-ਹਰਪ੍ਰੀਤ ਸਿੰਘ ਪਠਲਾਵਾ

ਗਰਮੀ ਦੇ ਮੌਸਮ ਵਿਚ ਪਾਣੀ ਨੂੰ ਅੰਮ੍ਰਿਤ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਮੌਸਮ ਵਿਚ ਮਨੁੱਖ ਦੇ ਨਾਲ-ਨਾਲ ਸਾਰੇ ਪ੍ਰਾਣੀਆਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਮਨੁੱਖ ਤਾਂ ਪਾਣੀ ਦਾ ਪ੍ਰਬੰਧ ਕਰ ਲੈਂਦਾ ਹੈ ਪਰ ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਤਪਦੀ ਗਰਮੀ ਵਿਚ ਪਾਣੀ ਲਈ ਭਟਕਣਾ ਪੈਂਦਾ ਹੈ। ਪਾਣੀ ਨਾ ਮਿਲੇ ਤਾਂ ਪੰਛੀ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ। ਸਾਨੂੰ ਉਨ੍ਹਾਂ ਬੇਜ਼ੁਬਾਨਾਂ ਅਤੇ ਲਾਚਾਰਾਂ ਦੀ ਹਾਲਤ ’ਤੇ ਵੀ ਗੌਰ ਕਰਨਾ ਚਾਹੀਦਾ ਹੈ ਜੋ ਪਾਣੀ ਲਈ ਦਰ-ਦਰ ਭਟਕਦੇ ਹਨ। ਮਨੁੱਖ ਨੂੰ ਪਿਆਸ ਲੱਗਦੀ ਹੈ ਤਾਂ ਉਹ ਕਿਤੇ ਵੀ ਮੰਗ ਕੇ ਪੀ ਲੈਂਦਾ ਹੈ ਪਰ ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਪਿਆਸ ਵਿਚ ਤੜਫਣਾ ਪੈਂਦਾ ਹੈ। ਜਦੋਂ ਪਸ਼ੂ ਪਿਆਸੇ ਹੁੰਦੇ ਹਨ ਤਾਂ ਉਹ ਘਰਾਂ ਦੇ ਅੱਗੇ ਆ ਕੇ ਖੜ੍ਹੇ ਹੋ ਜਾਂਦੇ ਹਨ। ਕੁਝ ਲੋਕ ਉਨ੍ਹਾਂ ਨੂੰ ਪਾਣੀ ਪਿਆ ਦਿੰਦੇ ਹਨ ਜਦਕਿ ਕੁਝ ਭਜਾ ਦਿੰਦੇ ਹਨ। ਗਰਮੀ ਦੇ ਮੌਸਮ ਵਿਚ ਅਕਸਰ ਪੰਛੀ ਅਸਮਾਨ ਵਿਚ ਚੱਕਰ ਲਾਉਂਦੇ ਰਹਿੰਦੇ ਹਨ। ਜੇ ਉਨ੍ਹਾਂ ਨੂੰ ਕਿਤੇ ਝੀਲ, ਤਲਾਬ ਜਾਂ ਕੋਈ ਹੋਰ ਜਲ-ਸਰੋਤ ਮਿਲ ਜਾਵੇ ਤਾਂ ਠੀਕ, ਨਹੀਂ ਤਾਂ ਉਨ੍ਹਾਂ ਨੂੰ ਥੋੜ੍ਹੇ ਜਿਹੇ ਪਾਣੀ ਲਈ ਵੀ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ। ਕਈ ਵਾਰ ਉਹ ਜਨਤਕ ਸਥਾਨਾਂ ’ਤੇ ਖੁੱਲ੍ਹੀਆਂ ਟੂਟੀਆਂ ਜਾਂ ਪਾਈਪਲਾਈਨਾਂ ’ਚੋਂ ਨਿਕਲ ਰਹੇ ਬੂੰਦ-ਬੂੰਦ ਪਾਣੀ ਨਾਲ ਹੀ ਕਿਸੇ ਤਰ੍ਹਾਂ ਪਿਆਸ ਬੁਝਾ ਲੈਂਦੇ ਹਨ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਇਨਸਾਨੀਅਤ ਦਾ ਮੁਜ਼ਾਹਰਾ ਕਰਦਾ ਹੋਇਆ ਛੋਟੀ ਜਿਹੀ ਕੋਸ਼ਿਸ਼ ਕਰ ਕੇ ਪਸ਼ੂ-ਪੰਛੀਆਂ ਲਈ ਪੀਣਯੋਗ ਪਾਣੀ ਦਾ ਪ੍ਰਬੰਧ ਕਰੇ। ਗਰਮੀਆਂ ਵਿਚ ਪੰਛੀਆਂ ਨੂੰ ਭੋਜਨ ਲੱਭਣ ਵਿਚ ਵੀ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ। ਜੰਗਲਾਂ ਵਿਚ ਬੂਟਿਆਂ ਦੇ ਪੱਤੇ ਝੜ ਜਾਂਦੇ ਹਨ। ਤਲਾਬ ਵੀ ਸੁੱਕ ਜਾਂਦੇ ਹਨ। ਓਥੇ ਹੀ ਪਸ਼ੂਆਂ ਲਈ ਵੀ ਚਰਾਂਦਾਂ ਦੇ ਇਲਾਵਾ ਖੇਤਾਂ ਵਿਚ ਪਾਣੀ ਦੀ ਸਮੱਸਿਆ ਹੁੰਦੀ ਹੈ। ਸਾਨੂੰ ਚਾਹੀਦਾ ਹੈ ਕਿ ਘਰਾਂ ਦੇ ਬਾਹਰ ਪਾਣੀ ਦੇ ਬਰਤਨ ਭਰ ਕੇ ਟੰਗੀਏ ਜਾਂ ਵੱਡੇ ਬਰਤਨਾਂ ਵਿਚ ਪਾਣੀ ਭਰ ਕੇ ਰੱਖੀਏ। ਛੱਤ ’ਤੇ ਵੀ ਪਾਣੀ ਦਾ ਪ੍ਰਬੰਧ ਕਰੀਏ। ਛਾਂਦਾਰ ਜਗ੍ਹਾ ਬਣਾ ਕੇ ਉੱਥੇ ਪਾਣੀ ਦੇ ਬਰਤਨ ਭਰ ਕੇ ਰੱਖੋ। ਪੰਛੀਆਂ ਲਈ ਛੋਲੇ, ਚੌਲ, ਜਵਾਰ, ਕਣਕ ਆਦਿ ਜੋ ਵੀ ਘਰ ਵਿਚ ਉਪਲਬਧ ਹੈ, ਉਸ ਦਾ ਪ੍ਰਬੰਧ ਛੱਤਾਂ ’ਤੇ ਕਰੀਏ ਤਾਂ ਜੋ ਪੰਛੀ ਆਪਣੀ ਭੁੱਖ ਮਿਟਾ ਸਕਣ। ਇੰਟਰਨੈੱਟ ਦੇ ਇਸ ਦੌਰ ਵਿਚ ਕੁਝ ਬਿਹਤਰ ਕਰਨ ਲਈ ਪਸ਼ੂ-ਪੰਛੀ ਪ੍ਰੇਮੀ ਅਕਸਰ ਦੂਸਰਿਆਂ ਨੂੰ ਪ੍ਰੇਰਿਤ ਕਰਦੇ ਨਜ਼ਰ ਆਉਂਦੇ ਹਨ। ਗਰਮੀ ਦੇ ਦਿਨਾਂ ’ਚ ਵੀ ਪੰਛੀਆਂ ਲਈ ਘਰ ਦੇ ਆਸ-ਪਾਸ ਪਾਣੀ ਦੇ ਬਰਤਨਾਂ ਦਾ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਸੋਸ਼ਲ ਨੈੱਟਵਰਕ ਸਾਈਟ ’ਤੇ ਕਈ ਸਲੋਗਨ ਦੇਖਣ ਨੂੰ ਮਿਲ ਰਹੇ ਹਨ। ਕੁਝ ਲੋਕ ਆਪਣੀ ਰਾਇ ਲਿਖ ਕੇ ਵੀ ਦੂਸਰਿਆਂ ਨਾਲ ਸਾਂਝੀ ਕਰ ਰਹੇ ਹਨ। ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਦੇ ਆਲ੍ਹਣਿਆਂ ਨੂੰ ਨਾ ਤੋੜਨ ਦੀ ਅਪੀਲ ਵੀ ਕੀਤੀ ਜਾਂਦੀ ਹੈ ਜੋ ਸ਼ਲਾਘਾਯੋਗ ਉਪਰਾਲਾ ਹੈ।

ਜ਼ਿਲ੍ਹਾ : ਨਵਾਂਸ਼ਹਿਰ

ਸੰਪਰਕ : 98156-91055

Posted By: Susheel Khanna