-ਤਰਲੋਚਨ ਸਿੰਘ ਦੁਪਾਲਪੁਰ

ਅਮਰੀਕਾ ਤੋਂ ਪੰਜਾਬ ਤਾਂ ਭਾਵੇਂ ਮੈਂ ਹਰੇਕ ਸਾਲ ਹੀ ਜਾਂਦਾ ਹਾਂ ਪਰ ਤੇਰਾਂ ਸਾਲ ਤੋਂ ਕਦੇ ਪਿੰਡ ਰਹਿ ਕੇ ਦੁਸਹਿਰਾ-ਦੀਵਾਲੀ ਦੇ ਤਿਉਹਾਰ ਨਹੀਂ ਸਨ ਦੇਖੇ। ਸੋ ਅਕਤੂਬਰ ਦੇ ਪਹਿਲੇ ਹਫ਼ਤੇ ਮੈਂ ਤੇ ਮੇਰੀ ਪਤਨੀ ਪਿੰਡ ਪਹੁੰਚ ਗਏ। ਸਕੂਲ ਪੜ੍ਹਦੇ ਮੇਰੇ ਪੋਤਰੇ ਨੂੰ ਇਕ ਦਿਨ ਖੰਘ-ਜ਼ੁਕਾਮ ਦੇ ਨਾਲ-ਨਾਲ ਥੋੜ੍ਹਾ ਬੁਖਾਰ ਵੀ ਹੋ ਗਿਆ। ਉਸ ਨੂੰ ਦਵਾਈ ਦਿਵਾਉਣ ਲਈ ਜਾਡਲੇ ਜਾਣ ਦੀ ਮੇਰੀ ਡਿਊਟੀ ਲੱਗ ਗਈ। ਮੈਡੀਕਲ ਸਟੋਰ ਦੇ ਬੈਂਚ ਮਰੀਜ਼ਾਂ ਨਾਲ ਭਰੇ ਪਏ ਸਨ। ਮੈਥੋਂ ਪਹਿਲਾਂ ਪਹੁੰਚੇ ਹੋਏ ਬਹੁਤੇ ਮਰੀਜ਼ਾਂ ਬਾਬਤ ਡਾਕਟਰ ਪੁਰੀ ਦੇ ਮੂੰਹੋਂ ਇਕ ਨਵੀਂ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਰੇਡੀਓ-ਕਲਾਕਾਂ ਦੇ ਸੈੱਲ ਮੁੱਕਦੇ ਤਾਂ ਸੁਣੇ ਸਨ, ਇੱਥੇ ਕੀ ਬੱਚੇ, ਕੀ ਬੁੱਢੇ, ਸਭ ਮਰੀਜ਼ਾਂ ਨੂੰ ਡਾਕਟਰ ਦੱਸੀ ਜਾ ਰਿਹਾ ਸੀ ਕਿ ਫਲਾਣਿਆ, ਤੇਰੇ ਐਨੇ ਸੈੱਲ ਘਟ ਗਏ, ਤੇਰੇ ਐਨੇ ਘਟ ਗਏ ਹਨ। ਵਾਰੀ ਸਿਰ ਮਰੀਜ਼ ਬੈਂਚਾਂ ਤੋਂ ਉੱਠ-ਉੱਠ ਕੇ ਡਾਕਟਰ ਕੋਲੋਂ ਚੈੱਕਅੱਪ ਕਰਵਾਈ ਜਾ ਰਹੇ ਸਨ। ਬੈਂਚ 'ਤੇ ਮੇਰੇ ਨਾਲ ਵਾਲੀ ਖ਼ਾਲੀ ਥਾਂ ਪਤੀ-ਪਤਨੀ ਦਾ ਇਕ ਜੋੜਾ ਆਪਣੇ ਬੱਚੇ ਨੂੰ ਗੋਦ ਲੈ ਕੇ ਆ ਬੈਠਿਆ। ਮੈਲੇ-ਕੁਚੈਲੇ ਕੱਪੜਿਆਂ ਵਾਲੇ ਸਾਈਕਲ 'ਤੇ ਆਏ ਇਹ ਦੋਵੇਂ ਪੂਰਬੀਏ ਸਨ ਕਿਉਂਕਿ ਉਹ ਬੁਖਾਰ ਨਾਲ ਵਿਆਕੁਲ ਹੋ ਰਹੇ ਆਪਣੇ ਬੱਚੇ ਨੂੰ ਧਰਵਾਸਾ ਦਿੰਦਿਆਂ ਪੂਰਬੀਆਂ ਵਾਂਗ ਬੋਲ ਰਹੇ ਸਨ। ਥੋੜ੍ਹਾ ਪਰਦਾ ਜਿਹਾ ਕਰ ਕੇ ਉਹ ਜਨਾਨੀ ਬੱਚੇ ਨੂੰ ਦੁੱਧ ਚੁੰਘਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਦੁੱਖ ਦਾ ਝੰਬਿਆ ਬੱਚਾ ਤਿਲਮਿਲਾ ਰਿਹਾ ਸੀ। ਵਿਚਾਰਾ ਖੰਘ-ਖੰਘ ਕੇ ਹਫਿਆ ਮੇਰਾ ਪੋਤਰਾ ਵੀ ਭਾਵੇਂ ਮੇਰੇ ਪੱਟ 'ਤੇ ਸਿਰ ਸੁੱਟੀ ਬੈਠਾ ਸੀ ਪਰ ਮੈਨੂੰ ਉਸ ਗ਼ਰੀਬ ਬੱਚੇ 'ਤੇ ਤਰਸ ਆ ਗਿਆ ਅਤੇ ਮੈਂ ਸੋਚਿਆ ਕਿ ਆਪਣੀ ਵਾਰੀ ਆਉਣ 'ਤੇ ਪਹਿਲਾਂ ਇਨ੍ਹਾਂ ਨੂੰ ਜਾਣ ਦਿਆਂਗਾ। ਦਵਾਈ ਦੇਣ ਤੋਂ ਬਾਅਦ ਡਾਕਟਰ ਨੂੰ ਮਰੀਜ਼ਾਂ ਤੋਂ ਪੈਸੇ ਲੈਂਦਿਆਂ ਦੇਖ ਕੇ ਮੈਂ ਅਨੁਮਾਨ ਲਾਇਆ ਕਿ ਇਹ ਪੰਜਾਹ ਤੋਂ ਢਾਈ-ਤਿੰਨ ਸੌ ਰੁਪਏ ਤਕ ਪੈਸੇ ਹੀ ਲੈ ਰਿਹਾ ਹੈ। ਇਸ ਤੋਂ ਵੱਧ ਨਹੀਂ। ਜਦੋਂ ਮੇਰੀ ਵਾਰੀ ਆਉਣ ਲੱਗੀ ਤਾਂ ਮੈਂ ਖੜ੍ਹੇ ਮਰੀਜ਼ਾਂ ਦਾ ਓਹਲਾ ਜਿਹਾ ਹੋਣ 'ਤੇ ਆਪਣੀ ਜੇਬ 'ਚੋਂ ਪੰਜ ਸੌ ਦਾ ਨੋਟ ਕੱਢ ਕੇ ਉਸ ਗ਼ਰੀਬ ਜੋੜੇ ਵੱਲ ਮੁੱਠੀ ਵਧਾਉਂਦਿਆਂ ਕਿਹਾ ਕਿ ਮੇਰੇ ਸੇ ਪਹਿਲੇ ਆਪ ਦਵਾਈ ਲੇ ਲੋ। ਕੋਈ ਬਾਤ ਨਹੀਂ ਮੈਂ ਬਾਅਦ ਮੇਂ ਲੇ ਲੂੰਗਾ। ਅਜਿਹਾ ਕਰਦਿਆਂ ਮੈਂ ਤਵੱਕੋ ਕੀਤੀ ਸੀ ਕਿ ਉਹ ਦ੍ਰਵੀ ਘਿਗਿਆਈ ਆਵਾਜ਼ ਵਿਚ ਆਪਣੇ ਨਿਢਾਲ ਹੋਏ ਬੱਚੇ ਦੀ ਬਿਮਾਰੀ ਬਾਰੇ ਦੱਸ ਕੇ ਮੈਥੋਂ ਪੈਸੇ ਫੜ ਲਵੇਗਾ ਪਰ ਉਨ੍ਹਾਂ ਦੋਹਾਂ ਦਾ ਅਨੋਖਾ ਵਿਹਾਰ ਦੇਖ ਕੇ ਮੈਂ ਦੰਗ ਰਹਿ ਗਿਆ।।

ਪਹਿਲਾਂ ਉਸ ਬੰਦੇ ਨੇ ਮੇਰੀ ਮੁੱਠ ਨੂੰ ਅਸਵੀਕਾਰ ਕਰਦਿਆਂ ਪੈਸੇ ਫੜਨ ਤੋਂ ਨਾਂਹ ਕਰ ਦਿੱਤੀ। ਜਦੋਂ ਮੈਂ ਉਸ ਦੀ ਤ੍ਰੀਮਤ ਨੂੰ ਪੈਸੇ ਫੜਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਆਪ ਕਾ ਬੱਚਾ ਭੀ ਤੋ ਮੇਰੇ ਬੱਚੇ ਜੈਸਾ ਹੈ, ਇਸ ਕੋ ਤੁਮ ਜੂਸ ਵਗੈਰਾ ਪਿਲਾ ਦੇਨਾ ਤਾਂ ਉਹ ਬੰਦਾ ਬਗ਼ੈਰ ਮੇਰਾ ਸ਼ੁਕਰਾਨਾ ਕਰਿਆਂ ਥੋੜ੍ਹਾ ਖਰ੍ਹਵੇ ਜਿਹੇ ਅੰਦਾਜ਼ 'ਚ ਮੇਨੂੰ ਕਹਿੰਦਾ, ''ਸਰਦਾਰ ਜੀ! ਭਗਵਾਨ ਨੇ ਹਮੇਂ ਹਾਥ ਦੀਏ ਹੂਏ ਹੈਂ, ਔਰ ਹਮ ਕਾਮ ਕਰਤੇ ਹੈਂ। ਆਪ ਸੇ ਪੈਸੇ ਨਹੀਂ ਲੇਂਗੇ ਹਮ।'' ਕੋਲ ਖੜ੍ਹੇ ਬਹੁਤੇ ਮਰੀਜ਼ਾਂ ਨੂੰ ਇਸ ਵਾਰਤਾਲਾਪ ਦਾ ਪਤਾ ਲੱਗਣ ਦੇ ਡਰੋਂ ਮੈਂ ਛਿੱਥਾ ਜਿਹਾ ਪੈ ਕੇ ਨੋਟ ਆਪਣੀ ਜੇਬ 'ਚ ਪਾ ਲਿਆ। ਦੀਵਾਲੀ ਤੋਂ ਦੋ ਕੁ ਦਿਨ ਪਹਿਲਾਂ ਮੈਂ ਤੇ ਮੇਰੀ ਪਤਨੀ ਨਵਾਂਸ਼ਹਿਰ ਦੇ ਕੋਠੀ ਰੋਡ ਵਾਲੇ ਬਾਜ਼ਾਰ ਵਿਚ ਖ਼ਰੀਦਦਾਰੀ ਕਰਦੇ ਫਿਰ ਰਹੇ ਸਾਂ। ਹਾਸੇ-ਭਾਣੇ ਅਸੀਂ ਇਸ ਬਾਜ਼ਾਰ ਦੇ ਉਸ ਖੂੰਜੇ ਚਲੇ ਗਏ ਜਿੱਥੇ ਹਲਵਾਈ ਦੀ ਇਕ ਛੋਟੀ ਜਿਹੀ ਦੁਕਾਨ ਹੁੰਦੀ ਸੀ। ਉਸ ਬਜ਼ੁਰਗ ਹਲਵਾਈ ਦੀਆਂ ਜਲੇਬੀਆਂ ਆਪਣੀ ਮਿਸਾਲ ਆਪ ਹੁੰਦੀਆਂ ਸਨ। ਉੱਥੇ ਪਹੁੰਚ ਕੇ ਅਸੀਂ ਹੈਰਾਨ ਹੋਏ ਕਿ ਹੋਰ ਸਾਰਾ ਆਲਾ-ਦੁਆਲਾ ਤਾਂ ਬਹੁਤ ਬਦਲਿਆ ਹੋਇਆ ਸੀ ਪਰ ਹਲਵਾਈ ਦੀ ਉਹ ਦੁਕਾਨ ਲਗਪਗ ਉਸੇ ਰੂਪ ਵਿਚ ਮੌਜੂਦ ਸੀ। ਫ਼ਰਕ ਸੀ ਤਾਂ ਬਸ ਇਹੀ ਕਿ ਬਜ਼ੁਰਗ ਹਲਵਾਈ ਦੀ ਥਾਂ ਕੋਈ ਨੌਜਵਾਨ ਭੱਠੀ 'ਤੇ ਬੈਠਾ ਸੀ। ਸ਼ੂਗਰ ਹੋਣ ਕਰ ਕੇ ਜਲੇਬੀਆਂ ਖਾਣ ਦੀ ਰੀਝ ਤਾਂ ਮੈਂ ਦੀਵਾਲੀ ਵਾਲੇ ਦਿਨ ਹੀ ਧੱਕੇ ਨਾਲ ਪੂਰੀ ਕਰਨੀ ਸੀ। ਸੋ ਅੱਜ ਅਸੀਂ ਗਰਮਾ-ਗਰਮ ਸਮੋਸੇ ਖਾਣ ਦਾ ਫ਼ੈਸਲਾ ਕੀਤਾ। ਪਰਿਵਾਰਕ ਜੀਆਂ ਦੇ ਹਿਸਾਬ ਨਾਲ ਮੈਂ ਹਲਵਾਈ ਨੂੰ ਦਸ ਕੁ ਸਮੋਸੇ ਪੈਕ ਕਰਨ ਲਈ ਕਿਹਾ।।ਐਨ ਇਸ ਮੌਕੇ ਸਾਡੇ ਖੜ੍ਹਿਆਂ ਦੇ ਪਿੱਛੇ ਇਕ ਮੰਗਤਾ ਆ ਕੇ ਸਾਥੋਂ ਪੈਸੇ ਮੰਗਣ ਲੱਗਾ। ਹਲਕੇ ਜਿਹੇ ਮੂਡ 'ਚ ਮੈਂ ਉਸ ਨੂੰ ਕਿਹਾ ਕਿ ਪੈਸਿਆਂ ਦਾ ਵੀ ਤੂੰ ਖਾਣ ਲਈ ਕੁਝ ਖ਼ਰੀਦੇਂਗਾ ਹੀ। ਅਸੀਂ ਸਮੋਸੇ ਲਏ ਆ, ਲੈ ਤੂੰ ਵੀ ਸਮੋਸੇ ਛਕ ਲੈ। ਏਨਾ ਕਹਿ ਕੇ ਮੈਂ ਹਲਵਾਈ ਨੂੰ ਇਸ਼ਾਰਾ ਕੀਤਾ ਕਿ ਦੋ-ਤਿੰਨ ਸਮੋਸੇ ਲਿਫ਼ਾਫ਼ੇ 'ਚ ਪਾ ਕੇ ਮੰਗਤੇ ਨੂੰ ਫੜਾ ਦਿਉ। ਜਿਉਂ ਹੀ ਹਲਵਾਈ ਨੇ ਸਮੋਸੇ ਪਾਉਣ ਲਈ ਲਿਫ਼ਾਫ਼ਾ ਚੁੱਕਿਆ, ਉਹ ਮੰਗਤਾ ਬੜੇ ਰੋਹਬ ਜਿਹੇ ਨਾਲ ਮੈਨੂੰ ਕਹਿੰਦਾ, 'ਮੈਂ ਨਹੀਂ ਸਮੋਸੇ ਖਾਣੇ।' ਪਹਿਲੀ ਵਾਰ ਤਾਂ ਉਸ ਨੇ ਹਿੰਦਕੀ ਜਿਹੀ ਬੋਲਦਿਆਂ ਸਾਡੇ ਕੋਲੋਂ ਪੈਸੇ ਮੰਗੇ ਸਨ ਪਰ ਹੁਣ ਉਹ ਸਿੱਧੀ-ਸਪਾਟ ਪੰਜਾਬੀ 'ਚ ਬੋਲਿਆ, 'ਦੀਵਾਲੀ ਦਾ ਤਿਉਹਾਰ ਆ, ਆਪ ਤੁਸੀਂ ਖਾਣੀਆਂ ਮਿਠਾਈਆਂ, ਮੈਂ ਖਾਵਾਂ ਸਮੋਸੇ।' ਉਸ ਦੀ ਬੇਬਾਕੀ 'ਤੇ ਉੱਚੀ-ਉੱਚੀ ਹੱਸਦਿਆਂ ਅਸੀਂ ਹਲਵਾਈ ਨੂੰ ਕਿਹਾ ਕਿ ਉਹ ਪਾਈਆ ਕੁ ਬਰਫ਼ੀ ਦੇ ਦੇਵੇ। ਉਸ ਨੂੰ ਹੁਣ ਫਿਰ ਨਾਂਹ-ਨਾਂਹ ਕਰਦਿਆਂ ਮੰਗਤਾ ਅੱਗੇ ਵਧ ਕੇ ਖ਼ੁਦ ਹੀ ਹਲਵਾਈ ਨੂੰ ਕਹਿੰਦਾ, 'ਬਰਫ਼ੀ ਨ੍ਹੀਂ, .ਕਲਾਕੰਦ ਪਾ!'

ਦੀਵਾਲੀ ਵਾਲੇ ਦਿਨ ਇਕ ਹੋਰ ਪਰਵਾਸੀ ਭਾਰਤੀ ਮਿੱਤਰ ਸਾਡੇ ਘਰੇ ਡੱਬਾ ਦੇਣ ਆ ਗਿਆ। ਗੱਲਾਂ-ਬਾਤਾਂ ਕਰਦਿਆਂ ਮੈਂ ਉਸ ਨੂੰ ਉਕਤ ਦੋਵੇਂ ਵਾਕਿਆ ਸੁਣਾ ਕੇ ਕਿਹਾ ਕਿ ਅਸੀਂ ਬਾਹਰ ਬੈਠੇ ਸਮਝਦੇ ਰਹਿੰਦੇ ਹਾਂ ਕਿ ਖੌਰੇ ਸਾਰਾ ਪੰਜਾਬ 'ਆਟਾ-ਦਾਲ ਸਕੀਮ' ਦਾ ਦੀਵਾਨਾ ਹੋ ਗਿਆ ਐ, ਪਰ ਨਹੀਂ, ਸਵੈ-ਮਾਣ ਹਾਲੇ ਜਿਊਂਦਾ-ਜਾਗਦਾ ਹੈ, ਮਰਿਆ ਨਹੀਂ। ਮੇਰੀ ਗੱਲ ਦੇ ਜਵਾਬ 'ਚ ਉਸ ਨੇ ਆਪਣੀ ਇਕ ਅਜਿਹੀ ਹੱਡਬੀਤੀ ਸੁਣਾਈ ਜੋ ਇਸ ਵਿਚਲੇ ਇਕ ਪਾਤਰ ਲਈ ਭਾਵੇਂ ਸਵੈ-ਮਾਣ ਦੀ ਗੱਲ ਹੀ ਹੋਵੇ ਪਰ ਹੈ ਅਸਲ ਵਿਚ ਇਹ 'ਰੱਸੀ ਸੜ ਗਈ ਪਰ ਵੱਟ ਨਾ ਗਿਆ' ਵਾਲੀ ਕਹਾਵਤ ਦਾ ਰੂਪ! ਇਸ ਪਰਵਾਸੀ ਮਿੱਤਰ ਦੇ ਪਿੰਡ ਗਲੀ-ਗੁਆਂਢ ਵਿਚ ਦੋ ਕੁ ਮਹੀਨਿਆਂ ਲਈ ਇਕ ਹੋਰ ਸੱਜਣ ਇੰਗਲੈਂਡੋਂ ਆਇਆ ਹੋਇਆ ਸੀ। ਪਿੰਡ ਦੀ ਹੀ ਇਕ ਨੂੰਹ ਨੂੰ ਉਸ ਨੇ ਤਨਖ਼ਾਹ 'ਤੇ ਆਪਣੇ ਘਰੇਲੂ ਕੰਮ-ਕਾਰ ਲਈ ਰੱਖਿਆ ਹੋਇਆ ਸੀ। ਸਾਡੇ ਘਰੇ ਆਏ ਮਿੱਤਰ ਨੇ ਉਸ ਨੂੰਹ ਨੂੰ ਕਿਹਾ ਕਿ ਬੇਟਾ, ਸਾਨੂੰ ਵੀ ਕੋਈ ਲੜਕੀ ਦੱਸ ਜੋ ਸਾਡੇ ਘਰੇ ਰੋਟੀ-ਪਾਣੀ ਕਰ ਕੇ ਝਾੜੂ-ਪੋਚਾ ਲਾ ਦਿਆ ਕਰੇ ਜਿੰਨਾ ਕੁ ਚਿਰ ਅਸੀਂ ਇੱਥੇ ਰਹਿਣਾ ਹੈ। ਗ਼ਰੀਬ ਪਰਿਵਾਰ ਦੀ ਉਸ ਬੀਬੀ ਨੇ ਆਪਣੀ ਇਕ ਦਰਾਣੀ-ਜਠਾਣੀ ਦਾ ਨਾਂ ਲੈ ਕੇ ਕਿਹਾ ਕਿ ਚਾਚਾ ਜੀ, ਉਹ ਮੈਨੂੰ ਪੁੱਛਦੀ ਸੀ ਕਿ ਮੈਨੂੰ ਵੀ ਆਪਣੇ ਵਾਂਗ ਕਿਤੇ ਕੰਮ ਦਿਵਾ ਦੇ। 'ਚਾਚਾ ਜੀ' ਕਹਿੰਦੇ ਕਿ ਪੁੱਛਣਾ-ਪੁਛਾਉਣਾ ਕੀ ਆ ਪੁੱਤ। ਤੂੰ ਅੱਜ ਹੀ ਉਸ ਨੂੰ ਸਾਡੇ ਘਰ ਭੇਜ। ਇੰਗਲੈਂਡੀਆਂ ਦੇ ਘਰੇ ਕੰਮ ਕਰਦੀ ਨੂੰਹ ਸ਼ਾਮ ਨੂੰ ਮੇਰੇ ਮਿੱਤਰ ਦੇ ਘਰੇ ਆ ਕੇ ਕਹਿੰਦੀ ਕਿ ਚਾਚਾ ਜੀ, ਮੇਰੀ ਦਰਾਣੀ ਕਹਿੰਦੀ ਕਿ ਕੋਈ ਹੋਰ ਬਾਹਰੋਂ ਆਇਆ ਹੋਇਆ ਐ ਤਾਂ ਦੱਸ। ਮੈਂ 'ਉਨ੍ਹਾਂ' ਦੇ ਘਰੇ ਨੌਕਰਾਣੀ ਨਹੀਂ ਲੱਗਣਾ। ਉਹ ਮੈਨੂੰ ਕਹਿੰਦੀ ਕਿ ਤੈਨੂੰ ਪਤਾ ਨਹੀਂ, ਸਾਡੀ ਜਾਤ ਉਨ੍ਹਾਂ ਨਾਲੋਂ 'ਉੱਚੀ' ਐ!

-ਸੰਪਰਕ : 001-408-915-12685

Posted By: Jagjit Singh