ਅੱਜਕੱਲ੍ਹ ਕਿਸੇ ਨੂੰ ਭਲੇ ਦੀ ਗੱਲ ਕਹੀਏ ਤਾਂ ਅਗਲਾ ਅੱਗਾ-ਪਿੱਛਾ ਵੀ ਨਹੀਂ ਦੇਖਦਾ ਤੇ ਫੱਟ ਮੂੰਹ 'ਤੇ ਕੁਸੈਲਾ ਜਿਹਾ ਜਵਾਬ ਦੇ ਦਿੰਦਾ ਹੈ। ਤੁਹਾਡੀ ਉਮਰ ਦਾ ਵੀ ਕੋਈ ਲਿਹਾਜ਼ ਨਹੀਂ ਕਰਦਾ ਸਗੋਂ ਕਹਿਣ ਵਾਲਾ ਪਛਤਾਉਂਦਾ ਹੈ ਕਿ ਮੈਂ ਕਿਉਂ ਉਸ ਨੂੰ ਇਹ ਗੱਲ ਕਹਿ ਬੈਠਾ।

ਰੋਜ਼ ਵੇਖਦਾ ਹਾਂ ਕਿ ਇਕ ਘਰ 'ਚੋਂ ਇਕ ਮੋਰੀ ਰਾਹੀਂ ਪਾਣੀ ਬਾਹਰ ਆਉਂਦਾ ਹੈ। ਬਾਹਰ ਸੜਕ 'ਤੇ ਇਹ ਪਾਣੀ ਚਿੱਕੜ ਕਰਦਾ ਹੈ। ਖੜ੍ਹੇ ਪਾਣੀ 'ਤੇ ਮੱਛਰ ਪੈਦਾ ਹੁੰਦਾ ਹੈ। ਪਤਾ ਨਹੀਂ ਘਰ ਵਾਲਿਆਂ ਨੇ ਇਹ ਪਾਣੀ ਸੀਵਰ 'ਚ ਕਿਉਂ ਨਹੀਂ ਪਾਇਆ। ਕਮੇਟੀ ਦੀ ਨਿਗ੍ਹਾ ਵੀ ਨਹੀਂ ਚੜ੍ਹਦਾ ਇਹ ਪਾਣੀ। ਇਕ ਦਿਨ ਆਪਣੇ ਘਰ ਦੇ ਬਾਹਰ ਇਕ ਔਰਤ ਰੇੜ੍ਹੀ ਤੋਂ ਸਬਜ਼ੀ ਲੈ ਰਹੀ ਸੀ।

ਕੋਲੋਂ ਲੰਘਦਿਆਂ ਮੈਥੋਂ ਰਿਹਾ ਨਾ ਗਿਆ। ਮੈਂ ਉਸ ਨੂੰ ਕਿਹਾ, 'ਮੈਡਮ! ਇਹ ਜੋ ਪਾਣੀ ਘਰ ਤੋਂ ਬਾਹਰ ਆ ਰਿਹਾ ਹੈ, ਤੁਸੀਂ ਇਸ ਨੂੰ ਸੀਵਰ 'ਚ ਕਿਉਂ ਨਹੀਂ ਪੁਆ ਦਿੰਦੇ।' ਉਸ ਦਾ ਜਵਾਬ ਮਿਲਿਆ, 'ਤੁਹਾਨੂੰ ਕੀ ਪ੍ਰੋਬਲਮ ਹੈ?' ਮੈਂ ਚੁੱਪ ਰਹਿਣਾ ਹੀ ਠੀਕ ਸਮਝ ਕੇ ਅਗਾਂਹ ਤੁਰ ਪਿਆ।

ਇਸੇ ਤਰ੍ਹਾਂ ਮੇਰੇ ਘਰ ਦੇ ਨਾਲ ਦੇ ਮਕਾਨ 'ਚ ਇਕ ਦਰਜੀ ਦੀ ਦੁਕਾਨ ਹੈ। ਉਸ ਤੋਂ ਅਗਲੇ ਘਰ 'ਚ ਔਰਤਾਂ ਦੀ ਕਿੱਟੀ ਪਾਰਟੀ ਸਬੰਧੀ ਇਕੱਤਰਤਾ ਹੋਈ ਹੀ ਰਹਿੰਦੀ ਹੈ। ਕਈ ਮੈਂਬਰ ਔਰਤਾਂ ਕਾਰਾਂ 'ਚ ਆਉਂਦੀਆਂ ਹਨ। ਸੜਕ ਦੇ ਦੋਵੇਂ ਪਾਸੇ ਕਾਰਾਂ/ਸਕੂਟਰ ਖੜ੍ਹੇ ਕਰ ਦਿੰਦੀਆਂ ਹਨ। ਇਸ ਨਾਲ ਕੁਝ ਹੱਦ ਤਕ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ।

ਇਕ ਬੀਬੀ ਦੁਕਾਨ ਦੇ ਬਿਲਕੁਲ ਅੱਗੇ ਕਾਰ ਖੜ੍ਹੀ ਕਰ ਜਾਂਦੀ ਹੈ। ਦਰਜੀ ਨੂੰ ਆਪਣੀ ਦੁਕਾਨਦਾਰੀ ਪ੍ਰਭਾਵਤ ਹੁੰਦੀ ਲੱਗਦੀ ਹੈ। ਉਹਦੇ ਗਾਹਕ ਆਪਣੇ ਵ੍ਹੀਕਲ ਕਿੱਥੇ ਖੜ੍ਹੇ ਕਰਨ? ਇਕ ਦਿਨ ਹੌਸਲਾ ਕਰ ਕੇ ਉਹ ਬੀਬੀ ਨੂੰ ਕਾਰ ਕਿਸੇ ਹੋਰ ਜਗ੍ਹਾ ਖੜ੍ਹੀ ਕਰਨ ਨੂੰ ਕਹਿੰਦਾ ਹੈ। ਜਵਾਬ ਮਿਲਦਾ ਹੈ, 'ਇਹ ਸੜਕ ਤੇਰੇ ਪਿਓ ਦੀ ਹੈ?' ਉਹ ਚੁੱਪ ਰਹਿਣਾ ਹੀ ਠੀਕ ਸਮਝਦਾ ਹੈ।

ਲੇਬਰ ਚੌਂਕ ਅੱਠ ਵੱਜਦਿਆਂ ਹੀ ਰਾਜ ਮਿਸਤਰੀ/ਮਜ਼ਦੂਰ/ਦਿਹਾੜੀਦਾਰ/ਰੰਗ-ਰੋਗਨ ਤੇ ਸਫ਼ੈਦੀ ਕਰਨ ਵਾਲੇ ਆ ਜਾਂਦੇ ਹਨ। ਜਦੋਂ ਵੀ ਕੋਈ ਕਾਰ/ਸਕੂਟਰ ਵਾਲਾ ਉਨ੍ਹਾਂ ਕੋਲ ਆ ਕੇ ਰੁਕਦਾ ਹੈ, ਸਾਰੇ ਜਣੇ ਉਸ ਦੁਆਲੇ ਝੁਰਮਟ ਪਾ ਦਿੰਦੇ ਹਨ। ਇਕ-ਦੋ ਨੂੰ ਦਿਹਾੜੀ ਮਿਲ ਜਾਂਦੀ ਹੈ। ਬਾਕੀ ਫਿਰ ਆਪਣੀ ਥਾਂ ਬੈਠ ਕੇ ਉਡੀਕ ਕਰਦੇ ਹਨ।

ਸਰਦੀਆਂ 'ਚ ਧੁੱਪ ਸੇਕਦੇ ਹਨ ਤੇ ਗਰਮੀਆਂ 'ਚ ਨੇੜਲੇ ਦਰੱਖ਼ਤ ਹੇਠਾਂ ਬੈਠਦੇ ਹਨ। ਕਈਆਂ ਨੂੰ ਦੁਪਹਿਰ ਤਕ ਵੀ ਦਿਹਾੜੀ ਨਹੀਂ ਮਿਲਦੀ। ਘਰੋਂ ਲਿਆਂਦੀ ਰੋਟੀ ਖਾ ਕੇ ਉਹ ਘਰ ਨੂੰ ਤੁਰ ਜਾਂਦੇ ਹਨ। ਇਕ ਦਿਨ ਇਸ ਚੌਕ ਕੋਲੋਂ ਦੀ ਲੰਘਦਿਆਂ ਮੈਂ ਦੇਖਿਆ ਕਿ ਕਈ ਬੰਦੇ ਜਰਦੇ/ਤੰਬਾਕੂ ਦਾ ਸੇਵਨ ਕਰ ਰਹੇ ਸਨ। ਇਕ 15-16 ਸਾਲਾਂ ਦਾ ਲੜਕਾ ਵੀ ਉਨ੍ਹਾਂ ਦੀ ਦੇਖਾ-ਦੇਖੀ ਜਰਦਾ/ਮਸਾਲਾ ਤਿਆਰ ਕਰ ਰਿਹਾ ਸੀ। ਮੈਥੋਂ ਰਿਹਾ ਨਹੀਂ ਗਿਆ।

ਉਸ ਲੜਕੇ ਨੂੰ ਰੋਕਦਿਆਂ ਕਿਹਾ, 'ਕਾਕਾ! ਇਹ ਜੋ ਤੂੰ ਖਾ ਰਿਹਾ ਏਂ, ਤੇਰੇ ਗਲੇ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਏਗਾ। ਇਸ ਦੇ ਸੇਵਨ ਨਾਲ ਗਲੇ ਦਾ ਕੈਂਸਰ ਹੋ ਜਾਂਦੈ।' ਲੜਕਾ ਬੋਲਿਆ 'ਆਪ ਵੀ ਤੋ ਸ਼ਰਾਬ ਪੀਤੇ ਹੋ। ਆਪ ਕਾ ਗਲਾ ਖ਼ਰਾਬ ਨਹੀਂ ਹੋਤਾ।'

ਮੇਰਾ ਮਨ ਤਾਂ ਕਰਦਾ ਸੀ ਕਿ ਉਸ ਨੂੰ ਦੱਸਾਂ ਕਿ ਮੈਂ ਸ਼ਰਾਬ ਨਹੀਂ ਪੀਂਦਾ ਤੇ ਨਾ ਕੋਈ ਹੋਰ ਨਸ਼ਾ ਕਰਦਾ ਹਾਂ।ਪਰ ਮੈਂ ਚੁੱਪ ਕਰ ਕੇ ਤੁਰ ਜਾਣਾ ਹੀ ਠੀਕ ਸਮਝਿਆ।

ਇਕ ਵਾਰ ਦੇਖਿਆ ਕਿ ਮਾਰਕੀਟ ਦਾ ਸਫ਼ਾਈ ਸੇਵਕ ਕੂੜੇ ਦੀਆਂ ਢੇਰੀਆਂ ਲਾਈ ਜਾ ਰਿਹਾ ਸੀ। ਸਾਰੇ ਕੂੜੇ ਨੂੰ ਆਪਣੀ ਰੇੜ੍ਹੀ ਰਾਹੀਂ ਡੰਪ ਤਕ ਲਿਜਾਉਣ ਦੀ ਬਜਾਏ ਅੱਗ ਲਾ ਰਿਹਾ ਸੀ। ਸੁੱਕੇ ਪੱਤੇ/ਲਿਫ਼ਾਫ਼ੇ ਇਕਦਮ ਅੱਗ ਫੜ ਰਹੇ ਸਨ। ਪੋਲੀਥੀਨ ਦੇ ਲਿਫ਼ਾਫ਼ੇ ਸੜ ਕੇ ਜ਼ਹਿਰੀਲੀ ਗੈਸ ਛੱਡ ਰਹੇ ਸਨ। ਮਾਰਕੀਟ 'ਚ ਧੂੰਆਂ ਪਸਰ ਗਿਆ।

ਇਕ ਸ਼ਖ਼ਸ ਕੋਲੋਂ ਲੰਘ ਰਿਹਾ ਸੀ। ਉਸ ਨੇ ਸਲਾਹ ਦਿੱਤੀ, 'ਭਾਈ ਸਾਬ੍ਹ! ਕੂੜੇ ਨੂੰ ਅੱਗ ਲਾ ਕੇ ਪ੍ਰਦੂਸ਼ਣ ਨਾ ਫੈਲਾਓ। ਚੰਡੀਗੜ੍ਹ 'ਚ ਜਿਹੜਾ ਸਫ਼ਾਈ ਸੇਵਕ ਕੂੜੇ ਨੂੰ ਅੱਗ ਲਾਉਂਦਾ ਹੈ, ਕਾਰਪੋਰੇਸ਼ਨ ਉਸ ਨੂੰ ਜੁਰਮਾਨਾ ਕਰਦੀ ਹੈ।' ਉਸ ਨੂੰ ਜਵਾਬ ਮਿਲਦੈ, 'ਬਾਬੂ ਜੀ! ਇਹ ਜਲੰਧਰ ਹੈ, ਚੰਡੀਗੜ੍ਹ ਨਹੀਂ।' ਦੱਸੋ, ਉਹ ਬੰਦਾ ਕੀ ਬਹਿਸ ਕਰੇ।

ਇਕ ਆਦਮੀ ਪਿੰਡ ਦੇ ਅੱਡੇ ਨੇੜੇ ਕਰਿਆਨੇ ਦੀ ਦੁਕਾਨ ਕਰਦਾ ਹੈ। ਇਕ ਰਾਤ 8 ਵਜੇ ਦੇ ਲਗਪਗ ਦੋ ਨੌਜਵਾਨ ਉਸ ਦੀ ਦੁਕਾਨ ਤੋਂ ਸਿਗਰਟ ਲੈਣ ਆਉਂਦੇ ਹਨ। ਸਿਗਰਟ ਲੈਣ ਤੋਂ ਬਾਅਦ ਉਹ ਦੁਕਾਨ ਨੇੜੇ ਹੀ ਪੀਣ ਲੱਗ ਜਾਂਦੇ ਹਨ। ਗੱਲ-ਗੱਲ 'ਤੇ ਗਾਲ੍ਹ ਕੱਢਦੇ ਹਨ। ਮਨ੍ਹਾ ਕਰਨ 'ਤੇ ਉਨ੍ਹਾਂ ਨੇ ਦੁਕਾਨਦਾਰ ਨਾਲ ਝਗੜਾ ਕੀਤਾ ਤੇ ਚਲੇ ਗਏ। ਕੁਝ ਚਿਰ ਬਾਅਦ ਉਹ ਆਪਣੇ ਹੋਰ ਸਾਥੀਆਂ ਸਮੇਤ ਆ ਕੇ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੰਦੇ ਹਨ।

ਉਹ ਗੰਭੀਰ ਜ਼ਖ਼ਮੀ ਹੋ ਜਾਂਦਾ ਹੈ। ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਜਾਂਦਾ ਹੈ। ਦੱਸੋ! ਦੁਕਾਨਦਾਰ ਦਾ ਕੀ ਕਸੂਰ ਸੀ? ਇਸੇ ਤਰ੍ਹਾਂ ਲੋਹੜੀ ਮੌਕੇ ਕੁਝ ਲੋਕਾਂ ਨੇ ਗਲੀ 'ਚ ਧੂਣੀ ਬਾਲੀ ਹੋਈ ਸੀ।

ਇਕ ਪਾਸੇ ਕਾਰ ਖੜ੍ਹੀ ਹੈ। ਇਕ ਮੋਟਰਸਾਈਕਲ ਸਵਾਰ ਨੌਜਵਾਨ ਲੰਘ ਜਾਣ ਲਈ ਰਾਹ ਮੰਗਦਾ ਹੈ। ਉਸ ਦੇ ਵਾਰ-ਵਾਰ ਕਹਿਣ 'ਤੇ ਕੋਈ ਰਾਹ ਨਹੀਂ ਦਿੱਤਾ ਜਾਂਦਾ। ਤੂੰ-ਤੂੰ, ਮੈਂ-ਮੈਂ ਹੋਣ 'ਤੇ ਨੌਜਵਾਨ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਜਾਂਦਾ ਹੈ। ਮੇਰਾ ਇਕ ਜਾਣਕਾਰ ਸ਼ਰਾਬ ਦਾ ਬਹੁਤ ਸੇਵਨ ਕਰਦਾ ਹੈ। ਜਿਉਂ ਹੀ ਉਹ ਦੇਖਦਾ ਹੈ ਕਿ ਸੂਰਜ ਛਿਪ ਗਿਆ ਹੈ, ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਇਕ ਦਿਨ ਮੈਂ ਕਿਹਾ ਕਿ ਤੁਸੀਂ ਏਨੀ ਨਾ ਪੀਆ ਕਰੋ ਤਾਂ ਉਹ ਕਹਿੰਦਾ, 'ਤੇਰੇ ਘਰੋਂ ਪੀਨਾ?'

ਇਕ ਦੁਕਾਨਦਾਰ ਸਵੇਰੇ ਹੀ ਝਾੜੂ-ਪੋਚਾ ਲਾ ਕੇ ਸਫ਼ਾਈ ਕਰ ਕੇ ਦੁਕਾਨ ਖੋਲ੍ਹ ਲੈਂਦਾ ਹੈ। ਨਾਲ ਹੀ ਕਾਰਾਂ ਦੀ ਵੇਚ/ਖ਼ਰੀਦ ਵਾਲੇ ਹਨ। ਰੋਜ਼ ਹੀ ਕਾਰਾਂ ਧੋ ਕੇ ਚਮਕਾਈਆਂ ਜਾਂਦੀਆਂ ਹਨ। ਉਸ ਦੀ ਦੁਕਾਨ ਅੱਗੇ ਰੋਜ਼ ਪਾਣੀ ਦਾ ਛੱਪੜ ਲੱਗ ਜਾਂਦਾ ਹੈ। ਉਹ ਕਾਰਾਂ ਨੂੰ ਧੋ ਰਹੇ ਨੌਕਰਾਂ ਨੂੰ ਰੋਜ਼ ਕਹਿੰਦਾ ਹੈ ਕਿ ਭਾਈ ਬਾਲਟੀ ਦੇ ਪਾਣੀ ਨਾਲ ਕਾਰਾਂ ਸਾਫ਼ ਕਰ ਲਿਆ ਕਰੋ। ਨੌਕਰ ਆਪਣੀ ਮਜਬੂਰੀ ਦੱਸਦੇ ਹਨ।

ਕਹਿੰਦੇ , 'ਅਸੀਂ ਤਾਂ ਨੌਕਰ ਹਾਂ! ਮਾਲਕਾਂ ਨਾਲ ਗੱਲ ਕਰ ਲਓ।' ਉਹ ਮਾਲਕਾਂ ਨੂੰ ਬੇਨਤੀ ਕਰਦਾ ਹੈ। ਹੌਲੀ-ਹੌਲੀ ਬਹਿਸ ਗਰਮੀ ਫੜ ਜਾਂਦੀ ਹੈ। ਉਹ ਮੁਹੱਲੇ ਵਾਲਿਆਂ ਨੂੰ ਮਿਲ ਕੇ ਸਮੱਸਿਆ ਦੱਸਦਾ ਹੈ ਪਰ ਮੁਹੱਲੇ ਵਾਲਿਆਂ ਦੇ ਕਹਿਣ ਦਾ ਵੀ ਕੋਈ ਅਸਰ ਨਹੀਂ ਹੁੰਦਾ। ਉਹ ਕੌਂਸਲਰ ਤਕ ਪਹੁੰਚ ਕਰਦਾ ਹੈ। ਕੌਂਸਲਰ ਦੀ ਆਪਣੀ ਮਜਬੂਰੀ ਹੈ। ਉਹ ਕਹਿੰਦਾ ਹੈ, 'ਅਸੀਂ ਤਾਂ ਵੋਟਾਂ ਲੈਣੀਆਂ ਹਨ। ਕੀਹਨੂੰ-ਕੀਹਨੂੰ ਰੋਕਾਂਗੇ।' ਸਮੱਸਿਆ ਉੱਥੇ ਹੀ ਖੜ੍ਹੀ ਰਹਿੰਦੀ ਹੈ।

ਇਕ ਵਾਰ ਜਿਉਂ ਹੀ ਮੈਂ ਆਪਣੇ ਸਹਿ-ਕਰਮੀ ਦੇ ਘਰ ਅੱਗਿਓਂ ਲੰਘਣ ਲੱਗਾ ਤਾਂ ਮਨ 'ਚ ਆਇਆ ਕਿ ਉਸ ਨੂੰ ਵੀ ਹੈਲੋ ਕਹਿ ਚੱਲਾਂ। ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਿਹਾ ਹੁੰਦਾ ਹੈ। ਥੋੜ੍ਹੀ ਦੇਰ ਮਗਰੋਂ ਇਕ ਕੁੜੀ ਸਾਰੇ ਬੱਚਿਆਂ ਨੂੰ ਟਾਫ਼ੀਆਂ/ਗੋਲੀਆਂ ਤੇ ਕੋਟਡ ਸੌਂਫ ਵੰਡਣ ਲੱਗ ਪੈਂਦੀ ਹੈ। ਇਹ ਚੀਜ਼ਾਂ ਲੈਣ ਲਈ ਉਹ ਲੜਕੀ ਤੇ ਮੇਰਾ ਸਹਿ-ਕਰਮੀ ਜ਼ੋਰ ਪਾਉਂਦੇ ਹਨ। ਮੈਂ ਪੱਕੀ ਨਾਂਹ ਕਰ ਦਿੰਦਾ ਹਾਂ।

ਜਾਣ ਵੇਲੇ ਉਹ ਮੈਨੂੰ ਵਿਦਾ ਕਰਨ ਲਈ ਬਾਹਰ ਆਇਆ ਤਾਂ ਮੈਂ ਉਸ ਨੂੰ ਇਸ ਤਰ੍ਹਾਂ ਗੋਲੀਆਂ ਵੰਡਣ ਤੋਂ ਮਨ੍ਹਾ ਕੀਤਾ। ਉਹ ਇਕਦਮ ਗੁੱਸੇ 'ਚ ਆ ਗਿਆ ਤੇ ਕਿਹਾ, 'ਇਹ ਮੇਰਾ ਆਪਣਾ ਤਰੀਕਾ ਹੈ। ਮੈਂ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਖ਼ੁਸ਼ ਰੱਖਣਾ ਹੈ। ਤੂੰ ਮੇਰੇ ਇਸ ਅਮਲ 'ਚ ਦਖ਼ਲ ਨਾ ਦੇ।'

ਮੈਂ ਅੱਗੇ ਬਹਿਸ ਕਰਨੀ ਠੀਕ ਨਹੀਂ ਸਮਝੀ। ਹੁਣ ਮੈਂ ਸੋਚਦਾ ਹਾਂ ਕਿ ਮਨਾਂ! ਕਿਉਂ ਐਵੇਂ ਕਲਪਦਾ ਏਂ। ਕੀਹਦਾ-ਕੀਹਦਾ ਸੁਧਾਰ ਕਰੇਂਗਾ। ਤੇਰੀ ਗੱਲ ਕੌਣ ਸੁਣਦਾ ਹੈ। ਵਾਕਿਆ ਹੀ ਅੱਜਕੱਲ੍ਹ ਕਿਸੇ ਨੂੰ ਕੁਝ ਕਹਿਣ ਦਾ ਸਮਾਂ ਨਹੀਂ।

-ਪ੍ਰੋ. ਗੁਰਦੇਵ ਸਿੰਘ ਜੌਹਲ

-ਮੋਬਾਈਲ ਨੰ. : 95012-64465

Posted By: Arundeep