-ਡਾ. ਓਪਿੰਦਰ ਸਿੰਘ ਲਾਂਬਾ

ਦਫ਼ਤਰ ਜਾਣ ਲਈ ਸਵੇਰੇ ਤਿਆਰ ਹੋ ਰਿਹਾ ਸਾਂ ਕਿ ਅਚਾਨਕ ਪਿਤਾ ਜੀ ਮੇਰੇ ਕੋਲ ਆ ਕੇ ਕਹਿਣ ਲੱਗੇ, ‘‘ਕਾਕਾ! ਮੈਨੂੰ ਇਕ ਦਿਨ ਪੀਜੀਆਈ ਤਾਂ ਵਿਖਾ ਲਿਆ।’’ ਮਸਾਂ ਕਿਤੇ ਕੋਰੋਨਾ ਤੋਂ ਪਹਿਲਾਂ ਦੀ ਕਾਰਡ ’ਤੇ ਤਰੀਕ ਪਈ ਐ।’ ਮੈਂ ਉਨ੍ਹਾਂ ਦੀ ਗੱਲ ਨੂੰ ਬਾਹਲੀ ਸੰਜੀਦਗੀ ਨਾਲ ਨਾ ਲੈਂਦਿਆਂ ਟੋਕਦੇ ਕਿਹਾ,‘‘ਪਰਸੋਂ ਲੈ ਜਾਵਾਂਗਾ, ਨਿਊਰੋ ਵਾਲੇ ਡਾਕਟਰ ਦੀ ਓਪੀਡੀ ਵੀ ਹੁੰਦੀ ਹੈ। ਅੱਜ ਤਾਂ ਦਫ਼ਤਰ ’ਚ ਵੀ ਖਾਸਾ ਕੰਮ ਹੈ।’’ ਉਹ ਭਰੇ ਜਿਹੇ ਮਨ ਨਾਲ ਕਹਿਣ ਲੱਗੇ, ‘‘ਕਾਕਾ, ਤੇਰੀ ਮਰਜ਼ੀ ਐ। ਮੈਂ ਤਾਂ ਹੁਣ ਬੇਵੱਸ ਹਾਂ। ਅੱਗੇ ਤਾਂ ਆਪੇ ਹੀ ਔਖੇ-ਸੌਖੇ ਲੋਕਲ ਬੱਸ ਫੜ ਕੇ ਤੁਰ ਜਾਈਦਾ ਸੀ ਹਸਪਤਾਲ। ਹੁਣ ਤਾਂ ਕਮਜ਼ੋਰੀ ਕਾਰਨ ਮਸਾਂ ਹੀ ਡੀਂਗ ਪੁੱਟੀ ਜਾਂਦੀ ਐ।’’ ਮੈਨੂੰ ਇੰਜ ਜਾਪਿਆ ਕਿ ਉਹ ਮੈਨੂੰ ਮਿਹਣਾ ਮਾਰ ਰਹੇ ਹੋਣ। ਫਿਰ ਵੀ ਮੈਂ ਉਨਾਂ ਦੀ ਗੱਲ ਨੂੰ ਅਣਗੋਲਦਿਆਂ ਕਿਹਾ,‘‘ਪਿਤਾ ਜੀ, ਅਗਲੇ ਇਕ-ਦੋ ਦਿਨ ਦਫ਼ਤਰ ’ਚ ਜ਼ਰੂਰੀ ਕੰਮ-ਕਾਜ ਕਰਕੇ ਮੈਂ ਬਾਹਲਾ ਮਸਰੂਫ਼ ਹਾਂ। ਫਿਰ ਕਿਸੇ ਹੋਰ ਦਿਨ ਵਿਖਾ ਲਿਆਵਾਂਗਾ।’’ ਉਹ ਵਾਰ-ਵਾਰ ਇਹੀ ਆਖੀ ਜਾ ਰਹੇ ਸਨ, ‘‘ਰੱਬ ਕਿਸੇ ਨੂੰ ਵੀ ਕਿਸੇ ਦਾ ਮੁਥਾਜ ਨਾ ਬਣਾਏ। ਆਪਣੇ ਨੈਣਾਂ-ਪ੍ਰਾਣਾਂ ’ਤੇ ਹੀ ਰੱਖੇ।

ਇਹ ਸੁਣ ਕੇ ਮੈਨੂੰ ਸ਼ਰਮ ਆਈ ਤੇ ਮੈਂ ਇਹੀ ਸੋਚਦਾ ਰਿਹਾ ਕਿ ਅੱਜ ਮੈਂ ਬਹਾਨਾ ਬਣਾ ਕੇ ਉਨ੍ਹਾਂ ਦੇ ਮਨ ਨੂੰ ਸ਼ਾਇਦ ਠੇਸ ਪਹੁੰਚਾ ਕੇ ਆਪਣੀ ਕੋਝੀ ਚਤੁਰਾਈ ਦਾ ਮੁਜ਼ਾਹਰਾ ਕੀਤਾ ਹੈ। ਦਫ਼ਤਰ ਪੁੱਜ ਕੇ ਵੀ ਮੇਰਾ ਕੰਮ ’ਚ ਉੱਕਾ ਚਿੱਤ ਨਾ ਲੱਗਾ ਕਿਉਂਕਿ ਮੈਂ ਆਪਣੇ ਦਰਵੇਸ਼ ਬਾਪ ਨੂੰ ਦਫ਼ਤਰੀ ਕੰਮਕਾਜ ਦਾ ਬਹਾਨਾ ਲਾ ਕੇ ਝੂਠ ਬੋਲਿਆ ਸੀ ਜਿਸ ਸਦਕਾ ਮੇਰੀ ਅੰਤਰ-ਆਤਮਾ ਮੈਨੂੰ ਲਾਹਨਤਾਂ ਪਾ ਰਹੀ ਸੀ। ਮੈਨੂੰ ਬਚਪਨ ਦੇ ਉਹ ਦਿਨ ਚੇਤੇ ਆਉਣ ਲੱਗੇ ਜਦੋਂ ਮੇਰਾ ਬਾਪ ਮੈਨੂੰ ਆਪਣੇ ਸਾਈਕਲ ’ਤੇ ਬਿਠਾ ਕੇ ਜਿੱਥੇ ਕੋਈ ਦੱਸ ਪਾਉਂਦਾ, ਉੱਥੇ ਮੇਰੇ ਇਲਾਜ ਲਈ ਬਿਨਾਂ ਆਪਣੀ ਨੌਕਰੀ ਦੀ ਪਰਵਾਹ ਕਰਦਿਆਂ ਪੁੱਤਰ ਮੋਹ ਵਿਚ ਲੈ ਕੇ ਜਾਂਦਾ ਸੀ। ਮੈਂ ਜਮਾਂਦਰੂ ਇਕ ਨਾਮੁਰਾਦ ਬਿਮਾਰੀ ‘ਹੀਮੋਫੀਲੀਆ’ ਤੋਂ ਪੀੜਤ ਹਾਂ। ਇਸ ਲਾਇਲਾਜ ਬਿਮਾਰੀ ਨਾਲ ਕਦੇ ਮੇਰਾ ਗੋਡਾ, ਗਿੱਟਾ ਜਾਂ ਮੋਢਾ ਅਕਸਰ ਸੁੱਜਿਆ ਰਹਿੰਦਾ। ਮਾਂ-ਪਿਓ ਨੂੰ ਇਸ ਬਿਮਾਰੀ ਦੀ ਬਹੁਤੀ ਸਮਝ ਨਾ ਹੋਣ ਕਾਰਨ ਉਹ ਕਦੇ ਮਾਲਸ਼ੀ ਕੋਲ ਗੋਡਾ ਮਲਾਉਣ ਤੇ ਕਦੇ ਨਜੂਮੀ ਕੋਲ ਲੈ ਜਾਂਦੇ। ਇਸ ਕਾਰਨ ਪਿਤਾ ਜੀ ਨੂੰ ਅਕਸਰ ਆਪਣੇ ਕੰਮ ’ਤੇ ਪਹੁੰਚਣ ’ਚ ਦੇਰ ਹੋ ਜਾਂਦੀ ਅਤੇ ਉਨ੍ਹਾਂ ਨੂੰ ਆਪਣੇ ਉੱਚ ਅਧਿਕਾਰੀਆਂ ਤੋਂ ਕਈ ਵਾਰ ਝਾੜ-ਝੰਭ ਵੀ ਸਹਿਣੀ ਪੈਂਦੀ। ਮੈਨੂੰ ਯਾਦ ਹੈ ਕਿ ਉਨ੍ਹਾਂ ਨੂੰ ਮਹੀਨੇ ’ਚ ਦੋ ਵਾਰ ਪੀਜੀਆਈ ਅਤੇ ਇਕ ਵਾਰ ਪਟਿਆਲੇ ਦੇ ਰਜਿੰਦਰਾ ਹਸਪਤਾਲ ਵਿਚ ਇਲਾਜ ਲਈ ਮੈਨੂੰ ਲੈ ਕੇ ਜਾਣਾ ਪੈਂਦਾ ਤੇ ਉਨ੍ਹਾਂ ਦੀਆਂ ਸਾਲ ਭਰ ਦੀਆਂ ਛੁੱਟੀਆਂ ਪਹਿਲੇ ਮਹੀਨੇ ’ਚ ਹੀ ਮੁੱਕ ਜਾਂਦੀਆਂ। ਮਗਰੋਂ ਬਿਨਾਂ-ਤਨਖ਼ਾਹ ਛੁੱਟੀਆਂ ਲੈ ਕੇ ਮੇਰੇ ਇਲਾਜ ਲਈ ਬੱਸਾਂ ’ਚ ਧੱਕੇ ਖਾਂਦੇ ਰਹਿੰਦੇ ਪਰ ਉਨ੍ਹਾਂ ਨੇ ਤਾਂ ਕਦੇ ਆਪਣੇ ਫ਼ਰਜ਼ ਤੋਂ ਟਾਲਾ ਨਹੀਂ ਸੀ ਵੱਟਿਆ। ਇਨ੍ਹਾਂ ਯਾਦਾਂ ਨੇ ਮੈਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਹੁਣ ਮੇਰੇ ਪਿਤਾ ਜੀ 86 ਵਰੇ੍ਹ ਪੂਰੇ ਕਰ ਚੁੱਕੇ ਹਨ ਅਤੇ ਬੁਢਾਪੇ ਕਾਰਨ ਲੱਗੀਆਂ ਪਰਕਿਨਸਨਜ਼, ਪੇਟ ਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਤੇ ਲਾਚਾਰ ਹਨ। ਮੈਂ ਉਹ ਸਾਰਾ ਦਿਨ ਆਤਮ ਗਿਲਾਨੀ ’ਚ ਕੱਟਿਆ। ਇੱਥੋਂ ਤਕ ਕਿ ਘਰੋਂ ਲਿਆਂਦੀ ਰੋਟੀ ਵੀ ਬਿਨਾਂ ਟਿਫਿਨ ਖੋਲ੍ਹਿਆਂ ਉਵੇਂ ਹੀ ਮੋੜ ਕੇ ਲੈ ਗਿਆ। ਸ਼ਾਮੀਂ ਘਰ ਪੁੱਜਿਆ ਤਾਂ ਘਰਵਾਲੀ ਨੇ ਪੁੱਛਿਆ, ‘‘ਕੀ ਗੱਲ, ਅੱਜ ਤੁਸੀਂ ਰੋਟੀ ਨਹੀਂ ਖਾਧੀ!

ਤਬੀਅਤ ਤਾਂ ਠੀਕ ਹੈ ਨਾ?’’ ਮੈਂ ਓਹਦੇ ਸਵਾਲਾਂ ਨੂੰ ਅਣਗੌਲਦਿਆਂ ਕਿਹਾ,‘‘ ਵੈਸੇ ਹੀ ਕੰਮ ’ਚ ਰੁੱਝੇ ਹੋਣ ਕਰਕੇ ਰੋਟੀ ਖਾਣ ਦਾ ਸਮਾਂ ਹੀ ਨਹੀਂ ਲੱਗਾ।’’ ਮੈਂ ਤੁਰੰਤ ਪਿਤਾ ਜੀ ਕੋਲ ਪੁੱਜ ਕੇ ਉਨਾਂ ਦਾ ਹਾਲ-ਚਾਲ ਪੁੱਛਦਿਆਂ ਕਿਹਾ, ‘‘ਪਰਸੋਂ ਸਵੇਰੇ ਅੱਠ ਵਜੇ ਤਿਆਰ ਰਹਿਣਾ, ਆਪਾਂ ਡਾਕਟਰ ਕੋਲ ਜਾਣੈ।’’ ਇਹ ਸੁਣਦਿਆਂ ਉਨ੍ਹਾਂ ਦਾ ਮੁਰਝਾਇਆ ਚਿਹਰਾ ਖਿੜ ਉੱਠਿਆ ਤੇ ਮੈਨੂੰ ਦਿਲੋਂ ਅਸੀਸਾਂ ਦਿੰਦਿਆਂ ਬੋਲੇ, ‘‘ਜਿਊਂਦਾ ਰਹਿ, ਜਵਾਨੀਆਂ ਮਾਣ, ਵਾਹਿਗੁਰੂ ਚੜ੍ਹਦੀ ਕਲਾ ’ਚ ਰੱਖੇੇ।’’ ਉਹ ਕਹਿਣ ਲੱਗੇ, ‘‘ਕਾਕਾ ਸਾਡੇ ਜਿਹੜੇ ਮਾੜੇ-ਮੋਟੇ ਸੁਆਸ ਬਾਕੀ ਬਚੇ ਹਨ, ਉਹ ਤਾਂ ਹੁਣ ਤੁਹਾਡੇ ਆਸਰੇ ਹੀ ਕੱਟਣੇ ਨੇ।’’ ਪੁੱਤ ਮੈਂ ਤੇਰੀਆਂ ਮਜਬੂਰੀਆਂ ਵੀ ਸਮਝਦਾ ਹਾਂ ਪਰ ਸਾਨੂੰ ਬੁੱਢੇ-ਠੇਰਿਆਂ ਨੂੰ ਸਾਂਭਣਾ ਵੀ ਤਾਂ ਤੁਸਾਂ ਹੀ ਹੈ ਨਾ।’’ ਇਹ ਸੁਣ ਕੇ ਮੇਰੀ ਭੁੱਬ ਨਿਕਲ ਗਈ। ਮੈਂ ਕਿਹਾ, ‘‘ਪਿਤਾ ਜੀ ! ਕੇਹੀਆਂ ਗੱਲਾਂ ਕਰਦੇ ਓ, ਚੰਗਾ ਲੱਗਦੈ ਇੰਜ, ਤੁਸੀਂ ਤਾਂ ਸਿਆਣੇ-ਬਿਆਣੇ ਓ।’’ ਅਸੀਂ ਤੁਹਾਡੇ ਹੀ ਬੱਚੇ ਹਾਂ ਤੇ ਤੁਹਾਡੀ ਸਾਂਭ-ਸੰਭਾਲ ਕਰ ਕੇ ਕੋਈ ਅਹਿਸਾਨ ਨਹੀਂ ਕਰਦੇ ਸਗੋਂ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਸ ਦਿਨ ਮੈਨੂੰ ਇਹ ਅਹਿਸਾਸ ਹੋਇਆ ਕਿ ਜੇ ਅਸੀਂ ਆਪਣੇ ਮਾਂ-ਪਿਓ ਦੀ ਤਨੋਂ-ਮਨੋਂ ਸੇਵਾ ਨਾ ਕੀਤੀ ਤਾਂ ਸਾਡਾ ਕੀ ਹਸ਼ਰ ਹੋਵੇਗਾ, ਇਹ ਅੱਲਾ ਹੀ ਜਾਣਦੈ। ਕਈ ਵਾਰ ਸਾਨੂੰ ਨੌਕਰੀ ’ਚ ਮਸਰੂਫ਼ ਰਹਿਣ ਸਦਕਾ ਇੱਕੋ ਛੱਤ ਹੇਠ ਰਹਿੰਦਿਆਂ ਮਾਂ-ਪਿਓ ਨੂੰ ਮਿਲਿਆਂ ਕਈ-ਕਈ ਦਿਨ ਲੰਘ ਜਾਂਦੇ ਹਨ। ਅਕਸਰ ਮੇਰੇ ਨਾਲ ਵੀ ਇੰਜ ਹੀ ਵਾਰਪਦਾ ਰਿਹਾ ਹੈ। ਅਕਸਰ ਪਿਤਾ ਜੀ ਬਾਲਕੋਨੀ ’ਚ ਖੜਿ੍ਹਆਂ ਹੀ ਸਾਡਾ ਹਾਲਚਾਲ ਪੁੱਛ ਲੈਂਦੇ ਹਨ। ਮੈਨੂੰ ਆਪਣੇ-ਆਪ ’ਤੇ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਕੁਝ ਪਲ ਕੱਢ ਕੇ ਉਨ੍ਹਾਂ ਦੀ ਖ਼ਬਰ-ਸਾਰ ਵੀ ਨਹੀਂ ਲੈ ਸਕਦੇ। ਇਨਸਾਨ ਰੋਟੀ ਤੋਂ ਬਿਨਾਂ ਤਾਂ ਰਹਿ ਸਕਦਾ ਹੈ ਪਰ ਆਪਣੇ ਨੇੜਲਿਆਂ ਨਾਲ ਗੱਲਬਾਤ ਦੀ ਅਣਹੋਂਦ ਨੂੰ ਕਿਸੇ ਵੀ ਸੂਰਤ ’ਚ ਸਹਾਰ ਨਹੀਂ ਸਕਦਾ। ਕਈ ਵਾਰ ਇਹ ਇਕੱਲਾਪਣ ਅਨੇਕਾਂ ਰੋਗਾਂ ਦਾ ਵੀ ਕਾਰਨ ਬਣਦਾ ਹੈ। ਹੋ ਸਕਦਾ ਹੈ ਕਿ ਮੇਰੇ ਬਾਪੂ ਜੀ ਵੀ ਕਿਤੇ ਨਾ ਕਿਤੇ ਸਾਡੀਆਂ ਇਨ੍ਹਾਂ ਜਾਣੇ-ਅਨਜਾਣੇ ਦੀਆਂ ਬੇਪਰਵਾਹੀਆਂ ਜਾਂ ਅਣਗਹਿਲੀਆਂ ਕਾਰਨ ਹੀ ਇਨ੍ਹਾਂ ਰੋਗਾਂ ਤੋਂ ਪੀੜਤ ਹੋਏ ਹੋਣ ਜਿਸ ਨੂੰ ਕਬੂਲਣ ’ਚ ਮੈਨੂੰ ਭੋਰਾ ਵੀ ਸੰਗ-ਸ਼ਰਮ ਨਹੀਂ। ਪਿਤਾ ਜੀ ਵੱਲੋਂ ਮਗਰਲੇ ਦਿਨਾਂ ’ਚ ਕੀਤੇ ਗਏ ਗਿਲੇ-ਸ਼ਿਕਵੇ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਮੇਰੇ ਵੱਲੋਂ ਮਾਂ-ਪਿਓ ਪ੍ਰਤੀ ਫ਼ਰਜ਼ਾਂ ਨੂੰ ਨਿਭਾਉਣ ’ਚ ਵਰਤੀ ਕੁਤਾਹੀ ਸਦਕਾ ਆਈਆਂ ਦੂਰੀਆਂ ਦਾ ਅਹਿਸਾਸ ਕਰਕੇ ਹੁਣ ਮਾਂ-ਬਾਪ ਦੇ ਰਿਸ਼ਤੇ ਦਾ ਨਿੱਘ ਮਾਣਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।

ਕਈ ਵਾਰ ਤਾਂ ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਹਨ ਕਿ ਨਾ ਚਾਹੁੰਦਿਆਂ ਵੀ ਅਸੀਂ ਆਪਣੇ ਬਜ਼ੁਰਗਾਂ ਦੀ ਮਿਜ਼ਾਜਪੁਰਸ਼ੀ ’ਤੋਂ ਖੁੰਝ ਜਾਂਦੇ ਹਾਂ ਜਿਸ ਸਦਕਾ ਉਨ੍ਹਾਂ ਵੱਲੋਂ ਸਾਡੇ ਪ੍ਰਤੀ ਗੁੱਸਾ-ਗਿਲਾ ਹੋਣਾ ਸੁਭਾਵਿਕ ਹੈ। ਮੇਰੀ ਸੋਚ ’ਚ ਆਏ ਇਸ ਬਦਲਾਅ ਨਾਲ ਮੈਨੂੰ ਨਾ ਕੇਵਲ ਮਾਨਸਿਕ ਸਕੂਨ ਹੀ ਮਿਲਿਆ ਸਗੋਂ ਉਨ੍ਹਾਂ ਨਾਲ ਹੋਰ ਨੇੜਿਓਂ ਵਿਚਰਨ ਸਦਕਾ ਪਿਓ-ਪੁੱਤਰ ਦੇ ਰਿਸ਼ਤੇ ਦੇ ਮੋਹ ਨੂੰ ਮਾਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਜੋ ਕਿਤੇ ਨਾ ਕਿਤੇ ਵਿਸਰ ਚੁੱਕਾ ਸੀ। ਸਾਨੂੰ ਆਪਣੀ ਅਜੋਕੀ ਪੀੜ੍ਹੀ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਉਹ ਆਪੋ-ਆਪਣੇ ਕਰੀਅਰ ਭਾਵ ਨੌਕਰੀ ਜਾਂ ਕਾਰੋਬਾਰ ਦੀ ਚਕਾਚੌਂਧ ’ਚ ਆਪਣੇ ਮਾਂ-ਪਿਓ ਦੀ ਸੇਵਾ ਕਰਨ ’ਚ ਕੋਈ ਉਕਾਈ ਨਾ ਕਰਨ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅੱਜ ਅਸੀਂ ਆਪਣੇ ਮਾਂ-ਪਿਓ ਨੂੰ ਬਣਦਾ ਸਮਾਂ ਦੇ ਕੇ ਅਤੇ ਉਨ੍ਹਾਂ ਦੀ ਸੱਚੇ ਦਿਲੋਂ ਸੇਵਾ ਕਰ ਕੇ ਨਵੀਂ ਪੀੜ੍ਹੀ ਨੂੰ ਦ੍ਰਿੜ੍ਹ ਸੰਕਲਪ ਕਰਵਾਈਏ ਕਿ ਬਜ਼ੁਰਗਾਂ ਦੀ ਕੀਤੀ ਸੇਵਾ ਹੀ ਅਸਲ ਮਾਅਨਿਆਂ ’ਚ ਰੱਬ ਦੀ ਸੇਵਾ ਹੈ। ਜੇ ਅਸੀਂ ਇਸ ਆਸ਼ੇ ਤੋਂ ਖੁੰਝ ਗਏ ਤਾਂ ਸਾਨੂੰ ਵੀ ਆਪਣੀ ਔਲਾਦ ਵੱਲੋਂ ਜ਼ਿੰਦਗੀ ਦੀ ਸ਼ਾਮ ’ਚ ਕਿਸੇ ਕਿਸਮ ਦੀ ਢਾਰਸ ਦੀ ਆਸ ਨਹੀਂ ਕਰਨੀ ਚਾਹੀਦੀ। ਭਗਤ ਕਬੀਰ ਜੀ ਨੇ ਸੱਚ ਹੀ ਆਖਿਐ,‘‘ ਕਹਤ ਕਬੀਰ ਸੁਨਹੁ ਮਨ ਮੇਰੇ॥ ਇਹੀ ਹਵਾਲ ਹੋਹਿਗੇ ਤੇਰੇ॥

-(ਐਡੀਸ਼ਨਲ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ)

-ਮੋਬਾਈਲ : 97800-36136

Posted By: Jatinder Singh