਆ। ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਇਕ ਕਮੇਟੀ ਨੇ ਅਸਾਂਜੇ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਅਮਰੀਕਾ ਤੇ ਸਵੀਡਨ ਵਿਕੀਲੀਕਸ ਦੇ ਬਾਨੀ ਨਾਲ ਵਧੀਕੀ ਕਰ ਰਹੇ ਹਨ ਜਿਸ ਕਰਕੇ ਗ਼ੈਰ-ਕਾਨੂੰਨੀ ਗ੍ਰਿਫ਼ਤਾਰੀ ਕਰਕੇ ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਟਰੰਪ ਨੇ ਸੰਯੁਕਤ ਰਾਸ਼ਟਰ ਦੀ ਇਸ ਟਿੱਪਣੀ ਨੂੰ ਟਿੱਚ ਜਾਣਿਆ ਹੈ। ਸਵੀਡਨ ਦੀ ਅਦਾਲਤ 'ਚ ਅਸਾਂਜੇ ਦੀ ਪਟੀਸ਼ਨ ਖ਼ਾਰਜ ਹੋਣ ਤੋਂ ਬਾਅਦ ਇਕਵਾਡੋਰ ਨੇ ਵੀ ਉਸ ਦੀ ਨਾਗਰਿਕਤਾ ਖ਼ਾਰਜ ਕਰ ਦਿੱਤੀ ਤੇ ਅਮਰੀਕਨ ਅਧਿਕਾਰੀ ਉਸ ਨੂੰ ਇਕਵਾਡੋਰ ਦੇ ਸਫ਼ਾਰਤਖਾਨੇ 'ਚੋਂ ਗ੍ਰਿਫ਼ਤਾਰ ਕਰ ਕੇ ਲੈ ਗਏ। ਗਰੈਂਡ ਜਿਊਰੀ ਸਾਹਮਣੇ ਪੇਸ਼ ਹੋਣ ਵੇਲੇ ਅਸਾਂਜੇ ਦੀ ਹਾਲਤ ਤਰਸਯੋਗ ਸੀ। ਯਾਦਦਾਸ਼ਤ ਉਸ ਦਾ ਸਾਥ ਨਹੀਂ ਦੇ ਰਹੀ ਸੀ। ਅਮਰੀਕਾ ਵੱਲੋਂ ਉਸ 'ਤੇ 1917 ਵਿਚ ਪਾਸ ਹੋਏ ਜਾਸੂਸੀ ਐਕਟ ਤਹਿਤ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਸ ਨੂੰ '175 ਸਾਲ' ਤਕ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਇੰਨੀ ਲੰਬੀ ਉਮਰ ਕੌਣ ਹੰਢਾਉਂਦਾ ਹੈ!!! ਅਸਾਂਜੇ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਹ ਕਿਸੇ ਵੀ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਕਦਾ ਹੈ। ਸੱਚ ਨੂੰ ਆਖ਼ਰ ਸੂਲੀ ਤਾਂ ਚੜ੍ਹਨਾ ਹੀ ਪੈਂਦਾ ਏ!

Posted By: Sunil Thapa