ਕਾਂਗਰਸ ਦੇ ਪ੍ਰਧਾਨ ਲਈ ਚੋਣ ਦਾ ਸਮਾਂ ਜਿਉਂ-ਜਿਉਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਪਾਰਟੀ ਦੀਆਂ ਸੂਬਾ ਇਕਾਈਆਂ ’ਚ ਇਸ ਸਬੰਧੀ ਮਤੇ ਪਾਸ ਕਰਨ ਦੀ ਹੋੜ ਮਚੀ ਹੋਈ ਹੈ ਕਿ ਰਾਹੁਲ ਗਾਂਧੀ ਨੂੰ ਹੀ ਫਿਰ ਤੋਂ ਪ੍ਰਧਾਨ ਬਣਨਾ ਚਾਹੀਦਾ ਹੈ। ਹੁਣ ਤਕ ਲਗਭਗ ਅੱਠ ਸੂਬਾਈ ਕਾਂਗਰਸ ਕਮੇਟੀਆਂ ਅਜਿਹੇ ਮਤੇ ਪਾਸ ਕਰ ਚੁੱਕੀਆਂ ਹਨ। ਇਨ੍ਹਾਂ ਕਮੇਟੀਆਂ ਨੇ ਹੋਰ ਸੂਬਿਆਂ ਦੇ ਕਾਂਗਰਸੀ ਆਗੂਆਂ ’ਤੇ ਇਹ ਦਬਾਅ ਵਧਾ ਦਿੱਤਾ ਹੈ ਕਿ ਉਹ ਵੀ ਅਜਿਹੇ ਹੀ ਮਤੇ ਪਾਸ ਕਰਨ। ਜੇ ਅਜਿਹਾ ਹੀ ਹੋਵੇ ਤਾਂ ਹੈਰਾਨੀ ਨਹੀਂ ਕਿਉਂਕਿ ਮੌਜੂਦਾ ਮਾਹੌਲ ’ਚ ਕਿਸੇ ਸੂਬਾਈ ਕਾਂਗਰਸ ਕਮੇਟੀ ਲਈ ਵੱਖਰੇ ਰਾਹ ’ਤੇ ਚੱਲਣਾ ਸੰਭਵ ਨਹੀਂ ਦਿਸਦਾ। ਕੋਈ ਸੂਬਾਈ ਕਾਂਗਰਸ ਕਮੇਟੀ ਇਹ ਕਹਿਣ ਦੀ ਹਿੰਮਤ ਸ਼ਾਇਦ ਹੀ ਜੁਟਾ ਸਕੇ ਕਿ ਪਾਰਟੀ ਦੀ ਕਮਾਨ ਗਾਂਧੀ ਪਰਿਵਾਰ ਤੋਂ ਬਾਹਰ ਦੇ ਆਗੂ ਨੂੰ ਮਿਲਣੀ ਚਾਹੀਦੀ ਹੈ। ਇਹ ਸਥਿਤੀ ਇਸ ਲਈ ਬਣ ਰਹੀ ਹੈ ਕਿਉਂਕਿ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਬਣਨ ਦੇ ਸਵਾਲ ’ਤੇ ਗੋਲਮੋਲ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਕਾਂਗਰਸ ਦਾ ਪ੍ਰਧਾਨ ਬਣਾਂਗਾ ਜਾਂ ਨਹੀਂ, ਇਹ ਉਦੋਂ ਸਪੱਸ਼ਟ ਹੋ ਜਾਵੇਗਾ, ਜਦੋਂ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਹੋਣਗੀਆਂ। ਮੈਂ ਤੈਅ ਕਰ ਲਿਆ ਹੈ ਕਿ ਮੈਂ ਕੀ ਕਰਾਂਗਾ ਅਤੇ ਇਸ ਨੂੰ ਲੈ ਕੇ ਮੇਰੇ ਮਨ ’ਚ ਕੋਈ ਭਰਮ ਨਹੀਂ ਹੈ। ਇਹ ਸੰਭਵ ਹੈ ਕਿ ਉਨ੍ਹਾਂ ਨੇ ਤੈਅ ਕਰ ਲਿਆ ਹੋਵੇ ਕਿ ਉਨ੍ਹਾਂ ਨੇ ਕੀ ਕਰਨਾ ਹੈ ਪਰ ਉਨ੍ਹਾਂ ਦਾ ਇਹ ਕਥਨ ਕੁਝ ਸਪੱਸ਼ਟ ਨਹੀਂ ਕਰਦਾ। ਭਾਵੇਂ ਹੀ ਇਹ ਕਿਹਾ ਜਾ ਰਿਹਾ ਹੋਵੇ ਕਿ ਸੂਬਾਈ ਕਾਂਗਰਸ ਕਮੇਟੀਆਂ ਵੱਲੋਂ ਰਾਹੁਲ ਗਾਂਧੀ ਦੇ ਪੱਖ ’ਚ ਜੋ ਮਤੇ ਪਾਸ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਕੋਈ ਅਰਥ ਨਹੀਂ ਹੈ ਪਰ ਸੱਚ ਇਹ ਹੈ ਕਿ ਇਨ੍ਹਾਂ ਮਤਿਆਂ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹੋ ਹੀ ਪਾਰਟੀ ਦੇ ਸਭ ਤੋਂ ਸਮਰੱਥ ਅਤੇ ਲੋਕਪ੍ਰਿਯ ਨੇਤਾ ਹਨ। ਇਕ ਸੰਦੇਸ਼ ਇਹ ਵੀ ਹੈ ਕਿ ਜੇ ਰਾਹੁਲ ਗਾਂਧੀ ਪ੍ਰਧਾਨ ਨਹੀਂ ਬਣਦੇ ਤਾਂ ਵੀ ਉਹ ਕਾਂਗਰਸ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਬਣੇ ਰਹਿਣਗੇ। ਸਵਾਲ ਇਹ ਹੈ ਕਿ ਕੀ ਕਿਸੇ ਹੋਰ ਦੇ ਪ੍ਰਧਾਨ ਬਣਨ ਨਾਲ ਉਹ ਆਜ਼ਾਦ ਤੌਰ ’ਤੇ ਫ਼ੈਸਲੇ ਕਰਨ ’ਚ ਸਮਰੱਥ ਹੋਵੇਗਾ? ਇਸ ਦੇ ਆਸਾਰ ਨਹੀਂ ਦਿਸਦੇ ਕਿਉਂਕਿ ਗਾਂਧੀ ਪਰਿਵਾਰ ਇਹੋ ਪ੍ਰਗਟਾਉਂਦਾ ਆ ਰਿਹਾ ਹੈ ਕਿ ਕਾਂਗਰਸ ਉਸ ਦੀ ਨਿੱਜੀ ਜਾਗੀਰ ਹੈ। ਇਸੇ ਕਾਰਨ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਰਾਹੁਲ ਗਾਂਧੀ ਪਾਰਟੀ ਦੇ ਸਾਰੇ ਫ਼ੈਸਲੇ ਖ਼ੁਦ ਹੀ ਕਰਦੇ ਆ ਰਹੇ ਹਨ। ਇਕ ਤਰ੍ਹਾਂ ਨਾਲ ਉਹ ਪਰਦੇ ਦੇ ਪਿੱਛਿਓਂ ਪਾਰਟੀ ਚਲਾ ਰਹੇ ਹਨ। ਇਸ ’ਚ ਸ਼ੱਕ ਹੈ ਕਿ ਗਾਂਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਆਗੂ ਦੇ ਪ੍ਰਧਾਨ ਬਣਨ ਨਾਲ ਸਥਿਤੀ ’ਚ ਤਬਦੀਲੀ ਆਵੇਗੀ। ਕਹਿਣਾ ਮੁਸ਼ਕਲ ਹੈ ਕਿ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਬਣੇਗਾ ਪਰ ਪਾਰਟੀ ਦੀ ਦਸ਼ਾ ਅਤੇ ਦਿਸ਼ਾ ਉਦੋਂ ਸੁਧਰੇਗੀ ਜਦੋਂ ਉਹ ਆਪਣੀ ਰੀਤੀ ਤੇ ਨੀਤੀ ਬਦਲਣ ਦੇ ਨਾਲ-ਨਾਲ ਆਮ ਜਨਤਾ ਅੱਗੇ ਆਪਣੀ ਵਿਚਾਰਧਾਰਾ ਨੂੰ ਸਪੱਸ਼ਟ ਕਰਨ ਅਤੇ ਜਨਤਾ ਨੂੰ ਆਕਰਸ਼ਿਤ ਕਰਨ ਵਾਲੀ ਕੋਈ ਠੋਸ ਚਰਚਾ ਛੇੜਨ ’ਚ ਸਮਰੱਥ ਹੋਵੇਗੀ? ਅੱਜ ਤਾਂ ਸਥਿਤੀ ਇਹ ਹੈ ਕਿ ਕਾਂਗਰਸ ਦੇ ਆਮ ਵਰਕਰ ਵੀ ਇਹ ਸਮਝਣ ’ਚ ਅਸਮਰੱਥ ਹਨ ਕਿ ਪਾਰਟੀ ਦੀ ਵਿਚਾਰਧਾਰਾ ਕੀ ਹੈ?

Posted By: Jagjit Singh