ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨਾਲ 58 ਮੰਤਰੀਆਂ ਨੇ ਵੀ ਸਹੁੰ ਚੁੱਕੀ ਜਿਨ੍ਹਾਂ 'ਚੋਂ 19 ਨਵੇਂ ਚਿਹਰੇ ਹਨ। ਪੰਜਾਬ ਵਿਚ 13 ਲੋਕ ਸਭਾ ਹਲਕਿਆਂ ਦੇ ਅਨੁਪਾਤ 'ਚ ਦੋ ਸੰਸਦ ਮੈਂਬਰਾਂ ਅਤੇ ਇਕ ਹਾਰੇ ਹੋਏ ਉਮੀਦਵਾਰ ਨੂੰ ਮੰਤਰੀ ਬਣਾਉਣਾ ਸੂਬੇ ਲਈ ਵੱਡਾ ਤੋਹਫਾ ਕਰਾਰ ਦਿੱਤਾ ਜਾ ਰਿਹਾ ਹੈ। ਪੂਰੇ ਦੇਸ਼ ਵਿਚ ਭਾਜਪਾ ਨੇ 303 ਸੀਟਾਂ ਹਾਸਲ ਕੀਤੀਆਂ ਜਦਕਿ ਪੰਜਾਬ ਦੀਆਂ 13 ਸੀਟਾਂ 'ਚੋਂ ਅਕਾਲੀ-ਭਾਜਪਾ ਗੱਠਜੋੜ ਸਿਰਫ਼ ਚਾਰ ਸੀਟਾਂ 'ਤੇ ਜਿੱਤ ਦਰਜ ਕਰ ਸਕਿਆ।

ਅਕਾਲੀ ਦਲ ਨੇ 10 ਤੇ ਭਾਜਪਾ ਨੇ ਤਿੰਨ ਸੀਟਾਂ 'ਤੇ ਚੋਣ ਲੜੀ ਸੀ ਜਿਨ੍ਹਾਂ 'ਚੋਂ ਬਠਿੰਡਾ ਤੇ ਫਿਰੋਜ਼ਪੁਰ ਸੀਟ ਅਕਾਲੀ ਦਲ ਵੱਲੋਂ ਬਾਦਲ ਜੋੜੀ ਨੇ ਜਿੱਤੀ ਜਦਕਿ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰਾਂ ਸੰਨੀ ਦਿਓਲ ਤੇ ਸੋਮ ਪ੍ਰਕਾਸ਼ ਕੈਂਥ ਨੇ ਜਿੱਤ ਹਾਸਲ ਕੀਤੀ। ਅਜਿਹੇ ਵਿਚ ਪੰਜਾਬ ਦੇ ਦੋ ਸੰਸਦ ਮੈਂਬਰਾਂ ਅਤੇ ਇਕ ਹਾਰੇ ਹੋਏ ਉਮੀਦਵਾਰ ਨੂੰ ਮੰਤਰੀ ਮੰਡਲ ਵਿਚ ਥਾਂ ਮਿਲਣ ਦੇ ਸਿਆਸੀ ਮਾਅਨੇ ਤਲਾਸ਼ੇ ਜਾ ਰਹੇ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਖਬੀਰ ਬਾਦਲ ਜਾਂ ਹਰਸਿਮਰਤ ਬਾਦਲ 'ਚੋਂ ਕਿਸੇ ਇਕ ਨੂੰ ਮੰਤਰੀ ਬਣਾਉਣਾ ਚਾਹੁੰਦੇ ਸਨ।

ਉਨ੍ਹਾਂ ਦੀ ਪਹਿਲ ਸੁਖਬੀਰ ਬਾਦਲ ਸਨ ਪਰ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਦੁਬਾਰਾ ਮੰਤਰੀ ਬਣਾਉਣ ਵਿਚ ਦਿਲਚਸਪੀ ਦਿਖਾਈ। ਸੁਖਬੀਰ ਬਾਦਲ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜ਼ਬੂਤ ਕਰਨ ਦਾ ਹਵਾਲਾ ਦੇ ਕੇ ਕੇਂਦਰੀ ਕੈਬਨਿਟ ਵਿਚ ਨਾ ਭੇਜਣ ਦਾ ਫ਼ੈਸਲਾ ਲਿਆ। ਦੂਜੇ ਪਾਸੇ ਪਹਿਲਾਂ ਵੀ ਕੇਂਦਰੀ ਵਜ਼ਾਰਤ ਵਿਚ ਰਹਿ ਚੁੱਕੇ ਹਰਦੀਪ ਪੁਰੀ ਨੂੰ ਫਿਰ ਤੋਂ ਮੰਤਰੀ ਮੰਡਲ ਵਿਚ ਥਾਂ ਦਿੱਤੀ ਗਈ ਹੈ, ਬਾਵਜੂਦ ਇਸ ਦੇ ਕਿ ਉਹ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੋਂ ਹਾਰ ਗਏ ਸਨ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਭਾਜਪਾ ਅੰਮ੍ਰਿਤਸਰ ਸੀਟ ਜਿੱਤ ਨਹੀਂ ਪਾ ਰਹੀ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਪੰਜਾਬ 'ਚ ਅਤੇ ਖ਼ਾਸ ਤੌਰ 'ਤੇ ਅੰਮ੍ਰਿਤਸਰ ਵਿਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਫਿਰ ਤੋਂ ਹਰਦੀਪ ਪੁਰੀ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਹੈ। ਪਹਿਲੀ ਵਾਰ ਹੁਸ਼ਿਆਰਪੁਰ ਤੋਂ ਜਿੱਤ ਕੇ ਸੰਸਦ ਪਹੁੰਚੇ ਸਾਬਕਾ ਨੌਕਰਸ਼ਾਹ ਸੋਮ ਪ੍ਰਕਾਸ਼ ਕੈਂਥ ਨੂੰ ਕੈਬਨਿਟ ਵਿਚ ਥਾਂ ਦੇਣਾ ਮੋਦੀ-ਸ਼ਾਹ ਜੋੜੀ ਦੀ ਸਿਆਸੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਪਿਛਲੀ ਵਾਰ ਵੀ ਹੁਸ਼ਿਆਰਪੁਰ ਤੋਂ ਜਿੱਤ ਕੇ ਲੋਕ ਸਭਾ ਪਹੁੰਚੇ ਵਿਜੈ ਸਾਂਪਲਾ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਲਿਆ ਗਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਥਾਪਿਆ ਗਿਆ ਸੀ ਪਰ ਫਿਰ ਪਹਿਲਾਂ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਦੀ ਕੁਰਸੀ ਤੋਂ ਲਾਂਭੇ ਕੀਤਾ ਗਿਆ ਅਤੇ ਫਿਰ ਹੁਸ਼ਿਆਰਪੁਰ ਤੋਂ ਦੁਬਾਰਾ ਪਾਰਟੀ ਟਿਕਟ ਵੀ ਨਹੀਂ ਦਿੱਤੀ ਗਈ। ਭਾਜਪਾ ਪੰਜਾਬ ਵਿਚ ਦਲਿਤ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਯਤਨ ਕਰ ਰਹੀ ਹੈ ਪਰ ਕੋਈ ਜ਼ਿਆਦਾ ਕਾਮਯਾਬੀ ਹਾਸਲ ਨਹੀਂ ਹੋ ਸਕੀ। ਪੰਜਾਬ 'ਚੋਂ ਕੇਂਦਰੀ ਮੰਤਰੀ ਮੰਡਲ ਵਿਚ ਤਿੰਨ ਮੰਤਰੀ ਬਣਨ ਨੂੰ ਵੱਡੀ ਸਿਆਸੀ ਘਟਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਰ ਇਸ ਨੂੰ ਅਕਾਲੀ-ਭਾਜਪਾ ਦੀ ਮਜ਼ਬੂਤੀ ਦੇ ਰੂਪ ਵਿਚ ਦੇਖ ਰਹੇ ਹਨ ਅਤੇ ਇਸ ਨੂੰ ਪੰਜਾਬ ਦੇ ਵਿਕਾਸ ਨਾਲ ਵੀ ਜੋੜਦੇ ਹਨ। ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਕਿ ਜਿਵੇਂ ਪਿਛਲੀ ਵਾਰ ਮੰਤਰੀਆਂ ਨੇ ਪੰਜਾਬ ਲਈ ਕਈ ਵੱਡੇ ਪ੍ਰਾਜੈਕਟ ਲਿਆਂਦੇ, ਇਸ ਵਾਰ ਫਿਰ ਇਹ ਮੰਤਰੀ ਪਹਿਲਾਂ ਨਾਲੋਂ ਜ਼ਿਆਦਾ ਵਧੇਰੇ ਜ਼ੋਰ-ਸ਼ੋਰ ਨਾਲ ਪੰਜਾਬ 'ਚ ਪ੍ਰਾਜੈਕਟ ਲਿਆਉਣ ਲਈ ਕੋਸ਼ਿਸ਼ਾਂ ਕਰਨਗੇ।

Posted By: Jagjit Singh