ਅੱਜ ਜਦੋਂ ਟਾਵੇਂ-ਟਾਵੇਂ ਬੱਚਿਆਂ ਨੂੰ ਪਤੰਗ ਉਡਾਉਂਦੇ ਦੇਖਦਾ ਹਾਂ ਤਾਂ ਆਪਣੇ ਬਚਪਨ ਦੇ ਸੁਨਹਿਰੀ ਦਿਨ ਯਾਦ ਆ ਜਾਂਦੇ ਹਨ। ਉਨ੍ਹਾਂ ਦਿਨਾਂ ਨੂੰ ਯਾਦ ਕਰ ਕੇ ਮੈਨੂੰ ਅੱਜ ਦੀ ਤਣਾਅ ਅਤੇ ਦੌੜ-ਭੱਜ ਵਾਲੀ ਜ਼ਿੰਦਗੀ 'ਚ ਥੋੜ੍ਹੇ ਸਮੇਂ ਲਈ ਹੀ ਸਹੀ, ਸਕੂਨ ਜਿਹਾ ਮਹਿਸੂਸ ਹੁੰਦਾ ਹੈ। ਮੈਨੂੰ ਭਲੀਭਾਂਤ ਯਾਦ ਹੈ ਕਿ ਸਕੂਲ ਤੋਂ ਆਉਂਦਿਆਂ ਹੀ ਬਿਨਾਂ ਵਰਦੀ ਬਦਲੇ ਮੈਂ ਕੋਠੇ 'ਤੇ ਚੜ੍ਹ ਕੇ ਪਤੰਗ ਉਡਾਉਣ 'ਚ ਰੁੱਝ ਜਾਂਦਾ ਸੀ। ਬਸੰਤ ਤੋਂ ਕੁਝ ਦਿਨ ਪਹਿਲਾਂ ਆਪਣੇ ਹੱਥੀ ਡੋਰ ਤਿਆਰ ਕਰਨੀ ਕਿਉਂਕਿ ਮੈਂ ਡੋਰ ਤਿਆਰ ਕਰਨ ਦੀ ਵਿਧੀ ਤੋਂ ਵਾਕਫ਼ ਸੀ। ਜੇ ਕਿਤੇ ਪਤੰਗ ਦੀ ਵਿਚਕਾਰਲੀ ਸੀਖ ਟੁੱਟ ਜਾਣੀ ਤਾਂ ਉਸ ਨੂੰ ਕਿਸੇ ਹੋਰ ਫਟੇ ਹੋਏ ਪਤੰਗ ਦੀ ਸੀਖ ਕੱਢ ਕੇ ਜਾਂ ਕਿਸੇ ਰੁੱਖ ਦੀ ਬਾਰੀਕ ਟਾਹਣੀ ਨਾਲ ਜੋੜ ਕੇ ਪਤੰਗ ਉਡਾਉਣ ਵੇਲੇ ਜੋ ਖ਼ੁਸ਼ੀ ਮਿਲਦੀ ਸੀ ਉਹ ਸ਼ਾਇਦ ਅੱਜ ਕਈ ਮਹਿੰਗੀਆਂ-ਮਹਿੰਗੀਆਂ ਵਸਤਾਂ ਮਿਲ ਜਾਣ ਤੋਂ ਬਾਅਦ ਵੀ ਨਹੀਂ ਮਿਲਦੀ। ਪਤੰਗ ਦੀ ਡੋਰ ਨਾ ਹੋਣ ਦੀ ਸੂਰਤ ਵਿਚ ਸੂਤ ਨਾਲ ਹੀ ਪਤੰਗ ਉਡਾਉਣਾ। ਉਹ ਦਿਨ ਬੜੇ ਖ਼ੁਸ਼ੀਆਂ-ਖੇੜੇ ਵਾਲੇ ਸਨ। ਇਕ ਰੁਪਏ ਦੇ ਚਾਰ ਪਤੰਗ ਆ ਜਾਂਦੇ ਸਨ। ਸਮਾਂ ਬਦਲਿਆ ਤੇ ਬੱਚਿਆਂ ਦੇ ਖੇਡਣ-ਕੁੱਦਣ ਦੇ ਤਰੀਕੇ ਵੀ ਬਦਲ ਗਏ। ਅੱਜਕੱਲ੍ਹ ਬੱਚੇ ਪਤੰਗ ਉਡਾਉਣ ਨੂੰ ਘੱਟ ਹੀ ਤਰਜੀਹ ਦਿੰਦੇ ਹਨ। ਪਤੰਗ ਉਡਾਉਣਾ ਜਾਂ ਬੰਟੇ ਖੇਡਣ ਦੀ ਜਗ੍ਹਾ ਹੁਣ ਵੀਡੀਓ ਗੇਮਜ਼ ਜਾਂ ਕਾਰਟੂਨ ਨੈੱਟਵਰਕ ਨੇ ਲੈ ਲਈ ਹੈ। ਬੱਚੇ ਇਕਲਾਪੇ ਦੇ ਸ਼ਿਕਾਰ ਹੋ ਰਹੇ ਹਨ। ਮਾਪਿਆਂ ਕੋਲ ਬੱਚਿਆਂ ਲਈ ਵਕਤ ਨਹੀਂ ਹੈ। ਉਹ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਝਟਪਟ ਆਪਣਾ ਫ਼ੋਨ ਉਸ ਦੇ ਹੱਥਾਂ ਉੱਤੇ ਧਰ ਦਿੰਦੇ ਹਨ। ਹੁਣ ਪਤੰਗਬਾਜ਼ੀ ਵੀ ਪਹਿਲਾ ਵਾਂਗ ਨਹੀਂ ਰਹੀ। ਪਤੰਗ ਨੂੰ ਉਡਾਉਣ ਲਈ ਖ਼ੂਨੀ ਚਾਈਨਾ ਡੋਰ ਬਾਜ਼ਾਰ ਵਿਚ ਆ ਗਈ ਹੈ। ਪਾਬੰਦੀ ਦੇ ਬਾਵਜੂਦ ਇਹ ਬਾਜ਼ਾਰ ਵਿਚ ਧੜੱਲੇ ਨਾਲ ਵਿਕ ਰਹੀ ਹੈ। ਰੋਜ਼ਾਨਾ ਹੀ ਅਖ਼ਬਾਰਾਂ 'ਚ ਇਸ ਖ਼ੂਨੀ ਡੋਰ ਨਾਲ ਵਾਪਰੇ ਹਾਦਸੇ ਪੜ੍ਹਨ ਨੂੰ ਮਿਲਦੇ ਹਨ। ਜ਼ਰੂਰਤ ਇਸ ਗੱਲ ਦੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਦੇ ਖ਼ਤਰਨਾਕ ਨਤੀਜਿਆਂ ਬਾਰੇ ਸਕੂਲਾਂ 'ਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ।।ਅੱਜ ਦਾ ਦੌਰ ਪਦਾਰਥਵਾਦੀ ਅਤੇ ਫੋਕੀ ਵਿਖਾਵੇਬਾਜ਼ੀ ਵਾਲਾ ਹੈ। ਹਰੇਕ ਵਸਤੂ ਮਿਲਾਵਟ ਦਾ ਸ਼ਿਕਾਰ ਹੋ ਗਈ ਹੈ। ਇਸ ਮਿਲਾਵਟ ਨੇ ਸਾਡੇ ਕੋਲ ਸਾਡਾ ਅਮੀਰ ਰਹਿਣ-ਸਹਿਣ ਅਤੇ ਜ਼ਿੰਦਗੀ ਜਿਊਣ ਦਾ ਸਲੀਕਾ ਖੋਹ ਲਿਆ ਹੈ। ਰੱਬ ਕਰੇ ਕਿ ਬੱਚੇ ਆਪਣਾ ਬਚਪਨ ਰੱਜ ਕੇ ਮਾਣਨ, ਮਾਪਿਆਂ ਕੋਲ ਉਨ੍ਹਾਂ ਲਈ ਸਮਾਂ ਹੋਵੇ। ਵੈਸੇ ਅੱਜਕੱਲ੍ਹ ਦੀ ਹਕੀਕਤ ਤਾਂ ਇਹੋ ਹੈ ਕਿ ਜ਼ਿੰਦਗੀ ਕੋਹਲੂ ਦੇ ਬਲਦ ਵਰਗੀ ਬਣਦੀ ਜਾ ਰਹੀ ਹੈ। ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਸਦਕਾ ਹੀ ਅਸੀਂ ਜੀਵਨ ਦਾ ਅਸਲੀ ਆਨੰਦ ਲੈ ਸਕਦੇ ਹਾਂ। ਕਾਸ਼! ਇਕ ਵਾਰ ਫਿਰ ਮੇਰੇ ਉਹ ਸੁਨਹਿਰੀ ਦਿਨ ਵਾਪਸ ਆ ਜਾਣ। ਆਮੀਨ!

-ਜਗਜੀਤ ਸਿੰਘ ਗਣੇਸ਼ਪੁਰ (ਗੜ੍ਹਸ਼ੰਕਰ)।

Posted By: Sukhdev Singh